Share on Facebook

Main News Page

ਅਵਤਾਰ ਸਿੰਘ ਮੱਕੜ ਨੇ ਕਿਹਾ ਮੋਹਨ ਭਾਗਵਤ ਮਾਫੀ ਮੰਗੇ, ਨਹੀਂ ਤਾਂ ਕਰਾਂਗੇ ਕਾਰਵਾਈ
-: ਅਵਤਾਰ ਸਿੰਘ ਮੱਕੜ

- ਜੋ ਵੀ ਭਾਰਤ ਵਿਚ ਰਹਿੰਦੇ ਹਨ ਉਹ ਸਾਰੇ ਹੀ ਹਿੰਦੂ ਹਨ
- ਭਾਗਵਤ ਨੇ ਇਹ ਵੀ ਕਿਹਾ ਸੀ ਕਿ ਸਿੱਖ ਵੀ ਹਿੰਦੂ ਹਨ
- ਸਿੱਖ ਹਿੰਦੂ ਕਿਸ ਤਰ੍ਹਾਂ ਹੋ ਸਕਦੇ ਹਨ ਜਦ ਕਿ ਸਿੱਖਾਂ ਦੀ ਕੋਈ ਵੀ ਰਵਾਇਤ ਹਿੰਦੂਆਂ ਨਾਲ ਨਹੀਂ ਮਿਲਦੀ: ਪ੍ਰਧਾਨ

ਪਟਿਆਲਾ (ਗੁਰਨਾਮ ਸਿੰਘ ਅਕੀਦਾ, 81460 01100) : ਅੱਜ ਆਰ ਐਸ ਐਸ ਦੇ ਮੁੱਖੀ ਮੋਹਨ ਭਾਗਵਤ ਤੇ ਵਰਦਿਆਂ ਐਸਜੀਪੀਸੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਉਸ ਨੇ ਸਿੱਖਾਂ ਨੂੰ ਸਿੱਖ ਹਿੰਦੂ ਕਹਿ ਕੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ। ਉਹ ਤੁਰੰਤ ਮਾਫੀ ਮੰਗੇ ਨਹੀਂ ਤਾਂ ਸਾਨੂੰ ਮਜਬੂਰੀ ਬਸ ਉਸ ਦੇ ਖਿਲਾਫ ਬਣਦੀ ਕਾਰਵਾਈ ਕਰਨੀ ਪਵੇਗੀ। ਇਹ ਬਿਆਨ ਅੱਜ ਪ੍ਰਧਾਨ ਸ. ਮੱਕੜ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਦਿਤਾ।

ਜਿਕਰਯੋਗ ਹੈ ਕਿ ਮੋਹਨ ਭਗਵਤ ਨੇ ਪਿਛਲੇ ਦਿਨੀ ਇਕ ਬਿਆਨ ਦਿਤਾ ਸੀ ਕਿ ਜੋ ਵੀ ਹਿੰਦੂਸਤਾਨ ਵਿਚ ਰਹਿੰਦਾ ਹੈ ਉਹ ਹਰੇਕ ਹੀ ਹਿੰਦੂ ਹੈ, ਜੋ ਮੁਸਲਮਾਨ ਹੈ ਉਹ ਮੁਸਲਮਾਨ ਹਿੰਦੂ ਹੈ, ਜੋ ਇਸਾਈ ਹੈ ਉਹ ਇਸਾਈ ਹਿੰਦੂ ਹੈ ਜੋ ਸਿੱਖ ਹੈ ਉਹ ਸਿੱਖ ਹਿੰਦੂ ਹੈ। ਇਹ ਬਿਆਨ ਦੇਣ ਤੋਂ ਕੁਝ ਦਿਨ ਬਾਅਦ ਜਦੋਂ ਇਥੇ ਕੁਝ ਪੱਤਰਕਾਰਾਂ ਨੇ ਇਹ ਸਵਾਲ ਸ. ਮੱਕੜ ਨੂੰ ਕੀਤਾ ਤਾਂ ਉਹ ਭੜਕ ਪਏ ਅਤੇ ਸਿੱਧਾ ਹੀ ਮੋਹਨ ਭਾਗਵਤ ਨੂੰ ਖਰੀਆਂ ਖਰੀਆਂ ਸੁਨਾਉਣ ਲੱਗ ਪਏ।

