Share on Facebook

Main News Page

ਰਾਮਦਾਸ ਸਰੋਵਰਿ ਨਾਤੇ
-:
ਜਸਬੀਰ ਸਿੰਘ ਵੈਨਕੂਵਰ

ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ/ਨਾਮ ਨੂੰ ਤੀਰਥ ਆਖਿਆ ਹੈ। ਇਸ ਤੀਰਥ ਵਿੱਚ ਇਸ਼ਨਾਨ ਕਰਨ ਨਾਲ ਹੀ ਮਨੁੱਖ ਦਾ ਮਨ ਪਵਿੱਤਰ ਹੁੰਦਾ ਹੈ। ਗੁਰੂ ਤੀਰਥ ਵਿੱਚ ਇਸ਼ਨਾਨ ਤੋਂ ਭਾਵ ਹੈ, ਸਤਿਗੁਰੂ ਦੇ ਗਿਆਨ/ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਕੇ, ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਕਰ ਲੈਣਾ; ਆਪਣੀ ਮੱਤ ਦਾ ਤਿਆਗ ਕਰਕੇ ਗੁਰੂ ਦੀ ਮੱਤ ਧਾਰਨ ਕਰਨੀ।

ਹਜ਼ੂਰ ਇਸ ਸਬੰਧੀ ਚਰਚਾ ਕਰਦਿਆਂ ਹੋਇਆਂ ਫ਼ਰਮਾਉਂਦੇ ਹਨ: ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ॥ (ਪੰਨਾ 250) ਅਰਥ: ਗੁਰੂ (ਸੱਚਾ) ਤੀਰਥ ਹੈ, ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਦੇ ਗਿਆਨ (-ਜਲ) ਦਾ ਇਸ਼ਨਾਨ (ਹੋਰ ਸਾਰੇ ਤੀਰਥਾਂ ਦੇ ਇਸ਼ਨਾਨ ਨਾਲੋਂ) ਬਹੁਤ ਹੀ ਸ੍ਰੇਸ਼ਟ ਹੈ।

ਇਸ ਇਸ਼ਨਾਨ ਦਾ ਸਰੂਪ ਬਿਆਨ ਕਰਦਿਆਂ ਆਖਿਆ ਹੈ: ਸਾਚਾ ਨਾਵਣੁ ਗੁਰ ਕੀ ਸੇਵਾ॥ (ਪੰਨਾ 484) ਅਰਥ: ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਇਸ ਗੁਰੂ ਤੀਰਥ ਦੇ ਤੁੱਲ ਕਿਸੇ ਹੋਰ ਤੀਰਥ ਨੂੰ ਨਹੀਂ ਮੰਨਿਆ ਗਿਆ ਹੈ; ਗੁਰ ਹੀ ਸਭ ਤੋਂ ਸ੍ਰੇਸਟ/ਉੱਤਮ ਤੀਰਥ ਹੈ: ਗੁਰ ਸਮਾਨਿ ਤੀਰਥੁ ਨਹੀ ਕੋਇ॥ ਸਰੁ ਸੰਤੋਖੁ ਤਾਸੁ ਗੁਰੁ ਹੋਇ॥ 1॥ ਰਹਾਉ॥ ਅਰਥ: ਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ। ਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ। 1. ਰਹਾਉ।

 

ਇਸ ਤੀਰਥ ਦੇ ਜਲ ਦਾ ਰੂਪ ਵਰਣਨ ਕਰਦਿਆਂ ਹਜ਼ੂਰ ਕਹਿੰਦੇ ਹਨ: ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ॥ ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸ+ ਖੋਜਿ ਲਹੈ॥ 1॥ ਅਰਥ: (ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿੱਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ। ਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ। 1.

