Share on Facebook

Main News Page

ਪੰਥ-ਦੋਖੀਆਂ ਦੀ ਕਾਲੀ ਕਰਤੂਤ, ਅਖੇ ਘੁਮਾਣ ਪੈਸੇ ਖਾ ਗਿਆ...
-: ਸਰਬਜੀਤ ਸਿੰਘ ਘੁਮਾਣ 97819-91622

ਜਿਸ ਦਿਨ ਤੋਂ ਪੰਥ ਦੀ ਸੇਵਾ ਵਿਚ ਸਰਗਰਮ ਹੋਏ ਹਾਂ, ਇਹ ਗੱਲ ਚੰਗੀ ਤਰਾਂ ਪੱਲੇ ਬੰਨੀ ਹੋਈ ਹੈ ਕਿ ਪੰਥ-ਦੋਖੀਆਂ ਤੋਂ ਜੇ ਬੰਦਾ ਕਤਲ ਨਾ ਹੋਵੇ, ਤਾਂ ਉਸਦੇ ਚਰਿਤਰ ਦਾ ਕਤਲ ਕਰਦੇ ਹੁੰਦੇ ਨੇ - ਭਾਵ ਕਿ ਬਦਨਾਮ ਕਰਦੇ ਹੁੰਦੇ ਨੇ।

ਹੁਣ ਉਹ ਗੱਲ ਵਾਪਰ ਗਈ ਹੈ-ਆਹ ਜਿਹੜਾ ਨਾਲ ਸਕਰੀਨ ਸ਼ਾਟ ਹੈ, ਇਸ ਰਾਂਹੀ ਇਹ ਕਿਹਾ ਗਿਆ ਹੈ ਕਿ ਘੁਮਾਣ ਨੂੰ ਮਾਇਆ ਸੀ ਕਿ ਭਾਈ ਗੁਰਬਖਸ਼ ਸਿੰਘ ਵਲੋਂ ਕਰਵਾਏ ਜਾ ਰਹੇ ਸ਼ੁਕਰਾਨਾ ਦਿਵਸ ਵਾਸਤੇ ਦੇਣੀ ਹੈ, ਪਰ ਘੁਮਾਣ ਨੇ ਮਾਇਆਂ ਨਹੀਂ ਦਿਤੀ… ਇਹ ਨਿਰੀ ਬਕਵਾਸ ਹੈ।

ਖੈਰ ਜਿਥੇ ਜਿਥੇ ਫੇਸਬੁਕ 'ਤੇ ਇਹ ਪੋਸਟ ਘੁੰਮ ਰਹੀ ਹੋਵੇਗੀ, ਉਥੇ ਲਾਈਲੱਗ ਲੋਕ ਆਪਣੇ ਨਜ਼ਰੀਏ ਅਨੁਸਾਰ ਮੇਰੇ ਬਾਰੇ ਚੰਗਾ-ਮਾੜਾ ਬੋਲ ਰਹੇ ਹੋਣਗੇ। ਚਲੋ ਇਸ ਬਹਾਨੇ ਉਨਾਂ ਦੀ ਵੀ ਪਰਖ ਹੋਜੂ ਜਿਹੜੇ ਉਂਝ ਤੇ ਪੋਸਟਾਂ ਪੜ੍ਹਕੇ ਬੜੇ ਵਧੀਆ ਵਿਚਾਰ ਦਿੰਦੇ ਨੇ, ਪਰ ਹੁਣ ਕਿਸੇ ਪੰਥ-ਦੋਖੀ ਦੀ ਮੈਨੂੰ ਬਦਨਾਮ ਕਰਨ ਲਈ ਕੀਤੀ ਕਰਤੂਤ ਵਿਚ ਹੀ ਫਸਾਕੇ, ਮੈਨੂੰ ਮਾੜਾ ਕਹਿਣ ਲਗ ਪਏ… ਜਿਹੜੇ ਹੁਣ ਕਿਸੇ ਦੇ ਮਗਰ ਲੱਗ ਸਕਦੇ ਆਂ, ਉਹ ਕਦੇ ਫਿਰ ਵੀ ਲੱਗ ਸਕਦੇ ਆ।

ਖੈਰ ਪਹਿਲਾਂ ਇਸ ਕਹਾਣੀ ਬਾਰੇ ਚਰਚਾ ਕਰੀਏ..

