ਲੋਹੜੀ
ਕਾਫੀ ਪ੍ਰਚਲਤ ਤਿਓੁਹਾਰ ਹੈ। ਇਸ ਤਿਓੁਹਾਰ ਨੂੰ ਸਿੱਖ ਅਤੇ ਹਿੰਦੂ ਵੀ ਮਨਾਉਂਦੇ ਹਨ, ਅਸੀਂ
ਆਪ ਮਨਾਉਂਦੇ ਰਹੇ ਹਾਂ, ਪਰ ਕਦੇ ਇਹ ਜਾਨਣ ਦੀ ਜਰੂਰਤ ਹੀ ਨਹੀਂ ਸਮਝੀ ਕਿ ਇਸ ਤਿਓੁਹਾਰ
ਦਾ ਪਿਛੋਕੜ ਕੀ ਹੈ ਅਤੇ ਇਸ ਦਾ ਗੁਰਮਤਿ ਨਾਲ ਕੀ ਸਬੰਧ ਹੈ?
ਪਰ ਜਦੋਂ ਖੋਜ ਕੀਤੀ ਤਾਂ ਪਤਾ ਲਗਿਆ ਕਿ ਇਸ ਦਾ ਸਬੰਧ ਵੀ ਬ੍ਰਾਹਮਣੀ
ਤਿਓੁਹਾਰਾਂ ਨਾਲ ਹੈ ਅਤੇ ਸਿੱਖਾਂ ਨੂੰ ਇਸ ਤਿਓੁਹਾਰ ਨਾਲ ਜੋੜਨ ਵਾਸਤੇ, ਇਸ ਨਾਲ ਮਾਘੀ
ਦੀ ਸੰਗਰਾਂਦ ਫ਼ਿੱਟ ਕਰ ਦਿਤੀ ਅਤੇ ਮੁਕਤਸਰ ਦੀ ਜੰਗ ਵੀ ਇਸ ਨਾਲ ਜੋੜ ਦਿੱਤੀ, ਜਦ ਕਿ
ਇਤਿਹਾਸਿਕ ਸਰੋਤ ਦਸਦੇ ਹਨ, ਕਿ ਜਿਹੜੀ ਮੁਕਤਸਰ ਦੀ ਜੰਗ ਹੋਈ ਸੀ, ਉਦੋਂ ਮਈ ਦਾ ਮਹੀਨਾ
ਸੀ। ਇਸ ਕਰਕੇ ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ 'ਤੇ ਕਬਜਾ ਕੀਤਾ ਸੀ ਕਿ ਦੁਸ਼ਮਨ ਪਾਣੀ
ਤੋਂ ਬਿਨਾ ਬੇਹਾਲ ਹੋ ਜਾਵੇ, ਜੇਕਰ ਮਾਘ ਮਹੀਨਾ ਹੁੰਦਾ ਤਾਂ ਪਾਣੀ ਦੀ ਲੋੜ ਨਹੀਂ ਸੀ ਪੈਣੀ
। ਲੋਕਾਂ ਦੇ ਦਿਲਾਂ ਵਿਚ ਇਹ ਗੱਲ ਸ਼ੁਰੂ ਤੋਂ ਬੈਠੀ ਹੋਈ ਹੈ ਕਿ ਮਾਘੀ ਦੀ ਸੰਗਰਾਂਦ ਵਾਲੇ
ਦਿਨ ਇਸ਼ਨਾਨ ਕਰੋ ਮਨੋ ਕਾਮਨਾ ਪੂਰੀ ਹੁੰਦੀ ਹੈ । ਪਰ ਗੁਰਮਤਿ ਨਾਲ ਸੰਗਰਾਂਦ ਦਾ ਕੋਈ
ਸਬੰਧ ਨਹੀਂ ਇਹ ਸ਼ਬਦ ਸਕ੍ਰਾਂਤੀ ਤੋਂ ਬਣਿਆ ਹੈ। ਅਸਲ ਵੀ ਹਿੰਦੂ ਧਰਮ ਦੇ ਲੋਕ ਜਿਸ ਤਰਾਂ