ਇਸ ਗੁਰੂ ਤੀਰਥ ਵਿੱਚ ਇਸ਼ਨਾਨ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਇਸ਼ਨਾਨ ਕਰਨ ਨਾਲ ਮਨੁੱਖ ਪਸ਼ੂ, ਪਰੇਤ ਆਦਿ ਤੋਂ ਦੇਵਤਾ ਅਥਵਾ ਗੁਰਮੁਖ ਬਣ ਜਾਂਦਾ ਹੈ। ਚੂੰਕਿ ਮਨ ਦੀ ਮੈਲ ਇਸ ਤੀਰਥ ਵਿੱਚ ਇਸ਼ਨਾਨ ਕਰਨ ਨਾਲ ਹੀ ਲਹਿੰਦੀ ਹੈ, ਇਸ ਲਈ ਸਰੀਰਕ ਇਸ਼ਨਾਨ ਨਾਲ ਅੰਦਰਲੀ ਮੈਲ ਲਹਿਣ ਵਾਲੀ ਧਾਰਨਾ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੁੱਢੋਂ ਹੀ ਰੱਦ ਕਰ ਦਿੱਤਾ ਹੈ: ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ॥ (ਪੰਨਾ 484) ਅਰਥ: ਪਾਣੀ ਵਿੱਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿੱਚ ਪਏ ਰਹਿੰਦੇ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਇਸ ਗੱਲ ਦਾ ਸਪਸ਼ਟ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਕਿ ਸਰੀਰਕ ਇਸ਼ਨਾਨ ਨਾਲ ਮਨ ਦੀ ਮੈਲ ਨਹੀਂ ਲੈਂਦੀ, ਪਰ ਫਿਰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕੁਛ ਸ਼ਬਦਾਂ ਦਾ ਭਾਵ ਅਰਥ ਨਾ ਸਮਝਣ ਕਾਰਨ ਇਹ ਪ੍ਰਚਾਰਿਆ ਜਾਂਦਾ ਹੈ ਕਿ ਇਨ੍ਹਾਂ ਸ਼ਬਦਾਂ ਵਿੱਚ ਸਰੀਰਕ ਇਸ਼ਨਾਨ ਦਾ ਹੀ ਮਹਾਤਮ ਦਰਸਾਇਆ ਗਿਆ ਹੈ।

ਹਾਂ, ਅਜਿਹਾ ਸਿੱਖ ਜਗਤ ਨਾਲ ਸਬੰਧਤ ਸਥਾਨਾਂ ਬਾਰੇ ਹੀ ਆਖਿਆ ਜਾਂਦਾ ਹੈ (ਖ਼ਾਸ ਤੌਰ `ਤੇ ਸਰੋਵਰਾਂ ਬਾਰੇ), ਅਨਮਤੀ ਸਥਾਨਾਂ, ਸਰੋਵਰਾਂ ਆਦਿ ਬਾਰੇ ਨਹੀਂ। ਅਜਿਹਾ ਕਹਿਣ/ਪ੍ਰਚਾਰਨ ਲਗਿਆਂ ਅਸੀਂ ਗੁਰਮਤਿ ਦਾ ਇਹ ਸਿਧਾਂਤ ਬਿਲਕੁਲ ਹੀ ਅੱਖੋਂ ਪਰੋਖਿਆਂ ਕਰ ਦੇਂਦੇ ਹਾਂ ਜਿਸ ਅਨੁਸਾਰ ਮਨ ਦੀ ਮੈਲ ਕੇਵਲ ਤੇ ਕੇਵਲ ਗੁਰੂ ਦੀ ਮੱਤ ਨੂੰ ਹਿਰਦੇ ਵਿੱਚ ਵਸਾਉਣ ਨਾਲ ਹੀ ਲਹਿੰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਅਜਿਹੇ ਸ਼ਬਦਾਂ `ਚੋਂ, ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਵਿੱਚ ਸਰੀਰਕ ਇਸ਼ਨਾਨ ਦਾ ਮਹਾਤਮ ਦਰਸਾਇਆ ਗਿਆ ਹੈ, ਇਹ ਸ਼ਬਦ: ‘ਰਾਮਦਾਸ ਸਰੋਵਰ ਨਾਤੇ ਸਭਿ ਉਤਰੇ ਪਾਪ ਕਮਾਤੇ’ ਵੀ ਹੈ।

