Share on Facebook

Main News Page

ਬਿਕਰਮਜੀਤ ਮਜੀਠੀਆ ਡਰੱਗ ਤਸਕਰਾਂ ਦਾ ਕਿੰਗਪਿਨ
-: ਜਗਦੀਸ਼ ਭੋਲਾ

* 'ਦੁਆਬੇ ਦੇ ਇਕ ਮੰਤਰੀ ਵੀ ਹੈ ਇਸ ਮਾਮਲੇ 'ਚ ਸ਼ਾਮਲ'

 

ਮੋਹਾਲੀ: ਅਰਜੁਨ ਐਵਾਰਡੀ ਪਹਿਲਵਾਨ ਤੋਂ ਪੁਲਸ ਅਧਿਕਾਰੀ ਅਤੇ ਫਿਰ ਡਰੱਗ ਸਮਗਲਿੰਗ ਦੇ ਦੋਸ਼ ਵਿਚ ਪੁਲਸ ਵਲੋਂ ਫੜ੍ਹੇ ਗਏ ਜਗਦੀਸ਼ ਸਿੰਘ ਭੋਲਾ ਅਤੇ ਉਸ ਦੇ ਸਾਥੀ ਬਿੱਟੂ ਔਲਖ, ਜਗਜੀਤ ਸਿੰਘ ਚਾਹਲ ਅਤੇ ਅਨੂਪ ਸਿੰਘ ਕਾਹਲੋਂ ਨੂੰ ਸੋਮਵਾਰ ਨੂੰ ਉਨ੍ਹਾਂ ਦਾ ਜੂਡੀਸ਼ੀਅਲ ਰਿਮਾਂਡ ਖਤਮ ਹੋਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 20 ਜਨਵਰੀ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

ਮੋਹਾਲੀ 'ਚ ਪੇਸ਼ੀ ਭੁਗਤਣ ਆਏ ਜਗਦੀਸ਼ ਸਿੰਘ ਭੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਡਰੱਗਜ਼ ਸਮੱਗਲਰ ਹੈ, ਨਾ ਕਿ ਉਹ। ਭੋਲਾ ਨੇ ਕਿਹਾ ਕਿ ਉਨਾਂ ਨੂੰ ਇਸ ਮਾਮਲੇ ਵਿਚ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਦੁਆਬੇ ਦਾ ਇਕ ਮੰਤਰੀ ਵੀ ਪੂਰੀ ਤਰਾਂ ਸ਼ਾਮਲ ਹੈ ਅਤੇ ਇਸ ਮੰਤਰੀ ਦਾ ਨਾਂ ਉਹ ਆਉਣ ਵਾਲੇ ਕੁਝ ਦਿਨਾਂ ਵਿਚ ਦੱਸੇਗਾ। ਜਗਦੀਸ਼ ਭੋਲਾ ਨੇ ਸਪੱਸ਼ਟ ਕੀਤਾ ਕਿ ਉਨਾਂ ਨੂੰ 40 ਤੋਂ ਵੀ ਜ਼ਿਆਦਾ ਦਿਨਾਂ ਤੱਕ ਪੁਲਸ ਰਿਮਾਂਡ 'ਤੇ ਰੱਖਿਆ ਗਿਆ ਸੀ, ਜਿਸ ਕਾਰਨ ਕੋਰਟ ਵਿਚ ਪੇਸ਼ੀ ਦੌਰਾਨ ਵੀ ਉਨਾਂ ਨੂੰ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਜਾਂਦੀ ਸੀ। ਭੋਲਾ ਨੇ ਕਿਹਾ ਕਿ ਜੇਲ ਅਧਿਕਾਰੀਆਂ ਨੂੰ ਵਾਰ-ਵਾਰ ਮਜੀਠੀਆ ਦੇ ਫੋਨ ਆਉਂਦੇ ਹਨ, ਜਦੋਂ ਵੀ ਮਜੀਠੀਆ ਕਹਿ ਦਿੰਦੇ ਹਨ ਕਿ ਇਸ ਕੰਮ ਨੂੰ ਰੋਕ ਦਿੱਤਾ ਜਾਵੇ ਤਾਂ ਸਾਰਾ ਜੇਲ ਪ੍ਰਸ਼ਾਸ਼ਨ ਅਤੇ ਪੁਲਸ ਆਪਣੇ ਕੰਮ ਨੂੰ ਬੰਦ ਕਰ ਦਿੰਦਾ ਸੀ ਅਤੇ ਅਦਾਲਤ ਵਿਚ ਪੇਸ਼ੀ ਦੌਰਾਨ ਪੁਲਸ ਉਨਾਂ ਦਾ ਰਿਮਾਂਡ ਵੀ ਨਹੀਂ ਮੰਗਦੀ ਸੀ।

