Share on Facebook

Main News Page

ਗਿਆਨੀ ਇਕਬਾਲ ਸਿੰਘ ਨੂੰ ਕੀਤਾ ਪਟਨਾ ਸਾਹਿਬ ਕਮੇਟੀ ਨੇ ਮੁਅੱਤਲ
ਕਮੇਟੀ ਕੋਲ ਮੁਅੱਤਲ ਕਰਨ ਦਾ ਕੋਈ ਅਧਿਕਾਰ ਨਹੀਂ – ਗਿਆਨੀ ਇਕਬਾਲ ਸਿੰਘ

ਅੰਮ੍ਰਿਤਸਰ 8 ਜਨਵਰੀ (ਜਸਬੀਰ ਸਿੰਘ ਪੱਟੀ) ਤਖਤ ਸ੍ਰੀ ਪਟਨਾ ਸਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਬੀਤੇ ਕਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮ ਸਮੇਂ ਪਟਨਾ ਸਾਹਿਬ ਵ੍ਰਿਖੇ ਕੀਤੀ ਗਈ ਗੁੰਡਾਗਰਦੀ ਦੇ ਦੋਸ਼ ਵਿੱਚ ਆਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਜਦ ਕਿ ਦੂਸਰੇ ਪਾਸੇ ਗਿਆਨੀ ਇਕਬਾਲ ਸਿੰਘ ਨੇ ਆਪਣੇ ਆਪ ਨੂੰ ਹਾਲੇ ਵੀ ਜਥੇਦਾਰ ਦੱਸਦਿਆਂ ਕਿਹਾ ਕਿ ਉਹਨਾਂ ਨੇ ਕਮੇਟੀ ਨੂੰ ਟਰਮੀਨੇਟ ਕਰ ਦਿੱਤਾ ਹੈ ਅਤੇ ਕਮੇਟੀ ਕੋਲ ਉਹਨਾਂ ਨੂੰ ਲਾਹੁਣ ਦਾ ਕੋਈ ਅਧਿਕਾਰ ਨਹੀਂ ਹੈ

ਕਮੇਟੀ ਦੇ ਜਨਰਲ ਸਕੱਤਰ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਤੇ ਉਸ ਦੇ ਸਪੁੱਤਰ ਗੁਰਪ੍ਰਕਾਸ਼ ਸਿੰਘ ਨੇ ਉਸ ਵੇਲੇ ਸਮਾਗਮ ਵਿੱਚ ਆ ਕੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਜਦੋ ਗਿਆਨੀ ਪਿੰਦਰਪਾਲ ਸਿੰਘ ਕਥਾ ਕਰ ਰਹੇ ਸਨ। ਉਹਨਾਂ ਦੱਸਿਆ ਕਿ ਗੁਰੂ ਸਾਹਿਬ ਨਾਲ ਸਬੰਧਿਤ ਸ਼ਤਾਬਦੀ 2017 ਵਿੱਚ ਆ ਰਹੀ ਹੈ ਅਤੇ ਉਸ ਸ਼ਤਾਬਦੀ ਦੇ ਪ੍ਰਬੰਧਾ ਨੂੰ ਵੇਖਣ ਲਈ ਗਿਆਨੀ ਪ੍ਰਤਾਪ ਸਿੰਘ ਦੀ ਬੀਤੇ ਕਲ ਮੀਤ ਹੈਡ ਗ੍ਰੰਥੀ ਵਜੋਂ ਨਿਯੁਕਤੀ ਕੀਤੀ ਸੀ, ਕਿਉਕਿ ਗਿਆਨੀ ਇਕਬਾਲ ਸਿੰਘ ਤਾਂ ਮਹੀਨੇ ਵਿੱਚੋ 25 ਦਿਨ ਤਖਤ ਤੋਂ ਬਾਹਰ ਹੀ ਰਹਿੰਦੇ ਸਨ।

ਉਹਨਾਂ ਕਿਹਾ ਕਿ ਕਮੇਟੀ ਕੋਲ ਪੂਰੇ ਅਖਤਿਆਰ ਹਨ, ਕਿ ਉਹ ਮੀਤ ਹੈਡ ਗ੍ਰੰਥੀ ਲਗਾ ਸਕਦੀ ਹੈ। ਉਹਨਾਂ ਕਿਹਾ ਕਿ ਸਮਾਗਮ ਵਿੱਚ ਹੁਲੜਬਾਜੀ ਕਰਕੇ ਜਿਸ ਤਰੀਕੇ ਨਾਲ ਗਿਆਨੀ ਇਕਬਾਲ ਸਿੰਘ ਨੇ ਗੁੰਡਾਰਗਦੀ ਕੀਤੀ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਲਈ ਉਹਨਾਂ ਨੇ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਸੱਤ ਦਿਨਾਂ ਵਿੱਚ ਆਪਣੀ ਰੀਪੋਰਟ ਦੇਵੇਗੀ। ਇਸ ਕਮੇਟੀ ਵਿੱਚ ਗੁਰਬਖਸ਼ ਸਿੰਘ ਸਲੂਜਾ, ਗੁਰਦਿਆਲ ਸਿੰਘ ਅਤੇ ਗੁਰਸ਼ਰਨ ਸਿੰਘ ਚਾਵਲਾ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਮੇਟੀ ਦੇ ਪ੍ਰਧਾਨ ਸ੍ਰੀ ਆਰ.ਐਸ. ਗਾਂਧੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਬੀਤੇ ਕਲ ਵਾਪਰੀ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ।

ਦੂਸਰੇ ਪਾਸੇ ਗਿਆਨੀ ਇਕਬਾਲ ਸਿੰਘ ਦਾ ਕਹਿਣਾ ਹੈ ਉਹ ਅੱਜ ਵੀ ਜਥੇਦਾਰ ਹਨ ਅਤੇ ਉਹਨਾਂ ਨੇ ਆਪਣੀਆਂ ਜਥੇਦਾਰੀ ਦੇ ਅਧਿਕਾਰ ਵਰਤਦਿਆਂ ਕਮੇਟੀ ਨੂੰ ਬਰਖਾਸਤ ਕਰ ਦਿੱਤਾ ਹੈ ਅਤੇ ਕਮੇਟੀ ਕੋਲ ਉਹਨਾਂ ਨੂੰ ਲਾਹੁਣ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਕਿਹਾ ਕਿ ਉਹ ਦੋਸ਼ੀਆਂ ਨੂੰ ਤਖਤ 'ਤੇ ਬੁਲਾ ਕੇ ਕਾਰਵਾਈ ਕਰਨਗੇ। ਉਹਨਾਂ ਕਿਹਾ ਕਿ ਉਹਨਾਂ ‘ਤੇ ਹਮਲਾ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।


ਇਕਬਾਲ ਸਿੰਘ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਭੰਗ

* ਹਰਵਿੰਦਰ ਸਿੰਘ ਸਰਨਾ, ਰਣਜੀਤ ਸਿੰਘ ਗਾਂਧੀ ਘਟਨਾ ਲਈ ਜ਼ਿੰਮੇਵਾਰ : ਜਥੇ. ਇਕਬਾਲ ਸਿੰਘ
(ਚੜ੍ਹਦੀਕਲਾ 'ਚੋਂ ਧੰਨਵਾਦ ਸਹਿਤ)

ਪਟਨਾ ਸਾਹਿਬ, 8 ਜਨਵਰੀ (ਚ.ਨ.ਸ.) : ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਈ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਮੌਜੂਦਾ ਪ੍ਰਬੰਧਕ ਕਮੇਟੀ ਨੂੰ ਭੰਗ ਕਰਨ ਦਾ ਐਲਾਨ ਕੀਤਾ।

ਇਸ ਸਬੰਧੀ ਹੁਕਮਨਾਮਾ ਜਾਰੀ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਇਕ ਸੋਚੀ ਸਮਝੀ ਸਾਜਿਸ਼ ਅਧੀਨ ਹਰਵਿੰਦਰ ਸਿੰਘ ਸਰਨਾ ਉਰਫ਼ ਪਾਲੀ ਸਰਨਾ ਮੈਂਬਰ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਰਣਜੀਤ ਸਿੰਘ ਗਾਂਧੀ, ਮੀਤ ਪ੍ਰਧਾਨ ਆਰ.ਐਸ. ਜੀਤ, ਜੂਨੀਅਰ ਮੀਤ ਪ੍ਰਧਾਨ ਸ੍ਰ. ਮਹਾਰਾਜਾ ਸਿੰਘ ਸੋਨੂੰ, ਜਨਰਲ ਸਕੱਤਰ ਸ੍ਰ. ਚਰਨਜੀਤ ਸਿੰਘ, ਸਕੱਤਰ ਸ੍ਰ. ਮਹਿੰਦਰ ਸਿੰਘ ਛਾਬੜਾ ਨਾਲ ਮਿਲ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ 'ਤੇ ਕਬਜ਼ਾ ਕਰਕੇ ਇਥੋਂ ਦੀ ਪੁਰਾਤਨ ਮਾਣ ਮਰਯਾਦਾ ਭੰਗ ਕਰਨ ਦੀਆਂ ਪੰਥ ਦੋਖੀ ਕਾਰਵਾਈਆਂ ਲਈ ਸਾਜਿਸ਼ਾਂ ਕਰ ਰਹੇ ਹਨ।

ਇਸੇ ਸਾਜਿਸ਼ ਅਧੀਨ ਭੁਪਿੰਦਰ ਸਿੰਘ ਸਾਧੂ ਜੋ ਕਿ ਮੈਂਬਰ ਵੀ ਨਹੀਂ ਹੈ, ਉਸ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਬਣਾਇਆ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਬੀਤੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 347ਵੇਂ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਬਾਲ ਲੀਲ੍ਹਾ ਦੇ ਮਹੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਾ ਤੇ ਪਾਲੀ ਸਰਨਾ ਨੇ ਬਾਬਾ ਅਵਤਾਰ ਸਿੰਘ ਦਲ ਬਿਧੀ ਚੰਦ ਨੂੰ ਦਲ ਸਮੇਤ ਇਥੇ ਸਦਿਆ ਅਤੇ ਫਿਰ ਸੋਚੀ ਸਮਝੀ ਸਾਜਿਸ਼ ਅਧੀਨ ਗਿਆਨੀ ਪ੍ਰਤਾਪ ਸਿੰਘ ਨੂੰ ਇਥੇ ਪਹਿਲਾਂ ਹੈੱਡ ਗ੍ਰੰਥੀ ਫਿਰ ਜਥੇਦਾਰ ਥਾਪ ਕੇ ਆਪਣੇ ਪੰਜ ਪਿਆਰੇ ਸਿੰਘ ਸਾਹਿਬਾਨ ਭਰਤੀ ਕਰਕੇ ਤਖ਼ਤ 'ਤੇ ਪੂਰੀ ਤਰ੍ਹਾਂ ਨਾਲ ਧਾਰਮਿਕ ਤੌਰ 'ਤੇ ਕਬਜ਼ਾ ਕਰਨ ਦੀ ਨੀਤੀ ਨਾਲ ਤਖਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਦੀ ਪ੍ਰਵਾਨਗੀ ਤੋਂ ਬਿਨਾਂ, ਗੁਪਤ ਤਰੀਕੇ ਨਾਲ ਅਚਾਨਕ ਕਾਰਜ ਰਾਹੀਂ ਹੈਡ ਗ੍ਰੰਥੀ ਦਾ ਐਲਾਨ ਕਰ ਦਿੱਤਾ। ਜਦੋਂ ਅਨਾਊਂਸਮੈਂਟ ਸੁਣ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ ਖਾਲਸਾ ਸਟੇਜ ਤੋਂ ਆਏ ਤਾਂ ਭੂਰੀ ਵਾਲੇ ਦੇ 100 ਤੋਂ ਵੱਧ ਗੁੰਡੇ ਜੋ ਸਟੇਜ 'ਤੇ ਪਹਿਲਾਂ ਹੀ ਕਾਬਿਜ ਸਨ, ਸੁੱਖਾ ਸਿੰਘ ਦੂਜੇ ਨੰਬਰ ਦਾ ਅਖੌਤੀ ਭੂਰੀ ਵਾਲਾ ਬਾਬਾ ਉਸਦੇ ਕਹਿਣ 'ਤੇ ਉਸ ਦੇ ਗੁੰਡਿਆਂ ਨੇ ਸਤਿਕਾਰਯੋਗ ਜਥੇਦਾਰ ਸਾਹਿਬ ਅਤੇ ਇਨ੍ਹਾਂ ਦੇ ਸਪੁੱਤਰ ਗੁਰਪ੍ਰਸਾਦਿ ਸਿੰਘ ਤੇ ਤਲਵਾਰਾਂ, ਡਾਂਗਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ।