ਇਹ ਸ਼ਬਦ ਸੋਰਠਿ ਰਾਗ ਵਿੱਚ ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਗੁਰੂ ਅਰਜਨ ਸਾਹਿਬ ਦਾ ਉਚਾਰਣ ਕੀਤਾ ਹੋਇਆ ਹੈ। ਇਸ ਸ਼ਬਦ ਦੀਆਂ ਰਹਾਉ ਦੀਆਂ ਪੰਗਤੀਆਂ ਵਿੱਚ ਹਜ਼ੂਰ ਫ਼ਰਮਾਉਂਦੇ ਹਨ: ਸਭਿ ਕੁਸਲ ਖੇਮ ਪ੍ਰਭਿ ਧਾਰੇ॥ ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ॥ ਰਹਾਉ॥ ਅਰਥ: ਹੇ ਭਾਈ! ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ – ਮੰਡਲ ਵਿੱਚ ਟਿਕਾ ਕੇ ਆਤਮਕ ਜੀਵਨ ਦੇ ਸਾਰੇ ਗੁਣ (ਵਿਕਾਰਾਂ ਦੇ ਢਹੇ ਚੜ੍ਹਨ ਤੋਂ) ਠੀਕ – ਠਾਕ ਬਚਾ ਲਏ, ਪ੍ਰਭੂ ਨੇ (ਉਸ ਦੇ ਹਿਰਦੇ ਵਿਚ) ਸਾਰੇ ਆਤਮਕ ਸੁਖ ਆਨੰਦ ਪੈਦਾ ਕਰ ਦਿੱਤੇ।

ਇਨ੍ਹਾਂ ਪੰਗਤੀਆਂ ਦਾ ਵਿਸਥਾਰ ਹੀ ਸ਼ਬਦ ਦੇ ਬਾਕੀ ਦੋ ਬੰਦਾਂ ਵਿੱਚ ਕੀਤਾ ਗਿਆ ਹੈ। ਸ਼ਬਦ ਦੀਆਂ ਪ੍ਰਾਰੰਭਕ ਪੰਗਤੀਆਂ ਹਨ: ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥ ਨਿਰਮਲ ਹੋਏ ਕਰਿ ਇਸਨਾਨਾ॥ ਗੁਰਿ ਪੂਰੈ ਕੀਨੇ ਦਾਨਾ॥ 1॥ ਅਰਥ: ਹੇ ਭਾਈ! ਜੇਹੜੇ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ ਨਾਮ-ਅੰਮ੍ਰਿਤ ਨਾਲ) ਇਸ਼ਨਾਨ ਕਰਦੇ ਹਨ, ਉਹਨਾਂ ਦੇ (ਪਿਛਲੇ) ਕੀਤੇ ਹੋਏ ਸਾਰੇ ਪਾਪ ਲਹਿ ਜਾਂਦੇ ਹਨ। (ਹਰਿ-ਨਾਮ-ਜਲ ਨਾਲ) ਇਸ਼ਨਾਨ ਕਰ ਕੇ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਪਰ ਇਹ ਬਖ਼ਸ਼ਸ਼ ਪੂਰੇ ਗੁਰੂ ਨੇ ਹੀ ਕੀਤੀ ਹੁੰਦੀ ਹੈ।੧।