ਸ. ਮੱਕੜ ਨੇ ਕਿਹਾ ਹੈ ਕਿ ਆਰ ਐਸ ਐਸ ਨੂੰ ਸਿੱਖਾਂ ਦੇ ਮਾਮਲਿਆਂ ਵਿਚ ਦਖਲ ਦੇਣ ਤੋਂ ਬਾਜ ਆਉਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਵੀ ਆਰ.ਐਸ.ਐਸ. ਦੇ ਮੁੱਖੀਆਂ ਵਲੋਂ ਸਿੱਖਾਂ ਦੇ ਮਾਮਲਿਆਂ ਵਿਚ ਦਖਲ ਦੇਕੇ ਮੂੰਹ ਦੀ ਖਾਈ ਹੈ, ਸ. ਮੱਕੜ ਨੇ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਿੱਖ ਹਿੰਦੂ ਹਨ, ਸਿੱਖ ਧਰਮ ਵੱਖਰੀ ਕੌਮ ਹੈ, ਉਸ ਦਾ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਰੂਪ ਵਿਚ ਜਿੰਦਾ ਗੁਰੂ ਹੈ, ਉਸ ਦਾ ਵਿਧਾਨ ਵੱਖਰਾ ਹੈ ਉਸ ਦੇ ਧਾਰਮਿਕ ਅਕੀਦੇ ਵੱਖਰੇ ਹਨ, ਹਿੰਦੂ ਧਰਮ ਵਿਚ ਮੂਰਤੀ ਅਤੇ ਬੁੱਤ ਪੂਜਾ ਨੂੰ ਸਥਾਨ ਦਿਤਾ ਗਿਆ ਹੈ ਜਦ ਕਿ ਸਿੱਖਾਂ ਵਿਚ ਇਹ ਰਿਵਾਇਤ ਬਿਲਕੁਲ ਹੀ ਵਰਜਿਤ ਹੈ, ਸਿੱਖਾਂ ਵਿਚ ਤੰਬਾਕੂ ਆਦਿ ਪੀਣਾ ਸਖਤੀ ਨਾਲ ਵਰਜਿਤ ਹੈ, ਪਰ ਹਿੰਦੂਆਂ ਵਿਚ ਤੰਬਾਕੂ ਪੀਣ ਦੀ ਰਵਾਇਤ ਹੈ, ਹੋਰ ਵੀ ਕਾਫੀ ਧਾਰਨਾਵਾਂ ਹਨ, ਜੋ ਕਿ ਸਿੱਖਾਂ ਦੀਆਂ ਹਿੰਦੂਆਂ ਨਾਲ ਨਹੀਂ ਮਿਲਦੀਆਂ।

ਇਥੇ ਸਵਾਲਾਂ ਦਾ ਜਵਾਬ ਦਿੰਦਿਆਂ ਸ. ਮੱਕੜ ਨੇ ਕਿਹਾ ਕਿ ਜੋ ਪਟਨਾ ਸਾਹਿਬ ਦਾ ਮਾਮਲਾ ਹੈ, ਉਸ ਦੇ ਸੰਬਧ ਵਿਚ ਗਿਆਨੀ ਇਕਬਾਲ ਸਿੰਘ ਨੂੰ ਸੰਜਮ ਨਾਲ ਕੰਮ ਲੈਣਾ ਚਾਹੀਦਾ ਸੀ, ਜੋ ਵੀ ਗਲਤੀਆਂ ਕੀਤੀਆਂ ਗਈਆਂ ਹਨ ਉਸ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨਾ ਦੀ ਮੀਟਿੰਗ ਹੋਵੇਗੀ ਉਸ ਵਿਚ ਵਿਚਾਰਾਂ ਕਰਨ ਤੋਂ ਬਾਅਦ ਜੋ ਵੀ ਫੈਸਲਾ ਕੀਤਾ ਜਾਵੇਗਾ ਉਹ ਸਭ ਨੂੰ ਮੰਨਣਯੋਗ ਹੋਵੇਗਾ।