ਜਗਦੀਸ਼ ਸਿੰਘ ਭੋਲਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ 22 ਹੋਰ ਵੀ ਐੱਸ. ਐੱਸ. ਪੀ. ਮੌਜੂਦ ਹਨ, ਤਾਂ ਉਨਾਂ ਦੇ ਮਾਮਲੇ ਵਿਚ ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਨੂੰ ਹੀ ਕਿਉਂ ਚੁਣਿਆ ਗਿਆ। ਭੋਲਾ ਨੇ ਕਿਹਾ ਕਿ ਹੁਣ ਐੱਸ. ਐੱਚ. ਓ. ਦਵਿੰਦਰ ਅੱਤਰੀ ਨੇ ਉਨਾਂ ਨੂੰ ਧਮਕੀ ਦਿੱਤੀ ਹੈ, ਕਿ ਪਹਿਲਾਂ ਤਾਂ ਤੁਹਾਡੇ ਉਪਰ ਸਿਰਫ਼ ਸੂਡੋ (ਨਸ਼ੀਲਾ ਪਦਾਰਥ) ਹੀ ਪਾਇਆ ਗਿਆ ਹੈ, ਜੇਕਰ ਤੁਸੀਂ ਜ਼ਿਆਦਾ ਗੜਬੜ ਕੀਤੀ ਤਾਂ ਹੈਰੋਇਨ ਵੀ ਪਾ ਦਿੱਤੀ ਜਾਵੇਗੀ। ਭੋਲਾ ਨੇ ਕਿਹਾ ਕਿ ਉਨਾਂ ਦੇ ਘਰ ਜਾਂ ਪਿੰਡ ਝਾਂਮਪੁਰ ਵਿਖੇ ਸਥਿਤ ਸ਼ੈਲਰ ਤੋਂ ਕਿਸੇ ਤਰਾਂ ਦਾ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ, ਸਗੋਂ ਉਨਾਂ ਦੇ ਸ਼ੈਲਰ ਵਿਚੋਂ 1 ਕਰੋੜ ਰੁਪਏ ਦੇ ਚਾਵਲ ਚੋਰੀ ਕਰ ਲਏ ਗਏ। ਉਸ ਨੂੰ ਪੁਲਸ ਬਿਨਾਂ ਵਜਾ ਪ੍ਰੇਸ਼ਾਨ ਕਰ ਰਹੀ ਹੈ। ਭੋਲਾ ਨੇ ਕਿਹਾ ਕਿ ਜੇਕਰ ਉਸ ਕੋਲੋਂ 10 ਗ੍ਰਾਮ ਸਮੈਕ ਜਾਂ ਹੋਰ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ ਤਾਂ ਉਸ ਨੂੰ ਬਿਨਾਂ ਕੇਸ ਚਲਾਏ ਫਾਂਸੀ ਦੇ ਦਿੱਤੀ ਜਾਵੇ।