ਰਹਾਉ ਦੀਆਂ ਪੰਗਤੀਆਂ ਵਿੱਚ ਸਤਿਗੁਰੂ ਜੀ ਨੇ ਆਤਮਕ ਜੀਵਨ ਜਿਊਂਣ ਵਾਲੇ ਮਨੁੱਖ ਨੇ ਆਤਮਕ ਪੂੰਜੀ/ਗੁਣਾਂ `ਚ ਕਿਵੇਂ ਵਾਧਾ ਕੀਤਾ ਹੈ, ਇਸ ਦੇ ਉੱਤਰ ਵਿੱਚ ਕਹਿੰਦੇ ਹਨ ਕਿ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ- ਮੰਡਲ ਵਿੱਚ ਵਸਾ ਕੇ ਭਾਵ ਗੁਰੂ ਦੇ ਸ਼ਬਦ ਅਨੁਸਾਰ ਆਪਣੇ ਜੀਵਨ ਨੂੰ ਢਾਲ ਕੇ ਆਤਮਕ ਜ਼ਿੰਦਗੀ ਜੀਵਨ ਜੀਂਵਿਆਂ। ਇਸ ਖ਼ਿਆਲ ਦਾ ਹੀ ਸ਼ਬਦ ਦੀਆਂ ਪਹਿਲੀਆਂ ਪੰਗਤੀਆਂ ਵਿੱਚ ਵਿਸਥਾਰ ਕਰਦਿਆਂ ਹੋਇਆਂ ਆਪ ਆਖਦੇ ਹਨ ਕਿ ਪੂਰੇ ਗੁਰੂ ਦੀ ਬਖ਼ਸ਼ਿਸ਼ ਕੀਤੀ ਹੋਈ ਜੀਵਨ – ਜੁਗਤੀ ਦੀ ਬਦੌਲਤ ਹੀ ਗੁਰੂ ਅਨੁਸਾਰੀ ਜੀਵਨ ਬਿਤਾਉਣ ਵਾਲੇ ਨੂੰ ਮੰਦ ਕਰਮਾਂ ਦੇ ਸੰਸਕਾਰਾਂ ਤੋਂ ਛੁਟਕਾਰਾ ਮਿਲਿਆ ਹੈ। ਰਾਮਦਾਸ ਸਰੋਵਰ ਤੋਂ ਭਾਵ ਦਰਬਾਰ ਸਾਹਿਬ ਅੰਮ੍ਰਿਤਸਰ ਵਿਚਲੇ ਸਰੋਵਰ ਤੋਂ ਨਹੀਂ ਹੈ। ਰਾਮਦਾਸ ਸਰੋਵਰ ਨਾਤੇ ਤੋਂ ਭਾਵ ਹੈ ਸਾਧ ਸੰਗਤਿ `ਚ ਨਾਮ – ਅੰਮ੍ਰਿਤ ਵਿੱਚ ਇਸ਼ਨਾਨ ਕਰਨ ਨਾਲ। ਅਰਥਾਤ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਉਣ ਨਾਲ। ਸਤਿਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਹੀ ਰਾਮਦਾਸ ਸਰੋਵਰ ਅਥਵਾ ਸਾਧ ਸੰਗਤਿ ਵਿੱਚ ਨਾਮ – ਅੰਮ੍ਰਿਤ ਨਾਲ ਇਸ਼ਨਾਨ ਕਰਨਾ ਹੈ। ਇਸ ਇਸ਼ਨਾਨ ਨਾਲ ਹੀ ਪਾਪ ਲਹਿੰਦੇ ਹਨ। ਪਾਪ ਲਹਿਣ ਤੋਂ ਭਾਵ ਹੈ, ਮਨ ਦਾ ਮੰਦ ਸੰਸਕਾਰ ਤੋਂ ਮੁਕਤ ਹੋਣਾ। ਸੋ, ਖੋਟੀ ਮੱਤ ਮਮਤਾ ਆਦਿ ਤੋਂ ਉੱਪਰ ਉੱਠਣਾ ਹੀ ਪਾਪਾਂ ਦੀ ਮੈਲ ਦਾ ਲਹਿਣਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਨਿਮਨ ਲਿਖਤ ਸ਼ਬਦਾਂ ਨੂੰ ਵਿਚਾਰਿਆਂ ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ:

(ੳ) ਨਿਤਪ੍ਰਤਿ ਨਾਵਣੁ ਰਾਮ ਸਰਿ ਕੀਜੈ॥ ਝੋਲਿ ਮਹਾ ਰਸੁ ਹਰਿ ਅੰਮ੍ਰਿਤੁ ਪੀਜੈ॥ 1॥ ਰਹਾਉ॥ ਨਿਰਮਲ ਉਦਕੁ ਗੋਵਿੰਦ ਕਾ ਨਾਮ॥ ਮਜਨੁ ਕਰਤ ਪੂਰਨ

ਸਭਿ ਕਾਮ॥ 1॥ ਸੰਤਸੰਗਿ ਤਹ ਗੋਸਟਿ ਹੋਇ॥ ਕੋਟਿ ਜਨਮ ਕੇ ਕਿਲਵਿਖ ਖੋਇ॥ 2॥ (ਪੰਨਾ 198) ਅਰਥ: (ਹੇ ਭਾਈ!) ਪਰਮਾਤਮਾ ਦੇ ਨਾਮ-ਸਰ ਵਿੱਚ ਸਦਾ ਹੀ ਇਸ਼ਨਾਨ ਕਰਨਾ ਚਾਹੀਦਾ ਹੈ। (ਪਰਮਾਤਮਾ ਦੇ ਨਾਮ ਦਾ ਰਸ) ਸਭ ਤੋਂ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲੇ ਇਸ ਹਰਿ-ਨਾਮ-ਰਸ ਨੂੰ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ। 1. ਰਹਾਉ।

(ਹੇ ਭਾਈ!) ਪਰਮਾਤਮਾ ਦਾ ਨਾਮ ਪਵਿਤ੍ਰ ਜਲ ਹੈ, (ਇਸ ਜਲ ਵਿਚ) ਇਸ਼ਨਾਨ ਕਰਦਿਆਂ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਸਭ ਵਾਸ਼ਨਾਂ ਮੁੱਕ ਜਾਂਦੀਆਂ ਹਨ)। 1.

