Share on Facebook

Main News Page

ਅਕਾਲ ਤਖ਼ਤ ਅਤੇ ਬਾਕੀ ਤਖ਼ਤ ਦੇ ਅਹੁਦਿਆਂ ਪਿਛੇ ਲੜਾਈ ਦਾ ਕਾਰਨ ਲੋਕਾਂ ਵਲੋਂ ਗੋਲਕਾਂ ਵਿਚ ਪਾਇਆ ਬੇਸ਼ੁਮਾਰ ਪੈਸਾ ਹੈ
-: ਦਲਜੀਤ ਸਿੰਘ ਇੰਡਿਆਨਾ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾਈ। ਪਹਿਲਾਂ ਇਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਸੀ ਅਤੇ ਇਥੇ ਇਕ ਥੜਾ ਉਸਾਰ ਕੇ ਓਥੇ ਗੁਰੂ ਸਾਹਿਬ ਇਕ ਲਕੜ ਦੇ ਤਖ਼ਤ 'ਤੇ ਬੈਠ ਕੇ ਲੋਕਾਂ ਦੀਆਂ ਸ਼ਕਾਇਤਾਂ ਸੁਣਦੇ ਅਤੇ ਸ਼ਸਤਰ ਵਿਦਿਆ ਦਿੰਦੇ ਸਨ । ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਦੀ ਉਸਾਰੀ ਦਾ ਇਕ ਕਾਰਨ ਇਹ ਵੀ ਸੀ ਕਿ ਧਰਮ ਦਾ ਕੁੰਡਾ ਸਿਆਸਤ 'ਤੇ ਰਹੇ ਅਤੇ ਕੋਈ ਫੈਸਲਾ ਕਰਨ ਤੋਂ ਪਹਿਲਾਂ ਗੁਰੂ ਦਾ ਸਿਧਾਂਤ ਉਪਰ ਰਹੇ । ਅਜ ਇਸ ਦੇ ਬਿਲਕੁਲ ਉਲਟ ਹੋ ਗਿਆ ਹੈ, ਅਜ ਦੇ ਜਥੇਦਾਰ ਜਿਹੜੇ ਫੈਸਲੇ ਲੈਂਦੇ ਹਨ, ਓਹ ਰਾਜੀਨੀਤੀ ਤੋਂ ਪ੍ਰੇਰਤ ਹੁੰਦੇ ਹਨ । ਹੁਣ ਇਹਨਾ ਨੇ ਗੁਰੂ ਦੇ ਸਿਧਾਂਤ ਤੋਂ ਉਲਟ, ਆਪਣਾ ਸਿਧਾਂਤ ਬਣਾਇਆ ਹੈ ਅਤੇ ਅੱਜ ਧਰਮ ਨੂੰ ਰਾਜਨੀਤੀ ਦੇ ਅਧੀਨ ਕਰ ਲਿਆ ਹੈ । ਜੋ ਵੀ ਰਾਜਨੀਤਕ ਲੋਕ ਚਾਹੁੰਦੇ ਹਨ, ਓਹੀ ਫੈਸਲੇ ਅੱਜ ਦੇ ਜਥੇਦਾਰ ਕਰਦੇ ਹਨ, ਕਿਓੁਂਕਿ ਪੰਜਾਬ ਦੇ ਤਿੰਨੇ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸਮੇਂ ਦਾ ਮੌਜੂਦਾ ਮੁੱਖਮੰਤਰੀ ਕਰਦਾ ਹੈ । ਜਦੋਂ ਗੁਰਦਵਾਰਾ ਐਕਟ ਬਣਿਆ ਸੀ ਉਦੋਂ ਇਹ ਕਾਨੂਨ ਬਣਾ ਦਿਤਾ ਸੀ ਅਤੇ ਜੋ ਬਾਹਰਲੇ ਦੋ ਤਖ਼ਤ ਨੇ, ਹਜੂਰ ਸਾਹਿਬ ਅਤੇ ਪਟਨਾ ਸਾਹਿਬ, ਓਹ ਇਸ ਗੁਰਦਵਾਰਾ ਐਕਟ ਤੋਂ ਬਾਹਰ ਨੇ, ਓਥੇ ਦੇ ਜਥੇਦਾਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਅਤੇ ਓਸ ਦੇ ਅੰਦਰ ਬੈਠੇ ਕਟੜ ਹਿੰਦੂ ਕਰਦੇ ਹਨ। ਗੁਰੂ ਸਾਹਿਬ ਨੇ ਇਕੋ ਤਖ਼ਤ ਬਣਾਇਆ ਸੀ, ਜਿਹੜੇ ਚਾਰ ਬਾਕੀ ਦੇ ਤਖਤ ਨੇ, ਇਹ ਬਾਅਦ ਵਿਚ ਹੋਂਦ ਵਿਚ ਆਏ ਹਨ । ਹਜੂਰ ਸਾਹਿਬ ਦੇ ਗੁਰਦਵਾਰਾ ਸਾਹਿਬ ਦੀ ਉਸਾਰੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ।

