Share on Facebook

Main News Page

ਵਿਵਾਦਗ੍ਰਸਤ ਇਕਬਾਲ ਸਿੰਘ ਪਟਨਾ ਬਨਾਮ ਬੀਤੇ ਕਲ ਪਟਨਾ ਸਾਹਿਬ ਵਿਖੇ ਵਾਪਰੀ ਅਤਿ ਮੰਦਭਾਗੀ ਘਟਨਾ

ਅੰਮ੍ਰਿਤਸਰ: (7 ਜਨਵਰੀ, ਨਰਿੰਦਰ ਪਾਲ ਸਿੰਘ): ਕੀ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨੀ ਪ੍ਰਤਾਪ ਸਿੰਘ ਠੱਟਾ ਨੂੰ ਤਖਤ ਸਾਹਿਬ ਦਾ ਐਡੀਸ਼ਨਲ ਜਥੇਦਾਰ ਥਾਪੇ ਜਾਣ ਦਾ ਫੈਸਲਾ ਗਲਤ ਸੀ? ਕੀ ਕਮੇਟੀ ਨੂੰ ਅਜੇਹਾ ਕੋਈ ਅਧਿਕਾਰ ਨਹੀਂ ਸੀ? ਕੀ ਕਮੇਟੀ ਦੇ ਇਸ ਫੈਸਲੇ ਖਿਲਾਫ ਆਪਣਾ ਵਿਰੋਧ ਜਿਤਾਏ ਜਾਣ ਦਾ ਗਿਆਨੀ ਇਕਬਾਲ ਸਿੰਘ ਦੁਆਰਾ ਅਪਣਾਇਆ ਤਰੀਕਾ ਸਹੀ ਸੀ ? ਅਜੇਹੇ ਅਨਗਿਣਤ ਸਵਾਲ ਹਨ ਜੋ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵਾਪਰੀ ਬੀਤੇ ਕੱਲ੍ਹ ਦੀ ਮੰਦਭਾਗੀ ਘਟਨਾ ਬਾਅਦ ਸਿੱਖ ਹਲਕਿਆਂ ਵਿੱਚ ਬਾਰ ਬਾਰ ਪੁੱਛੇ ਜਾ ਰਹੇ ਹਨ।

ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਦਕੀ ਕਮੇਟੀ ਦੁਆਰਾ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਠੱਟਾ ਨੰਤ ਤਖਤ ਸ੍ਰੀ ਪਟਨਾ ਸਾਹਿਬ ਦਾ ਐਡੀਸ਼ਨਲ ਜਥੇਦਾਰ ਲਾਉਣ ਦੇ ਫੈਸਲੇ ਦੀ ਸਮੀਖਿਆ ਕੀਤੀ ਜਾਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਬੰਦਕੀ ਕਮੇਟੀਆਂ, ਪ੍ਰਬੰਧ ਨੂੰ ਸੁਚਾਰੂ ਬਨਾਉਣ ਦੇ ਬੈਨਰ ਹੇਠ ਅਜੇਹੀਆਂ ਨਿਯੁਕਤੀਆਂ ਕਰਦੀਆਂ ਰਹਿੰਦੀਆਂ ਹਨ । ਇਹ ਵੀ ਪਹਿਲੀ ਵਾਰ ਨਹੀਂ ਹੈ ਕਿ ਤਖਤ ਸਾਹਿਬ ਵਿਖੇ ਐਡੀਸ਼ਨਲ ਜਥੇਦਾਰ ਦੀ ਨਿਯੁਕਤੀ ਨਹੀਂ ਹੋਈ । ਤਖਤ ਸ੍ਰੀ ਪਟਨਾ ਸਾਹਿਬ ਦੇ ਮੌਜੂਦਾ ਜਥੇਦਾਰ ਗਿਆਨੀ ਇਕਬਾਲ ਸਿੰਘ, ਖੁਦ ਵੀ ਤਖਤ ਪਟਨਾ ਸਾਹਿਬ ਦੇ ਤਤਕਾਲੀਨ ਜਥੇਦਾਰ ਗਿਆਨੀ ਮਾਨ ਸਿੰਘ ਦੇ ਅਹੁਦੇ ਤੇ ਰਹਿੰਦਿਆਂ ਵੀ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਉਂਦੇ ਰਹੇ ਹਨ।