ਦਰਅਸਲ ਇਹ ਗੱਲ ਹੁਣ ਸਾਰਾ ਪੰਥ ਹੀ ਜਾਣਦਾ ਹੈ ਕਿ ਲੋੜਵੰਦ ਸਿੱਖ ਪਰਿਵਾਰਾਂ ਦੀ ਸਹਾਇਤਾ ਕਰਵਾਉਣ ਲਈ, ਮੈਂ ਸਦਾ ਸਰਗਰਮ ਰਹਿੰਦਾ ਹਾਂ, ਜਦੋਂ ਵੀ ਕਿਸੇ ਲੋੜਵੰਦ ਸਿੱਖ ਪਰਿਵਾਰ ਬਾਰੇ ਲਿਖੀਦਾ ਹੈ, ਤਾਂ ਤੁਰੰਤ ਗੁਰੂ ਕੀ ਸਾਜੀ ਨਿਵਾਜੀ ਸੰਗਤ ਦਸਵੰਧ ਭੇਜਣ ਲਈ ਤਿਆਰੀ ਕਰ ਲੈਂਦੀ ਹੈ। ਪਹਿਲੋਂ ਪਤਾ ਨ੍ਹੀ ਸੀ, ਪਰ ਹੁਣ ਕਈ ਗੱਲਾਂ ਦਾ ਤਾਂ ਲੱਗਾ ਹੈ। ਹੁਣ ਕੁਝ ਨਿਯਮ ਬਣਾਏ ਹਨ। ਖਾਸ ਕਰਕੇ ਹਰ ਦਸਵੰਧ ਦੇਣ ਵਾਲੇ ਨੂੰ ਕਹੀਦਾ ਹੈ ਕਿ ਲੋੜਵੰਦ ਪਰਿਵਾਰ ਨੂੰ ਸਿਧਾ ਭੇਜ ਦੇਵੋ ਜਾਂ ਕਹੀਦਾ ਕਿ ਮਾਇਆ ਭੇਜੋ.. ਇੰਝ ਵਿਚੋਲਾ ਕਲਚਰ ਖਤਮ ਹੁੰਦਾ ਹੈ, ਕਿਉਂਕਿ ਵਿਚੋਲਿਆਂ ਨੇ ਪਹਿਲਾਂ ਬੜਾ ਪੰਥ ਦਾ ਨੁਕਸਾਨ ਕੀਤਾ ਹੈ। ਗੁਰੂ ਕੀ ਸੰਗਤ ਦਾ ਭਰੋਸਾ ਹੈ, ਸੋ ਸਦਾ ਅਰਦਾਸ ਕਰੀਦੀ ਹੈ ਕਿ ਇਹ ਭਰੋਸਾ ਬਣਿਆ ਰਹੇ।

ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ ਸਮਾਪਤੀ ਮਗਰੋਂ ਵੀ ਕਈ ਵੀਰਾਂ ਨੇ ਪੈਰੋਲ 'ਤੇ ਆਏ ਸਿੰਘ, ਲੁਧਿਆਣੇ ਵਿਚ ਗਰਜਣ ਵਾਲੇ ਸਿੰਘ ਭਾਈ ਗੁਰਪਰੀਤ ਸਿੰਘ ਗੁਰੀ ਜਾਂ ਭਾਈ ਗੁਰਬਖਸ਼ ਸਿੰਘ ਲਈ ਦਸਵੰਧ ਭੇਜਣ ਦੀ ਗਲ ਕੀਤੀ। ਮੈਂ ਹਰੇਕ ਨੂੰ ਇਹੀ ਕਿਹਾ ਕਿ ਜਿਸਨੂੰ ਵੀ ਦਸਵੰਧ ਭੇਜਣਾ ਹੈ, ਉਸਨੂੰ ਸਿਧਾ ਭੇਜੋ। ਮੈਂ ਸੰਪਰਕ ਨੰਬਰ ਦੇ ਦਿੰਦਾ ਹਾਂ, ਜਿਸਨੂੰ ਵੀ ਮਾਇਆ ਭੇਜਣੀ ਹੋਵੇ। ਮੇਰਾ ਕਹਿਣਾ ਹੈ ਕਿ ਜਦ ਸਿੰਘਾਂ ਦੇ ਪਰਿਵਾਰ ਜਾਂ ਉਹ ਆਪ ਬਾਹਰ ਹਨ, ਮਾਇਆ ਲੈ ਸਕਦੇ ਹਨ, ਤਾਂ ਮੈਂ ਪੈਸੇ ਫੜਕੇ ਕੀ ਕਰਨੇ ਨੇ.. ਪਹਿਲਾਂ ਮੈਂ ਪੈਸੇ ਲਵਾਂ, ਫਿਰ ਅੰਮ੍ਰਿਤਸਰ ਤੋਂ ਪੈਟਰੋਲ ਫੂਕਕੇ ਦੇਣ ਜਾਵਾਂ, ਤੇ ੨-੩ ਹਜਾਰ ਪੰਥ ਦਾ ਨਜਾਇਜ ਖਰਚ ਦਿਆਂ... ਸੋ, ਸਿੱਧੀ ਮਾਇਆਂ ਭੇਜੋ, ਇਥੋਂ ਤੱਕ ਕਿ ਇਕ ਵੀਰ ਨੇ ਮੈਨੂੰ ਪੁਛੇ ਬਿਨਾ ਪੈਸੇ ਮੇਰੇ ਨਾਂ 'ਤੇ ਬੈਲਜੀਅਮ ਤੋਂ ਭੇਜ ਦਿਤੇ, ਤਾਂ ਮੈਂ ਕਿਹਾ ਕਿ ਉਨਾਂ ਨੂੰ ਸਿਧੇ ਭੇਜੋ। ਉਨਾਂ ਵੀਰਾਂ ਨੂੰ ਪੈਸੇ ਵਾਪਿਸ ਲੈਣੇ ਪਏ।

ਕੱਲ ਸ਼ਾਮ ੩ ਜਨਵਰੀ ਦੀ ਗੱਲ ਹੈ, ਕਿ ਭਾਈ ਗੁਰਬਖਸ਼ ਸਿੰਘ ਦਾ ਫੋਨ ਆਇਆ ਕਿ “ਕੀ ਕਿਸੇ ਨੇ ਨਾਰਵੇ ਤੋਂ ਮੇਰੇ ਲਈ ਕੁਝ ਪੈਸੇ ਭੇਜੇ ਨੇ?”, ਮੈਂ ਕਿਹਾ ਕਿ “ਮੈਨੂੰ ਤਾਂ ਕੋਈ ਪੈਸੇ ਨਹੀਂ ਆਏ, ਹੋ ਸਕਦਾ ਹੈ ਕਿ ਪੈਸੇ ਭੇਜਣ ਵਾਲੇ ਨੇ ਤੁਹਾਨੂੰ ਤਾਂ ਕਹਿਤਾ, ਪਰ ਅਜੇ ਮੈਨੂੰ ਕੋਡ ਨੰਬਰ ਲਿਖਵਾਉਣਾ ਹੋਵੇ.. ਜਦ ਵੀ ਕੋਈ ਸੁਨੇਹਾ ਆਇਆਂ ਤਾਂ ਮੈਂ ਤੁਹਾਨੂੰ ਦੱਸ ਦਿਆਗਾ। ਪਰ ਕੱਲ ਦਾ ਮੈਨੂੰ ਪੈਸੇ ਬਾਰੇ ਕੋਈ ਫੋਨ ਨਹੀਂ ਆਇਆ। ਭਾਈ ਗੁਰਬਖਸ਼ ਸਿੰਘ ਦੇ ਫੋਨ ਆਉਦੇ ਰਹੇ। ਅੱਜ ਸ਼ਾਮ ਨੂੰ ਉਨਾਂ ਦੇ ਪੁੱਤਰ ਜੁਝਾਰ ਸਿੰਘ ਨਾਲ ਗੱਲ ਹੋਈ, ਤਾਂ ਮੈਂ ਪੁਛਿਆ ਕਿ ਪੈਸੇ ਹੈ ਕਿੰਨੇ ਕੁ? ਕਹਿੰਦਾ ਢਾਈ ਲੱਖ.. ਮੈਂ ਕਿਹਾ ਐਨੇ ਪੈਸੇ ਤਾਂ ਵੈਸਟਰਨ ਯੂਨੀਅਨ ਜਾਂ ਮਨੀਗਰਾਮ ਰਾਹੀਂ ਭੇਜਣੇ ਹੀ ਗਲਤ ਆ, ਕਿਉਂਕਿ ਉਹ ਤਾਂ ੪੯੦੦੦ ਤੱਕ ਦੀ ਪੇਮੈਂਟ ਕਰਦੇ ਨੇ। ਮੈਂ ਕਿਹਾ ਕਿ ਜੇ ਤੁਹਾਨੂੰ ਦੁਬਾਰਾ ਫੋਨ ਆਇਆ ਤਾਂ ਕਿਹੋ ਕਿ “ਘੁਮਾਣ ਕੋਲ ਕਿਉਂ ਭੇਜਦੇ ਹੋ, ਸਾਨੂੰ ਸਿਧੇ ਭੇਜੋ”

