Share on Facebook

Main News Page

ਜੇ ਨਸ਼ਾ ਤਸਕਰੀ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਹੱਥ ਨਹੀਂ, ਤਾਂ ਬਾਦਲ ਸਾਹਿਬ ਸੀ.ਬੀ.ਆਈ. ਦੀ ਜਾਂਚ ਤੋਂ ਕਿਉਂ ਡਰ ਰਹੇ ਹਨ ?
-: ਗੁਰਿੰਦਰਪਾਲ ਸਿੰਘ ਧਨੌਲਾ 93161 76519

ਨਸ਼ਾ ਇਨਸਾਨੀ ਜਿੰਦਗੀ ਅਤੇ ਮਨੁਖੀ ਆਚਾਰ ਵਿਹਾਰ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਇੱਕ ਨਸ਼ੇੜੀ ਦਾ ਦੀਨ ਈਮਾਨ ਸਿਰਫ ਨਸ਼ਾ ਹੀ ਹੁੰਦਾ ਹੈ। ਉਸ ਵਾਸਤੇ ਇਨਸਾਨੀ ਕਦਰਾਂ ਕੀਮਤਾਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਜਿਹੜੀ ਕੌਮ ਨਸ਼ੇ ਦੀ ਆਦੀ ਹੋ ਜਾਵੇ ਇੱਕ ਦਿਨ ਆਪਣਾ ਵਜੂਦ ਗਵਾ ਬੈਠਦੀ ਹੈ। ਵੱਡੇ ਵੱਡੇ ਰਾਜ ਪ੍ਰਬੰਧ, ਰਹੀਸ ਘਰਾਣੇ, ਨਾਮੀ ਹਸਤੀਆਂ ਇਸ ਨਸ਼ੇ ਦੇ ਸਾਗਰ ਵਿਚ ਲਾਸ਼ਾਂ ਬਣਕੇ ਤੈਰਦੇ ਇਤਿਹਾਸ ਦੇ ਪੰਨਿਆਂ 'ਤੇ ਤੱਕੇ ਜਾ ਸਕਦੇ ਹਨ। ਇਹ ਨਸ਼ਾ ਇੰਨਸਾਨ ਦੀ ਹੋਂਦ ਤੋਂ ਹੀ ਨਾਲ ਨਾਲ ਚੱਲ ਰਿਹਾ ਹੈ। ਪਰ ਜਿਸ ਤਬਾਹੀ ਦੇ ਕੰਢੇ ਅੱਜ ਇਸ ਨਸ਼ੇ ਨੇ ਮਨੁੱਖਤਾ ਨੂੰ ਲਿਆ ਸੁੱਟਿਆ ਹੈ।

ਸ਼ਾਇਦ ਇਹ ਇਤਿਹਾਸ ਵਿਚ ਇੱਕ ਵੱਖਰੀ ਮਿਸਾਲ ਹੀ ਹੋਵੇ। ਨਸ਼ਾ ਕੁਝ ਇਸ ਤਰਾਂ ਹੋਂਦ ਵਿਚ ਆਇਆ ਸੀ ਕਿ ਦਵਾਈ ਵਾਂਗੂੰ ਵਰਤੋਂ ਕਰਕੇ ਇਨਸਾਨੀ ਦਰਦ ਨੂੰ ਕੁਝ ਰਾਹਤ ਦਿਵਾਈ ਜਾ ਸਕੇ। ਪਰ ਅੱਜ ਨਸ਼ਾ ਇੱਕ ਪੀੜਾ ਬਣ ਗਿਆ ਹੈ। ਸ਼ਰਾਬ, ਅਫੀਮ ਭੰਗ, ਪੋਸਤ, ਡੋਡੇ ਅਤੇ ਤੰਬਾਕੂ ਦੇ ਨਾਲ ਨਾਲ ਮੌਜੂਦਾ ਯੁੱਗ ਵਿਚ ਤਾਂ ਇੱਲਤੀ ਮਨੁਖ ਨੇ ਰੋਗਾਂ ਦੀ ਰਾਹਤ ਵਾਸਤੇ ਬਣੀਆਂ ਦਵਾਈਆਂ ਨੂੰ ਨਸ਼ੇ ਵਾਸਤੇ ਵਰਤਣਾ ਸ਼ੁਰੂ ਕਰ ਦਿੱਤਾ ਹੈ।