ਸ. ਮੱਕੜ ਨੇ ਕਿਹਾ ਹੈ ਕਿ ਪਟਨਾ ਸਾਹਿਬ ਵਿਚ ਜੋ ਵੀ ਹੋਇਆ ਹੈ, ਉਹ ਗਲਤ ਹੋਇਆ ਹੈ। ਇਸ ਸਮੇਂ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਪਰਮਜੀਤ ਸਿੰਘ ਸਰੋਆ, ਅਮਰਜੀਤ ਸਿੰਘ ਕਾਲੇਕਾ, ਰਣਧੀਰ ਸਿੰਘ ਪ੍ਰੇਮੀ, ਜਥੇਦਾਰ ਕਰਮ ਸਿੰਘ ਬਠੌਈ, ਇੰਦਰਜੀਤ ਸਿੰਘ ਰੱਖੜਾ, ਬਿੰਦਰ ਨਜਾਮਨੀਵਾਲਾ, ਮਲਕੀਤ ਸਰਪੰਚ ਡਕਾਲਾ, ਹਰਜਿੰਦਰ ਸਿੰਘ ਬੱਲ ਆਦਿ ਹੋ ਕਈ ਸਾਰੇ ਆਗੂ ਵੀ ਮੌਜੂਦ ਸਨ।


ਟਿੱਪਣੀ:

ਜਾਣ ਦਿਓ ਗੁੱਸਾ ਮੱਕੜ ਸਾਬ, ਭਾਗਵਤ ਜੀ ਤੁਹਾਡੇ ਆਕਾ ਦੇ ਆਕਾ ਹਨ। ਜੇ ਤੁਹਾਡੇ ਆਕਾ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਚੱਲ ਗਿਆ ਕਿ ਤੁਸੀਂ ਆਰ.ਐਸ.ਐਸ ਪ੍ਰਮੁੱਖ ਦੇ ਖਿਲਾਫ ਕਿਸੇ ਕਾਰਵਾਈ ਦੀ ਸੋਚੀ ਵੀ ਹੈ, ਤਾਂ ਸਿਰਫ ਉਨ੍ਹਾਂ ਦੀ ਘੁਰਕੀ ਨਾਲ ਤੁਸਾਂ, ... ਦੀ ਝੱਗ ਵਾਂਗ ਬੈਠ ਜਾਣਾ ਹੈ। ਵੈਸੇ ਕੀ ਕਾਰਵਾਈ ਕਰੋਗੋ, ਜ਼ਰਾ ਪਤਾ ਤਾਂ ਚੱਲੇ...?