ਖੈਰ ਉਦੋਂ ਤੱਕ ਮੈਨੂੰ ਨਹੀਂ ਸੀ, ਪਤਾ ਕਿ ਇਹ ਤਾਂ ਕਿਸੇ ਪੰਥ-ਦੋਖੀਆਂ ਦਾ ਚਾਲ ਹੈ।

ਹੁਣ ਜਦ ਮੈਂ ਘਰ ਫੇਸਬੁਕ 'ਤੇ ਆਇਆ, ਤਾਂ ਮੈਨੂੰ ਮੇਰੇ ਇਕ ਵਾਕਿਫ ਨੇ ਮੈਸੇਜ ਕੀਤਾ, ਕਿ ਆਹ ਦੇਖੋ, ਜਦ ਮੈਂ ਪੜ੍ਹਿਆ ਤਾਂ ਹੈਰਾਨ ਹੀ ਰਹਿ ਗਿਆ... ਕਮਾਲ ਹੈ.. ਖੈਰ ਮੈਨੂੰ ਬਦਨਾਮ ਕਰਨ ਦੀ ਬੜੀ ਘਟੀਆ ਚਾਲ ਹੈ।

ਮੈਂ ਸਾਰੀ ਪੋਸਟ ਪੜ੍ਹਕੇ ਭਾਈ ਗੁਰਬਖਸ਼ ਸਿੰਘ ਨੂੰ ਸੁਣਾਈ। ਉਹ ਕਹਿੰਦੇ ਕਿ ਮੈਨੂੰ ਤਾਂ ਕੱਲ ਹੀ ਉਹ ਬੰਦਾ ਕਹੀ ਜਾਵੇ ਕਿ “ਘੁਮਾਣ ਨੇ ਤਾਂ ਪੈਸੇ ਕਢਵਾ ਵੀ ਲਏ”

ਖੈਰ, ਮੈਨੂੰ ਕਿਹਾ, ਕੋਈ ਸਮਝਦਾ ਹੈ ਕਿ ਕੱਲ ਇਸ਼ਤਿਹਾਰਾਂ ਵਿਚ ਕੇਵਲ ਬਾਦਲਕਿਆਂ ਦਾ ਨਾਂ ਪੜ੍ਹਕੇ, ਘੁਮਾਣ ਤਾਂ ਭਾਈ ਗੁਰਬਖਸ਼ ਸਿੰਘ ਨਾਲ ਲੜ ਚੁਕਾ ਹੈ, ਸੋ ਹੁਣ ਚਾਲ ਚੱਲੀ ਜਾਵੇ। ਉਨਾਂ ਨੇ ਤੁਹਾਨੂੰ ਕਿਹਾ ਕਿ ਘੁਮਾਣ ਨੇ ਪੈਸੇ ਕੱਢਵਾ ਵੀ ਲਏ, ਮੇਰੇ ਕੋਲ ਆਏ ਨਹੀਂ ਸੀ, ਸੋ ਮੈਂ ਇਨਕਾਰ ਹੀ ਕਰਨਾ ਸੀ, ਇੰਝ ਤੁਹਾਡੇ ਤੇ ਮੇਰੇ ਵਿਚ ਫਰਕ ਪੈਣਾ ਸੀ। ਤੁਸੀਂ ਕਹਿਣਾ ਸੀ, “ਨਾਰਵੇ ਤੋਂ ਆਇਆ ਢਾਈ ਲੱਖ ਰੁਪਈਆ ਘੁਮਾਣ ਛਕ ਗਿਆ,” ਮੈਂ ਕਹਿਣਾ ਸੀ, “ਭਾਈ ਗੁਰਬਖਸ਼ ਸਿੰਘ ਵਲੋਂ ਕੇਵਲ ਬਾਦਲਕਿਆਂ ਦੇ ਇਸ਼ਤਿਹਾਰ ਵਿਚ ਨਾ ਪਾਉਣ ਦਾ ਇਤਰਾਜ ਕੀਤਾ ਸੀ, ਪਰ ਉਹ ਝੂਠੇ ਇਲਾਜ ਲਾਕੇ ਮੈਨੂੰ ਬਦਨਾਮ ਕਰ ਰਿਹਾ ਹੈ” ਇੰਝ ਦੋਨਾਂ ਦੇ ਭੇੜ ਪੈ ਜਾਣੇ ਸੀ।