(ਹੇ ਭਾਈ!) ਉਥੇ (ਉਸ ਹਰਿ-ਨਾਮ-ਜਲ ਵਿੱਚ ਚੁੱਭੀ ਲਾਂਦਿਆਂ) ਪ੍ਰਭੂ-ਸੰਤ ਨਾਲ ਮਿਲਾਪ ਹੋ ਜਾਂਦਾ ਹੈ (ਤੇ, ਮਨੁੱਖ ਆਪਣੇ) ਕ੍ਰੋੜਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਕਰ ਲੈਂਦਾ ਹੈ। 2.

(ਅ) ਵਿਚਿ ਕਰਤਾ ਪੁਰਖੁ ਖਲੋਆ॥ ਵਾਲੁ ਨ ਵਿੰਗਾ ਹੋਆ॥ ਮਜਨੁ ਗੁਰ ਆਂਦਾ ਰਾਸੇ॥ ਜਪਿ ਹਰਿ ਹਰਿ ਕਿਲਵਿਖ ਨਾਸੇ॥ 1॥ ਸੰਤਹੁ ਰਾਮਦਾਸ ਸਰੋਵਰੁ ਨੀਕਾ॥ ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥ 1॥ ਰਹਾਉ॥ ਜੈ ਜੈ ਕਾਰੁ ਜਗੁ ਗਾਵੈ॥ ਮਨ ਚਿੰਦਿਅੜੇ ਫਲ ਪਾਵੈ॥ ਸਹੀ ਸਲਾਮਤਿ ਨਾਇ ਆਏ॥ ਅਪਣਾ ਪ੍ਰਭੂ ਧਿਆਏ॥ 2॥ ਸੰਤ ਸਰੋਵਰ ਨਾਵੈ॥ ਸੋ ਜਨੁ ਪਰਮ ਗਤਿ ਪਾਵੈ॥ ਮਰੈ ਨ ਆਵੈ ਜਾਈ॥ ਹਰਿ ਹਰਿ ਨਾਮੁ ਧਿਆਈ॥ 3॥ ਇਹੁ ਬ੍ਰਹਮ ਬਿਚਾਰੁ ਸੁ ਜਾਨੈ॥ ਜਿਸੁ ਦਇਆਲੁ ਹੋਇ ਭਗਵਾਨੈ॥ ਬਾਬਾ ਨਾਨਕ ਪ੍ਰਭ ਸਰਣਾਈ॥ ਸਭ ਚਿੰਤਾ ਗਣਤ ਮਿਟਾਈ॥ 4॥ 7॥ 57॥ (623)

ਅਰਥ: ਹੇ ਸੰਤ ਜਨੋ! ਸਾਧ ਸੰਗਤਿ (ਇਕ) ਸੁੰਦਰ (ਅਸਥਾਨ) ਹੈ। ਜੇਹੜਾ ਮਨੁੱਖ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ (ਮਨ ਨੂੰ ਨਾਮ-ਜਲ ਨਾਲ ਪਵਿਤ੍ਰ ਕਰਦਾ ਹੈ), ਉਸ ਦੀ ਜਿੰਦ ਦਾ (ਵਿਕਾਰਾਂ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ, ਉਹ ਆਪਣੀ ਸਾਰੀ ਕੁਲ ਨੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।੧।ਰਹਾਉ।

(ਹੇ ਭਾਈ! ਸਾਧ ਸੰਗਤਿ ਵਿਚ ਜਿਸ ਮਨੁੱਖ ਦਾ) ਆਤਮਕ ਇਸ਼ਨਾਨ ਗੁਰੂ ਨੇ ਸਫਲ ਕਰ ਦਿੱਤਾ, ਉਹ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪ ਜਪ ਕੇ (ਆਪਣੇ ਸਾਰੇ) ਪਾਪ ਨਾਸ ਕਰ ਲੈਂਦਾ ਹੈ। ਸਰਬ-ਵਿਆਪਕ ਕਰਤਾਰ ਆਪ ਉਸ ਦੀ ਸਹੈਤਾ ਕਰਦਾ ਹੈ, (ਉਸ ਦੀ ਆਤਮਕ ਰਾਸਿ-ਪੂੰਜੀ ਦਾ) ਰਤਾ ਭਰ ਭੀ ਨੁਕਸਾਨ ਨਹੀਂ ਹੁੰਦਾ।੧।