ਫਿਰ ਵੀ ਮੱਕੜ ਜੀ, ਦੱਸੋਗੇ ਕਿ ਦਰਬਾਰ ਸਾਹਿਬ 'ਚ ਕਿਹੜੀ ਮਰਿਆਦਾ ਸਿੱਖਾਂ ਵਾਲੀ ਹੁੰਦੀ ਹੈ? ਸਵੇਰੇ ਦੁੱਧ-ਲੱਸੀ ਨਾਲ ਫਰਸ਼ ਧੋਣਾ... ਬਿਨਾਂ ਗੁਰੂ ਗ੍ਰੰਥ ਸਾਹਿਬ ਦੇ ਕੀਰਤਨ ਸ਼ੁਰੂ ਕਰਨਾ... ਗੁਰੂ ਸਾਹਿਬ ਦੀ ਹਜ਼ੂਰੀ 'ਚ ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਦੇ ਵਿਰੁੱਧ ਹੋਰ ਲਿਖਤਾਂ ਦਾ ਗਾਇਨ ਕਰਨਾ, ਜੈਕਾਰਾ ਨਾ ਬੁਲਾਉਣਾ, ਸਿੱਖ ਬੀਬੀਆਂ ਨੂੰ ਕੀਰਤਨ ਜਾਂ ਹੋਰ ਸੇਵਾ ਨਾ ਕਰਨ ਦੇਣਾ, ਪੈਸੇ ਦੇ ਕੇ ਸਿਰਪਾਓ ਦੇਣਾ, ਬੇਹਿਸਾਬ ਫੁੱਲਾਂ ਦੀ ਸਜਾਵਟ, ਮਹਿੰਗੇ ਰੁਮਾਲਿਆਂ ਦਾ ਪ੍ਰਯੋਗ ਕਰਨਾ, ਕੀਰਤਨ ਚਲਦਿਆਂ ਉਥੇ ਬੈਠੇ ਲੋਕਾਂ ਵਲੋਂ ਗੁਟਕੇ ਤੋਂ ਪਾਠ ਕਰਨਾ, ਅਸਰ ਰਸੂਖ ਪੈਸੇ ਵਾਲੇ ਲੋਕਾਂ ਦਾ ਵਿਸ਼ੇਸ਼ ਸਨਮਾਨ ਕਰਨਾ, ਉਨ੍ਹਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਕਰਨਾ, ਅਕਾਲ ਤਖ਼ਤ ਦਾ ਦੁਰੁਪਯੋਗ ਕਰਨਾ, ਉਥੇ ਖੜੋ ਕੇ ਝੂਠ ਬੋਲਣਾ, ਪੰਥਕ ਗੱਦਾਰਾਂ ਨੂੰ ਰੁਤਬੇ, ਅਤੇ ਗੁਰਮਤਿ ਦੇ ਪ੍ਰਚਾਰਕਾਂ ਨੰ ਛੇਕਣਾ... ਹੋਰ ਕਿੰਨੇ ਹੀ ਕੰਮ ਗੁਰਮਤਿ ਵਿੱਰੁਧ, ਅਤੇ ਬ੍ਰਾਹਮਣਵਾਦੀ ਸੋਚ ਅਧੀਨ ਹੁੰਦੇ ਹਨ... ਸਿਰਫ ਦਰਬਾਰ ਸਾਹਿਬ ਦੇ ਚੌਗਿਰਦੇ ਦੇ ਵਿੱਚ, ਇਸ ਤੋਂ ਬਾਹਰ ਤਾਂ ਗੱਲ ਹੀ ਛੱਡ ਦਿਓ... ਫਿਰ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਸਿੱਖ ਹਿੰਦੂਆਂ ਵਾਲੇ ਕੰਮ ਨਹੀਂ ਕਰਦੇ...

ਤੁਸੀਂ, ਅਖੌਤੀ ਜਥੇਦਾਰ ਤੇ ਸਭ ਤੋਂ ੳੱਤੇ ਤੁਹਾਡੇ ਆਕਾ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਕੋਈ ਕਸਰ ਨਹੀਂ ਛੱਡੀ ਸਿੱਖਾਂ ਨੂੰ ਹਿੰਦੂਆਂ 'ਚ ਜਜ਼ਬ ਕਰਨ ਦੀ, ਫਿਰ ਇਸ ਗਿੱਦੜਭਭਕੀ ਨਾਲ ਹੋਣਾ ਕੁੱਝ ਨਹੀਂ। ਪਾਠਕ ਕਿਤੇ ਇਹ ਨਾ ਸਮਝ ਲੈਣ ਕਿ ਅਸੀਂ ਮੋਹਨ ਭਾਗਵਤ ਦੇ ਕਹੇ ਨੂੰ ਸਹੀ ਕਹਿੰਦੇ ਹਾਂ, ਬਿਲਕੁਲ ਨਹੀਂ, ਸਿੱਖਾਂ ਦਾ ਤੇ ਹਿੰਦੂਆਂ ਦੇ ਸਿਧਾਂਤ ਦਾ ਬਹੁਤ ਫਰਕ, ਕੋਈ ਨੇੜ ਤੇੜ ਦਾ ਰਿਸ਼ਤਾ ਨਹੀਂ, ਪਰ ਇਹ ਮੱਕੜ ਵਰਗੇ ਲੋਕ ਸਿਰਫ ਬਿਆਨ ਦੇਣਾ ਜਾਣਦੇ ਨੇ, ਹੋਰ ਕੁੱਝ ਨਹੀਂ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top