Source: http://www.punjabiinholland.com/news/4188--.aspx


ਡਰੱਗ ਤਸਕਰੀ ਕਾਂਡ: ਭੋਲੇ ਵੱਲੋਂ ਕੈਬਨਿਟ ਮੰਤਰੀ ਮਜੀਠੀਆ ਦੇ ਨਾਂ ਦਾ ਖੁਲਾਸਾ

* ਐਸ.ਐਸ.ਪੀ. ਮਾਨ ’ਤੇ ਵੀ ਲਾਏ ਦੋਸ਼; ਭੋਲਾ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਬਚਣ ਦੀ ਤਾਕ ’ਚ: ਸੁਖਬੀਰ
* ਜਗਦੀਸ਼ ਭੋਲਾ ਅਦਾਲਤ ’ਚ ਪੇਸ਼ੀ ਸਮੇਂਦਰਸ਼ਨ ਸਿੰਘ ਸੋਢੀ

ਮੁਹਾਲੀ, 6 ਜਨਵਰੀ ਅੰਤਰਰਾਸ਼ਟਰੀ ਡਰੱਗ ਤਸਕਰੀ ਮਾਮਲੇ ਵਿੱਚ ਪੰਜਾਬ ਦੇ ਲੋਕ ਸੰਪਰਕ ਤੇ ਮਾਲ ਵਿਭਾਗ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਸਾਹਮਣੇ ਆਇਆ ਹੈ। ਅੱਜ ਇੱਥੇ ਅੰਤਰ ਰਾਸ਼ਟਰੀ ਡਰੱਗ ਤਸਕਰ ਅਤੇ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ ਨੇ ਪੱਤਰਕਾਰਾਂ ਦੇ ਕੋਲ ਨਸ਼ਿਆਂ ਦੀ ਤਸਕਰੀ ਪਿੱਛੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਦਿੱਤਾ। ਭੋਲਾ ਨੇ ਦੱਸਿਆ ਕਿ ਜਾਂਚ ਦੌਰਾਨ ਪਹਿਲੇ ਹੀ ਦਿਨ ਸੀ.ਆਈ.ਏ ਸਟਾਫ ਪਟਿਆਲਾ ਕੋਲ ਮਜੀਠੀਆ ਦਾ ਨਾਂ ਲਿਆ ਸੀ। ਉਸਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਇਸ ਗੋਰਖਧੰਦੇ ਵਿੱਚ ਮੰਤਰੀ ਦੀ ਸਿੱਧੀ ਮਿਲੀਭੁਗਤ ਹੈ।

ਇਸ ਤੋਂ ਇਲਾਵਾ ਉਸਨੇ ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਹਰਦਿਆਲ ਸਿੰਘ ਮਾਨ ’ਤੇ ਵੀ ’ਤੇ ਵੀ ਕਰੋੜਾਂ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲਾਏ ਹਨ। ਹਾਲਾਂਕਿ ਇਸ ਸਬੰਧੀ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਜੀਠੀਆ ਨੂੰ ਕਲੀਨ ਚਿੱਟ ਦਿੰਦਿਆਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਕਰਾਰ ਦਿੰਦਿਆਂ ਸਿਆਸੀ ਸਟੰਟ ਦੱਸਿਆ ਹੈ।