ਜਥੇਦਾਰ ਗਿਆਨੀ ਇਕਬਾਲ ਸਿੰਘ ਜੀ ਦੀ ਪੱਗ ਲਾਹ ਕੇ ਹੇਠਾਂ ਸੁੱਟ ਦਿੱਤੀ, ਫਿਰ ਸਿੰਘ ਸਾਹਿਬ ਨੂੰ ਹੇਠਾਂ ਸੁੱਟ ਕੇ ਲੱਤਾਂ, ਗੋਡਿਆਂ ਨਾਲ ਡੂੰਘੀਆਂ ਸੱਟਾਂ ਮਾਰਨੀਆਂ ਆਰੰਭ ਕਰ ਦਿੱਤੀਆਂ। ਜਦੋਂ ਬੇਟਾ ਗੁਰਪ੍ਰਸਾਦਿ ਸਿੰਘ ਛੁਡਾਉਣ ਲਈ ਅੱਗੇ ਵਧਿਆ ਤਾਂ ਭੂਰੀ ਵਾਲੇ ਨੇ ਇਸ਼ਾਰਾ ਕੀਤਾ ਤੇ ਕਿਹਾ ਇਸ ਨੂੰ ਵੀ ਜਥੇਦਾਰ ਦੇ ਨਾਲ ਹੀ ਮਾਰ ਦਿਓ, ਤੇ ਤਲਵਾਰਾਂ ਦੇ ਵਾਰ ਸਿਰ 'ਤੇ ਕਰਕੇ ਜ਼ਖਮੀ ਕਰ ਦਿੱਤਾ। ਫਿਰ ਭਾਈ ਗੁਰਦਿਆਲ ਸਿੰਘ ਪੰਜ ਪਿਆਰਿਆਂ ਵਿਚੋਂ ਅੱਗੇ ਵਧਿਆ ਤਾਂ ਉਸ 'ਤੇ ਵੀ ਕਾਤਲਾਨਾ ਹਮਲਾ ਕੀਤਾ ਜਿਸ ਨਾਲ ਉਸ ਦੀ ਦਸਤਾਰ ਪੱਗ ਕੱਟੀ ਗਈ ਫਿਰ ਗਰਦਨ 'ਤੇ ਤਲਵਾਰ ਮਾਰੀ ਜੋ ਕਿ ਬਚਾਓ ਹੋ ਗਿਆ। ਫਿਰ ਮੋਟੇ ਸੋਟਿਆਂ ਨਾਲ ਗੁੱਝੀਆਂ ਸੱਟਾਂ ਮਾਰੀਆਂ, ਇਹ ਸਾਰਾ ਕਾਂਡ ਭਰੇ ਦੀਵਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਇਆ। ਜਿਸ ਨਾਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਮਾਨ ਮਰਯਾਦਾ ਪੂਰੀ ਤਰ੍ਹਾਂ ਨਾਲ ਭੰਗ ਹੋ ਗਈ। ਪੰਜ ਪਿਆਰੇ ਸਿੰਘ ਸਾਹਿਬਾਨ ਦਾ ਘੋਰ ਅਪਮਾਨ ਕੀਤਾ ਗਿਆ।

