Share on Facebook

Main News Page

ਸਿੱਖਾਂ ਦਾ ਦੁਨੀਆਂ ਭਰ ਵਿੱਚ ਜਲੂਸ ਕੱਢਣ ਤੋਂ ਬਾਅਦ, ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਤੇ ਇਕਬਾਲ ਸਿੰਘ ਵਿਚਕਾਰ ਹੋਇਆ ਸਮਝੌਤਾ

* ਗਿਆਨੀ ਇਕਬਾਲ ਸਿੰਘ ਜਥੇਦਾਰ ਤੇ ਗਿਆਨੀ ਪ੍ਰਤਾਪ ਸਿੰਘ ਮੀਤ ਜਥੇਦਾਰ ਬਣੇ ਰਹਿਣਗੇ

ਅੰਮ੍ਰਿਤਸਰ 10 ਜਨਵਰੀ (ਜਸਬੀਰ ਸਿੰਘ ਪੱਟੀ) ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਪ੍ਰਬੰਧਕ ਕਮੇਟੀ ਵਿੱਚ ਚੱਲਦੇ ਵਿਵਾਦ ‘ਤੇ ਅੱਜ ਉਸ ਵੇਲੇ ਅੱਜ ਵਿਸ਼ਰਾਮ ਲੱਗ ਗਿਆ ਜਦੋਂ ਦੋਹਾਂ ਵਿਚਕਾਰ ਸਮਝੌਤਾ ਹੋ ਗਿਆ ਕਿ ਗਿਆਨੀ ਇਕਬਾਲ ਸਿੰਘ ਜਥੇਦਾਰ ਤੇ ਗਿਆਨੀ ਪਰਤਾਪ ਸਿੰਘ ਮੀਤ ਜਥੇਦਾਰ ਬਣੇ ਰਹਿਣਗੇ ਅਤੇ ਦੋਹਾਂ ਧਿਰਾਂ ਵੱਲੋ ਇੱਕ ਦੂਜੇ ਦੇ ਵਿਰੁੱਧ ਕੀਤੀਆ ਗਈਆ ਕਾਰਵਾਈਆ ਤੇ ਪੁਲੀਸ ਕੋਲ ਦਰਜ ਕਰਵਾਏ ਕੇਸ ਵਾਪਸ ਲੈ ਜਾਣਗੇ।

ਬੀਤੇ ਕਲ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਭੇਜੀ ਗਈ ਪੜਤਾਲੀਆ ਟੀਮ ਨੇ ਜਦੋਂ ਪੜਤਾਲ ਕਰਨ ਉਪੰਰਤ ਗਲਤੀ ਜਥੇਦਾਰ ਦੀ ਮਹਿਸੂਸ ਕੀਤੀ ਤਾਂ ਕਮੇਟੀ ਦੇ ਮੁੱਖੀ ਸ੍ਰ. ਸੁਖਦੇਵ ਸਿੰਘ ਭੌਰ ਨੇ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਜਥੇਦਾਰ ਇਕਬਾਲ ਸਿੰਘ ਅੜੇ ਰਹੇ ਕਿ ਉਹ ਪ੍ਰਬੰਧਕਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ । ਸ੍ਰ. ਸੁਖਦੇਵ ਸਿੰਘ ਭੌਰ ਨੇ ਜਦੋਂ ਸ਼੍ਰੋਮਣੀ ਕਮੇਟੀ ਦੀ ਆਕਸੀਜਨ ਗਿਆਨੀ ਇਕਬਾਲ ਸਿੰਘ ਨੂੰ ਦੇਣ ਤੋਂ ਜਦੋਂ ਇਨਕਾਰ ਕਰ ਦਿੱਤਾ ਤਾਂ ਅੱਜ ਸਵੇਰੇ ਗਿਆਨੀ ਇਕਬਾਲ ਸਿੰਘ ਨੇ ਖੁਦ ਹੀ ਸਮਝੌਤੇ ਦਾ ਨਿਉਤਾ ਦੇ ਦਿੱਤਾ ਕਿ ਉਹ ਕੁਝ ਸ਼ਰਤਾਂ ਦੇ ਤਹਿਤ ਸਮਝੌਤਾ ਕਰਨ ਲਈ ਤਿਆਰ ਹੈ।