ਜੱਗ ਹਵਨ ਕਰਦੇ ਹਨ, ਅੱਗ ਦੀ ਪੂਜਾ ਕਰਦੇ ਹਨ, ਇਸ ਤਰਾਂ ਵੀ ਅੱਗ ਦੀ ਪੂਜਾ ਹੀ ਹੈ ਕਿਉਂਕਿ
ਹਿੰਦੂ ਮੱਤ ਅਨੁਸਾਰ ਅਗਨੀ ਨੂੰ ਸਾਰੇ ਦੇਵਤਿਆਂ ਜੀਭ ਮੰਨਿਆ ਜਾਂਦਾ ਹੈ ਅਤੇ ਲੋਹੜੀ ਸਮੇਂ
ਅੱਗ ਵਿਚ ਤਿਲ ਸੁੱਟ ਕੇ ਅਗਨੀ ਰਾਹੀਂ ਦੇਵਤਿਆਂ ਦੀ ਪੂਜਾ ਅਤੇ ਇਸ ਬਾਹਦ ਮੁੰਗਫਲੀ ਦਾ
ਪ੍ਰਸ਼ਾਦ ਵੰਡਿਆ ਜਾਂਦਾ ਹੈ।
ਉਤਰ ਪ੍ਰਦੇਸ ਵਿਚ ਇਸ ਤਿਓੁਹਾਰ ਦਾ ਨਾਮ ਖਿਚੜੀ ਹੈ ਅਤੇ ਬਾਬਾ ਗੋਰਖਨਾਥ ਦੀ ਪੂਜਾ ਕਰਕੇ
ਇਹ ਤਿਓੁਹਾਰ ਮਨਾਇਆ ਜਾਂਦਾ ਹੈ । ਪਰ ਜਿਹੜੀ ਦੇਵਤਿਆਂ ਦੀ ਪੂਜਾ ਹੈ, ਗੁਰਬਾਣੀ ਇਸ ਨੂੰ
ਮੰਨਦੀ ਨਹੀਂ ਗੁਰਬਾਣੀ ਆਖਦੀ ਹੈ "ਦੇਵੀ ਦੇਵਾ ਮੂਲੁ ਹੈ ਮਾਇਆ
॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥" ਭਾਵ : ਇਹ ਮਾਇਆ ਹੀ (ਭਾਵ, ਸੁਖਾਂ ਦੀ
ਕਾਮਨਾ ਤੇ ਦੁਖਾਂ ਤੋਂ ਡਰ) ਦੇਵੀਆਂ ਦੇਵਤੇ ਰਚੇ ਜਾਣ ਦਾ ਕਾਰਨ ਹੈ। ਇਸ ਮਾਇਆ ਨੇ ਹੀ
ਸਿਮ੍ਰਿਤੀਆਂ ਤੇ ਸ਼ਾਸਤ੍ਰ ਪੈਦਾ ਕਰ ਦਿੱਤੇ (ਭਾਵ, ਸੁਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ
ਨਿਵਿਰਤੀ ਦੀ ਖ਼ਾਤਰ ਹੀ ਸਿਮ੍ਰਿਤੀਆਂ ਸ਼ਾਸਤ੍ਰਾਂ ਦੀ ਰਾਹੀਂ ਕਰਮ ਕਾਂਡ ਰਚੇ ਗਏ)।
ਸੋ, ਲੋਹੜੀ ਦਾ ਸਿੱਖ ਸਿਧਾਂਤਾਂ ਨਾਲ ਕੋਈ ਸਬੰਧ ਨਹੀਂ, ਪਰ ਅਜ ਸਾਡੇ ਦਿਲ ਵਿਚ ਇਹ ਗੱਲ
