Share on Facebook

Main News Page

ਭਾਈ ਗੁਰਬਖਸ਼ ਸਿੰਘ ਵਲੋਂ ਸ਼ੁਕਰਾਨਾ ਸਮਾਗਮ, ਭਾਈ ਸਾਹਿਬ ਆਪਣੀਆਂ ਗ਼ਲਤੀਆਂ ਨਾਲ ਮਾਹੌਲ ਨੂੰ ਹੋਰ ਵੀ ਤਲਖ਼ ਕਰੀ ਜਾਂਦੇ ਹਨ
-: ਸਰਬਜੀਤ ਸਿੰਘ ਘੁਮਾਣ

ਕੁੱਝ ਦਿਨ ਪਹਿਲਾਂ ਮੈਂ ਸੋਚਿਆ ਸੀ ਕਿ ਭਾਈ ਗੁਰਬਖ਼ਸ਼ ਸਿੰਘ ਦੀ ਭੁੱਖ ਹੜਤਾਲ ਬਾਰੇ ਕੁੱਝ ਨਹੀਂ ਲਿਖਣਾ, ਕਿਉਂਕਿ ਸਮਾਜ ਵੰਡਿਆ ਗਿਆ ਹੈ। ਸੋਚਿਆ ਸੀ ਕਿ ਭੁੱਖ ਹੜਤਾਲ ਦੇ ਮੁੱਖ ਮੁੱਦੇ, ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਤੇ ਪੈਰੋਲ 'ਤੇ ਆਏ ਸਿੰਘਾਂ ਦੀ ਹੀ ਚਰਚਾ ਕਰਨੀ ਹੈ - ਪਰ ਅੱਜ ਐਹੋ ਜਿਹਾ ਮਾਹੌਲ ਬਣ ਗਿਆ ਕਿ ਭਾਈ ਗੁਰਬਖ਼ਸ਼ ਸਿੰਘ ਬਾਰੇ ਫਿਰ ਲਿਖਣਾ ਪੈ ਗਿਆ!

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਭੁੱਖ ਹੜਤਾਲ ਦੇ ਅੰਤਿਮ ਦੌਰ ਦੀਆਂ ਘਟਨਾਵਾਂ ਤੋਂ ਪੰਥ ਦਾ ਇੱਕ ਹਿੱਸਾ ਪਹਿਲਾਂ ਹੀ ਦੁਖੀ ਹੈ ਤੇ ਉੱਤੋਂ ਅੱਜ ਉਨ੍ਹਾਂ ਵੱਲੋਂ ਇੱਕ ਅਜੇਹਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਇਸ ਮੋਰਚੇ ਦੀ ਕਾਮਯਾਬੀ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ੧੯ ਜਨਵਰੀ ਨੂੰ ਹੋਣ ਵਾਲੇ ਸਮਾਗਮ ਦੀ ਜਾਣਕਾਰੀ ਹੈ।

ਇਸ ਇਸ਼ਤਿਹਾਰ ਵਿਚ ਭਾਈ ਸਾਹਿਬ ਨੇ ਇੱਕ ਵੀ ਅਜਿਹੇ ਸਿੰਘ ਦਾ ਨਾਮ ਨਹੀਂ ਲਿਖਿਆ, ਜਿਸ ਨੇ ਉਨ੍ਹਾਂ ਦੇ ਸੰਘਰਸ਼ ਨੂੰ ਸਮਰਪਿਤ ਹੋਕੇ ਉਨ੍ਹਾਂ ਦਾ ਸਾਥ ਦਿੱਤਾ ਹੋਵੇ। ਸਿਰਫ਼ ਉਨ੍ਹਾਂ ਦੇ ਨਾਮ ਹਨ, ਜਿਹੜੇ ਬਾਦਲ ਦਲ ਨਾਲ ਨੇੜਤਾ ਬਣਾ ਕੇ ਚੱਲਦੇ ਹਨ।