ਇਨ੍ਹਾਂ ਸੰਗੀਨ ਦੋਸ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਮੌਜੂਦਾ ਕਾਬਜ਼ ਸਰਨਾ ਧੜਾ ਪ੍ਰਬੰਧਕ ਕਮੇਟੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਭੰਗ ਕੀਤਾ ਜਾਂਦਾ ਹੈ ਅਤੇ ਗਿਆਨੀ ਪ੍ਰਤਾਪ ਸਿੰਘ ਜੀ ਕਾਰਜ ਕਾਰੀ ਹੈਡ ਗ੍ਰੰਥੀ ਦੀ ਨਿਯੁਕਤੀ ਰੱਦ ਕੀਤੀ ਜਾਂਦੀ ਹੈ ਅਤੇ ਭੁਪਿੰਦਰ ਸਿੰਘ ਸਾਧੂ ਦੀ ਧਰਮ ਪ੍ਰਚਾਰ ਚੇਅਰਮੈਨ ਦੀ ਨਿਯੁਕਤੀ ਵੀ ਰੱਦ ਕੀਤੀ ਜਾਂਦੀ ਹੈਇਹ ਸਾਰੇ ਫੈਸਲੇ ਗੁਰੂ ਪੰਥ ਦੀ ਪੰਥਕ ਮਰਿਆਦਾ ਅਨੁਸਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੀ ਪੁਰਾਤਨ ਮਾਨ ਮਰਯਾਦਾ ਨੂੰ ਕਾਇਮ ਰੱਖਣ ਲਈ ਕੀਤੇ ਗਏ ਹਨ। ਇਨ੍ਹਾਂ ਫੈਸਲਿਆਂ ਦੀ ਉਲੰਘਣਾ ਕਰਨ ਵਾਲਾ ਜਾਂ ਕਿੰਤੂ ਪਰੰਤੂ ਕਰਨ ਵਾਲਾ ਜੇ ਸਿੱਖ ਹੈ ਤਾਂ ਤਨਖਹਿਆ ਹੋਵੇਗਾ ਜੋ ਸਿੱਖ ਨਹੀਂ ਤਾਂ ਪੰਥ ਦੋਖੀ ਹੋਵੇਗੀ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਕੋਈ ਵੀ ਕਰਮਚਾਰੀ ਇਨ੍ਹਾਂ ਪ੍ਰਬੰਧਕਾਂ ਦਾ ਆਦੇਸ਼ ਨਹੀਂ ਮੰਨੇਗਾ। ਰੋਜ਼ਾਨਾ ਦੀਆਂ ਡਿਊਟੀਆਂ ਅਨੁਸਾਰ ਆਪੋ ਆਪਣੀਆਂ ਡਿਊਟੀਆਂ ਜ਼ਿੰਮੇਵਾਰੀ ਨਾਲ ਕਰਦੇ ਰਹਿਣਗੇ। ਜਨਰਲ ਸਕੱਤਰ ਚਰਨਜੀਤ ਸਿੰਘ ਨੂੰ ਜਥੇਦਾਰ ਸਾਹਿਬ ਨੇ ਕਈ ਵਾਰ ਅੰਮ੍ਰਿਤ ਛਕਣ ਲਈ ਕਿਹਾ ਅਤੇ ਪੰਜਾਂ ਤਖਤਾਂ ਦਾ ਵੀ ਹੁਕਮ ਵੀ ਸੁਣਾਇਆ ਅਤੇ ਇਹ ਵੀ ਵਾਰ-ਵਾਰ ਯਾਦ ਕਰਵਾਇਆ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਸੰਵਿਧਾਨ ਅਨੁਸਾਰ ਵੀ ਬਗੈਰ ਅੰਮ੍ਰਿਤਧਾਰੀ ਮੈਂਬਰ ਨਹੀਂ ਬਣ ਸਕਦਾ, ਪਰ ਇਸ ਨੇ ਕੋਈ ਪ੍ਰਵਾਹ ਨਹੀਂ ਕੀਤੀ। ਇਸ ਲਈ ਇਸਦੀ ਮੈਂਬਰੀ ਵੀ ਸਮਾਪਤ ਕੀਤੀ ਜਾਂਦੀ ਹੈ

ਸਹੀ/-

ਪੰਜ ਪਿਆਰੇ ਸਿੰਘ ਸਾਹਿਬਾਨ, ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ


ਟਿੱਪਣੀ: ਇੰਨੀ ਖੁੰਭ ਠੱਪੀ ਗਈ ਫੇਰ ਵੀ... ਹਾਲੇ ਆਕੜ ਨਹੀਂ ਗਈ... ਜਿਹੜਾ ਆਪ ਕੱਢਿਆ ਗਿਆ ਹੋਵੇ, ਉਹ ਦੂਜਿਆਂ ਨੂੰ ਕਿਵੇਂ ਕੱਢ ਸਕਦੈ !!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top