ਜਿਕਰਯੋਗ ਹੈ ਕਿ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਬਾਅਦ ਕੇਂਦਰ ਸਰਕਾਰ ਦੀ ਸ਼ਹਿ ਤੇ ਤਤਕਾਲੀਨ ਬੁੱਢਾ ਦਲ ਮੁਖੀ ਬਾਬਾ ਸੰਤਾ ਸਿੰਘ ਪਾਸੋਂ ਕਰਵਾਈ ਗਈ ਕਾਰ ਸੇਵਾ ਲਈ ਅਯੋਜਤ ਸਰਕਾਰੀ ਸਰਬੱਤ ਖਾਲਸਾ ਵਿਚ ਗਿਆਨੀ ਮਾਨ ਸਿੰਘ ਸ਼ਾਮਿਲ ਹੋਏ । ਅੰਮ੍ਰਿਤਸਰ ਵਿਖੇ ਹੀ 2 ਸਤੰਬਰ 1984 ਨੂੰ ਹੋਏ ਪੰਥਕ ਸੰਮੇਲਨ ਮੌਕੇ ਗਿਆਨੀ ਮਾਨ ਸਿੰਘ ਨੂੰ ਪੰਥ ਵਿੱਚੋਂ ਕੱਢ ਦਿੱਤਾ ਗਿਆ ਤੇ ਅਜੇਹੇ ਹਾਲਾਤਾਂ ਵਿੱਚ ਗਿਆਨੀ ਇਕਬਾਲ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਦੀਆਂ ਜਿੰਮੇਵਾਰੀਆਂ ਨਿਭਾਉਂਦੇ ਰਹੇ । ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਨਿਯਮ ਜਾਂ ਸੇਵਾ ਮੁਕਤੀ ਲਈ ਅਪਣਾਏ ਜਾਂਦੇ ਤਰੀਕਿਆਂ ਦੀ ਹੀ ਗਲ ਕੀਤੀ ਜਾਏ, ਤਾਂ ਇਸ ਮਾਮਲੇ ਵਿੱਚ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਦਕੀ ਕਮੇਟੀ ਜਾਂ ਤਖਤ ਸ੍ਰੀ ਹਜੂਰ ਸਾਹਿਬ ਦੀ ਪ੍ਰਬੰਦਕ ਕਮੇਟੀ ਹੋਵੇ, ਸਭ ਦੇ ਆਪਣੇ ਹੀ ਕਾਇਦੇ ਕਾਨੂੰਨ ਹਨ, ਲੇਕਿਨ ਇਕ ਨਿਯਮ ਸਭ ਦਾ ਸਾਂਝਾ ਜਰੂਰ ਹੈ, ਕਿ ਇਹ ਕਮੇਟੀਆਂ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦੇ ਮਾਮਲੇ ਵਿੱਚ ਕਿਸੇ ਦੂਸਰੀ ਕਮੇਟੀ ਦੀ ਦਖਲ ਅੰਦਾਜੀ ਜਾਂ ਸਲਾਹ ਵੀ ਬਰਦਾਸ਼ਤ ਨਹੀਂ ਕਰਦੀਆਂ ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੰਜ ਤਖਤ ਸਾਹਿਬਾਨ ਦੀ ਸਹਿਮਤੀ ਨਾਲ ਹੀ ਸਾਲ 2000 ਵਿੱਚ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਆਦੇਸ਼ ਜਾਰੀ ਕੀਤਾ ਸੀ ਕਿ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਫਲ, ਕਾਰਜ ਖੇਤਰ, ਸੇਵਾ ਮੁਕਤੀ ਆਦਿ ਲਈ ਨਿਯਮਾਵਲੀ ਤਿਆਰ ਕੀਤੀ ਜਾਏ, ਲੇਕਿਨ 13 ਸਾਲ ਬੀਤ ਜਾਣ ਤੇ ਵੀ ਸ਼੍ਰੋਮਣੀ ਕਮੇਟੀ ਨੇ ਇਸ ਆਦੇਸ਼ ਦੀ ਪਾਲਣਾ ਕਰਨਾ ਜਰੂਰੀ ਨਹੀਂ ਸਮਝਿਆ । ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਦਕੀ ਬੋਰਡ ਦੇ ਜਨਰਲ ਸਕੱਤਰ ਸ੍ਰ ਚਰਨਜੀਤ ਸਿੰਘ ਨੇ ਬੀਤੇ ਕੱਲ੍ਹ ਹੀ ਸਪਸ਼ਟ ਕਰ ਦਿੱਤਾ ਸੀ ਕਿ ਸ੍ਰੀ ਗੂਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਲ 2016 ਵਿੱਚ ਆਣ ਵਾਲੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਦ ਵਿੱਚ ਅਯੋਜਤ ਹੋਣ ਵਾਲੇ ਸਮਾਗਮਾਂ ਲਈ ਹੀ ਗਿਆਨੀ ਪ੍ਰਤਾਪ ਸਿੰਘ ਠੱਟਾ ਦੀ ਨਿਯੁਕਤੀ ਕੀਤੀ ਗਈ ਹੈ ਅਤੇ ਤਖਤ ਸਾਹਿਬ ਵਿਖੇ 10 ਦੇ ਕਰੀਬ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਵੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਜੇਕਰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੁਆਰਾ ਅੰਜ਼ਾਮ ਦਿੱਤੀ ਕਾਰਵਾਈ ਦੀ ਗਲ ਕੀਤੀ ਜਾਏ ਤਾਂ ਇਹ ਆਪਣੇ ਆਪ ਵਿੱਚ ਵੱਖਰੀ ਘਟਨਾ ਹੈ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਅਨੇਕਾਂ ਵਾਰ ਪਹਿਲੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਕਿਸੇ ਸੰਗਤੀ ਫੈਸਲੇ ਦੇ ਘਰ ਤੋਰ ਕੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਲੇਕਿਨ ਕਦੇ ਕਿਸੇ ਜਥੇਦਾਰ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬ ਨੇ ਐਸਾ ਕਦਮ ਨਹੀਂ ਚੁਕਿਆ । ਸ੍ਰੀ ਅਕਾਲ ਤਖਤ ਸਾਹਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੇ ਇਕ ਆਦੇਸ਼ ਹੀ ਜਾਰੀ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਸੀ ਮਤਭੇਦਾਂ ਨੂੰ 14 ਅਪ੍ਰੈਲ 1999 ਤੀਕ ਠੰਡੇ ਬਸਤੇ ਪਾ ਦੇਣ, ਲੇਕਿਨ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਸ੍ਰਪਰਸਤੀ ਮਾਣ ਰਹੀ ਕਮੇਟੀ ਦੀ ਅੰਤ੍ਰਿਗ ਕਮੇਟੀ ਨੇ ਭਾਈ ਰਣਜੀਤ ਸਿੰਘ ਨੂੰ ਹੀ ਘਰ ਦਾ ਰਾਹ ਵਿਖਾ ਦਿੱਤਾ ਸੀ । ਗਿਆਨੀ ਪੂਰਣ ਸਿੰਘ ਨੂੰ ਜਿਸ ਵੇਲੇ ਘਰ ਭੇਜਣ ਦਾ ਫੈਸਲਾ ਸੁਣਾਇਆ ਗਿਆ ਉਸ ਵੇਲੇ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀ ਸੇਵਾ ਨਿਭਾਅ ਰਹੇ ਸਨ ਤੇ ਸ਼੍ਰੋਮਣੀ ਕਮੇਟੀ ਡਰਾਈਵਰ ਦਫਤਰੀ ਗੱਡੀ ਜਿਸ ਵਿਚ ਗਿਆਨੀ ਪੂਰਣ ਸਿੰਘ ਦੀਆਂ ਜੁਤੀਆਂ ਸਨ ਦਫਤਰ ਲੈ ਵੜਿਆ ਸੀ। ਸਚਾਈ ਇਹ ਵੀ ਹੈ ਕਿ ਭਾਈ ਰਣਜੀਤ ਸਿੰਘ ਦੀ ਥਾਂ 'ਤੇ ਨਵੇਂ ਜਥੇਦਾਰ ਦੀ ਨਿਯੁਕਤੀ ਕਰਦਿਆਂ, ਗਿਆਨੀ ਪੂਰਣ ਸਿੰਘ ਨੂੰ ਮਾਨਤਾ ਸਥਾਨਕ ਸਰਕਟ ਹਾਊਸ ਵਿਖੇ ਦਿੱਤੀ ਗਈ ਸੀ । ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਪਾਸੋਂ ਜਿਨ੍ਹਾਂ ਸਨਸਨੀਖੇਜ ਹਾਲਾਤਾਂ ਵਿਚ ਘਰ ਜਾਕੇ ‘ਕਮਜੌਰ ਸਿਹਤ’ ਦੇ ਨਾਂ 'ਤੇ ਅਸਤੀਫਾ ਲਿਆ ਗਿਆ ਉਹ ਕਿਸੇ ਤੋਂ ਭੁੱਲਾ ਨਹੀਂ ਹੈ । ਅਜੇਹੇ ਹਾਲਾਤਾਂ ਵਿੱਚ ਆਮ ਸੰਗਤ ਨੇ ਤਾਂ ਭਾਈ ਰਣਜੀਤ ਸਿੰਘ, ਗਿਆਨੀ ਪੂਰਣ ਸਿੰਘ ਅਤੇ ਗਿਆਨੀ ਵੇਦਾਂਤੀ ਨਾਲ ਵਾਪਰੀ ਜਿਆਦਤੀ ਦੀ ਨਿਖੇਧੀ ਕੀਤੀ ਲੇਕਿਨ ਪ੍ਰਬੰਦਕਾਂ ਲਈ ਇਹ ਪ੍ਰਬੰਧ ਦਾ ਹਿੱਸਾ ਸੀ।