ਘਰ ਕਰ ਚੁਕੀ ਹੈ ਕਿ ਜੇਕਰ ਮੁੰਡੇ ਦਾ ਵਿਆਹ ਕੀਤਾ ਹੈ, ਜੇਕਰ ਪਹਿਲੀ ਲੋਹੜੀ ਨਾ ਪਾਈ ਤਾ
ਅਪਸ਼ਗਨ ਹੋ ਜਾਵੇਗਾ, ਘਰ ਵਿਚ ਮੁੰਡਾ ਜੰਮਿਆ ਹੈ ਤਾਂ ਲੋਹੜੀ ਪਾਓ ਕਿਓਂ ਸੁਖਨਾ ਸੁਖੀ ਹੈ
। ਕੁੜੀ ਦੀ ਲੋਹੜੀ ਨਹੀਂ ਪਾਉਣੀ ਕਿਓਂ ਕਿ ਹਿੰਦੂ ਮਤ ਅਨੁਸਾਰ ਔਰਤ ਨੂੰ ਬਰਾਬਰ ਦਾ ਦਰਜਾ
ਨਹੀਂ ਹੈ।
ਪਰ ਹੁਣ ਕੁਝ ਕੁ ਸਿੱਖ ਕੁੜੀਆਂ ਦੀ ਲੋਹੜੀ ਵੀ ਮਨਾਉਣ ਲੱਗੇ ਹਨ। ਅਸੀਂ ਏਖੋ ਦੇਖੀ ਵੱਡੀਆਂ
ਵੱਡੀਆਂ ਪਾਰਟੀਆਂ ਕਰਦੇ ਹਾਂ, ਸ਼ਰਾਬ ਦੇ ਦਰਿਆ ਚਲਾ ਦਿੰਦੇ ਹਾਂ। ਸਭ ਤੋਂ ਜਿਆਦਾ ਪੈਸੇ
ਦੀ ਬਰਬਾਦੀ ਸਿੱਖ ਕਰਦੇ ਹਨ ਇਸ ਤਿਓੁਹਾਰ 'ਤੇ ਜਿਹਨਾ ਦਾ ਇਸ ਨਾਲ ਕੋਈ ਸਬੰਧ ਹੀ ਨਹੀਂ।
ਹੁਣ ਬਹੁਤਿਆਂ ਦਾ ਸਵਾਲ ਇਥੇ ਆਵੇਗਾ ਜੀ, ਅਸੀਂ ਤਾ ਸਾਕਾ ਮੁਕਤਸਰ ਕਰਕੇ ਲੋਹੜੀ ਮਨਾਉਂਦੇ
ਹਾਂ, ਨਹੀਂ ਵੀਰੋ ਸਾਕੇ ਨਾਲ ਅੱਗ ਦੀ ਪੂਜਾ ਅਤੇ ਮਾਘ ਦੀ ਸੰਗਰਾਂਦ ਦਾ ਕੋਈ ਸਬੰਧ ਨਹੀਂ
ਹੈ । ਇਹ ਮੇਰੀ ਲਿਖਤ ਬਹੁਤੇ ਵੀਰਾਂ ਨੂੰ ਹਜ਼ਮ ਨਹੀਂ ਆਵੇਗੀ ਕਿਉਂਕਿ ਜਦੋਂ ਪਹਿਲਾਂ ਇਹੋ
ਜਿਹੀ ਗੱਲ ਨਾ ਕੀਤੀ ਹੋਵੇ ਤਾਂ ਹੈਰਾਨਗੀ ਜ਼ਰੂਰ ਹੁੰਦੀ ਹੈ । ਕਿੰਨੇ ਹੀ ਐਸੇ ਅਨੁਮਤੀ
ਤਿਓੁਹਾਰ ਹਨ, ਜੋ ਅਸੀਂ ਮਨਾ ਰਹੇ ਹਾਂ, ਜਿਵੇਂ ਪਿਛੇ ਜਿਹੇ ਮੈਂ ਰਖੜੀ ਵਾਰੇ ਵੀ ਜਿਕਰ
ਕੀਤਾ ਸੀ।