ਹੁਣ ਵਿਚਾਰ ਕਰਦੇ ਹਾਂ ਜੋ ਘਟਨਾ ਪਟਨਾ ਸਾਹਿਬ ਦੇ ਗੁਰਦਵਾਰਾ ਸਾਹਿਬ ਦੇ ਅੰਦਰ ਹੋਈ ਹੈ । ਇਸ ਵਾਰੇ ਬਹੁਤੇ ਸਿੱਖਾਂ ਨੇ ਬੁਰਾ ਵੀ ਮਨਾਇਆ ਅਤੇ ਨਿੰਦਨਯੋਗ ਵੀ ਹੈ, ਪਰ ਇਹਨਾ ਜਥੇਦਾਰਾਂ ਨੂੰ ਇਹਨਾ ਦੇ ਅਹੁਦਿਆਂ ਤੋਂ ਹਟਾਉਣ ਵਾਸਤੇ ਹੁਣ ਹੋਰ ਕੋਈ ਚਾਰਾ ਵੀ ਨਹੀਂ ਰਿਹਾ। ਜਿਸ ਤਰਾਂ ਸਿੰਘ ਸਭਾ ਲਹਿਰ ਵੇਲੇ ਵੀ ਮਹੰਤਾਂ ਨੂੰ ਇਸ ਤਰਾਂ ਧੂ ਕੇ ਬਾਹਰ ਕਢਣਾ ਪਿਆ ਸੀ ਗੁਰਦਵਾਰਿਆਂ ਵਿਚੋਂ .. ਪਰ ਇਹ ਲੜਾਈ ਕੋਈ ਸਿੰਘ ਸਭਾ ਲਹਿਰ ਵਾਲੀ ਲੜਾਈ ਨਹੀਂ.. ਇਹ ਲੜਾਈ ਹੈ ਚੌਧਰ ਦੀ। ਅਜ ਕਲ ਜਿਹੜੀ ਇਹ ਜਥੇਦਾਰ ਜਾਂ ਪੁਜਾਰੀ ਸ਼੍ਰੇਣੀ ਹੈ, ਇਹ ਇਕ ਮਾਫੀਆ ਹੈ.. ਜਿਹੜਾ ਜਿਹੜੇ ਗੋਲਕ 'ਤੇ ਕੁੰਡਲੀ ਮਾਰ ਕੇ ਬੈਠ ਗਿਆ, ਓਹ ਫੇਰ ਛੱਡਦਾ ਨਹੀਂ, ਜਿੰਨੀ ਦੇਰ ਦੂਸਰਾ ਮਾਫੀਆ ਆਕੇ ਇਹਨਾਂ ਨੂੰ ਆਪਣੇ ਜੋਰ ਨਾਲ ਨਹੀਂ ਹਟਾਉਂਦਾ ..

ਫੇਰ ਗੱਲ ਓਥੇ ਲੈਕੇ ਆਵਾਂ ਜਿਹੜੇ ਇਹ ਦੋ ਬਾਹਰਲੇ ਤਖ਼ਤ ਨੇ ਇਹ ਅਸਿਧੇ ਤਰੀਕੇ ਨਾਲ ਆਰ.ਐਸ.ਐਸ ਦੇ ਕਬਜੇ ਵਿੱਚ ਹਨ, ਇਹਨਾ ਦਾ ਪੰਜਾਬ ਦੀ ਸ਼ਿਰੋਮਣੀ ਕਮੇਟੀ ਨਾਲ ਵਾਸਤਾ ਨਹੀਂ। ਇਹਨਾ ਤਖਤਾਂ ਨੂੰ ਲੋਕਲ ਕਮੇਟੀਆਂ ਚਲਾਉਂਦੀਆਂ ਹਨ, ਜਿਹਨੇ ਦੇ ਜਿਆਦਾ ਮੈਂਬਰ ਆਰ.ਐਸ.ਐਸ ਨਾਲ ਸਬੰਧਤ ਹਨ । ਜਿਵੇ ਨਾਂਦੇੜ ਗੁਰਦਵਾਰਾ ਕੇਮਟੀ ਦਾ ਮੈਂਬਰ ਮਹਾਰਸ਼ਟਰ ਦਾ ਸਾਬਕਾ ਪੁਲਿਸ ਮੁੱਖੀ ਪਸਰੀਚਾ ਹੈ । ਆਰ.ਐਸ.ਐਸ ਓਸ ਬੰਦੇ ਨੂੰ ਚਾਹੇਗੀ, ਜੋ ਓਹਨਾ ਦੇ ਹਰ ਹੁਕਮ ਮੁਤਾਬਕ ਕੰਮ ਕਰੇ...