ਉਧਰ ਡਰੱਗ ਤਸਕਰੀ ਮਾਮਲੇ ਵਿੱਚ ਨਾਮਜ਼ਦ ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਸਿੰਘ ਉਰਫ਼ ਭੋਲਾ, ਬਿੱਟੂ ਔਲਖ, ਸਰਬਜੀਤ ਸਿੰਘ ਸਾਬਾ, ਜਗਜੀਤ ਸਿੰਘ ਚਾਹਲ, ਬਲਜਿੰਦਰ ਸਿੰਘ ਸੋਨੂੰ ਅਤੇ ਬਲਜੀਤ ਸਿੰਘ ਮੁਹਾਲੀ ਅਦਾਲਤ ਵਿੱਚ ਪੇਸ਼ ਹੋਏ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ (ਸੀਨੀਅਰ ਡਿਵੀਜ਼ਨ) ਪਰਮਿੰਦਰਪਾਲ ਸਿੰਘ ਨੇ ਮਾਮਲੇ ਦੀ ਸੁਣਵਾਈ 20 ਜਨਵਰੀ ’ਤੇ ਅੱਗੇ ਪਾ ਦਿੱਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਦੀਸ਼ ਭੋਲਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਐਸ.ਐਸ.ਪੀ ਪਟਿਆਲਾ ਹਰਦਿਆਲ ਸਿੰਘ ਮਾਨ ’ਤੇ ਗੰਭੀਰ ਦੋਸ਼ ਲਾਏ। ਉਸ ਨੇ ਕਿਹਾ ਕਿ ਸਮੁੱਚੇ ਡਰੱਗ ਰੈਕਿਟ ਵਿੱਚ ਇਸ ਮੰਤਰੀ ਦੀ ਮਿਲੀਭੁਗਤ ਹੈ ਅਤੇ ਜਾਂਚ ਦੌਰਾਨ ਸ੍ਰੀ ਮਜੀਠੀਆ ਵੱਲੋਂ ਸੀ.ਆਈ.ਏ. ਸਟਾਫ਼ ਪਟਿਆਲਾ ਨੂੰ ਵਾਰ-ਵਾਰ ਫੋਨ ਵੀ ਕੀਤੇ ਜਾਂਦੇ ਸਨ। ਮੰਤਰੀ ਦਾ ਫੋਨ ਆਉਣ ਤੋਂ ਬਾਅਦ ਜਾਂਚ ਰੋਕ ਦਿੱਤੀ ਜਾਂਦੀ ਸੀ। ਇਹੀ ਨਹੀਂ ਉਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ ਵਿੱਚ ਮਜੀਠੀਆਂ ਦਾ ਨਾਂ ਲੈਣ ਤੋਂ ਬਾਅਦ ਪਟਿਆਲਾ ਜ਼ਿਲ੍ਹੇ ਦੀ ਪੁਲੀਸ ਨੇ ਉਸ ਦਾ ਹੋਰ ਪੁਲੀਸ ਰਿਮਾਂਡ ਨਹੀਂ ਮੰਗਿਆ ।

ਭੋਲਾ ਨੇ ਐਸ.ਐਸ.ਪੀ. ਮਾਨ ਸਮੇਤ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਸਮੁੱਚੀ ਟੀਮ ’ਤੇ ਦੋਸ਼ ਲਾਇਆ ਕਿ ਹੁਣ ਤੱਕ ਰਿਸ਼ਵਤ ਦੇ ਰੂਪ ਵਿੱਚ ਕਰੀਬ 25 ਕਰੋੜ ਰੁਪਏ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁੱਲ 23 ਐਸ.ਐਸ.ਪੀ. ਕੰਮ ਕਰ ਰਹੇ ਹਨ ਪਰ ਨਸ਼ੀਲੇ ਪਦਾਰਥ ਜਿਨ੍ਹਾਂ ’ਚ ਹੈਰੋਇਨ ਅਤੇ ਹੋਰ ਕਿਸਮ ਦੇ ਨਸ਼ੇ ਸ਼ਾਮਲ ਹਨ, ਕੇਵਲ ਪਟਿਆਲਾ ਪੁਲੀਸ ਵੱਲੋਂ ਫੜੇ ਗਏ ਹਨ। ਭੋਲਾ ਨੇ ਪੁਲੀਸ ਜਾਂਚ ’ਤੇ ਕਿੰਤੂ ਕਰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਕਹਿੰਦਾ ਆ ਰਿਹਾ ਹੈ ਕਿ ਇਸ ਸਮੁੱਚੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਕਰਵਾਈ ਜਾਵੇ ਪਰ ਪੰਜਾਬ ਦੇ ਮੁੱਖ ਮੰਤਰੀ ਸੀਬੀਆਈ ਨੂੰ ਜਾਂਚ ਸੌਂਪਣ ਲਈ ਤਿਆਰ ਨਹੀਂ ਹਨ। ਭੋਲੇ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਆਖਿਆ ਕਿ ਉਸ ’ਤੇ ਆਪਣੀ ਜ਼ੁਬਾਨ ਬੰਦ ਰੱਖਣ ਲਈ ਕਾਫੀ ਦਬਾਅ ਪਾਇਆ ਜਾ ਰਿਹਾ ਹੈ। ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ।

ਉਧਰ, ਅਦਾਲਤ ਦੇ ਬਾਹਰ ਜਗਦੀਸ਼ ਭੋਲਾ ਦੇ ਵਕੀਲ ਗੋਪਾਲ ਮਾਹਲ ਨੇ ਕਿਹਾ ਕਿ ਪੁਲੀਸ ਵੱਲੋਂ ਉਸ ਦੇ ਮੁਵੱਕਿਲ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਉਧਰ ਪਟਿਆਲਾ ਦੇ ਐਸ.ਐਸ.ਪੀ. ਹਰਦਿਆਲ ਸਿੰਘ ਮਾਨ ਨੇ ਵੀ ਉਨ੍ਹਾਂ ’ਤੇ ਲੱਗੇ ਸਾਰੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਭੋਲਾ ਝੂਠ ਬੋਲ ਰਿਹਾ ਹੈ।

ਇਸੇ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਉਪਰ ਆਪਣੀ ਟਿੱਪਣੀ ਦਿੰਦਿਆਂ ਕਿਹਾ ਕਿ ਭੋਲਾ ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਕੇ ਬਚਣ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇ ਇਹ ਬੰਦੇ ਉਨ੍ਹਾਂ ਦੇ ਹੁੰਦੇ ਤਾਂ ਉਹ ਇਨ੍ਹਾਂ ਨੂੰ ਫੜਦੇ ਹੀ ਕਿਉਂ, ਉਂਜ ਵੀ ਭੋਲਾ ਲੰਮੇ ਸਮੇਂ ਤੋਂ ਚੁੱਪ ਕਿਉਂ ਸੀ ਅਤੇ ਹੁਣ ਅਚਨਚੇਤ ਨਾਮ ਕਿਵੇਂ ਲੈਣ ਲੱਗ ਪਿਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਇਸ ਮਾਮਲੇ ਨੂੰ ਸੀਬੀਆਈ ਹਵਾਲੇ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਐਨਆਰਆਈ ਸੰਮੇਲਨ ਬਾਰੇ ਸੱਦੀ ਹੈ ਅਤੇ ਉਹ ਇਸ ਵਿੱਚ ਅਪਰਾਧਿਕ ਮਾਮਲਿਆਂ ਉਪਰ ਚਰਚਾ ਕਰਨੀ ਨਹੀਂ ਚਾਹੁੰਦੇ।

ਮਜੀਠੀਆ ਤੋਂ ਅਸਤੀਫਾ ਲਿਆ ਜਾਵੇ: ਕਾਂਗਰਸ

ਕਾਂਗਰਸ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਮੰਗ ਕੀਤੀ ਗਈ ਕਿ ਕੌਮਾਂਤਰੀ ਡਰੱਗ ਮਾਫੀਆ ਦੇ ਸਰਗਣੇ ਤੇ ਬਰਖਾਸਤ ਡੀਐਸਪੀ ਜਗਦੀਸ਼ ਭੋਲਾ ਵੱਲੋਂ ਇਸ ਧੰਦੇ ਵਿੱਚ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸ਼ਾਮਲ ਹੋਣ ਦੇ ਕੀਤੇ ਖੁਲਾਸੇ ਕਾਰਨ ਤੁਰੰਤ ਬਿਕਰਮ ਸਿੰਘ ਮਜੀਠੀਆ ਤੋਂ ਅਸਤੀਫਾ ਲੈ ਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਸ੍ਰੀ ਬਾਦਲ ਨੂੰ ਚੁਣੌਤੀ ਦਿੱਤੀ ਕਿ ਜੇ ਉਹ ਨਸ਼ਿਆਂ ਵਿੱਚ ਸੜ ਰਹੀ ਪੰਜਾਬ ਦੀ ਜਵਾਨੀ ਲਈ ਸੱਚਮੁੱਚ ਚਿੰਤਾਜਨਕ ਹਨ ਤਾਂ ਇਹ ਮਾਮਲਾ ਤੁਰੰਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਹਵਾਲੇ ਕੀਤਾ ਜਾਵੇ।

ਮਜੀਠੀਆ ਨੇ ਦੋਸ਼ ਠੁਕਰਾਏ

ਇਸ ਦੌਰਾਨ ਸ੍ਰੀ ਮਜੀਠੀਆ ਨੇ ਕਿਹਾ ਹੈ ਕਿ ਡਰੱਗ ਮਾਫੀਆ ਸਰਗਨੇ ਕੋਲੋਂ ਕਾਂਗਰਸ ਅਜਿਹੇ ਦੋਸ਼ ਲਗਵਾ ਕੇ ਉਨ੍ਹਾਂ ਨੂੰ ਬਦਨਾਮ ਕਰਵਾਉਣ ਦਾ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਾਣਦੇ ਹਨ ਕਿ ਭੋਲਾ ਇਕ ਵੱਡਾ ਅਪਰਾਧੀ ਹੈ। ਪੰਜਾਬ ਪੁਲੀਸ ਨੇ ਉਸ ਦਾ 8 ਮਹੀਨੇ ਪਿੱਛਾ ਕਰਕੇ ਉਸ ਨੂੰ ਫੜ੍ਹਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇ ਇਸ ਗਰੋਹ ਨੂੰ ਸਰਕਾਰ ਦੀ ਸ਼ਹਿ ਹੁੰਦੀ ਤਾਂ ਉਸ ਨੂੰ ਫੜ੍ਹਿਆ ਹੀ ਕਿਉਂ ਜਾਂਦਾ। ਉਨ੍ਹਾਂ ਕਿਹਾ ਕਿ ਭੋਲੇ ਵਿਰੁੱਧ ਠੋਸ ਸਬੂਤ ਮੌਜੂਦ ਹਨ ਅਤੇ ਉਸ ਨੂੰ ਉਮਰ ਕੈਦ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਉਹ ਅਜਿਹੇ ਦੋਸ਼ ਲਾ ਰਿਹਾ ਹੈ।
ਪੰਜਾਬ ਸਰਕਾਰ ਨੂੰ ਨੋਟਿਸ

ਚੰਡੀਗੜ੍ਹ: ਨਸ਼ਾ ਤਸਕਰ ਜਗਦੀਸ਼ ਭੋਲਾ ਵੱਲੋਂ ਕੀਤੇ ਜਾ ਰਹੇ ਖੁਲਾਸਿਆਂ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਲਈ ਦਾਇਰ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਇਹ ਪਟੀਸ਼ਨ ਕਾਂਗਰਸ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਵੱਲੋਂ ਦਾਇਰ ਕੀਤੀ ਗਈ ਹੈ। ਇਸ ਮਾਮਲੇ ਦੀ ਸੁਣਵਾਈ ਛੁੱਟੀਆਂ ਦੌਰਾਨ ਨਿਰਧਾਰਤ ਜਸਟਿਸ ਪਰਮਜੀਤ ਸਿੰਘ ਦੀ ਅਦਾਲਤ ਨੇ ਕੀਤੀ। ਜਗਮੀਤ ਸਿੰਘ ਬਰਾੜ ਨੇ ਅਦਾਲਤ ਅੱਗੇ ਇਸ ਮਾਮਲੇ ਦੀ ਖ਼ੁਦ ਪੈਰਵੀ ਕੀਤੀ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਵਿੱਚ ਮੰਤਰੀਆਂ ਦਾ ਨਾਂ ਆ ਰਿਹਾ ਸੀ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 28 ਜਨਵਰੀ ਨੂੰ ਚੀਫ ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਅਰੁਣ ਪੱਲੀ ਕਰਨਗੇ।

Source: http://punjabitribuneonline.com


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top