ਮੈਨੂੰ ਯਾਦ ਹੈ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਸੰਪਾਦਕ ਮਰਹੂਮ ਸ੍ਰੀ ਹਰਭਜਨ ਹਲਵਾਰਵੀ ਜੀ, ਜਿਨਾਂ ਨੇ ਦਾਸ ਨੂੰ ਕਲਮ ਚਲਾਉਣ ਦੀ ਜਾਚ ਸਿਖਾਈ, ਨੇ ਇੱਕ ਵਾਰ ਨਸ਼ੇ ਤੇ ਕੁਝ ਲਿਖਣ ਵਾਸਤੇ ਕਿਹਾ। ਪਰ ਜਦੋਂ ਮੈਂ ਮਹੀਨਾ ਭਰ ਮਿਹਨਤ ਕਰਕੇ ''ਮੇਰਾ ਭਾਰਤ ਮਹਾਨ ਜਿਥੇ ਫੈਂਸੀ ਪੀਂਦੇ ਪਾੜੂ, ਕਿਰਲੀਆਂ ਖਾਣ ਜਵਾਨ'' ਦੇ ਸਿਰਲੇਖ ਹੇਠ ਇੱਕ ਲੇਖ ਲਿਖਕੇ ਹਲਵਾਰਵੀ ਜੀ ਕੋਲ ਲੈਕੇ ਗਿਆ ਤਾਂ ਲੇਖ ਪੜਕੇ, ਮੇਰੀ ਮਿਹਨਤ ਵੇਖਕੇ ਹੈਰਾਨ ਹੋਏ, ਸ਼ਾਬਾਸ਼ ਦਿੱਤੀ ਤੇ ਕਿਹਾ ਕਿ ਐਤਵਾਰ ਨੂੰ ਛਾਪਾਂਗੇ। ਪਰ ਜਦੋਂ ਕਾਫੀ ਦਿਨ ਲੇਖ ਨਾ ਛਪਿਆ ਤਾਂ ਮੈਂ ਫੋਨ ਕਰਕੇ ਪੁਛਿਆ ਕਿ ਹਲਵਾਰਵੀ ਸਾਹਿਬ ਮੇਰਾ ਲੇਖ ਨਹੀਂ ਛਪਿਆ ਦੋ ਐਤਵਾਰ ਲੰਘ ਚੁਕੇ ਹਨ, ਤਾਂ ਉਹਨਾਂ ਕਿਹਾ ਕਿ ਕਿਸੇ ਦਿਨ ਮੇਰੇ ਕੋਲ ਆਓ ਫਿਰ ਦੱਸਾਂਗਾ। ਮੈਂ ਕੁਝ ਦਿਨਾਂ ਬਾਅਦ ਜਦੋਂ ਮਿਲਣ ਗਿਆ ਤਾਂ ਚਾਹ ਦਾ ਕੱਪ ਸਾਂਝਾ ਕਰਦਿਆਂ ਕਹਿਣ ਲੱਗੇ ਤੇਰਾ ਲੇਖ ਬਹੁਤ ਸੋਹਣਾ ਹੈ। ਤੁਸੀ ਬੜੀ ਮਿਹਨਤ ਕੀਤੀ ਹੈ, ਛਪਣ ਦਾ ਪੂਰਾ ਹੱਕ ਰਖਦਾ ਹੈ। ਮੈਂ ਛਾਪਣ ਵਾਸਤੇ ਆਖ ਵੀ ਦਿੱਤਾ ਸੀ। ਪਰ ਜਦੋਂ ਲੇਖ ਨੂੰ ਫਿਰ ਗਹੁ ਨਾਲ ਪੜਿਆ ਤਾਂ ਇੱਕ ਖਿਆਲ ਦਿਮਾਗ ਵਿਚ ਆਇਆ ਕਿ ਤੁਸੀ ਬੜਾ ਤਰੱਦਦ ਕਰਕੇ ਜੋ ਨਸ਼ੇ ਦੀਆਂ ਕਿਸਮਾਂ ਤੇ ਨਸ਼ਾ ਕਰਨ ਦੇ ਤਰੀਕੇ ਲਭੇ ਹਨ। ਜੇ ਕਿਤੇ ਇਹ ਲੇਖ ਛਾਪ ਦਿੱਤਾ ਤਾਂ ਜਿਨਾਂ ਨੂੰ ਨਹੀਂ ਪਤਾ ਸਾਰੇ ਨਵੇ ਤਰੀਕਿਆਂ ਦਾ ਪਤਾ ਲੱਗ ਜਾਵੇਗਾ। ਇਸ ਕਰਕੇ ਬੜੇ ਭਰੇ ਮਨ ਨਾਲ ਤੇਰਾ ਲੇਖ ਨਾ ਛਾਪਣ ਦਾ ਫੈਸਲਾ ਲਿਆ ਹੈ। ਹੱਸਕੇ ਕਹਿਣ ਲੱਗੇ ਤੈਨੂੰ ਪਤਾ ਹੈ ਨਾਂ ਮੈਂ ਵੀ ਹਾਲੇ ਤੱਕ ਸ਼ਰਾਬ ਦੇ ਚੁੰਗਲ ਵਿਚੋਂ ਨਿਕਲ ਨਹੀਂ ਸਕਿਆ ਮੈਨੂੰ ਵੀ ਬੜੀ ਸ਼ਰਮ ਆਈ ਹੈ ਤੇਰਾ ਲੇਖ ਪੜਕੇ । ਉਸ ਵੇਲੇ ਮੈਨੂੰ ਵਕਤੀ ਤੌਰ 'ਤੇ ਮਨ ਵਿਚ ਕੁਝ ਨਿਰਾਸ਼ਤਾ ਜਰੂਰ ਹੋਈ। ਪਰ ਹਲਵਾਰਵੀ ਜੀ ਦੇ ਅਪਣੱਤ ਭਰੇ ਬੋਲ ਅਤੇ ਜਵਾਨੀ ਦੀਵਾਨੀ ਦੇ ਭਵਿਖ ਦੀ ਚਿੰਤਾ ਨੇ ਦਿਲ ਥਾਏਂ ਕਰ ਦਿੱਤਾ ਸੀ।