ਇਸ ਉਪਰੰਤ ਵਿਚੋਲੇ ਸਰਗਰਮ ਹੋ ਗਏ ਤੇ ਦੋਹਾਂ ਧਿਰਾਂ ਵੱਲੋਂ ਸੱਤ ਜਨਵਰੀ ਨੂੰ ਵਾਪਰੀ ਮੰਦਭਾਗੀ ਘਟਨਾ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗ ਖਿਮਾ ਯਾਚਨਾ ਦੀ ਅਰਦਾਸ ਕਰਦਿਆਂ ਹੋਇਆਂ ਅੱਗੇ ਤੋਂ ਅਜਿਹੀ ਬੱਜਰ ਗਲਤੀ ਨਾ ਕਰਨ ਦਾ ਵਿਸ਼ਵਾਸ਼ ਦਿਵਾਇਆ। ਸਮਝੌਤੇ ਦੀਆਂ ਸ਼ਰਤਾਂ ਤਹਿਤ ਗਿਆਨੀ ਇਕਬਾਲ ਸਿੰਘ ਤੁਰੰਤ ਪੁਲੀਸ ਕੇਸ ਵਾਪਸ ਲਵੇਗਾ ਅਤੇ ਪ੍ਰਬੰਧਕੀ ਕਮੇਟੀ ਉਸ ਵਿਰੁੱਧ ਮੁਅੱਤਲੀ ਦੇ ਹੁਕਮ ਵਾਪਸ ਲੈਣ ਦੇ ਨਾਲ ਨਾਲ ਅੱਗੇ ਕੋਈ ਕਾਰਵਾਈ ਨਹੀਂ ਕਰੇਗੀ। ਗਿਆਨੀ ਇਕਬਾਲ ਸਿੰਘ ਆਪਣੇ ਆਹੁਦੇ ਤੇ ਪਹਿਲਾਂ ਦੀ ਤਰ੍ਹਾਂ ਜਥੇਦਾਰ ਬਣੇ ਰਹਿਣਗੇ ਅਤੇ ਗਿਆਨੀ ਪਰਤਾਪ ਸਿੰਘ ਉਹਨਾਂ ਦੇ ਨਾਲ ਮੀਤ ਜਥੇਦਾਰ ਦੀਆ ਸੇਵਾਵਾਂ ਨਿਭਾਉਣਗੇ। ਇਸੇ ਤਰ੍ਹਾਂ ਗਿਆਨੀ ਇਕਬਾਲ ਸਿੰਘ ਬਾਹਰਲੇ ਕੰਮ ਵੇਖਣਗੇ ਅਤੇ ਗਿਆਨੀ ਪ੍ਰਤਾਪ ਸਿੰਘ ਤਖਤ ਸਾਹਿਬ ਦੇ ਮਾਮਲੇ ਆਪਣੇ ਪੱਧਰ ਤੇ ਅਜਾਦਾਨਾ ਤੌਰ 'ਤੇ ਵੇਖਣਗੇ।

ਜੇਕਰ ਇਸ ਘਟਨਾ ਦੇ ਪਿਛੇਕੜ ਵਿੱਚ ਜਾਈਏ ਤਾਂ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਬੀਤੀ ਸੱਤ ਜਨਵਰੀ ਨੂੰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨਾਲ ਸਬੰਧਿਤ ਧਾਰਮਿਕ ਪ੍ਰੋਗਾਰਮ ਕੀਤੇ ਜਾ ਰਹੇ ਸਨ, ਜਿਹਨਾਂ ਦਾ ਕੁਝ ਟੀ.ਵੀ ਚੈਨਲਾਂ ਤੋਂ ਸਿੱਧਾ ਪ੍ਰਸਾਰਣ ਵੀ ਕੀਤਾ ਜਾ ਰਿਹਾ ਸੀ, ਤਾਂ ਗਿਆਨੀ ਇਕਬਾਲ ਸਿੰਘ ਤੇ ਉਹਨਾਂ ਲੜਕਾ ਗੁਰਪ੍ਰਸਾਦ ਸਿੰਘ ਤੋਂ ਇਲਾਵਾ ਕੁਝ ਹੋਰ ਲੱਠਮਾਰ ਸਾਥੀ ਕਿਰਪਾਨਾਂ ਤੇ ਹੋਰ ਤੇਜਧਾਰ ਹਥਿਆਰਾ ਨਾਲ ਲੈਸ ਹੋ, ਲੱਗੇ ਦੀਵਾਨ ਵਿੱਚ ਅਲੀ ਅਲੀ ਕਰਦੇ ਦਾਖਲ ਹੋਏ। ਇਸ ਸਮੇਂ ਕੁਝ ਸੰਤ ਜਿਹਨਾਂ ਵਿੱਚ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਤੇ ਹੋਰ ਸੰਤ ਸਮਾਜ ਦੇ ਆਗੂ ਸ਼ਾਮਲ ਸਨ ਵੱਲੋ ਤਖਤ ਸ੍ਰੀ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਮੀਤ ਜਥੇਦਾਰ ਥਾਪੇ ਜਾਣ ਉਪਰੰਤ, ਪ੍ਰਵਾਨਗੀ ਦੀ ਰਵਾਇਤ ਅਨੁਸਾਰ ਦਸਤਾਰਾ ਭੇਂਟ ਕੀਤੀਆਂ ਜਾ ਰਹੀਆਂ ਸਨ।

ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦੇ ਲੜਕੇ ਗੁਰਪ੍ਰਸ਼ਾਦ ਸਿੰਘ ਨੇ ਗਿਆਨੀ ਪ੍ਰਤਾਪ ਸਿੰਘ ਨੂੰ ਜਥੇਦਾਰ ਬਣਾਉਣ ਦਾ ਵਿਰੋਧ ਕੀਤਾ। ਇਸ ਵਿਰੋਧ ਦੌਰਾਨ ਭੂਰੀ ਵਾਲੇ ਬਾਬਾ ਕਸ਼ਮੀਰਾ ਸਿੰਘ ਨੂੰ ਧੱਕਾ ਵੱਜ ਗਿਆ ਤੇ ਉਹ ਸਟੇਜ ਤੋਂ ਹੇਠਾ ਡਿੱਗ ਪਏ। ਉਸ ਤੋਂ ਬਾਅਦ ਫਿਰ ਬਾਬਾ ਭੂਰੀਵਾਲੇ ਤੇ ਗਿਆਨੀ ਇਕਬਾਲ ਸਿੰਘ ਦੇ ਲੱਠਮਾਰਾਂ ਵਿੱਚ ਤਖਤ ਸਾਹਿਬ ਤੇ ਜੰਮ ਕੇ ਮਹਾਂਭਾਰਤ ਦਾ ਯੁੱਧ ਹੋਇਆ ਜਿਹੜਾ ਸਮੂਹ ਸੰਗਤਾਂ ਨੇ ਅੱਖੀ ਵੇਖਿਆ। ਇਸ ਯੁੱਧ ਦੌਰਾਨ ਗਿਆਨੀ ਇਕਬਾਲ ਸਿੰਘ ਵੀ ਡਿੱਗ ਪਏ ਅਤੇ ਉਹਨਾਂ ਦੀ ਦਸਤਾਰ ਖਿੱਲਰ ਗਈ। ਦੋਵਾਂ ਧਿਰਾਂ ਵਿਚਕਾਰ ਰੱਜ ਕੇ ਜੁੱਤ ਪਤਾਨ ਵੀ ਹੋਇਆ। ਗਿਆਨੀ ਇਕਬਾਲ ਸਿੰਘ ਤੇ ਉਹਨਾਂ ਦਾ ਲੜਕਾ ਦੋਵੇ ਫੱਟੜ ਵੀ ਹੋਏ ਅਤੇ ਪੁਲੀਸ ਨੂੰ ਝਗੜੇ ਵਿੱਚ ਦਖਲ ਅੰਦਾਜੀ ਕਰਕੇ ਦੋਹਾਂ ਧਿਰਾਂ ਨੂੰ ਅਲੱਗ ਅਲੱਗ ਕਰਨਾ ਪਿਆ ਸੀ। ਇਹ ਮਹਾਂਭਾਰਤ ਦਾ ਯੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਹੋਇਆ ਅਤੇ ਇਸ ਸਮੇਂ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਗੁਰਬਾਣੀ ਦੀ ਕਥਾ ਕਰ ਰਹੇ ਸਨ। ਗਿਆਨੀ ਇਕਬਾਲ ਸਿੰਘ ਨੇ ਜਿਥੇ ਪਹਿਲਾਂ ਤਖਤ ਸਾਹਿਬ 'ਤੇ ਕਿਰਪਾਨਾਂ ਨਾਲ ਲੜਾਈ ਕਰਕੇ ਮਰਿਆਦਾ ਭੰਗ ਕੀਤੀ ਉਥੇ ਤਖਤ ਸਾਹਿਬ ਦੀ ਪਰੰਪਰਾ ਨੂੰ ਮਲੀਆਮੇਟ ਕਰਦਿਆ ਖੁਦ ਥਾਣੇ ਵਿੱਚ ਜਾ ਕੇ ਬਾਬਾ ਕਸ਼ਮੀਰਾ ਸਿੰਘ ਤੇ ਉਹਨਾਂ ਸਾਥੀਆ ਤੇ ਪ੍ਰਬੰਧਕਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 307, 326, 506, 148,149, 120 ਬੀ ਆਦਿ ਤਹਿਤ ਮੁਕੱਦਮਾ ਦਰਜ ਕਰਵਾ ਕੇ, ਉਹਨਾਂ ਪਰੰਪਰਾਵਾਂ ਦੀ ਉਲੰਘਣਾ ਕੀਤੀ, ਜਿਹਨਾਂ ਵਿੱਚ ਇਹ ਮੰਨਿਆ ਜਾਂਦਾ ਹੈ, ਕਿ ਕਿਸੇ ਵੀ ਤਖਤ ਦਾ ਜਥੇਦਾਰ ਬਤੌਰ ਜਥੇਦਾਰ ਕਿਸੇ ਵੀ ਅਦਾਲਤ ਜਾਂ ਥਾਣੇ ਆਦਿ ਵਿਖੇ ਨਹੀਂ ਜਾਵੇਗਾ।

