Share on Facebook

Main News Page

ਗਿਆਨੀ ਇਕਬਾਲ ਸਿੰਘ ਤਖ਼ਤ ਪਟਨਾ ਸਾਹਿਬ ਦੀ 'ਜਥੇਦਾਰੀ' ਤੋਂ ਲਾਂਭੇ, ਗਿਆਨੀ ਪ੍ਰਤਾਪ ਸਿੰਘ ਬਣਿਆ ਨਵਾਂ 'ਜਥੇਦਾਰ'

ਅੰਮ੍ਰਿਤਸਰ, 7 ਜਨਵਰੀ (ਚਰਨਜੀਤ ਸਿੰਘ) : ਅਪਣੀ ਕਾਰਜਸ਼ੈਲੀ ਕਾਰਨ ਅਕਸਰ ਵਿਵਾਦਾਂ ਵਿਚ ਰਹੇ ਤਖ਼ਤ ਪਟਨਾ ਸਾਹਿਬ ਦੇ 'ਜਥੇਦਾਰ' ਗਿਆਨੀ ਇਕਬਾਲ ਸਿੰਘ ਨੂੰ ਹਟਾ ਕੇ, ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੂੰ ਨਵਾਂ 'ਜਥੇਦਾਰ' ਥਾਪ ਦਿਤਾ ਗਿਆ ਹੈ।

ਕਰਨਾਲ ਦੇ ਇਕ ਵਸਨੀਕ ਵਲੋਂ ਗਿਆਨੀ ਇਕਬਾਲ ਸਿੰਘ ਉਪਰ ਕਥਿਤ ਤੌਰ 'ਤੇ ਇਕ ਲੱਖ ਰੁਪਏ ਦਾ ਗ਼ਬਨ ਕਰਨ ਦਾ ਦੋਸ਼ ਲਾਏ ਜਾਣ ਪਿੱਛੋਂ, ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗਿਆਨੀ ਇਕਬਾਲ ਸਿੰਘ ਦਾ ਬਦਲ ਲਭਣਾ ਸ਼ੁਰੂ ਕਰ ਦਿਤਾ ਸੀ। ਬੀਤੀ ਰਾਤ ਕਮੇਟੀ ਨੇ ਗਿਆਨੀ ਪ੍ਰਤਾਪ ਸਿੰਘ ਨੂੰ ਬਤੌਰ ਐਡੀਸ਼ਨਲ ਹੈਡ ਗ੍ਰੰਥੀ ਮਾਨਤਾ ਦੇ ਦਿਤੀ ਸੀ ਜਿਸ ਤੋਂ ਤਿਲਮਿਲਾਏ ਗਿਆਨੀ ਇਕਬਾਲ ਸਿੰਘ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸਮਾਗਮ ਦੌਰਾਨ ਸਟੇਜ 'ਤੇ ਬੈਠੇ ਗਿਆਨੀ ਪ੍ਰਤਾਪ ਸਿੰਘ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਉਪਰ ਅਪਣੇ ਸਾਥੀਆਂ ਸਮੇਤ ਹਮਲਾ ਕਰ ਦਿਤਾ। ਫਿਰ ਦੋਹਾਂ ਧਿਰਾਂ ਨੇ ਕ੍ਰਿਪਾਨਾਂ ਕੱਢ ਲਈਆਂ ਅਤੇ ਟਕਰਾਅ ਦੌਰਾਨ ਘਟੋ ਘੱਟ ਛੇ ਵਿਅਕਤੀ ਜ਼ਖ਼ਮੀ ਹੋ ਗਏ।

 

ਦਸਣਯੋਗ ਹੈ ਕਿ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਇਕਬਾਲ ਸਿੰਘ ਦਾ ਕਾਰਜਕਾਲ ਵਿਵਾਦਾਂ ਵਿਚ ਹੀ ਰਿਹਾ। ਉਨ੍ਹਾਂ ਨੇ ਇਸੇ ਦੌਰਾਨ ਦੂਜਾ ਵਿਆਹ ਕਰਵਾਇਆ ਜਦਕਿ ਪਹਿਲੀ ਪਤਨੀ ਜ਼ਿੰਦਾ ਸੀ। ਇਸੇ ਦੌਰਾਨ ਉਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਤਖ਼ਤ ਪਟਨਾ ਸਾਹਿਬ ਤੋਂ ਛੋਟਾ ਤਖ਼ਤ ਦਸਿਆ ਸੀ। ਗਿਆਨੀ ਇਕਬਾਲ ਸਿੰਘ ਨੇ ਹੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਤਰਲੋਚਨ ਸਿੰਘ ਤੇ ਅਕਾਲ ਤਖ਼ਤ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਹਾਂਦੋਸ਼ੀ ਕਰਾਰ ਦਿਤਾ ਸੀ। ਹਾਲਾਤ ਅਜਿਹੇ ਬਣ ਗਏ ਸਨ ਕਿ ਜਥੇਦਾਰਾਂ ਦੀ ਮੀਟਿੰਗ ਵਿਚ ਗਿਆਨੀ ਇਕਬਾਲ ਸਿੰਘ ਦੇ ਦਾਖ਼ਲੇ 'ਤੇ ਰੋਕ ਵੀ ਲਗਾ ਦਿਤੀ ਗਈ ਸੀ।