ਪਿਛਲੇ ਕੁੱਝ ਸਮੇਂ ਤੋਂ ਇਕਬਾਲ ਸਿੰਘ ਇਕ ਡਿਕਟੇਟਰ ਦੀ ਤਰਾਂ ਕੰਮ ਕਰ ਰਿਹਾ ਸੀ । ਜਿਸ ਦਾ ਧਿਆਨ ਸਿਰਫ ਇਸ ਗੱਲ ਵੱਲ ਜਿਆਦਾ ਸੀ ਕਿ ਪੈਸਾ ਕਿਵੇਂ ਇਕਠਾ ਕੀਤਾ ਜਾਵੇ। ਸਭ ਤੋਂ ਸਸਤੀ ਜਮੀਰ ਇਸ ਦੀ ਸੀ, ਇੱਕ ਲੱਖ ਰੁਪਇਆ ਦੇਵੋ, ਜੋ ਮਰਜੀ ਬੁਲਾਈ ਜਾਓ .. ਇਕ ਕਾਰਨ ਇਸ ਦਾ ਇਹ ਸੀ, ਕਿ ਇਕ ਦੋ ਵਾਰ ਇਹ ਦਸਮ ਗਰੰਥ ਦੇ ਮੁੱਦੇ 'ਤੇ ਦਸਮ ਗਰੰਥ ਨੂੰ ਨਾ ਮਨਣ ਵਾਲਿਆਂ ਨਾਲ ਡਿਬੇਟ ਕਰਦਾ ਮਾਰ ਖਾ ਗਿਆ ਸੀ, ਜਿਸ ਨਾਲ ਦਸਮ ਗਰੰਥ ਨੂੰ ਹੋਰ ਜੋਰ ਨਾਲ ਪ੍ਰਮੋਟ ਕਰਨ ਵਿਚ ਆਰ.ਐਸ.ਐਸ ਨੂੰ ਦਿੱਕਤ ਆ ਰਹੀ ਸੀ । ਆਰ.ਐਸ.ਐਸ ਨੂੰ ਓਹ ਬੰਦਾ ਚਾਹੀਦਾ, ਜੋ ਸਿਰਫ ਸਿੱਖੀ ਨੂੰ ਢਾਹ ਲਾਉਣ ਵਾਲੇ ਕਾਰਜ ਜੋਰ ਸ਼ੋਰ ਨਾਲ ਕਰੇ, ਓਹ ਇਸ ਨੂੰ ਉਤਾਰਨ ਵਾਸਤੇ ਬਹਾਨੇ ਲਭਦੇ ਸਨ।

ਇਸ ਦਾ ਇਕ ਬਹਾਨਾ ਬਣਿਆ ਕਰਨਾਲ ਹਰਿਆਣੇ ਦਾ ਓਹ ਬਜੁਰਗ ਜਿਸ ਨੇ ਇਸ ਇਕ ਲੱਖ ਰੁਪਇਆ ਖਾਣ ਦਾ ਦੋਸ਼ ਮੀਡੀਏ ਵਿਚ ਲਾਕੇ, ਇਸ ਦੀ ਬੜੀ ਕਿਰਕਰੀ ਕੀਤੀ, ਜਿਸ ਨਾਲ ਆਰ.ਐਸ.ਐਸ ਨੂੰ ਇਹ ਚਲਿਆ ਕਾਰਤੂਸ ਲਗਣ ਲਗਿਆ ਸੀ... ਓਹ ਬਹਾਨਾ ਭਾਲਦੇ ਸਨ, ਇਸ ਨੂੰ ਉਤਾਰਨ ਦਾ...