ਅੱਜ ਜਦੋਂ ਨਸ਼ੇ ਦੀ ਤਸਕਰੀ ਬਾਰੇ ਬੜਾ ਤੁਫਾਨ ਉਠਿਆ ਹੋਇਆ ਹੈ ਤਾਂ ਮੈਨੂੰ ਉਸ ਰੰਗਲੇ ਸੱਜਣ ਹਲਵਾਰਵੀ ਜੀ ਦੀਆਂ ਆਖੀਆਂ ਕੁਝ ਸਚਾਈਆਂ ਚੇਤੇ ਆਈਆਂ। ਉਹਨਾਂ ਦਾ ਕਹਿਣਾ ਸੀ ਇਹ ਨਸ਼ਾ ਕੁਝ ਸਾਲਾਂ ਬਾਅਦ ਮਹਾਂ ਪਰਲੋਂ ਦਾ ਰੂਪ ਧਾਰਨ ਕਰ ਜਾਵੇਗਾ ਤੇ ਸਾਡੀ ਬੜੀ ਬਰਬਾਦੀ ਹੋਵੇਗੀ। ਇਹ ਏਡਾ ਵੱਡਾ ਵਿਉਪਾਰ ਬਣ ਜਾਵੇਗਾ ਕਿ ਵੱਡੇ ਵੱਡੇ ਲੋਕ ਨਸ਼ੇ ਦੇ ਧੰਦੇ ਵਿਚ ਮਸ਼ਰੂਫ ਹੋ ਜਾਣਗੇ। ਪਿਛਲੇ ਕੁਝ ਦਿਨਾਂ ਤੋਂ ਜਦੋਂ ਪੰਜਾਬ ਵਿਚਲੀ ਸਭ ਤੋਂ ਵੱਡੀ ਨਸ਼ਾ ਤਸਕਰੀ ਵਿਚ ਪੰਜਾਬ ਦੀ ਪੰਥਕ ਸਰਕਾਰ ਦੇ ਸਕੇ ਰਿਸ਼ਤੇਦਾਰ ਦਾ ਨਾਮ ਸੁਰਖੀਆਂ ਵਿਚ ਆ ਗਿਆ ਤਾਂ ਮੈਂ ਖਿਆਲ ਹੀ ਖਿਆਲ ਵਿਚ ਇੱਕ ਵਾਰ ਹਲਵਾਰਵੀ ਜੀ ਗੱਲਾਂ ਕੀਤੀਆਂ। ਕੁਝ ਸਰੀਰਕ ਤਕਲੀਫ਼ ਕਰਕੇ ਮੈਂ ਮੰਜੇ ਤੇ ਪਿਆ ਸਾਰਾ ਦਿਨ ਅਖਬਾਰਾਂ ਤੇ ਜਦੋਂ ਨਜਰ ਮਾਰਦਾ ਸੀ ਤਾਂ ਹਰ ਪੰਨੇ ਤੇ ਪੰਜਾਬ ਦੇ ਸ਼ਕਤੀਸ਼ਾਲੀ ਮੰਤਰੀ ਤੇ ਬਾਦਲਾਂ ਦੇ ਸਕੇ ਸੁਤੇਲੇ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਮ ਨਸ਼ਾ ਤਸਕਰੀ ਨਾਲ ਜੁੜਿਆ ਹੋਣ ਦੀਆ ਖਬਰਾਂ ਜਾਂ ਕਿਤੇ ਮਜੀਠੀਆ ਦੀ ਸਫਾਈ ਵਿਚ ਉਘੜ ਦੁਘੜੇ ਬਿਆਨ ਪੜਣ ਨੂੰ ਮਿਲਦੇ ਸਨ। ਕੁਝ ਸੁਹਿਰਦ ਮਿਤਰਾਂ ਅਤੇ ਪੰਥ ਤੇ ਪੰਜਾਬ ਦਰਦੀਆਂ ਨੇ ਫੋਨ ਕਰਕੇ ਕੁਝ ਲਿਖਣ ਵਾਸਤੇ ਹੁਕਮ ਵੀ ਕੀਤੇ ਤੇ ਹਨੋਰੇ ਵੀ ਕੱਸੇ ਕਿ ''ਵੇਖਿਓ ਕਿਤੇ ਬਾਦਲਾਂ ਨਾਲ ਤਾਂ ਨਹੀਂ ਰਲ ਗਏ'' ? ਇਸ ਤਰਾਂ ਅਖੀਰ ਤਬੀਅਤ ਦੀ ਨਾ ਸਾਜੀ ਹੋਣ ਦੇ ਬਾਵਜੂਦ ਵੀ ਪਾਠਕਾਂ ਦੀ ਉਕਸੁਕਤਾ, ਪਿਆਰ ਅਤੇ ਪੰਥਕ ਦਰਦ ਨੇ ਕਲਮ ਚੁੱਕਣ ਵਾਸਤੇ ਬਲ ਦੇ ਦਿੱਤਾ। ਪਰ ਕੁਝ ਲਿਖਣ ਲੱਗਿਆਂ, ਅਮਲੀ ਦੀ ਲਾਸ਼ ਨੂੰ ਹਥ ਪਾਉਣ ਵਾਂਗੂੰ ਮੈਂ ਬਹੁਤ ਸੋਚਿਆ ਕਿ ਕਿਥੋਂ ਸ਼ੁਰੂ ਕਰਾਂ? ਕੁਝ ਲੋਕਾਂ ਨੇ ਤਾਂ ਇਹ ਕਹਿਣਾ ਹੈ ਕਿ ਲਓ ਜੀ ਧਨੌਲੇ ਦਾ ਤਾਂ ਕੰਮ ਹੀ ਹੈ ਬਾਦਲ ਸਾਹਿਬ ਜਾਂ ਬਾਦਲ ਦਲ ਦੇ ਖਿਲਾਫ਼ ਲਿਖਣਾ ? ਪਰ ਯਕੀਨ ਕਰਿਓ ਨਸ਼ੇ ਦੇ ਮਾਮਲੇ ਵਿਚ ਮੈਂ ਕੋਈ ਸਿਆਸੀ ਲਾਹਾ ਨਹੀਂ ਲੈਣਾ ਚਾਹੁੰਦਾ, ਕਿਉਕਿ ਇਥੇ ਮੇਰੀ ਕੌਮ, ਮੇਰੇ ਬਜ਼ੁਰਗਾਂ ਦੀ ਸਰ ਜਮੀਨ, ਬਾਬੇ ਨਾਨਕ ਦੀ ਪੰਥਕ ਵਸੀਅਤ ਅਤੇ ਮੇਰੀ ਧਰਤੀ ਦੇ ਵਸਿੰਦਿਆਂ ਦੇ ਭਵਿਖ ਦਾ ਸਵਾਲ ਹੈ। ਹਮੇਸ਼ਾ ਦੀ ਤਰਾਂ ਉਂਨੀਂ ਨੂੰ ਇੱਕੀ ਨਹੀਂ ਸਗੋ ਬਹੁਤ ਸੰਕੋਚਵੇ ਲਫਜਾਂ ਵਿਚ ਲਿਖਣ ਦਾ ਯਤਨ ਕੀਤਾ ਹੈ।

ਬੀਤੇ ਦਾ ਰੁਸਤਮੇਂ ਹਿੰਦ, ਪੰਜਾਬ ਪੁਲਿਸ ਦਾ ਡੀ. ਐਸ. ਪੀ. ਅਤੇ ਅੱਜ ਦਾ ਸਭ ਤੋਂ ਵੱਡਾ ਨਸ਼ਾ ਤਸਕਰ ਭੋਲੇ ਵੱਲੋਂ ਕੀਤਾ ਗਿਆ ਖੁਲਾਸਾ ਵੱਡੀ ਚਿੰਤਾ ਦਾ ਵਿਸ਼ਾ ਹੈ। ਬੇਸ਼ੱਕ ਪੰਜਾਬ ਦੀ ਹਾਕਮ ਪਾਰਟੀ ਭੋਲੇ ਦੇ ਬਿਆਨਾਂ ਨੂੰ ਸ਼ਰਾਰਤ ਕਹਿ ਰਹੀ ਹੈ ਤੇ ਸੂਬਾ ਪੁਲਿਸ ਮੁਖੀ ਨੇ ਅਜਿਹੀ ਬਿਆਨ ਬਾਜ਼ੀ ਨੂੰ ਜਾਂਚ ਵਿਚ ਵਿਘਨ ਪਾਉਣ ਜਾਂ ਪੜਤਾਲ ਨੂੰ ਲੀਹੋਂ ਲਾਹੁਣ ਵਾਲੀ ਦੱਸਿਆ ਹੈ। ਬਾਦਲ ਵਿਰੋਧੀ ਵੀ ਰੋਜ਼ ਖੌਰੂ ਪੱਟੀ ਜਾ ਰਹੇ ਹਨ ਕਿ ਇਸਦੀ ਉਚ ਪਧਰੀ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਵਿਧਾਨ ਸਭਾ ਵਿਚਲੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਤਾਂ ਗਵਰਨਰ ਪੰਜਾਬ ਨੂੰ ਮਿਲਕੇ ਇਸ ਕਾਂਡ ਦੀ ਸੀ. ਬੀ. ਆਈ. ਤੋਂ ਜਾਂਚ ਕਰਵਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਦੀ ਬ੍ਰਖਾਸਦਗੀ ਵੀ ਮੰਗੀ ਹੈ। ਪੰਜਾਬ ਪੁਲਿਸ ਦੇ ਹੀ ਇੱਕ ਸੇਵਾ ਮੁਕਤ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਵੀ ਕਿਹਾ ਹੈ ਕਿ ਉਹਨਾਂ ਪਾਸ ਠੋਸ ਸਬੂਤ ਹਨ ਕਿ ਪੰਜਾਬ ਦੇ ਕੁਝ ਵੱਡੇ ਸਿਆਸਤਦਾਨ ਤੇ ਪੁਲਿਸ ਦੇ ਆਲਾ ਅਫਸਰ ਸਿਧੇ ਤੌਰ 'ਤੇ ਨਸ਼ਾ ਤਸਕਰੀ ਵਿਚ ਸ਼ਾਮਲ ਹਨ ਤੇ ਉਹਨਾਂ ਨੇ ਬੜੀ ਜਿੰਮੇਵਾਰੀ ਨਾਲ ਕਿਹਾ ਹੈ ਕਿ ਓਹ ਇਹ ਸਭ ਕੁਝ ਉੱਚ ਅਦਾਲਤ ਵਿਚ ਨੰਗਾ ਕਰ ਦੇਣਗੇ। ਇੰਨਾਂ ਸਭ ਗੱਲਾਂ ਨਾਲ ਇੱਕ ਤਾਂ ਸਾਬਤ ਹੋ ਗਿਆ ਹੈ ਕਿ ਇਸ ਪਿੱਛੇ ਬਹੁਤ ਕੁਝ ਲੁਕਿਆ ਹੋਇਆ ਹੈ। ਇਥੇ ਨਾ ਤਾ ਬੇਲੋੜੀ ਕਿਸੇ ਦੇ ਆਲੋਚਨਾ ਚੰਗੀ ਹੈ ਤੇ ਨਾ ਹੀ ਇਸ ਪਾਸਿਓਂ ਟਾਲਾ ਵੱਟਣਾ ਬਿਹਤਰ ਹੋਵੇਗਾ ਕਿਉਂਕਿ ਇਹ ਇੱਕ ਬਹੁਤ ਗੰਭੀਰ ਮਸਲਾ ਹੈ। ਇਸ ਦਾ ਸਬੰਧ ਕਿਸੇ ਖਾਸ ਜਾਤੀ ਜਾਂ ਇਲਾਕੇ ਨਾਲ ਜਾਂ ਕਿਸੇ ਵਿਸ਼ੇਸ਼ ਘਰਾਣੇ ਨਾਲ ਨਹੀਂ ਹੈ। ਸਗੋਂ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਭਵਿਖ ਦਾ ਮਾਮਲਾ ਹੈ। ਇਸ ਉਪਰ ਰਾਜਨੀਤੀ ਕਰਨੀ ਵੱਡਾ ਪਾਪ ਹੈ। ਪਰ ਇਸ ਪਾਪ ਨੂੰ ਛੁਪਾਉਣਾ ਵੀ ਬਜਰ ਗੁਨਾਹ ਹੋਵੇਗਾ। ਪੰਜਾਬ ਪੁਲਿਸ ਵਿਚ ਵੀ ਬਹੁਤ ਸਾਰੇ ਇਮਾਨਦਾਰ ਤੇ ਇਨਸਾਫ਼ ਕਰਨ ਵਾਲੇ ਅਫਸਰ ਹਨ। ਪਰ ਨਾਲ ਨਾਲ ਨਖਿੱਧ ਤੇ ਚਾਪਲੂਸ ਅਫਸਰਾਂ ਦੀ ਵੀ ਕੋਈ ਕਮੀ ਨਹੀਂ ਹੈ ਤੇ ਇਸ ਵਿਚ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਰਾਜਨੀਤੀ ਕਾਰਜਸ਼ੀਲ ਤੇ ਇਮਾਦਾਰ ਅਫਸਰਾਂ ਨੂੰ ਖੁੱਡੇ ਲਾਈਨ ਲਾਕੇ ਰੱਖਦੀ ਹੈ ਤੇ ਅਜਿਹੇ ਅਫਸਰਾਂ ਦੇ ਸਿਰ ਤੇ ਰੋਜ਼ ਬਦਲੀ ਦਾ ਕੁਹਾੜਾ ਲਟਕਦਾ ਦਿਖਾਈ ਦਿੰਦਾ ਹੈ ਜਾਂ ਉਹਨਾਂ ਦਾ ਅਧਿਕਾਰ ਖੇਤਰ ਸੀਮਤ ਕਰ ਦਿੱਤਾ ਜਾਂਦਾ ਹੈ ਤੇ ਕਲਮ ਤੇ ਹੁਕਮਾਂ ਦੀ ਲਗਾਮ ਕੱਸ ਦਿੱਤੀ ਜਾਂਦੀ ਹੈ। ਪੁਲਿਸ ਵੀ ਬਹੁਤੀ ਵਾਰ ਓਹੀ ਬੋਲਦੀ ਹੈ ਜੋ ਰਾਜਨੀਤੀ ਜਾਂ ਸਮੇਂ ਦੀ ਸਰਕਾਰ ਬੁਲਾਉਂਦੀ ਹੈ।

ਥੋੜੇ ਮਹੀਨਿਆਂ ਦੀ ਗੱਲ ਹੈ ਕਿ ਤਰਨਤਾਰਨ ਸਾਹਿਬ ਜਿਲੇ ਨਾਲ ਸੰਬਧਤ ਇੱਕ ਸਬ ਇੰਸਪੈਕਟਰ ਨੇ ਖੁਲਾਸਾ ਕੀਤਾ ਸੀ ਕਿ ਆਪਣੇ ਸੀਨੀਅਰ ਅਧਿਕਾਰੀਆਂ ਦੇ ਕਹਿਣ ਤੇ ਉਸਨੇ 83 ਬੇ ਗੁਨਾਹ ਸਿਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਮਾਰ ਮੁਕਾਇਆ ਸੀ। ਪਰ ਉਸ ਵੇਲੇ ਤਾਂ ਪੁਲਿਸ ਦੇ ਬਿਆਨ ਇਹ ਸਨ ਕਿ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਖਤਰਨਾਕ ਅੱਤਵਾਦੀ ਮਾਰੇ ਗਏ ਹਨ। ਹੁਣ ਕਿਸਨੂੰ ਠੀਕ ਮੰਨੀਏ ਓਦੋਂ ਦੇ ਬਿਆਨਾਂ ਨੂੰ ਜਾਂ ਅੱਜ ਸਿਰ ਚੜਕੇ ਬੋਲੇ ਸਚ ਨੂੰ ?