ਇਸ ਇਸ਼ਤਿਹਾਰ ਦੇ ਸਾਹਮਣੇ ਆਉਣ ਮਗਰੋਂ ਉਨ੍ਹਾਂ ਗੁਰੂ ਪਿਆਰਿਆਂ ਵਿਚ ਰੋਹ ਦੀ ਲਹਿਰ ਹੋਰ ਵੀ ਤੇਜ਼ ਹੋ ਗਈ, ਜਿਹੜੇ ਭਾਈ ਗੁਰਬਖ਼ਸ਼ ਸਿੰਘ ਤੋਂ ਪਹਿਲਾਂ ਹੀ ਨਾਰਾਜ਼ ਹਨ। ਮੇਰੇ ਵਰਗੇ ਤਾਂ ਭਾਈ ਗੁਰਬਖ਼ਸ਼ ਸਿੰਘ ਦੀ ਸਿਫ਼ਤ ਕਰ ਕਰ ਕੇ ਉਨ੍ਹਾਂ ਦੀ ਸਾਖ ਵਧਾਉਣ ਤੇ ਬਚਾਉਣ ਲਈ ਯਤਨਸ਼ੀਲ ਹਨ, ਪਰ ਭਾਈ ਸਾਹਿਬ ਆਪਣੀਆਂ ਗ਼ਲਤੀਆਂ ਨਾਲ ਮਾਹੌਲ ਨੂੰ ਹੋਰ ਵੀ ਤਲਖ਼ ਕਰੀ ਜਾਂਦੇ ਹਨ।

ਪੰਥ ਨੂੰ ਮਾਣ ਹੈ ਕਿ ਉਨ੍ਹਾਂ ਨੇ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦਾ ਮਾਮਲਾ ਉਭਾਰਿਆਂ - ਪੰਥ ਨੇ ਡਟ ਕੇ ਸਾਥ ਵੀ ਤਾਂ ਹੀ ਦਿੱਤਾ। ਪੰਥ ਨੂੰ ਉਨ੍ਹਾਂ ਤੋਂ ਬੜੀਆਂ ਆਸਾਂ ਸਨ ਤੇ ਹਨ। ਪਰ ਜੇ ਉਹ ਪੰਥਕ ਭਾਵਨਾਵਾਂ ਦੀ ਅਣਦੇਖੀ ਕਰਦੇ ਰਹਿਣਗੇ, ਤਾਂ ਬੜਾ ਔਖਾ ਹੈ। ਮੈਂ ਹੁਣੇ ਹੀ ਭਾਈ ਗੁਰਬਖ਼ਸ਼ ਸਿੰਘ ਨਾਲ ਫ਼ੋਨ ਰਾਹੀਂ ਗੱਲ ਕੀਤੀ ਹੈ ਕਿ ਜੇ ਤੁਸੀਂ ਬਾਦਲਕਿਆਂ ਨਾਲ ਸਹਿਮਤ ਹੋਕੇ ਚੱਲਣਾ ਹੈ, ਤਾਂ ਸਾਨੂੰ ਸਪਸ਼ਟ ਦੱਸ ਦੇਵੋ ਤਾਂ ਕਿ ਸਾਡੀ ਜਨਤਕ ਪੁਜ਼ੀਸ਼ਨ ਹਾਸੋਹੀਣੀ ਨਾ ਬਣੇ। ਮੈਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਪੰਥਕ ਸੋਚ ਵਾਲੇ ਵੀਰ-ਭੈਣ ਫ਼ੋਨ ਕਰ ਕੇ ਤੁਹਾਡੇ ਪ੍ਰਤੀ ਆਪਣੀ ਨਾਰਾਜ਼ਗੀ ਦਿਖਾ ਰਹੇ ਹਨ, ਤੇ ਇਹ ਨਾ ਹੋਵੇ ਕਿ ਜਿਸ ਪੰਥ ਨੇ ਤੁਹਾਨੂੰ ਐਨਾ ਸਤਿਕਾਰ ਦਿੱਤਾ, ਉਸੇ ਪੰਥ ਨੂੰ ਤੁਹਾਡੇ ਬਾਰੇ ਸੋਚਣਾ ਪੈ ਜਾਵੇ।