ਅਤੇ ਦੂਸਰਾ ਕਾਰਨ... ਤਾਜ਼ਾ ਘਟਨਾ 01 Jan 2014 ਨੂੰ ਜਹਾਜ ਵਿਚ ਸਫਰ ਕਰਦਿਆਂ ਜਿਹੜੀ ਇਸ ਦੀ ਵੀਰ ਪ੍ਰਭਦੀਪ ਸਿੰਘ ਨਾਲ ਵਿਚਾਰ ਚਰਚਾ ਹੋਈ, ਓਸ ਵਿਚ ਜੋ ਇਸ ਤੋਂ ਸੱਚ ਬੋਲਿਆ ਗਿਆ, ਓਹ ਵਿਰੋਧੀਆਂ ਨੂੰ ਕਿੱਥੇ ਹਜ਼ਮ ਆਉਣਾ ਸੀ .. ਉਸ ਵਿੱਚ ਇਸ ਦੇ ਮੁੰਹੋ ਇਹ ਨਿਕਲ ਗਿਆ ਕਿ ਬਾਦਲ ਤਾਂ ਜਨੇਊ ਵੀ ਪਾਉਂਦਾ ਹੈ ਅਤੇ ਤਿਲਕ ਵੀ ਲਾਉਂਦਾ ਹੈ .. ਅਤੇ ਇਸ ਨੂੰ ਪ੍ਰਭਦੀਪ ਸਿੰਘ ਦੀ ਇਕ ਵੀ ਗੱਲ ਦਾ ਜਵਾਬ ਨਹੀਂ ਆਇਆ ...

ਮੈਂ ਤਾਂ ਓਸ ਦਿਨ ਹੀ ਦਿਲ ਵਿਚ ਸੋਚ ਲਿਆ ਸੀ, ਕਿ ਇਹ ਤਾਂ ਇਕ ਦੋ ਦਿਨ ਦਾ ਪ੍ਰਾਹੁਣਾ ਹੈ .. ਇਸ ਦਾ ਅਹੁਦਾ ਤਾਂ ਗਿਆ ਸਮਝੋ .. ਓਹੀ ਗੱਲ ਹੋਈ... ਬਾਦਲ + ਭਾਜਪਾ + ਆਰ.ਸ.ਸ ਵਲੋਂ ਪਹਿਲਾਂ ਹੀ ਤਿਆਰ ਰੇਡੀਮੇਡ ਜਥੇਦਾਰ ਅਗਲਿਆਂ ਨੇ ਥਾਪੀ ਦੇਕੇ ਭੇਜ ਦਿਤਾ.. ਨਾਂਦੇੜ ਤੋਂ ਪਟਨਾ ਸਾਹਿਬ...

ਹੁਣ ਸੋਚੋ ਸਾਡੇ ਧਾਰਮਿਕ ਆਗੂ ਭਾਵ ਜਥੇਦਾਰ ਚੁਣਨ ਦੀ ਵਿਧੀ .. ਕੋਈ ਯੋਗਤਾ ਨਹੀਂ ਦੇਖੀ .. ਕੋਈ ਪੜਾਈ ਨਹੀਂ ਦੇਖੀ... (ਮੁਸਲਮਾਨਾਂ ਦਾ ਧਾਰਮਿਕ ਆਗੂ, ਅਗੇ ਇਸਾਈਆਂ ਦੇ ਧਾਰਮਿਕ ਆਗੂ ਨੂੰ ਕਈ ਕਈ ਸਾਲ ਆਪਣੇ ਧਰਮ ਦੀ ਪੜਾਈ ਕਰਨੀ ਪੈਂਦੀ ਹੈ, ਫੇਰ ਓਹ ਧਾਰਮਿਕ ਆਗੂ ਬਣਦਾ ਹੈ .. ਪਰ ਸਾਡਾ ਧਰਮ ਜਿਹੜਾ ਸਭ ਤੋ ਨਵਾਂ ਅਤੇ ਮੌਡਰਨ ਧਰਮ ਸੀ, ਸਾਡੇ ਧਾਰਮਿਕ ਆਗੂ ਬਹੁਤੇ ਅਨਪੜ ਹੀ ਹਨ, ਜਿਹਨਾਂ ਦੀ ਕੋਈ ਯੋਗਤਾ ਨਹੀਂ ਦੇਖੀ ਜਾਂਦੀ) ਕੋਈ ਸਿੱਖ ਕੌਮ ਤੋਂ ਰਾਇ ਨਹੀਂ ਲਈ ਜਾਂਦੀ, ਬੱਸ ਜੋ ਓਹਨਾ ਨੂੰ ਭਾਵ ਆਰ.ਐਸ.ਐਸ ਵਾਲਿਆਂ ਨੂੰ ਵੱਧ ਫਿੱਟ ਬੈਠਦਾ ਹੈ, ਅਗਲਿਆਂ ਬਣਾ ਦਿਤਾ ਜਥੇਦਾਰ .. ਅਤੇ ਜਥੇਦਾਰ ਵੀ ਜੋ ਬਣਦੇ ਹਨ, ਇਹਨਾ ਦੇ ਅਹੁਦੇ ਦੀ ਕੋਈ ਵੀ ਸਮਾਂ ਸੀਮਾ ਨਹੀਂ ਹੈ, ਕਿ ਇਹਨਾ ਨੇ ਕਿੰਨੀ ਦੇਰ ਕੰਮ ਕਰਨਾ ਹੈ । ਦੁਨੀਆ ਦੇ ਹਰ ਇਕ ਅਹੁਦੇ ਦੀ ਸਮਾਾਂ ਸੀਮਾ ਹੈ, ਪਰ ਜਥੇਦਾਰ ਤਾਂ ਐਸੀ ਕੁੰਡਲੀ ਮਾਰ ਕੇ ਬੈਠ ਜਾਂਦੇ ਹਨ, ਕਿ ਆਪਣਾ ਅਹੁਦਾ ਓਨੀ ਦੇਰ ਨਹੀਂ ਛੱਡਦੇ, ਜਿੰਨੀ ਦੇਰ ਇਹਨਾਂ ਨੂੰ ਕੋਈ ਬੇਇਜਤ ਕਰਕੇ ਨਾ ਉਤਾਰੇ .. ਇਸ ਨਾਲ ਤਖ਼ਤ ਦੇ ਸਿਧਾਤ 'ਤੇ ਸੱਟ ਵਜਦੀ ਹੈ ਅਤੇ ਵਿਰੋਧੀਆਂ ਦੀ ਜੋ ਚਾਲ ਸੀ ਸਿੱਖੀ ਵਿਚ ਜਥੇਦਾਰ ਦੀ ਇਜ਼ਤ ਘਟਾਉਣ ਦੀ ਓਹ ਵੀ ਕਾਮਯਾਬ ਹੁੰਦੀ ਹੈ ।