ਹੇ ਭਾਈ! (ਜੇਹੜਾ ਮਨੁੱਖ ਰਾਮ ਦੇ ਦਾਸਾਂ ਦੇ ਸਰੋਵਰ ਵਿਚ ਟਿਕ ਕੇ) ਆਪਣੇ ਪਰਮਾਤਮਾ ਦਾ ਆਰਾਧਨ ਕਰਦਾ ਹੈ, (ਉਹ ਮਨੁੱਖ ਇਸ ਸਤਸੰਗ-ਸਰੋਵਰ ਵਿਚ ਆਤਮਕ) ਇਸ਼ਨਾਨ ਕਰ ਕੇ ਆਪਣੀ ਆਤਮਕ ਜੀਵਨ ਦੀ ਰਾਸਿ-ਪੂੰਜੀ ਨੂੰ ਪੂਰਨ ਤੌਰ ਤੇ ਬਚਾ ਲੈਂਦਾ ਹੈ। ਸਾਰਾ ਜਗਤ ਉਸ ਦੀ ਸੋਭਾ ਦਾ ਗੀਤ ਗਾਂਦਾ ਹੈ, ਉਹ ਮਨੁੱਖ ਮਨ-ਚਿਤਵੇ ਫਲ ਹਾਸਲ ਕਰ ਲੈਂਦਾ ਹੈ।੨।

ਹੇ ਭਾਈ! ਜੇਹੜਾ ਮਨੁੱਖ ਸੰਤਾਂ ਦੇ ਸਰੋਵਰ ਵਿਚ (ਸਾਧ ਸੰਗਤਿ ਵਿਚ) ਆਤਮਕ ਇਸ਼ਨਾਨ ਕਰਦਾ ਹੈ, ਉਹ ਮਨੁੱਖ ਸਭ ਤੋਂ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ।੩।

ਹੇ ਭਾਈ! ਪਰਮਾਤਮਾ ਨਾਲ ਮਿਲਾਪ ਦੀ ਇਸ ਵਿਚਾਰ ਨੂੰ ਉਹ ਮਨੁੱਖ ਸਮਝਦਾ ਹੈ, ਜਿਸ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ। ਹੇ ਨਾਨਕ! (ਆਖ-) ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਸ਼ਰਨ ਪਿਆ ਰਹਿੰਦਾ ਹੈ, ਉਹ ਆਪਣਾ ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਦੂਰ ਕਰ ਲੈਂਦਾ ਹੈ।੪।

ਸ਼ਬਦ ਦੀਆਂ ਅਖ਼ੀਰਲੀਆਂ ਪੰਗਤੀਆਂ ਵਿੱਚ ਗੁਰਦੇਵ ਫ਼ਰਮਾਉਂਦੇ ਹਨ: ਸਾਧਸੰਗਿ ਮਲੁ ਲਾਥੀ॥ ਪਾਰਬ੍ਰਹਮੁ ਭਇਓ ਸਾਥੀ॥ ਨਾਨਕ ਨਾਮੁ ਧਿਆਇਆ॥ ਆਦਿ ਪੁਰਖ ਪ੍ਰਭੁ ਪਾਇਆ॥ 2॥

ਹੇ ਭਾਈ! ਸਾਧ ਸੰਗਤਿ ਵਿਚ (ਟਿਕਿਆਂ) ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ, (ਸਾਧ ਸੰਗਤਿ ਦੀ ਬਰਕਤਿ ਨਾਲ) ਪਰਮਾਤਮਾ ਮਦਦਗਾਰ ਬਣ ਜਾਂਦਾ ਹੈ। ਹੇ ਨਾਨਕ! (ਜਿਸ ਮਨੁੱਖ ਨੇ ਰਾਮਦਾਸ-ਸਰੋਵਰ ਵਿਚ ਆ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ ਉਸ ਪ੍ਰਭੂ ਨੂੰ ਲੱਭ ਲਿਆ ਜੋ ਸਭ ਦਾ ਮੁੱਢ ਹੈ ਅਤੇ ਜੋ ਸਰਬ-ਵਿਆਪਕ ਹੈ।੨।