ਸੋ ਪੰਥ-ਦੋਖੀ ਸਾਨੂੰ ਟਕਰਾਕੇ, ਤਮਾਸ਼ਾ ਦੇਖਣਾ ਚਾਹੁੰਦੇ ਹਨ, ਕਿ ਫੇਸਬੁਕ 'ਤੇ ਜਿੰਨੇ ਵੀ ਭਾਈ ਗੁਰਬਖਸ ਸਿੰਘ ਦਾ ਹਮਾਇਤੀ ਹੋਣਗੇ, ਉਹ ਘੁਮਾਣ ਨੂੰ ਭੰਡਣਗੇ। ਭਾਈ ਗੁਰਬਖਸ਼ ਸਿੰਘ ਕਹਿੰਦੇ, ਕਿ ਪੈਸੇ ਦੀ ਗੱਲ ਨੂੰ ਗੋਲੀ ਮਾਰੋ, ਪਹਿਲਾਂ ਸੰਗਤ ਨੂੰ ਇਸ ਕਰਤੂਤ ਬਾਰੇ ਦਸੋ।

ਇਹ ਹੈ ਸਾਰੀ ਕਥਾ...

ਖਾਲਸਾ ਜੀ! ਅੱਜ ਮੈਨੂੰ ਯਕੀਨ ਹੋ ਗਿਆ ਕਿ ਬਿਲਕੁਲ ਸਹੀ ਦਿਸ਼ਾ ਵੱਲ ਵਧ ਰਹੇ ਹਾਂ। ਮੇਰੇ ਵਲੋਂ ਪੰਥ ਦੀ ਕੀਤੀ ਜਾ ਰਹੀ ਸੇਵਾ ਤੇ ਸੰਗਤ ਵਲੋਂ ਮਿਲ ਰਿਹਾ ਪਿਆਰ ਹਜ਼ਮ ਨਹੀਂ ਹੋ ਰਿਹਾ।

ਮੈਂ ਇਸ ਪੋਸਟ ਵਾਲੀ ਆਈ.ਡੀ ਨੂੰ ਤਲਾਸ਼ ਕੀਤੀ ਹੈ, ਸਿੱਖ ਸੰਗਤ ਨਾਰਵੇ ਨਾਂ ਦੀ ਆਈ.ਡੀ ਮੈਨੂੰ ਤਾਂ ਮਿਲੀ ਨਹੀਂ ਜੇ ਕਿਸੇ ਹੋਰ ਨੂੰ ਲੱਭ ਜਾਵੇ ਤਾਂ ਪੁਛਣ ਦੀ ਕਿਰਪਾ ਕਰਨਾ ਕਿ:

  1. ਇਹ ਮਾਇਆ ਕਿਹੜੇ ਗੁਰੂਘਰ ਜਾਂ ਨਾਰਵੇ ਦੇ ਕਿਸ ਇਲਾਕੇ ਵਿਚੋਂ ਇਕਠੀ ਕੀਤੀ ਗਈ ਸੀ?
  2. ਨਾਰਵੇ ਦੇ ਕਿਸ ਜਿੰਮੇਵਾਰ ਸੱਜਣ ਨੇ ਮਾਇਆ ਇਕਠੀ ਕੀਤੀ?
  3. ਇਹ ਮਾਇਆ ਭੇਜਣ ਲਈ ਘੁਮਾਣ ਨਾਲ ਫੋਨ ਤੇ ਜਾਂ ਫੇਸਬੁਕ ਚੈਟਿੰਗ ਰਾਹੀ ਗੱਲ ਹੋਈ ਸੀ?
  4. ਘੁਮਾਣ ਨੂੰ ਮਾਇਆ ਕਿਸ ਸਾਧਨ ਰਾਹੀਂ ਭੇਜੀ ਗਈ, ਵੈਸਟਰਨ ਯੂਨੀਅਨ, ਮਨੀਗਰਾਮ ਜਾਂ ਕਿਸੇ ਹੋਰ ਸਾਧਨ ਰਾਹੀਂ?
  5. ਘੁਮਾਣ ਨੂੰ ਕੋਡ ਨੰਬਰ ਕਦੋਂ ,ਕਿਸਨੇ ਤੇ ਕੀ ਲਿਖਵਾਏ?
  6. ਜਦੋਂ ਕੋਈ ਪੈਸੇ ਕਢਵਾਂਉਂਦਾ ਹੈ, ਤਾਂ ਉਸਦਾ ਪੂਰਾ ਰਿਕਾਰਡ ਹੁੰਦਾ ਹੈ। ਕੀ ਘੁਮਾਣ ਨੂੰ ਮਾਇਆ ਭੇਜਣ ਵਾਂਗ, ਮਾਇਆ ਕਢਵਾਉਣ ਦਾ ਵੀ ਰਿਕਾਰਡ ਨਹੀਂ?
  7. ਜਦੋਂ ਭਾਈ ਗੁਰਬਖਸ਼ ਸਿੰਘ ਤੋਂ ਪਤਾ ਲੱਗ ਗਿਆ ਕਿ ਘੁਮਾਣ ਨੇ ਉਨਾਂ ਨੂੰ ਪੈਸੇ ਨਹੀਂ ਦਿਤੇ ਤਾਂ ਘੁਮਾਣ ਨਾਲ ਕਿਸਦੀ ਗੱਲ ਹੋਈ? ਕੀ ਘੁਮਾਣ ਨੂੰ ਕਿਸੇ ਨੇ ਪੁਛਿਆ ਕਿ ਤੁਸੀ ਪੈਸੇ ਕਿਉਂ ਨਹੀਂ ਦਿਤੇ?
  8. ਇਹ ਜੋ ਘੁਮਾਣ ਨੂੰ ੯੦,੦੦੦ ਦੇਣੇ ਸੀ,ਇਹ ਕਿਸ ਖੁਸੀ ਵਿਚ ਦੇਣੇ ਸੀ?
  9. ਕੀ ਘੁਮਾਣ ਨੇ ਕਿਹਾ ਸੀ ਕਿ ਪੈਸੇ ਮੈਨੂੰ ਭੇਜੋ ? ਜਦ ਘੁਮਾਣ ਹਰੇਕ ਨੂੰ ਕਹਿ ਰਿਹਾ ਹੈ ਕਿ ਪੈਸੇ ਸਿਧੇ ਉਸਨੂੰ ਭੇਜੋ, ਜਿਸਨੂੰ ਭੇਜਣੇ ਹਨ ਤਾਂ ਘੁਮਾਣ ਨੂੰ ਵਿਚੋਲਾ ਕਿਉਂ ਰੱਖਿਆ?
  10. ਜੇ ਤੁਸੀਂ ਪੈਸੇ ਭੇਜੇ ਨੇ, ਤੇ ਘੁਮਾਣ ਨੇ ਵਾਕਿਆ ਹੀ ਕਢਵਾਉਣੇ ਨੇ, ਤੁਹਾਡੇ ਕੋਲ ਭਾਵੇ ਸਬੂਤ ਵੀ ਨਹੀਂ,ਪਰ ਤੁਸੀਂ ਫੇਸਬੁਕ ਰਾਹੀਂ ਜਾਂ ਫੋਨ ਰਾਹੀਂ ਰਿਕਾਰਡ ਕਰਕੇ ਸਬੂਤ ਬਣਾ ਲੈਂਦੇ ਕਿ ਘੁਮਾਣ! ਤੁੰ ਪੈਸੇ ਨਹੀਂ ਦੇਕੇ ਆਇਆ!