ਅਜ ਜਥੇਦਾਰ ਦੀ ਇਜਤ ਪਿੰਡ ਵਾਲੇ ਗ੍ਰੰਥੀ ਤੋਂ ਵੱਧ ਨਹੀਂ, ਕਿਉਂਕਿ ਨਾ ਤਾਂ ਇਹਨਾਂ ਨੂੰ ਗੁਰਮਤ ਦੀ ਗਿਆਨ ਹੈ, ਬੱਸ ਹੱਥ ਵਿੱਚ ਕ੍ਰਿਪਾਨ ਫੜੀ ਤੇ ਬਣ ਗਏ ਜਥੇਦਾਰ ਅਤੇ ਆਪਣੇ ਆਕਾਵਾਂ ਦੇ ਅੱਗੇ ਪਿਛੇ ਲੱਗੇ ਪੂਛ ਹਿਲਾਉਣਾ... ਜੋ ਓਹ ਕਹਿੰਦੇ ਨੇ ਕਰਦੇ ਨੇ, ਸਿੱਖ ਕੌਮ ਨੂੰ ਗੁੰਮਰਾਹ ਕਰਦੇ ਹਨ

ਹੁਣ ਇਹ ਲੜਾਈ ਦੇਖ ਕੇ ਸਾਨੂ ਨਿਰਾਸ਼ ਵੀ ਨਹੀਂ ਹੋਣਾ ਚਾਹੀਦਾ ਅਤੇ ਖੁਸ਼ ਵੀ ਨਹੀਂ ਹੋਣਾ ਚਾਹੀਦਾ .. ਨਿਰਾਸ਼ ਇਸ ਕਰਕੇ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਸਿੱਖਾਂ ਦੀ ਲੜਾਈ ਨਹੀਂ... ਆਰ.ਐਸ.ਐਸ ਦੇ ਦੋ ਧੜਿਆਂ ਦੀ ਲੜਾਈ ਸੀ .. ਖੁਸ਼ ਇਸ ਕਰਕੇ ਨਹੀਂ ਹੋਣਾ ਚਾਹੀਦਾ, ਕਿ ਇਕਬਾਲ ਸਿੰਘ ਉਤਰ ਗਿਆ, ਤਾਂ ਕੀ ਹੋ ਗਿਆ ਹੁਣ ਆਰ.ਐਸ.ਐਸ ਦਾ ਇਸ ਤੋਂ ਵੱਡਾ ਵਫਾਦਾਰ ਪ੍ਰਤਾਪ ਸਿੰਘ ਆ ਗਿਆ ਹੈ .. ਜੋ ਇਸ ਵਾਂਗ ਹੀ ਸੂਰਜ ਪ੍ਰਕਾਸ਼ ਗਰੰਥ, ਅਖੌਤੀ ਦਸਮ ਗਰੰਥ ਅਤੇ ਡੇਰਾਵਾਦ ਨੂੰ ਪ੍ਰਮੋਟ ਪੂਰੇ ਜੋਰ ਸ਼ੋਰ ਨਾਲ ਕਰਦਾ ਹੈ । ਜੋ ਗੁਰੂ ਨਾਨਕ ਦੇ ਬਰਾਬਰ ਸ਼੍ਰੀ ਚੰਦ ਨੂੰ ਵੀ ਮਾਨਤਾ ਦਿੰਦਾ ਹੈ । ਵੈਸੇ ਆਰ.ਐਸ.ਐਸ ਇੱਕ ਕੰਮ ਵਿਚ ਕਾਮਯਾਬ ਜ਼ਰੂਰ ਹੋਈ ਹੈ, ਜੋ ਓਸ ਨੇ ਸਿੱਖਾਂ ਦੀ ਲੜਾਈ ਦੁਨੀਆ ਭਰ ਵਿਚ ਦਿਖਾਈ ਹੈ .. ਜਿਸ ਤਰਾਂ ਓਹਨਾਂ ਨੇ ਓਥੇ ਮੀਡੀਏ ਦਾ ਪਹਿਲਾਂ ਹੀ ਇੰਤਜਾਮ ਕੀਤਾ ਹੋਇਆ ਸੀ ਅਤੇ ਇਸ ਦਾ ਮਤਲਬ ਓਹਨਾ ਨੂੰ ਪਹਿਲਾਂ ਹੀ ਪਤਾ ਸੀ ਲੜਾਈ ਹੋਵੇਗੀ