ਇਸ ਸਭਤੋਂ ਵੱਖਰਾ ਹੋਕੇ ਵੇਖਿਆ ਜਾਏ ਤਾਂ ਗਿਆਨੀ ਇਕਬਾਲ ਸਿੰਘ ਦਾ ਸਮੁਚਾ ਕਾਰਜਕਾਲ ਹੀ ਵਿਵਾਦਾਂ ਦੇ ਘੇਰੇ ਵਿੱਚ ਰਿਹਾ ਹੈ। ਉਹ ਆਪਣੇ ਅੱਖੜ ਰਵਈਏ ਅਤੇ ਪ੍ਰਬੰਦਕੀ ਕਮੇਟੀ ਤਖਤ ਸ੍ਰੀ ਪਟਨਾ ਸਾਹਿਬ ਨਾਲ ਦਸਤਪੰਜਾ ਲੈਣ ਲਈ ਮਸ਼ਹੂਰ ਹਨ ।

- ਦਸਮ ਗ੍ਰੰਥ ਬਾਰੇ ਇਕ ਵਿਵਾਦਤ ਬਿਆਨ ਨੂੰ ਲੈਕੇ ਉਹ ਸ਼ਿਕਾਗੋ ਵਿਖੇ ਹੀ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਸ੍ਰ. ਮਹਿੰਦਰ ਸਿੰਘ ਰੁਮਾਣਾ ਨਾਲ ਉਲਝ ਪਏ ਸਨ ਤੇ ਵਤਨ ਵਾਪਸੀ ਤੇ ਰੁਮਾਣਾ ਨੂੰ ਤਲਬ ਕਰ ਲਿਆ ਸੀ