..ਫ਼ੋਨ ਤੇ ਤਾਂ ਭਾਈ ਸਾਹਿਬ ਨੇ ਇਸ਼ਤਿਹਾਰ ਬਾਰੇ ਤੇ ਹੋਰ ਗੱਲਾਂ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਉਹ ਪੰਥਕ ਭਾਵਨਾਵਾਂ ਨਾਲ ਹੀ ਖੜ੍ਹਨਗੇ। ਮੈਂ ਕਿਹਾ ਵੀ ਹੈ ਕਿ ਜਿਹੜੇ ਲੋਕਾਂ ਦੇ ਨਾਂ ਤੁਸੀਂ ਲਿਖੇ ਹਨ, ਇਨ੍ਹਾਂ ਨੇ ਤਾਂ ਹਰ ਕੀਮਤ ਉੱਤੇ ਸਮਾਗਮ ਵਿਚ ਪੁੱਜ ਜਾਣਾ ਸੀ, ਕਿਉਂਕਿ ਇਨ੍ਹਾਂ ਨੇ ਤਾਂ ਇਹੀ ਭਰਮ ਪਾਉਣਾ ਹੈ ਕਿ ''ਭਾਈ ਗੁਰਬਖ਼ਸ਼ ਸਿੰਘ ਹੁਣ ਸਾਡੇ ਨਾਲ ਹੈ''... ਮੈਂ ਕਿਹਾ ਹੈ ਕਿ ਪੰਥ ਤੇ ਦੋਸ਼ ਲਾਉਂਦੇ ਨੇ ਕਿ ਪਹਿਲਾਂ ਸਿਰ ਤੇ ਚੱਕ ਲੈਂਦੇ ਨੇ, ਫਿਰ ਨਿੰਦਾ ਕਰਦੇ ਨੇ, ਪਰ ਹੁਣ ਤੁਸੀਂ ਆਪ ਹੀ ਵੇਖ ਲਵੋ...

ਖੈਰ ਉਨ੍ਹਾਂ ਨੇ ਸਾਰੀ ਗੱਲ ਸਮਝ ਲਈ ਹੈ। ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਹੋਰ ਸਮਾਂ ਮਿਲਣਾ ਚਾਹੀਦਾ ਹੈ। ਜੇ ਪੰਥ ਦੀ ਤਸੱਲੀ ਹੋਈ ਤਾਂ ਭਾਈ ਸਾਹਿਬ ਨੂੰ ਕੌਮ ਦਾ ਸਾਥ ਮਿਲਦਾ ਰਹੇਗਾ। ਗੱਲ ਇਹ ਵੀ ਹੈ ਕਿ ਪੰਥ ਨੂੰ ਸਿੱਖ ਹੱਕਾਂ ਦੀ ਬਹਾਲੀ ਲਈ ਕੋਈ ਆਗੂ ਵੀ ਨਹੀਂ ਮਿਲ ਰਿਹਾ। ਜਥੇਦਾਰ, ਸੰਤ ਸਮਾਜ, ਦੋਗਲੇ ਕਿਰਦਾਰ ਵਾਲੇ ਕੁੱਝ ਸਿੱਖ ਆਗੂ ਰਲ ਮਿਲ ਕੇ ਹਰ ਸੰਘਰਸ਼ਸ਼ੀਲ ਸਿੱਖ ਨੂੰ ਘੇਰ-ਘਾਰਕੇ ਬਾਦਲਕਿਆਂ ਦੇ ਪਿੰਜਰੇ ਵਿਚ ਸੁੱਟਣ ਲਈ ਤਿਆਰ ਰਹਿੰਦੇ ਹਨ ਤੇ ਬਾਦਲੇ ਉੱਤੇ ਭਾਰਤੀ ਨਿਜ਼ਾਮ ਦੀ ਡੁਗਡੁਗੀ ਵਜਾ ਰਹੇ ਹਨ, ਜਿਹੜਾ ਸਿੱਖਾਂ ਦੀ ਬੋਲੀ, ਸਿੱਖਾਂ ਦੇ ਧਰਮ, ਸਿੱਖਾਂ ਦੇ ਸਭਿਆਚਾਰ, ਸਿੱਖਾਂ ਦੇ ਧਰਮ-ਸਥਾਨ ਤੇ ਸੱਚੇ-ਸੁੱਚੇ ਗੱਲ ਕਰਨ ਵਾਲੇ ਹਰ ਸਿੱਖ ਨੂੰ ਮਲੀਆ ਮੇਟ ਕਰਨ ਲਈ ਹਰ ਕੋਸ਼ਿਸ਼ ਕਰ ਰਿਹਾ ਹੈ। ਇਹੋ ਜਿਹੇ ਮਾਹੌਲ ਵਿਚ ਗੁਰੂ ਸਾਹਿਬ ਅੱਗੇ ਜੋਦੜੀ ਹੀ ਕਰ ਸਕਦੇ ਹਾਂ, ਕਿ ਹੇ ਵਾਹਿਗੁਰੂ! ਸਾਡੇ ਉੱਤੇ ਰਹਿਮ ਕਰੋ!