ਸੋ ਗੱਲਾਂ ਕਾਫੀ ਨੇ, ਪਰ ਅਜ ਸਮਾਂ ਆ ਗਿਆ ਕਿ ਸਾਨੂੰ ਇਸ ਪੁਜਾਰੀਵਾਦ ਅਤੇ ਜਥੇਦਾਰੀ ਸਿਸਟਮ ਨੂੰ ਨਕਾਰ ਦੇਣਾ ਚਾਹੀਦਾ ਹੈ .. ਕਿਉਂਕਿ ਇਹ ਜਥੇਦਾਰੀ ਸਿਸਟਮ ਪੂਰਾ ਭ੍ਰਿਸ਼ਟ ਹੋ ਚੁਕਾ ਹੈ ਅਤੇ ਇਹ ਜਿੰਨੇ ਵੀ ਜਥੇਦਾਰ ਹਨ, ਸਭ ਸਿਆਸੀ ਪਾਰਟੀਆਂ ਦੀਆਂ ਰਖੈਲਾਂ ਹਨ। ਇਹ ਸਿਰਫ ਪੈਸੇ ਦੀ ਖਾਤਿਰ ਅਕਾਲ ਤਖ਼ਤ ਅਤੇ ਹੋਰਾਂ ਤਖਤਾਂ ਦੇ ਸਿਧਾਂਤ ਨੂੰ ਢਾਹ ਲਾ ਰਹੇ ਹਨ । ਇਹ ਤਖ਼ਤ 'ਤੇ ਕਾਬਜ਼ ਅਜ ਦੇ ਮਹੰਤ ਹਨ । ਅੱਜ ਸਿੱਖ ਨੂੰ ਆਪਣਾ ਜਥੇਦਾਰ ਸਿਰਫ ਗੁਰੂ ਗਰੰਥ ਸਾਹਿਬ ਨੂੰ ਮੰਨ ਕੇ ਹੀ ਚਲਨਾ ਪਵੇਗਾ ਅਤੇ ਇਹਨਾਂ ਸਿਆਸੀ ਪਾਰਟੀਆਂ ਅਤੇ ਆਰ.ਐਸ.ਐਸ ਦੇ ਪਿੱਠੂਆਂ ਨੂੰ ਨਹੀਂ।