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਦੇ ਵਿਰੁੱਧ ਜਦੋਂ ਉਹਨਾਂ ਨੂੰ ਆਪਣੀ ਨੂੰਹ ਦੇ ਕਤਲ ਕੇਸ ਵਿੱਚ ਅਦਾਲਤ ਵਿੱਚ ਪੇਸ਼ ਹੋਣਾ ਪਿਆ ਸੀ ਤਾਂ ਉਹਨਾਂ ਨੂੰ ਪਹਿਲਾਂ ਅਸਤੀਫਾ ਦੇਣਾ ਪਿਆ ਸੀ। ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਜਿਹਨਾਂ ਨੂੰ ਨਿਰੰਕਾਰੀ ਕਤਲ ਕਾਂਡ ਵਿੱਚ ਉਮਰ ਕੈਦ ਹੋਈ ਸੀ, ਦੀ ਅਪੀਲ ਦੀ ਸੁਣਵਾਈ ਕਰਦਿਆਂ ਜਦੋਂ ਅਦਾਲਤ ਨੇ ਸਾਢੇ ਤੇਰਾ ਸਾਲਾ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਸੀ, ਪਰ ਕੁਝ ਸਮੇਂ ਬਾਅਦ ਜਦੋਂ ਉਹਨਾਂ ਦੀ ਅਪੀਲ ਉਪਰਲੀ ਅਦਾਲਤ ਨੇ ਖਾਰਜ ਕਰ ਦਿੱਤੀ ਸੀ, ਤਾਂ ਉਹਨਾਂ ਨੂੰ ਛੇ ਮਹੀਨੇ ਲਈ ਫਿਰ ਜੇਲ ਜਾਣਾ ਪੈਣਾ ਸੀ, ਪਰ ਉਹ ਬਤੌਰ ਜਥੇਦਾਰ ਇਸ ਗੱਲ 'ਤੇ ਅੜ ਗਏ ਸਨ ਕਿ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ, ਸਰਕਾਰ ਜਿਥੇ ਚਾਹੇ ਉਹਨਾਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਬਾਅਦ ਵਿੱਚ ਅਕਾਲੀ ਆਗੂਆ ਨੇ ਰਾਸ਼ਟਰਪਤੀ ਕੋਲੋ ਆਪਣੇ ਪੱਧਰ 'ਤੇ ਕਾਰਵਾਈ ਕਰਕੇ ਉਹਨਾਂ ਦੀ ਬਾਕੀ ਦੀ ਸਜਾ ਮੁਆਫ ਕਰਵਾ ਦਿੱਤੀ ਸੀ।