ਪਰ ਅਜ ਕਲ ਤਾਂ ਸਿੱਖਾਂ ਦੀ ਹਾਲਤ ਖਾਸ ਕਰਕੇ ਬਾਹਰਲੇ ਸਿੱਖਾਂ ਦੀ ਹਾਲਤ ਇਹ ਹੈ ਕਿ ਇਹ
ਗੁਰਦੁਆਰਾ ਸਾਹਿਬ ਵਿਚ ਲੋਹੜੀ ਪਾਉਣ ਲੱਗੇ ਹਨ ਅਤੇ ਗ੍ਰੰਥੀ ਸਿੰਘ ਅੱਗ ਦੀ ਕੋਲ ਖੜਕੇ
ਲੋਹੜੀ ਦੀ ਅਰਦਾਸ ਵੀ ਕਰਦੇ ਹਨ । ਜੇਕਰ ਗ੍ਰੰਥੀ ਨੂੰ ਪੁਛੋ ਇਹ ਅਰਦਾਸ ਕਾਹਦੀ ਕੀਤੀ ਹੈ,
ਕਹਿਣਗੇ ਨਵੇਂ ਜਨਮੇ ਮੁੰਡੇ ਦੀ, ਗ੍ਰੰਥੀ ਨੂੰ ਕੀ ਹੈ, ਓਹ ਤਾਂ ਪੁਜਾਰੀ ਹੈ, ਓਸ ਨੇ ਤਾਂ
ਪੈਸੇ ਲੈਕੇ ਓਹੀ ਕਰਨਾ ਜੋ ਤੁਸੀਂ ਕਹੋਗੇ।
ਜਿਹੜੇ ਸਿੱਖ ਨੇ ਅਕਾਲ ਦੀ ਪੂਜਾ ਕਰਨੀ ਸੀ, ਓਹੀ ਸਿੱਖ ਅਜ ਅੱਗ ਦੀ ਪੂਜਾ ਬੜੇ ਜੋਰ ਸ਼ੋਰ
ਨਾਲ ਕਰ ਰਿਹਾ ਹੈ । ਇਹ ਲੇਖ ਲਿਖਣ ਦਾ ਮਕਸਦ ਇਹ ਨਹੀਂ ਕਿਸੇ ਦੀ ਨਿੰਦਿਆ ਹੈ, ਮੈਂ ਹਰ
ਇਕ ਤਿਓੁਹਾਰ ਵਾਰੇ ਖੋਜ ਕਰਕੇ ਕੋਸ਼ਿਸ ਕਰਦਾ ਹਾਂ, ਗੁਰਮਤਿ ਦੀ ਕਸਵਟੀ ਤੇ ਪਰਖਣ ਦੀ ਜਿਹੜਾ
ਤਿਓੁਹਾਰ ਅਨਮਤੀ ਅਤੇ ਓਸ ਦਾ ਗੁਰਮਤਿ ਨਾਲ ਕੋਈ ਸਬੰਧ ਨਹੀਂ, ਓਸ ਬਾਰੇ ਸੰਗਤਾਂ ਨੂੰ ਜਾਣੂ
ਕਰਵਾਉਣਾ। ਮੰਨਣਾ ਨਾ ਮੰਨਣਾ ਇਹ ਸਭ ਦੀ ਆਪੋ ਆਪਣੀ ਮਰਜੀ ਹੈ। ਹਾਂ ਜੇਕਰ ਕਿਸੇ ਨੂੰ
ਜਾਣਕਾਰੀ ਹੋਵੇ ਕਿ ਲੋਹੜੀ ਦਾ ਸਿੱਖਾਂ ਨਾਲ ਸਬੰਧ ਹੈ, ਤਾਂ ਕਿਰਪਾ ਦੱਸ ਕੇ ਮੇਰੀ
ਜਾਣਕਾਰੀ ਵਿਚ ਵਾਧਾ ਜਰੂਰ ਕਰਿਓ... ਇਹ ਲੇਖ ਪੜਕੇ ਗੁੱਸੇ ਜਾਂ ਭੜਕਣ ਦੀ ਲੋੜ ਨਹੀਂ,
ਠੰਡੇ ਦਿਮਾਗ ਨਾਲ ਸੋਚਕੇ ਫੇਰ ਖੋਜ ਜਰੂਰ ਕਰਿਓ।