ਜੇਕਰ ਸਿੱਖ ਨੇ ਇਹਨਾਂ ਪੁਜਾਰੀਆਂ ਦੇ ਚੁੰਗਲ ਵਿਚੋਂ ਨਿਕਲਣਾ ਹੈ, ਓਸ ਦੇ ਦੋ ਰਸਤੇ ਹਨ । ਇਕ ਤਾਂ ਹਰ ਸਿੱਖ ਆਪ ਗੁਰਬਾਣੀ ਪੜਨੀ ਸ਼ੁਰੂ ਕਰੇ, ਸਮੇਤ ਵਿਆਖਿਆ ਅਤੇ ਆਪਣਾ ਵਿਸ਼ਵਾਸ ਕਿਸੇ ਬੰਦੇ 'ਤੇ ਨਹੀਂ, ਸਿਰਫ ਗੁਰੂ ਗਰੰਥ ਸਾਹਿਬ ਵਿਚ ਰੱਖੇ, ਓਸ ਦਿਨ ਸਿੱਖੀ ਨੂੰ ਖਤਮ ਨਹੀਂ ਕਰ ਸਕੇਗਾ ਕੋਈ ਵੀ। ਆਰ.ਐਸ.ਐਸ ਸਾਡਾ ਕੁਝ ਨਹੀਂ ਵਿਗਾੜ ਸਕਦੀ, ਸਾਡਾ ਨੁਕਸਾਨ ਹੀ ਤਾਂ ਹੋ ਰਿਹਾ, ਅਸੀਂ ਗੁਰਬਾਣੀ ਪੜਦੇ ਨਹੀਂ, ਸਾਨੂੰ ਗੁਰਬਾਣੀ ਦਾ ਗਿਆਨ ਨਹੀਂ, ਇਹ ਪੁਜਾਰੀ ਵਰਗ ਜੋ ਪੁੱਠੀਆਂ ਸਿੱਧੀਆਂ ਸਾਖੀਆਂ ਸਾਨੂੰ ਸੁਣਾਈ ਜਾਂਦਾ ਹੈ, ਅਸੀਂ ਸੁਣੀ ਜਾਂਦੇ ਹਾਂ ਅਤੇ ਇਹਨਾਂ ਦੇ ਘਰ ਮਾਇਆ ਨਾਲ ਭਰੀ ਜਾਂਦੇ ਹਾਂ

ਦੂਸਰਾਂ ਧਾਰਮਿਕ ਅਸਥਾਨਾਂ 'ਤੇ ਚੜਾਵਾ ਭਾਵ ਗੋਲਕਾਂ ਵਿਚ ਪੈਸਾ ਪਾਉਣਾ ਬੰਦ ਕਰੋ। ਅਸਲ ਵਿਚ ਤਾਂ ਕਿਸੇ ਵੀ ਗੁਰਦਵਾਰੇ ਵਿਚ ਗੋਲਕ ਚਾਹੀਦੀ ਹੀ ਨਹੀਂ, ਕਿਤੇ ਵੀ ਇਤਹਾਸਿਕ ਸਰੋਤ ਨਹੀਂ ਮਿਲਦੇ, ਜਿੱਥੇ ਲਿਖਿਆ ਹੋਵੇ ਕਿ ਗੁਰੂ ਗਰੰਥ ਸਾਹਿਬ ਅੱਗੇ ਗੋਲਕ ਰਖਣੀ ਹੈ ... ਅਸੀਂ ਤਾਂ ਗੁਰੂ ਦਾ ਦਿੱਤਾ ਖਾਂਦੇ ਹਾਂ, ਜਿਹੜਾ ਸਾਹ ਲੈਂਦੇ ਹਾਂ, ਇਹ ਵੀ ਗੁਰੂ ਦਾ ਦਿੱਤਾ ਹੋਇਆ ਹੈ.. ਫੇਰ ਅਸੀਂ ਜਦੋਂ ਓਸ ਗੁਰੂ ਦਾ ਦਿੱਤਾ ਖਾਂਦੇ ਹਾਂ, ਫੇਰ ਅਸੀਂ ਕੌਣ ਹੁੰਦੇ ਹਾਂ ਗੁਰੂ ਨੂੰ ਦੇਣ ਵਾਲੇ। ਅਸੀਂ ਗੁਰੂ ਗਰੰਥ ਸਾਹਿਬ ਅੱਗੇ ਗੋਲਕਾਂ ਰੱਖ ਕੇ ਗੁਰੂ ਦੀ ਤੌਹੀਨ ਕਰ ਰਹੇ ਹਾਂ। ਅਸੀਂ ਗੁਰੂ ਨੂੰ ਮੰਗਤਾ ਬਣਾ ਦਿਤਾ ਹੈ। ਕੀ ਗੁਰੂ ਸਾਹਿਬਾਨ ਨੇ ਗਿਆਨ ਦਾ ਸੋਮਾ ਗੁਰੂ ਗਰੰਥ ਸਾਹਿਬ ਇਸ ਕਰਕੇ ਦਿਤਾ ਸੀ, ਕਿ ਇਸ ਨੂੰ ਰੁਮਾਲਿਆਂ ਵਿਚ ਢੱਕ ਲਿਓ ਅਤੇ ਇਸ ਦੇ ਅੱਗੇ ਗੋਲਕ ਰੱਖ ਕੇ ਪੈਸੇ ਇਕਠੇ ਕਰੀ ਜਾਇਓ ਅਤੇ ਫੇਰ ਲੜੀ ਜਾਇਓ। ਇਹਨਾ ਗੁਰਦਵਾਰਿਆਂ ਦਾ ਖਰਚਾ ਚਲਾਉਣ ਵਾਸਤੇ ਇਹਨਾਂ ਗੁਰਦਵਾਰਾ ਸਾਹਿਬ ਦੇ ਕੋਲ ਬਹੁਤ ਜਾਇਦਾਦ ਹੈ, ਜੇਕਰ ਗੋਲਕ ਨਹੀਂ ਹੋਵੇਗੀ, ਤਾਂ ਕਿਸੇ ਵੀ ਗੁਰਦਵਾਰੇ ਵਿਚ ਚੌਧਰ ਪਿਛੇ ਲੜਾਈ ਨਹੀਂ ਹੋਵੇਗੀ ..ਕਿਉਂਕਿ ਗੁਰਦਵਾਰਿਆਂ ਵਿਚ ਲੜਾਈ ਦਾ ਮੁੱਖ ਕਾਰਨ ਪੈਸਾ ਹੈ