ਇਸ ਤੋਂ ਬਾਅਦ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਵੀ ਅਦਾਲਤ ਵਿੱਚ ਪੇਸ਼ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵਿੱਚ ਭਨਿਆਰੇ ਵਾਲੇ ਦੇ ਖਿਲਾਫ ਗਵਾਹੀ ਦਿੱਤੀ ਸੀ, ਜਦ ਕਿ ਤਖਤ ਦਾ ਜਥੇਦਾਰ ਕਦੇ ਵੀ ਅਦਾਲਤ ਦੇ ਸੱਦੇ ਤੇ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ, ਪਰ ਉਹ ਪੰਥਕ ਮਾਮਲੇ ਕਰਕੇ ਅਦਾਲਤ ਵਿੱਚ ਗਵਾਹੀ ਦੇਣ ਗਏ ਸਨ। ਗਿਆਨੀ ਇਕਬਾਲ ਸਿੰਘ ਨੇ ਇੱਕੇ ਦਿਨ ਦੋ ਵਾਰੀ ਪੰਥਕ ਪਰੰਪਰਾ ਦੀ ਉਲੰਘਣਾ ਕਰਕੇ ਤਖਤ ਸਾਹਿਬ ਦੀਆ ਪਰੰਪਰਾਵਾਂ ਦੀ ਤੌਹੀਨ ਕੀਤੀ ਹੈ।

ਇਸੇ ਤਰ੍ਹਾਂ ਇਸ ਹੋਏ ਸਮਝੌਤੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ. ਹਰਵਿੰਦਰ ਸਿੰਘ ਸਰਨਾ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਹੋਏ ਸਮਝੌਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੋਏ ਝਗੜੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ, ਕਿਉਕਿ ਗੁਰੂ ਸਾਹਿਬ ਦੀ ਹਜੂਰੀ ਵਿੱਚ ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ । ਉਹਨਾਂ ਕਿਹਾ ਕਿ ਫਿਰ ਵੀ ਉਹਨਾਂ ਦਾ ਮੰਨਣਾ ਹੈ ਕਿ ਸਿਆਣਿਆਂ ਦੀ ਕਹਾਵਤ ਅਨੁਸਾਰ ਜਿਹੜਾ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ। ਉਹਨਾਂ ਕਿਹਾ ਕਿ ਸਿੱਖ ਕੌਮ ਤਾਂ ਪਹਿਲਾਂ ਹੀ ਕਈ ਧੜਿਆਂ ਵਿੱਚ ਵੰਡੀ ਪਈ ਹੈ ਅਤੇ ਪ੍ਰਬੰਧਕਾਂ ਨੇ ਜਿਹੜਾ ਸਮਝੌਤੇ ਦਾ ਰਸਤਾ ਅਖਤਿਆਰ ਕਰਕੇ ਝਗੜੇ ਨੂੰ ਖਤਮ ਕੀਤਾ ਹੈ, ਉਹ ਵੀ ਸ਼ਲਾਘਾਯੋਗ ਕਾਰਵਾਈ ਹੈ। ਉਹਨਾਂ ਕਿਹਾ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਦੇ ਧੰਨਵਾਦੀ ਹਨ, ਜਿਹੜੇ ਮੌਕੇ ਦੇ ਚਸ਼ਮਦੀਦ ਗਵਾਹ ਹਨ ਅਤੇ ਉਹਨਾਂ ਨੇ ਜਿਹੜਾ ਬਿਆਨ ਦੇ ਕੇ ਅਸਲੀਅਤ ਪੇਸ਼ ਹੈ ਕਿ ਝਗੜੇ ਲਈ ਗਿਆਨੀ ਇਕਬਾਲ ਸਿੰਘ ਦੋਸ਼ੀ ਹੈ ਅਤੇ ਉਸ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਵੀ ਸ਼ਲਾਘਾਯੋਗ ਹੈ ਅਤੇ ਸੱਚਾਈ ਹੈ। ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਉਹਨਾਂ ਦਾ ਨਾਮ ਅਖਬਾਰਾਂ ਤੇ ਟੀ.ਵੀ ਚੈਨਲਾਂ ਨੂੰ ਦੇ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਕਿ ਸਰਨਿਆਂ ਨੇ ਉਸ ‘ਤੇ ਹਮਲਾ ਕਰਵਾਇਆ ਦਾ ਖਮਿਆਜਾ ਗਿਆਨੀ ਇਕਬਾਲ ਸਿੰਘ ਨੂੰ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਮਾਨਹਾਨੀ ਦਾ ਨੋਟਿਸ ਗਿਆਨੀ ਇਕਬਾਲ ਸਿੰਘ ਨੂੰ ਭੇਜ ਦਿੱਤਾ ਹੈ ਅਤੇ ਜੇਕਰ ਉਹਨਾਂ ਨੇ ਇੱਕਤਲਾਫੀ ਨਾ ਕੀਤੀ ਤਾਂ ਉਹ ਅਦਾਲਤ ਵਿੱਚ ਜਾਣ ਲਈ ਮਜਬੂਰ ਹੋਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top