ਪਰ ਖਾਲਸਾ ਜੀ, ਝੂਠ ਦੇ ਪੈਰ ਨਹੀਂ ਹੁੰਦੇ। ਇਹ ਸੱਜਣ ਜੀ ਤਾਂ ਆਪਣੀ ਕਰਤੂਤ ਕਰਕੇ ਉਸ ਆਈ.ਡੀ ਨੂੰ ਹੀ ਡੀ-ਐਕਟੀਵੇਟ ਕਰਗੇ ਜਾਪਦੇ ਨੇ।

ਖੈਰ! ਇਹੋ ਜਿਹੇ ਪੰਥ-ਦੋਖੀਆਂ ਦੇ ਜਾਲ ਵਿਚ ਫਸਕੇ ਪਤਾ ਨਹੀਂ ਕਿੰਨੇ ਕੁ ਗੁਰੁ-ਪਿਆਰੇ ਨਿਤ ਭੰਡੇ ਜਾਂਦੇ ਨੇ!

ਵੈਸੇ ਤਾਂ ਜੋ ਸੰਗਤ ਭਰੋਸਾ ਕਰਦੀ ਹੈ, ਉਨਾਂ ਨੂੰ ਕਿਸੇ ਸਪਸ਼ਟੀਕਰਨ ਦੀ ਲੋੜ ਨਹੀਂ, ਪਰ ਫੇਰ ਵੀ ਇਕ ਅਹਿਦ ਫੇਰ ਵੀ ਹੈ ਕਿ ਗੁਰੁ ਸਾਹਿਬ ਦੀ ਅਪਾਰ ਕਿਰਪਾ ਸਦਕਾ ਕਿਸੇ ਹੇਰਾਫੇਰੀ, ਬੇਈਮਾਨੀ ਨਹੀਂ ਕਰਾਂਗਾ, ਇਹੋ ਜਿਹਾ ਕਾਰਾ ਕਰਨ ਦੀ ਥਾਂ, ਮੈਂ ਸੰਗਤ ਕੋਲ ਮੰਗਕੇ ਖਾ ਲਵਾਂਗਾ। ਇੰਨਾ ਕੁ ਮੈਨੂੰ ਭਰੋਸਾ ਹੈ ਕਿ ਗੁਰੂ ਦੀ ਸਾਜੀ-ਨਿਵਾਜੀ ਸੰਗਤ ਮੈਨੂੰ ਪਿਆਰ ਕਰਦੀ ਹੈ ਤੇ ਸਦਾ ਮਾਣ ਬਰਕਰਾਰ ਰੱਖੇਗੀ।

ਮੈਂ ਉਸ ਪੰਥ-ਦੋਖੀ ਲਈ ਕੋਈ ਅਪਸ਼ਬਦ ਨਹੀਂ ਵਰਤਿਆ। ਵੀਰਾਂ-ਭੈਣਾਂ ਨੂੰ ਵੀ ਬੇਨਤੀ ਹੈ, ਸਾਰੇ ਅਰਦਾਸ ਕਰੀਏ ਕਿ ਗੁਰੁ ਪਾਤਸ਼ਾਹ ਇਹੋ ਜਿਹੇ ਮਾਨਸਿਕ ਰੋਗੀ ਨੂੰ ਸੁਮੱਤ ਬਖਸ਼ਣ।

ਨੋਟਜਿਥੇ ਵੀ ਤੁਹਾਨੂੰ ਇਹ ਪੋਸਟ ਦਿਖੇ, ਪੋਸਟ ਪਾਉਣ ਵਾਲੇ ਨੂੰ ਇਹ ਸਾਰੇ ਸਵਾਲ ਜਰੂਰ ਪੁਛੇ ਜਾਣ, ਤਾਂ ਜੋ ਝੂਠੀਆਂ ਅਫਵਾਹਾਂ ਫਲਾਉਣ ਵਾਲਿਆਂ ਤੋਂ ਬਚਿਆ ਜਾ ਸਕੇ। ਧੰਨਵਾਦ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top