ਗਿਆਨੀ ਇਕਬਾਲ ਸਿੰਘ ਦੀ ਬਾਕੀ ਜਥੇਦਾਰਾਂ ਨਾਲ ਟਕਰਾਅ ਵਾਲੀ ਨੀਤੀ ਕਾਰਨ ਸਬੰਧਾਂ ਵਿਚ ਖਟਾਸ ਬਣੀ ਰਹਿੰਦੀ ਸੀ ਤੇ ਜਥੇਦਾਰਾਂ ਦੀ ਇਕ ਮੀਟਿੰਗ ਵਿਚ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨਾਲ ਹੋਏ ਟਕਰਾਅ ਦੌਰਾਨ ਕ੍ਰਿਪਾਨਾਂ ਵੀ ਨਿਕਲ ਆਈਆਂ ਸਨ। ਇਕ ਵਾਰ ਕਥਾ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਗੁਮਰਾਹਕੁਨ ਪੇਸ਼ੀਨਗੋਈ ਕਰਦਿਆਂ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ 2017 ਵਿਚ ਫਿਰ ਤੋਂ ਧਰਤੀ 'ਤੇ ਆ ਰਹੇ ਹਨ।

ਕੌਣ ਹੈ ਗਿਆਨੀ ਪ੍ਰਤਾਪ ਸਿੰਘ ?

ਤਖ਼ਤ ਪਟਨਾ ਸਾਹਿਬ ਦੇ ਨਵਨਿਯੁਕਤ 'ਜਥੇਦਾਰ' ਗਿਆਨੀ ਪ੍ਰਤਾਪ ਸਿੰਘ ਦਾ ਜਨਮ 13 ਸਤਬੰਰ 1955 ਨੂੰ ਸਰਹਾਲੀ ਦੇ ਪਿੰਡ ਠੱਟਾ ਜਿਲਾ ਤਰਨਤਾਰਨ ਵਿਖੇ ਬਾਬਾ ਰੂਪਾ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਬਾਬਾ ਦਇਆ ਸਿੰਘ ਬਿਧੀ ਚੰਦੀਏ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਨੇੜਲੇ ਰਿਸ਼ਤੇਦਾਰ ਹਨ। ਗੁਰਮਤਿ ਵਿਦਿਆ ਦੇ ਜਾਣਕਾਰ ਗਿਆਨੀ ਪ੍ਰਤਾਪ ਸਿੰਘ ਸਾਲ 1986-87 ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਸਹਾਇਕ ਹੈਡ ਗ੍ਰੰਥੀ ਨਿਯੁਕਤ ਕੀਤਾ ਗਿਆ ਤੇ ਫਿਰ ਉਹ ਹਜੂਰ ਸਾਹਿਬ ਦੇ ਮੁਖ ਗ੍ਰੰਥੀ ਬਣੇ। ਇਸੇ ਸਮੇ ਦੌਰਾਣ ਦਸੰਬਰ 1990 ਵਿਚ ਖਾੜਕੂ ਜਥੇਬੰਦੀ ਬਬਰ ਖਾਲਸਾ ਨਾਲ ਸੰਬਧ ਰਖਣ ਦਾ ਦੋਸ਼ ਲਾ ਕੇ ਰਾਜਸਥਾਨ ਪੁਲੀਸ ਨੇ ਗ੍ਰਿਫਤਾਰ ਕਰ ਲਿਆ। ਪੰਜ ਸਾਲ ਤਕ ਆਪ ਨੂੰ ਜੋਧਪੁਰ, ਜੈਪੁਰ ਤੇ ਅਜਮੇਰ ਜੇਲ ਵਿਚ ਰਖਿਆ। ਸਾਲ 2001 ਵਿਚ ਅਦਾਲਤ ਨੇ ਆਪ ਨੂੰ 17 ਸਾਲ ਦੀ ਕੈਦ ਸੁਣਾਈ ਜਿਸ ਨੂੰ ਆਪ ਵਲੋ ਸੁਪਰੀਮ ਕੋਰਟ ਵਿਚ ਚੈਲੰਜ ਕਰਨ ਤੇ ਆਪ ਨੂੰ ਬਾਇਜ਼ਤ ਬਰੀ ਕਰ ਦਿੱਤਾ ਗਿਆ। ਸਾਲ 2004 ਤੋ ਆਪ ਨਿਰੰਤਰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਬਤੌਰ ਹੈਡ ਗ੍ਰੰਥੀ ਸੇਵਾ ਨਿਭਾਅ ਰਹੇ ਹਨ।

ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਤ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਚੱਲ ਰਹੇ ਧਾਰਮਿਕ ਸਮਾਗਮ ਸਮੇਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਸਟੇਜ ਤੇ ਮੌਜੂਦ ਕੁਝ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਆਪਸੀ ਝੜਪ ਦੌਰਾਨ ਇਕ ਦੂਜੇ ਵਿਰੁੱਧ ਕ੍ਰਿਪਾਨਾ ਚਲਾਉਣੀਆਂ ਤੇ ਦਸਤਾਰਾਂ ਉਤਾਰਨ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿੰਦਿਆ ਕਰਦਿਆ ਇਸ ਘਟਨਾ ਦੀ ਮੁਕੰਮਲ ਜਾਂਚ ਪੜਤਾਲ ਲਈ ਸ. ਸੁਖਦੇਵ ਸਿੰਘ ਭੌਰ, ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ.ਰਜਿੰਦਰ ਸਿੰਘ ਮਹਿਤਾ, ਸ. ਕਰਨੈਲ ਸਿੰਘ ਪੰਜੋਲੀ, ਸ. ਨਿਰਮੈਲ ਸਿੰਘ ਜੌਲਾਂ ਕਲਾਂ ਅੰਤ੍ਰਿੰਗ ਮੈਬਰ ਸ਼੍ਰੋਮਣੀ ਕਮੇਟੀ ਤੇ ਸ. ਸਤਬੀਰ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ 'ਤੇ ਅਧਾਰਿਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਤੇ ਇਨ੍ਹਾਂ ਕਮੇਟੀ ਮੈਂਬਰਾਂ ਨੂੰ ਤੁਰੰਤ ਪਟਨਾ ਸਾਹਿਬ ਪਹੁੰਚਣ ਲਈ ਕਿਹਾ ਗਿਆ ਹੈ।

ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਪ੍ਰੈਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਅੱਜ ਸਮੁੱਚਾ ਸਿੱਖ ਜਗਤ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਸ਼ ਪੁਰਬ ਮਨਾ ਰਿਹਾ ਹੈ ਤੇ ਦਸਮੇਸ਼ ਪਿਤਾ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਜਿਸ ਦਾ ਟੀ ਵੀ ਚੈਨਲਾਂ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਜਾ ਰਿਹਾ ਸੀ ਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਦੇਖ ਰਹੀਆਂ ਸਨ, ਉਸ ਸਮੇਂ ਕੁਝ ਸਿੱਖ ਜਥੇਬੰਦੀਆਂ ਵਲੋਂ ਸਮਾਗਮ ਦੌਰਾਨ ਖਲਨ ਪਾਉਂਦਿਆਂ ਇਕ ਦੂਸਰੇ 'ਤੇ ਹਮਲਾ ਕਰਨਾ ਬਹੁਤ ਹੀ ਦੁੱਖਦਾਈ ਤੇ ਨਿੰਦਣ ਯੋਗ ਹੈ। ਉਨ੍ਹਾਂ ਕਿਹਾ ਕਿ ਪਟਨਾ ਸਾਹਿਬ ਦੀ ਧਰਤੀ ਤੇ ਅਜਿਹੀ ਘਟਨਾ ਵਾਪਰਨ ਨਾਲ ਹਰੇਕ ਸ਼ਰਧਾਵਾਨ ਸਿੱਖ ਦੇ ਮਨ ਨੂੰ ਭਾਰੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਪੰਜ ਮੈਂਬਰੀ ਕਮੇਟੀ ਸਾਰੀ ਘਟਨਾ ਦੀ ਮੌਕੇ ਪੁਰ ਪਹੁੰਚ ਕੇ ਮੁਕੰਮਲ ਜਾਂਚ ਪੜਤਾਲ ਕਰਕੇ ਤੁਰੰਤ ਰੀਪੋਰਟ ਦੇਵੇਗੀ।

ਦਸਤਾਰਬੰਦੀ ਹੋਈ ਤੇ ਵਧਾਈਆਂ ਦਾ ਦੌਰ ਸ਼ੁਰੂ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਪ੍ਰਤਾਪ ਸਿੰਘ ਨੂੰ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੁਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ, ਸੰਤ ਸਮਾਜ ਦੇ ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਕਰਮਜੀਤ ਸਿੰਘ ਯਮਨਾ ਨਗਰ, ਬਾਬਾ ਜੋਗਾ ਸਿੰਘ ਕਰਨਾਲ, ਗਿਆਨੀ ਰਣਜੀਤ ਸਿੰਘ ਗ਼ੌਹਰ, ਦਿਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਸਰਨਾ ਆਦਿ ਨੇ ਦਸਤਾਰਾਂ ਭੇਂਟ ਕਰਕੇ ਵਧਾਈਆਂ ਦਿੱਤੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top