ਟਿਪਣੀ:

ਸ. ਸਰਬਜੀਤ ਸਿੰਘ ਜੀ, ਵਾਹਿਗੁਰੂ ਤੋਂ ਰਹਿਮ ਦੀ ਅਪੀਲ ਨਾ ਕਰੋ, ਸਦਬੁੱਧੀ ਦੀ ਕਰੋ। ...ਤੇ ਸ਼ੁਕਰਾਨਾ ਕਿਸ ਗੱਲ ਦਾ, ਅਰਦਾਸ ਨਾ ਪੂਰੀ ਹੋਣ ਦਾ?

ਜਿਸ ਤਰ੍ਹਾਂ ਨਾਲ ਇਹ ਸੰਘਰਸ਼ ਨੂੰ ਇਨ੍ਹਾਂ ਸਿੱਖ ਵਿਰੋਧੀਆਂ ਨੇ ਤਾਰਪੀਡੋ ਕੀਤਾ ਹੈ, ਉਸ ਤੋਂ ਬਾਅਦ ਵੀ ਜੇ ਭਾਈ ਗੁਰਬਖਸ਼ ਸਿੰਘ ਦਾ ਇਹ ਵਰਤਾਅ ਹੈ, ਤਾਂ ਹੈਰਾਨੀ ਅਤੇ ਅਫਸੋਸ ਹੁੰਦਾ ਹੈ। ਭਾਈ ਗੁਰਬਖਸ਼ ਸਿੰਘ ਜੀ ਇੱਕ ਵੀ ਬੰਦਾ ਐਸਾ ਦਿਖਾ ਦੇਣ  ਇਸ ਪੋਸਟਰ 'ਤੇ ਜਿਹੜਾ ਵਿਕਿਆ ਹੋਇਆ ਨਹੀਂ ਹੈ, ਜਿਹੜਾ ਬਾਦਲ ਅਤੇ ਉਸਦੇ ਮਾਲਿਕ ਆਰ.ਐਸ.ਐਸ ਦਾ ਕਰਿੰਦਾ ਨਹੀਂ ਹੈ? ਜੇ ਕੰਧ 'ਤੇ ਲਿਖਿਆ ਨਹੀਂ ਪੜਿਆ ਜਾ ਸਕਦਾ, ਤਾਂ ਫਿਰ ਕੀ ਕੀਤਾ ਜਾ ਸਕਦਾ ਹੈ, ਅੰਗ੍ਰੇਜ਼ੀ ਦਾ ਇਕ Idiom ਮੁਹਾਵਰਾ ਹੈ:

You can lead a horse to water, but you can't make him drink. ਆਕਲੇ ਇਸ਼ਾਰਾ ਕਾਫੀ ਅਸਤ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top