ਜਿਸ ਤਰਾਂ ਹੋਰ ਧਰਮਾਂ ਦੇ ਧਾਰਮਿਕ ਅਸਥਾਨ ਵੀ ਤਾਂ ਬਿਨਾ ਗੋਲਕ ਤੋਂ ਚਲਦੇ ਹੀ ਹਨ, ਫੇਰ ਸਾਡਾ ਕਿਓਂ ਨਹੀਂ? ਜਿਸ ਦਿਨ ਸਿੱਖ ਨੇ ਗੋਲਕਾਂ ਵਿੱਚ ਪੈਸਾ ਪਾਉਣਾ ਬੰਦ ਕਰ ਦਿਤਾ, ਓਸ ਦਿਨ ਡੇਰਾਵਾਦ .. ਸੰਤਵਾਦ .. ਪੁਜਾਰੀ ਵਰਗ .. ਜਥੇਦਾਰ ਵਰਗ .. ਆਪੇ ਖਤਮ ਹੋ ਜਾਵੇਗਾ .. ਓਸ ਦਿਨ ਸਿਰਫ ਸਿੱਖੀ ਨੂੰ ਸਮਰਪਿਤ ..ਕਿਰਤੀ ਸਿੱਖ ਰਹਿ ਜਾਵੇਗਾ... ਜਿਹੜੀਆਂ ਆਹ ਵੇਹਲੜਾਂ ਦੀਆਂ ਡਾਰਾਂ ਫਿਰਦੀਆਂ ਨੇ ... ਇਹਨਾਂ ਨੂੰ ਭਜਣ ਨੂੰ ਰਾਹ ਨਹੀਂ ਲਭਣਾ ... ਅਤੇ ਸਿੱਖੀ ਆਜ਼ਾਦ ਹੋ ਜਾਵੇਗੀ। ਇਨ੍ਹਾਂ ਲੜਾਈਆਂ ਦਾ ਕਾਰਨ ਅਸੀਂ ਤੇ ਸਾਡਾ ਦਿੱਤਾ ਪੈਸਾ ਹੈ... ਹੋਰ ਕੁੱਝ ਨਹੀਂ।

ਭੁੱਲ ਚੁੱਕ ਦੀ ਖਿਮਾ

ਗਿਆਨੀ ਇਕਬਾਲ ਸਿੰਘ ਦੀ ਕਰਤੂਤਾਂ
ਦਾ ਕੱਚਾ ਚਿੱਠਾ ਖੋਲਦੀ ਹੋਈ ਉਨ੍ਹਾਂ ਦੀ ਪਤਨੀ

ਜਿਸ ਤਰ੍ਹਾਂ ਗੁਰੂ ਸਾਹਿਬ (ਗੁਰੂ ਗੋਬਿੰਦ ਸਿੰਘ ਸਾਹਿਬ) ਆਸਾ ਦੀ ਵਾਰ ਤੋਂ ਬਾਅਦ ਆਪ ਆਉਂਦੇ ਸਨ, ਇਸ ਗੱਲ ਦਾ ਪ੍ਰਤੀਕ ਦੇ ਪ੍ਰਤੀਕ ਵਜੋਂ ਆਸਾ ਦੀ ਵਾਰ ਤੋਂ ਬਾਅਦ ਦਸਮ ਗ੍ਰੰਥ ਦਾ ਪ੍ਰਕਾਸ਼ ਦਾਸ ਕਰਦਾ ਹੈ - ਪ੍ਰਤਾਪ ਸਿੰਘ (2:10 mnt 'ਤੇ ਸੁਣੋ)

 

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top