ਗੁਰੂ ਅਰਜਨ ਸਾਹਿਬ ਨੇ ਸ਼ਬਦ ਦੀਆਂ ‘ਰਹਾਉ’ ਦੀਆਂ ਪੰਗਤੀਆਂ ਵਿੱਚ ਇਹ ਗੱਲ ਆਖੀ ਹੈ ਕਿ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ –ਮੰਡਲ ਵਿੱਚ ਵਸਾ ਕੇ ਆਤਮਕ ਗੁਣਾਂ ਦੇ ਸਰਮਾਏ ਨੂੰ ਬਚਾ ਕੇ ਆਤਮਕ ਜ਼ਿੰਦਗੀ ਜਿਊਂ ਸਕੀ ਦਾ ਹੈ। ਇਸੇ ਖ਼ਿਆਲ ਨੂੰ ਸ਼ਬਦ ਦੀਆਂ ਪਹਿਲੀਆਂ ਅਤੇ ਅੰਤਲੀਆਂ ਪੰਗਤੀਆਂ ਵਿੱਚ ‘ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ’ ਅਤੇ ‘ਸਾਧਸੰਗਿ ਮਲੁ ਲਾਥੀ’ ਆਖ ਕੇ ਇਸ ਸੱਚ ਨੂੰ ਪ੍ਰਗਟਾਇਆ ਹੈ।

ਗੁਰਮਤਿ ਵਿੱਚ ਗੁਰੂ ਤੀਰਥ (ਗੁਰ ਸ਼ਬਦ ਦੇ ਗਿਆਨ) ਵਿੱਚ ਇਸ਼ਨਾਨ ਕਰਨ ਨਾਲ ਹੀ ਅੰਦਰਲੀ ਮੈਲ ਲਹਿਣ ਦੀ ਪ੍ਰਪੱਕ ਧਾਰਨਾ ਹੈ, ਸਰੀਰਕ ਇਸ਼ਨਾਨ ਨਾਲ ਮਨ ਦੀ ਮੈਲ ਲਹਿਣ ਵਾਲੀ ਧਾਰਨਾ ਨੂੰ ਪ੍ਰਵਾਣ ਨਹੀਂ ਕੀਤਾ ਗਿਆ ਹੈ: ਸਚਾ ਤੀਰਥੁ ਜਿਤੁ ਸਤਸਰਿ ਨਾਵਣੁ ਗੁਰਮੁਖਿ ਆਪਿ ਬੁਝਾਏ॥ ਅਠਸਠਿ ਤੀਰਥ ਗੁਰ ਸਬਦਿ ਦਿਖਾਏ ਤਿਤੁ ਨਾਤੈ ਮਲੁ ਜਾਇ॥ (ਪੰਨਾ 753) ਅਰਥ: ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਸ ਨੂੰ ਪ੍ਰਭੂ ਆਪ ਇਹ ਸੂਝ ਬਖ਼ਸ਼ਦਾ ਹੈ ਕਿ ਜਿਸ ਸੱਚੇ ਸਰੋਵਰ ਵਿਚ ਇਸ਼ਨਾਨ ਕਰਨਾ ਚਾਹੀਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਤੀਰਥ (ਗੁਰੂ ਦਾ ਸ਼ਬਦ ਹੀ ਹੈ) ਗੁਰੂ ਦੇ ਸ਼ਬਦ ਵਿਚ (ਹੀ ਪ੍ਰਭੂ ਉਸ ਨੂੰ) ਅਠਾਹਠ ਤੀਰਥ ਵਿਖਾ ਦੇਂਦਾ ਹੈ (ਅਤੇ ਵਿਖਾ ਦੇਂਦਾ ਹੈ ਕਿ) ਉਸ (ਗੁਰੂ-ਸ਼ਬਦ-ਤੀਰਥ) ਵਿਚ ਨ੍ਹਾਤਿਆਂ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ। (ਉਸ ਮਨੁੱਖ ਨੂੰ ਯਕੀਨ ਬਣ ਜਾਂਦਾ ਹੈ ਕਿ) ਗੁਰੂ ਦਾ ਸ਼ਬਦ ਹੀ ