Share on Facebook

Main News Page

ਸਿੱਖ ਧਰਮ ਅਸਥਾਨਾਂ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਜ਼ੋਰਾਂ 'ਤੇ
-: ਅਵਤਾਰ ਸਿੰਘ ਮਿਸ਼ਨਰੀ 510 432 5827

ਦਾਸ ਨੇ ਇਹ ਪਿੰਨੀ ਪ੍ਰਸ਼ਾਦ ਵਾਲੀ ਖਬਰ ਜੋ ਸ੍ਰ. ਦਲਜੀਤ ਸਿੰਘ ਇੰਡਿਆਨਾਂ ਨੇ ਲਿਖੀ ਹੈ, ਖਾਲਸਾ ਨਿਉਜ਼ 'ਤੇ ਪੜ੍ਹੀ ਅਤੇ ਇਸ ਸਬੰਧ ਵਿੱਚ ਗੁਰਦੁਆਰਿਆਂ ਖਾਸ ਕਰ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਕਿਵੇਂ ਭ੍ਰਿਸ਼ਟਾਚਾਰ ਅਤੇ ਬ੍ਰਾਹਮਣੀ ਕਰਮਕਾਂਡ ਹੋ ਰਿਹਾ ਹੈ, ਬਾਰੇ ਇਹ ਚਾਰ ਅੱਖਰ ਲਿਖਣ ਦੀ ਹਿੰਮਤ ਕੀਤੀ ਹੈ।

ਜ਼ਰਾ ਇਤਿਹਾਸ ਵੱਲ ਨਿਗ੍ਹਾ ਮਾਰੋ ਗੁਰੂ ਸਹਿਬਾਨਾਂ ਦੇ ਜੀਵਨ ਕਾਲ ਵਿੱਚ ਪ੍ਰਸ਼ਾਦ ਕਦੇ ਨਹੀਂ ਸੀ ਵਿਕਿਆ ਕਰਦਾ ਅਤੇ ਨਾਲੇ ਗੁਰਦੁਆਰਿਆਂ ਧਰਮ ਅਸਥਾਨਾਂ ਵਿੱਚ ਕੜਾਹ ਪ੍ਰਸ਼ਾਦ ਹੀ ਬਣਦਾ ਤੇ ਵਰਦਾ ਸੀ। ਸੰਗਤਾਂ ਯਥਾਸ਼ਕਤ ਰਸਤਾਂ-ਬਸਤਾਂ ਲੈ ਕੇ ਆਉਂਦੀਆਂ ਸਨ। ਪਤਾਸੇ, ਛੋਲੇ ਜਾਂ ਪਿੰਨੀ ਨੂੰ ਪ੍ਰਸ਼ਾਦ ਨਹੀਂ ਸੀ ਕਿਹਾ ਜਾਂਦਾ, ਸਗੋਂ ਇਹ ਪਦਾਰਥ ਲੰਗਰ ਆਦਿਕ ਵਿੱਚ ਹੀ ਵਰਤੇ ਜਾਂਦੇ ਸਨ। ਕੜਾਹ ਪ੍ਰਸ਼ਾਦ ਤਿਆਰ ਕਰਨ ਦੀ ਆਪਣੀ ਵਿਧੀ ਹੈ ਆਟਾ, ਘਿਉ, ਮਿੱਠਾ ਅਤੇ ਪਾਣੀ ਦੀ ਵੀ ਮਿਕਦਾਰ ਹੁੰਦੀ ਹੈ ਅਤੇ ਗੁਰਬਾਣੀ ਦਾ ਪਾਠ ਜਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤਿਆਰ ਕੀਤਾ ਜਾਂਦਾ ਹੈ। ਫਿਰ ਅਨੰਦ ਸਾਹਿਬ ਦਾ ਪਾਠ ਤੇ ਅਰਦਾਸ ਕਰਕੇ ਹੀ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ। ਇਸ ਪ੍ਰਸ਼ਾਂਦ ਨੂੰ ਬੱਚੇ, ਜਵਾਨ ਅਤੇ ਬੁੱਢੇ ਵੀ ਖਾ ਸਕਦੇ ਹਨ। ਜਦ ਤੱਕ ਸ਼੍ਰੋਮਣੀ ਕਮੇਟੀ ਧਾਰਮਿਕ ਰਹੀ ਅਤੇ ਇਸ ਦੇ ਮੈਂਬਰ ਗੁਰਸਿੱਖੀ ਗੁਰਮਤਿ ਦੇ ਧਾਰਨੀ ਰਹੇ, ਓਦੋਂ ਤੱਕ ਓਥੇ ਗੁਰਮਤਿ ਵਰਤਦੀ ਸੀ ਅਤੇ ਸ਼ਰਧਾਲੂ ਸੰਗਤਾਂ ਨੂੰ ਵੀ ਵੱਖ ਵੱਖ ਕਰਮਕਾਂਡਾਂ ਨਾਲ ਨਹੀਂ ਸੀ ਲੁੱਟਿਆ ਜਾਂਦਾ।

ਹੁਣ ਜਦੋਂ ਇਹ ਕਮੇਟੀ ਹੀ ਸਰਕਾਰ ਤੇ ਖਾਸ ਕਰ ਬਾਦਲਾਂ ਦੇ ਢਹੇ ਚੜ੍ਹ ਚੁੱਕੀ ਹੈ, ਜੋ ਨਸ਼ਾ ਅਤੇ ਕਾਲਾ ਧੰਨ ਚੋਣਾਂ ਵਿਖੇ ਵੋਟਰਾਂ ਵਿੱਚ ਵੰਡ ਕੇ ਚੁਣੀ ਜਾਂਦੀ ਹੈ, ਭਲਾ ਉਸ ਤੋਂ ਹੁਣ ਭਲਾਈ ਦੀ ਕੀ ਆਸ ਕੀਤੀ ਜਾ ਸਕਦੀ ਹੈ? ਸੱਚ ਪੁੱਛੋ ਤਾਂ ਹੁਣ ਗੁਰਦੁਆਰੇ ਆਦਿਕ ਧਰਮ ਅਸਥਾਨਾਂ ਵਿੱਚ ਲੋਕਾਂ ਨੂੰ ਅੰਧ ਵਿਸ਼ਵਾਸ਼ੀ ਬਣਾ ਕੇ ਧਰਮ ਸ਼ਰੇਆਮ ਵੇਚਿਆ ਜਾ ਰਿਹਾ ਹੈ। ਇੱਥੇ ਹੁਣ ਪਾਠ, ਕੀਰਤਨ, ਕਥਾ, ਰੁਮਾਲੇ, ਪ੍ਰਸ਼ਾਦ ਅਤੇ ਅਰਦਾਸਾਂ ਸ਼ਰੇਆਮ ਵਿਕ ਰਹੀਆਂ ਹਨ । ਗੁਰੂ ਕੇ ਲੰਗਰਾਂ ਅਤੇ ਸਰਾਵਾਂ ਵਿੱਚ ਵੀ ਲੁੱਟ ਹੋ ਰਹੀ ਹੈ। ਭਾਈ ਲੱਖੂ ਵਰਗੇ ਗਰੀਬ ਦੀ ਕੋਈ ਸੁਣਵਾਈ ਨਹੀਂ ਸਗੋਂ ਮਲਕ ਭਾਗੋਆਂ ਅਤੇ ਬੁੱਧੂ ਵਰਗੇ ਧਨਾਡਾਂ ਦੀ ਬੇਹੱਦ ਜੀ ਹਜ਼ੂਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਬਦਮਾਸ਼ ਤੇ ਪੁਜਾਰੀ ਮਹੰਤਾਂ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢ ਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਨੇ ਪ੍ਰਬੰਧ ਸੰਭਾਲਿਆ ਸੀ ਅਜੋਕੇ ਭ੍ਰਿਸ਼ਟ ਪ੍ਰਬੰਧਕਾਂ ਨੇ ਫਿਰ ਉਨ੍ਹਾਂ ਦੇ ਅਨੁਯਾਈ ਡੇਰੇਦਾਰ ਸਾਧਾਂ ਅਤੇ ਸੰਪ੍ਰਦਾਈਆਂ ਨੂੰ ਵਿੱਚ ਵਾੜ ਕੇ ਭਾਈਵਾਲ ਬਣਾ ਲਿਆ ਹੈ। ਮਹੰਤਾਂ ਵੇਲੇ ਜਿਵੇਂ ਭਾਈ ਦਿੱਤ ਸਿੰਘ ਅਤੇ ਪ੍ਰੋ. ਗੁਰਮੁੱਖ ਸਿੰਘ ਵਰਗੇ ਪੰਥ ਦਰਦੀ ਵਿਦਵਾਨਾਂ ਨੂੰ ਅਕਾਲ ਤਖਤ ਦੀ ਨਾਜਾਇਜ ਵਰਤੋਂ ਕਰਕੇ ਛੇਕਿਆ ਗਿਆ ਸੀ, ਅੱਜ ਵੀ ਗੁਰਮਤਿ ਦੇ ਵਿਦਵਾਂਨ ਪ੍ਰਚਾਰਕਾਂ ਜਿਵੇਂ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸਾਬਕਾ ਮੁੱਖ ਸੇਵਾਦਾਰ ਅਕਾਲ ਤਖਤ ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ.ਜੋਗਿੰਦਰ ਸਿੰਘ ਸਪੋਕਸਮੈਨ ਆਦਿਕ ਨੂੰ ਬ੍ਰਾਹਮਣਵਾਦ ਦਾ ਹਥਿਆਰ ਵਰਤ ਕੇ ਛੇਕਿਆ ਅਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਅਤੇ ਪ੍ਰੋ. ਇੰਦਰ ਸਿੰਘ ਘੱਗੇ ਵਰਗੇ ਮਿਸ਼ਨਰੀਆਂ ਨੂੰ ਗੁਰਮਤਿ ਪ੍ਰਚਾਰ ਤੋਂ ਰੋਕਿਆ ਸੀ।

ਅਜੋਕੇ ਪੁਜਾਰੀ ਜਥੇਦਾ੍ਰਾਂ ਅਤੇ ਭ੍ਰਿਸ਼ਟ ਪ੍ਰਬੰਧਕਾਂ ਨੇ ਔਰੰਗਜ਼ੇਬ, ਅੰਗ੍ਰੇਜ਼ ਅਤੇ ਡੇਰੇਦਾਰ ਸਾਧਾਂ ਅਤੇ ਸਰਕਾਰਾਂ ਦਾ ਹਥਿਆਰ ਵਰਤ ਕੇ ਸਿੱਖ ਕੌਮ ਦੀ ਵਲੱਖਣਤਾ ਨੂੰ ਖਤਮ ਕਰਨ ਲਈ ਇੱਕ ਗੁਰੂ ਗ੍ਰੰਥ ਨਾਲ ਦੂਜਾ ਦਸਮ ਗ੍ਰੰਥ, ਇੱਕ ਮਰਯਾਦਾ ਨਾਲ ਦੂਜੀ ਸੰਪ੍ਰਦਾਈ ਮਰਯਾਦਾ, ਇੱਕ ਨਾਨਕਸ਼ਾਹੀ ਕੈਲੰਡਰ ਨਾਲ ਬਿਕਰਮੀ ਕੈਲੰਡਰ ਧੱਕੇਸ਼ਾਹੀ ਨਾਲ ਲਾਗੂ ਕੀਤਾ ਹੋਇਆ ਹੈ। ਇਹ ਤਾਂ ਹੁਣ ਸਿੱਖ ਕੌਮ ਹੀ ਇਨ੍ਹਾਂ ਨੂੰ ਗੁਰਦੁਆਰਾ ਪ੍ਰਬੰਧ ਚੋਂ ਸੁਹਿਰਤਾ ਨਾਲ ਬਾਹਰ ਕੱਢ ਸਕਦੀ ਹੈ ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਤਖਤ ਤੋਂ ਕਾਂਗਰਸ ਅਤੇ ਭਾਜਪਾ ਵਰਗੀਆਂ ਭ੍ਰਿਸ਼ਟ ਪਾਰਟੀਆਂ ਨੂੰ ਕੱਢਿਆ ਹੈ। ਸੋ ਸਾਨੂੰ ਪ੍ਰਚਾਰਕਾਂ, ਲਿਖਾਰੀਆਂ, ਬਿਜਨਿਸਮੈਨਾਂ ਅਤੇ ਸਮਾਜ ਸੇਵੀ ਸੰਗਤਾਂ ਨੂੰ ਇੱਕ ਮੁੱਠ ਹੋ ਕੇ ਘਰ ਘਰ ਤੱਕ ਗੁਰਮਤਿ ਦਾ ਸਹੀ ਪ੍ਰਚਾਰ ਕਰਕੇ ਸਿੱਖ ਜਨਤਾ ਨੂੰ ਜਾਗ੍ਰਿਤ ਕਰਨ ਦੀ ਲੋੜ ਹੈ ਤਾਂ ਕਿ ਧਰਮ ਅਸਥਾਨਾਂ ਦਾ ਪ੍ਰਬੰਧ ਭ੍ਰਿਸ਼ਟ ਹੋ ਚੁੱਕੇ ਪੁਜਾਰੀਆਂ ਅਤੇ ਮਕਾਰ ਲੀਡਰਾਂ ਤੋਂ ਛੁਡਾ ਕੇ ਗੁਰਮੁੱਖਾਂ ਦੇ ਹੱਥਾਂ ਵਿੱਚ ਦਿੱਤਾ ਜਾ ਸੱਕੇ। ਭਾਈ ਦਲਜੀਤ ਸਿੰਘ ਇੰਡਿਆਨਾ ਵਰਗੇ ਪ੍ਰਬੰਧਕ ਜੇ ਗੁਰਮਤਿ ਸਮਝ ਕੇ ਹੋਰਨਾਂ ਨੂੰ ਸਮਝਾਉਣ ਲੱਗ ਪਏ ਹਨ ਤਾਂ ਕੀ ਹੋਰ ਪ੍ਰਬੰਧਕ ਅਤੇ ਪੰਥ ਦਰਦੀ ਵੀਰ ਐਸਾ ਨਹੀਂ ਕਰ ਸਕਦੇ? ਲੋੜ ਇਕੱਠੇ ਹੋ ਕੇ ਹਮਲਾ ਮਾਰਨ ਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top