- ਵਿਵਾਦਤ ਪੁਸਤਕ ਮੁੰਦਾਵਣੀ ਦੇ ਮਾਮਲੇ ਵਿਚ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਸ੍ਰੀ ਹਰਿਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੂੰ ਮਹਾਂਦੋਸ਼ੀ ਕਰਾਰ ਦੇ ਦਿੱਤਾ ਸੀ । ਉਨ੍ਹਾਂ ਦੀ ਇਸ ਕਾਰਵਾਈ ਬਾਅਦ ਕੁਝ ਸਮੇਂ ਲਈ ਗਿਆਨੀ ਇਕਬਾਲ ਸਿੰਘ ਦੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕਤਰਤਾ ਵਿਚ ਸ਼ਮੂਲੀਅਤ 'ਤੇ ਰੋਕ ਲਗਾ ਦਿੱਤੀ ਗਈ ਸੀ।

- ਆਪਣੇ ਬਿਆਨਾਂ ਵਿੱਚ ਗਿਆਨੀ ਇਕਬਾਲ ਸਿੰਘ ਅਕਸਰ ਤਖਤ ਸ੍ਰੀ ਪਟਨਾ ਸਾਹਿਬ ਨੂੰ ਤਖਤ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਸੁਪਰੀਮ ਦਸਕੇ ਸੁਰਖੀਆਂ ਵਿਚ ਰਹਿੰਦੇ ਰਹੇ ਹਨ।

- ਬੀਤੇ ਸਾਲ 17 ਨਵੰਬਰ 2013 ਨੂੰ ਨੇਪਾਲ ਵਿਖੇ ਗੁਰੁ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਸਮਾਗਮਾਂ ਵਿਚ ਸ਼ਮੂਲੀਅਤ ਕਰਦਿਆਂ ਉਨ੍ਹਾਂ ਸਾਫ ਕਹਿ ਦਿੱਤਾ ਸੀ ਕਿ ਨੇਪਾਲ, ਤਖਤ ਸ੍ਰੀ ਪਟਨਾ ਸਾਹਿਬ ਦੇ ਕਾਰਜਖੇਤਰ ਵਿਚ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਖੇਤਰ ਸਿਰਫ ਪੰਜਾਬ ਤੀਕ ਸੀਮਤ ਹੈ।

- ਗਿਆਨੀ ਇਕਬਾਲ ਸਿੰਘ ਨੇ ਇਕ ਹੋਰ ਆਦੇਸ਼ ਜਾਰੀ ਕਰਕੇ ਕਿਹਾ ਸੀ ਕਿ ਬਿਹਾਰ ਵਿਚ ਅੰਮ੍ਰਿਤ ਸੰਚਾਰ ਕੇਵਲ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਾਹਿਬਾਨ ਹੀ ਕਰ ਸਕਦੇ ਹਨ।

ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬੀਤੇ ਕੱਲ੍ਹ ਦੀ ਵਾਪਰੀ ਘਟਨਾ ਕੀ ਰੁੱਖ ਅਖਤਿਆਰ ਕਰਦੀ ਹੈ, ਇਹ ਤਾਂ ਅਜੇ ਸਮੇਂ ਦੇ ਗਰਭ ਵਿਚ ਹੈ, ਲੇਕਿਨ ਪੈਦਾ ਹੋਏ ਹਾਲਾਤਾਂ ਨੇ, ਸਿੱਖ ਚਿੰਤਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

Source: http://www.punjabspectrum.com/2014/01/32569


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top