ਇੱਕ ਗੱਲ ਬੜੀ ਸਪਸ਼ਟ ਹੈ ਕਿ ਕੋਈ ਵੀ ਵੱਡੀ ਘਟਨਾ ਰਾਜਨੀਤੀ, ਪੁਲਿਸ ਅਤੇ ਗੁੰਡਿਆਂ ਦੇ ਸੁਮੇਲ ਬਿਨਾ ਅੰਜਾਮ ਤੇ ਨਹੀਂ ਪਹੁਚਦੀ। ਅੱਜ ਜਦੋਂ ਦੋਸ਼ੀ ਕਹਿ ਰਹੇ ਹਨ ਕਿ ਸਾਡੇ ਨਾਲ ਕੁਝ ਬਾ ਰਸੂਖ਼ ਲੋਕ ਹਮ ਜੁਰਮ ਹਨ ਅਤੇ ਇੱਕ ਸੇਵਾ ਮੁਕਤ ਡੀ.ਜੀ.ਪੀ. ਅਧਿਕਾਰੀ ਹਿੱਕ ਥਾਪੜ ਰਿਹਾ ਹੋਵੇ ਕਿ ਕੁਝ ਰਾਜਨੀਤੀਵਾਨ ਤੇ ਉਚਕੋਟੀ ਦੇ ਪੁਲਸੀਏ ਇਸ ਨਸ਼ਾ ਤਸਕਰੀ ਵਿਚ ਕਿਸੇ ਨਾ ਕਿਸੇ ਢੰਗ ਨਾਲ ਸਿਧੇ ਤੌਰ ਤੇ ਸ਼ਾਮਲ ਹਨ ਤਾਂ ਫਿਰ ਇਸ ਗੱਲ ਨੂੰ ਮੁਢੋਂ ਰੱਦ ਨਹੀਂ ਕੀਤਾ ਜਾ ਸਕਦਾ। ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਕਿਸੇ ਤੇ ਦੋਸ਼ ਲਾਵੇ ਤੇ ਦੋਸ਼ ਵੀ ਜਿੱਡਾ ਮਰਜ਼ੀ ਵੱਡਾ ਹੋਵੇ। ਪਰ ਜਾਂਚ ਤੋਂ ਭੱਜਣਾ ਇਸਤੋਂ ਲਖਾਂ ਗੁਣਾਂ ਵਧੇਰੇ ਮਾੜਾ ਹੁੰਦਾ ਹੈ। ਇਥੇ ਮਸਲਾ ਇਹ ਨਹੀਂ ਕਿ ਅੱਜ ਸੁਖਬੀਰ ਸਿੰਘ ਬਾਦਲ ਦੇ ਸਾਲੇ ਜਾਂ ਪੰਜਾਬ ਦੇ ਕੈਬਨਿਟ ਵਜ਼ੀਰ ਦਾ ਨਾਮ ਆਉਂਦਾ ਹੈ। ਮਸਲਾ ਗੰਦੀ ਰਾਜਨੀਤੀ,ਪੁਲਿਸ ਅਤੇ ਤਸਕਰਾਂ ਵਿਚਲੇ ਗੂੜੇ ਤਾਲ ਮੇਲ ਦਾ ਹੈ ਜੋ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ। ਜੇ ਮਜੀਠੀਆ ਦੋਸ਼ੀ ਨਹੀਂ ਜਾਂ ਉਸਦੇ ਅੰਦਰ ਕੋਈ ਪਾਲਾ ਨਹੀਂ ਫਿਰ ਜਾਂਚ ਤੋਂ ਭੱਜਣ ਦੀ ਕਿ ਲੋੜ ਹੈ। ਸਗੋਂ ਖੁਦ ਜਾਂਚ ਸੀ.ਬੀ.ਆਈ. ਨੂੰ ਦੇਕੇ ਪੰਜਾਬ ਦੇ ਦੁਸ਼ਮਨਾਂ ਨੂੰ ਨੰਗੇ ਕਰਨਾ ਚਾਹੀਦਾ ਹੈ।

ਪਰ ਇਥੇ ਤਾਂ ਬਾਦਲ ਨੇ ਸਾਰੇ ਵਰਕਰਾਂ ਨੂੰ ਮਜੀਠੀਏ ਦੇ ਹੱਕ ਵਿਚ ਬਿਆਨ ਦੇਣ ਵਾਸਤੇ ਸਖਤ ਡਿਉਟੀਆਂ ਲਾ ਰੱਖੀਆਂ ਹਨ। ਮੈਂ ਕੈਮਿਸਟ ਦੀ ਦੁਕਾਨ ਦੇ ਦਵਾਈ ਲੈਣ ਵਾਸਤੇ ਗਿਆ ਤਾਂ ਇੱਕ ਜਥੇਦਾਰ ਨੇ ਮੈਨੂੰ ਖੁਦ ਕਿਹਾ ਜਥੇਦਾਰ ਜੀ ਕੀਹ ਕਰੀਏ ਸਾਡਾ ਵੀ ਕੋਈ ਹਾਲ ਨਹੀਂ, ਹੁਣ ਉਪਰੋਂ ਹੁਕਮ ਆ ਰਹੇ ਹਨ ਕਿ ਮਜੀਠੀਏ ਦੇ ਹੱਕ ਵਿਚ ਬਿਆਨ ਦਿਓ। ਅਸੀਂ ਕੀ ਕਰੀਏ ਗਾਤਰੇ ਪਾਕੇ ਝੂਠ ਕਿਵੇ ਬੋਲੀਏ? ਸਾਨੂੰ ਕੀ ਪਤਾ ਮਜੀਠੀਆ ਨਸ਼ੇ ਨਾਲ ਕੋਈ ਸੰਬਧ ਰਖਦਾ ਹੈ ਜਾਂ ਨਹੀਂ? ਇਸ ਗੱਲ ਨਾਲ ਸਾਬਤ ਹੋ ਰਿਹਾ ਹੈ ਕਿ ਦਾਲ ਵਿਚ ਕੁਝ ਕਾਲਾ ਜਰੁਰ ਹੈ? ਉਂਝ ਇਹ ਨਸ਼ੇ ਦਾ ਮਸਲਾ ਸਿਰਫ ਇੱਕ ਸੂਬੇ ਦਾ ਨਹੀਂ। ਇਹ ਦੁਨੀਆਂ ਨਾਲ ਜੁੜਿਆ ਹੋਇਆ ਹੈ। ਇਸ ਦੀਆਂ ਜੜਾਂ ਤੱਕ ਜਾਣ ਵਾਸਤੇ ਸਿਰਫ ਸੀ.ਬੀ.ਆਈ. ਹੀ ਨਹੀਂ ਸਗੋਂ ਇੰਟਰਪੋਲ ਦੀ ਮਦਦ ਦੀ ਵੀ ਲੋੜ ਹੁੰਦੀ ਹੈ ਤੇ ਭਾਰਤੀ ਕਨੂੰਨ ਅਨੁਸਾਰ ਸੀ.ਬੀ.ਆਈ. ਹੀ ਇੱਕ ਅਜਿਹੀ ਜਾਂਚ ਏਜੰਸੀ ਹੈ, ਜੋ ਇੰਟਰਪੋਲ ਨਾਲ ਤਾਲ ਮੇਲ ਕਰ ਸਕਦੀ ਹੈ। ਸੋ ਬਾਦਲ ਸਾਹਿਬ ਅਗਰ ਫ਼ਰਾਖ ਦਿਲੀ ਦਿਖਾਉਣ ਤੇ ਮਜੀਠੀਆ ਜੀ ਖੁਦ ਮੰਤਰੀ ਪਦ ਤਿਆਗਕੇ ਜਾਂਚ ਵਿਚ ਸ਼ਾਮਲ ਹੋਣ ਵਾਸਤੇ ਅੱਗੇ ਆਉਣ ਤਾਂ ਬੜੀ ਸੋਭਾ ਮਿਲੇਗੀ? ਜੇ ਕਿਤੇ ਕੇਂਦਰ ਸਰਕਾਰ ਜਾਂ ਕਿਸੇ ਉੱਚ ਅਦਾਲਤ ਨੇ ਇਹ ਜਾਂਚ ਸੀ.ਬੀ.ਆਈ. ਨੂੰ ਦੇ ਦਿੱਤੀ ਫਿਰ ਵੀ ਤਾਂ ਭਾਣਾ ਮੰਨਣਾ ਹੀ ਹੋਵੇਗਾ ? ਇਹ ਗੱਲ ਬਾਅਦ ਦੀ ਹੈ ਕਿ ਦੋਸ਼ ਸਾਬਤ ਹੁੰਦੇ ਹਨ ਜਾਂ ਨਹੀਂ। ਜੇ ਅੰਦਰ ਕੁਝ ਛੁਪਿਆ ਨਹੀਂ, ਫਿਰ ਡਰ ਕਿਸ ਚੀਜ ਦਾ ਹੈ। ਸਗੋਂ ਜਾਂਚ ਪੂਰੀ ਹੋਣ 'ਤੇ ਜਦੋਂ ਕਲੀਨ ਚਿਟ ਮਿਲੇਗੀ ਤੇ ਕੁਝ ਸਾਬਤ ਨਾ ਹੋਇਆ ਤਾਂ ਫਿਰ ਸਿਰ ਉਚਾ ਹੋਵੇਗਾ। ਸਾਰੀਆਂ ਰਾਜਨੀਤਿਕ ਧਿਰਾਂ ਵੀ ਸੰਜਮ ਤੋਂ ਕੰਮ ਲੈਣ ਇਹ ਰੋਟੀਆਂ ਸੇਕਣ ਦਾ ਵੇਲਾ ਨਹੀਂ, ਜਾਂ ਬਾਦਲ ਪਰਿਵਾਰ ਨਾਲ ਕਿੜਾਂ ਕਢਣ ਦਾ ਮੌਕਾ ਨਹੀਂ। ਸਗੋਂ ਸਾਰਥਿਕ ਪਹੁੰਚ ਅਪਣਾਕੇ ਪੰਜਾਬ ਦੇ ਗਲੋਂ ਨਸ਼ੇ ਦਾ ਫੰਦਾ ਲਾਹੁਣ ਅਤੇ ਨਸ਼ੇ ਦੇ ਅਸਲੀ ਸੌਦਾਗਰਾਂ ਨੂੰ ਨੰਗੇ ਕਰਕੇ ਕਾਨੂੰਨੀ ਸਿਕੰਜੇ ਵਿਚ ਲਿਆਉਣ ਦਾ ਵੇਲਾ ਹੈ।

ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਮਜੀਠੀਏ ਦੇ ਹੀ ਨਹੀਂ ਸਗੋਂ ਬਾਦਲ ਪਰਿਵਾਰ ਦੇ ਵੱਡੇ ਆਲੋਚਕ ਸਨ। ਪਰ ਓਹ ਸਿਰਫ ਇਸ ਕਰਕੇ ਬਾਦਲ ਪੱਖੀ ਬੋਲੀ ਬੋਲ ਰਹੇ ਹਨ ਕਿਉਂਕਿ ਕਾਂਗਰਸ ਦਾ ਪ੍ਰਧਾਨ ਉਹਨਾਂ ਦੀ ਮਰਜ਼ੀ ਦਾ ਨਹੀਂ ਹੈ। ਇਥੇ ਸਿਆਸਤ ਇੰਨੀ ਨੀਵੀਂ ਨਹੀਂ ਹੋਣੀ ਚਾਹੀਦੀ ਕਿ ਸਚ ਦਾ ਗਲਾ ਹੀ ਘੁੱਟ ਦਿੱਤਾ ਜਾਵੇ। ਸਿਰਫ ਮਜੀਠੀਏ ਦਾ ਨਾਮ ਵਿਚ ਆਉਂਦਾ ਵੇਖਕੇ ਜਾਂਚ ਤੋਂ ਭੱਜਣਾ ਕੋਈ ਦੇਸ਼ ਜਾਂ ਕੌਮ ਪ੍ਰਸਤੀ ਨਹੀਂ ਹੋ ਸਕਦੀ। ਠੀਕ ਹੈ ਬਾਦਲ ਪਰਿਵਾਰ ਨੂੰ ਜਾਂ ਬਾਦਲ ਦਲ ਨੂੰ ਮਜੀਠੀਏ ਨਾਲ ਹਮਦਰਦੀ ਹੈ। ਪਰ ਇਸਦੀ ਆੜ ਹੇਠ ਵੱਡੇ ਵੱਡੇ ਨਸ਼ਾ ਅਜਗਰ ਵੀ ਬਚ ਜਾਣਗੇ। ਅੱਜ ਸਾਰੀਆਂ ਪੰਥਿਕ ਧਿਰਾਂ, ਪੰਜਾਬ ਪ੍ਰਸਤਾਂ ਅਤੇ ਨਸ਼ਾ ਵਿਰੋਧੀ ਲੋਕਾਂ ਨੂੰ ਇੱਕ ਅਵਾਜ਼ ਹੋਕੇ ਇਸ ਨਸ਼ਾ ਤਸਕਰੀ ਦੀ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕਰਨੀ ਚਾਹੀਦੀ ਹੈ। ਇਥੇ ਸਿਆਸਤ ਨਹੀਂ ਸਗੋਂ ਇੱਕ ਸੁੱਧ ਭਾਵਨਾ ਨਾਲ ਕੰਮ ਕਰਨ ਦੀ ਲੋੜ ਹੈ। ਨਹੀਂ ਤਾਂ ਇਹ ਨਸ਼ਿਆਂ ਦੇ ਸੌਦਾਗਰ ਸਾਫ਼ ਬਚਕੇ ਨਿਕਲ ਜਾਣਗੇ? ਭੋਲੇ ਦੇ ਬਿਆਨਾਂ ਤੇ ਕਿਸੇ ਨੇ ਬਹੁਤਾ ਯਕੀਨ ਨਹੀਂ ਕੀਤਾ ਸੀ? ਲੋਕ ਇਹ ਸਮਝਦੇ ਸਨ ਕਿ ਸ਼ਾਇਦ ਦੋਸ਼ੀ ਸਜਾ ਤੋਂ ਬਚਣ ਵਾਸਤੇ ਅਜਿਹੇ ਬਿਆਨ ਦੇ ਰਹੇ ਹਨ। ਪਰ ਜਦੋਂ ਬਾਦਲ ਦਲ ਨੇ ਸਾਰੇ ਜਿਲਿਆਂ ਵਿਚ ਮਜੀਠੀਏ ਦੇ ਹੱਕ ਵਿਚ ਬਿਆਨਬਾਜ਼ੀ ਕਰਵਾਉਣ ਅਤੇ ਪੰਜਾਬ ਪੁਲਿਸ ਰਾਹੀ ਚੰੜੀਗੜ ਆਕੇ ਡੀ.ਜੀ.ਪੀ. ਸ਼ਸ਼ੀ ਕਾਂਤ ਨੂੰ ਭੈ ਭੀਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਸਮੇਂ ਤੋਂ ਸ਼ੱਕ ਦੀ ਸੂਈ ਮਜੀਠੀਏ ਦੇ ਨਾਮ ਤੇ ਆਕੇ ਰੁਕਣ ਲੱਗ ਪਈ ਹੈ।

ਹੁਣ ਤਾਂ ਜਰੂਰੀ ਹੋ ਗਿਆ ਹੈ ਕਿ ਇਸ ਸਭ ਕਾਸੇ ਦੀ ਨਿਰਪੱਖ ਜਾਂਚ ਸੀ.ਬੀ.ਆਈ. ਹੀ ਕਰੇ, ਤਾਂ ਕਿ ਸਾਡੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਦੁਸ਼ਮਨਾਂ ਦੀ ਸੰਘੀ ਫੜੀ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top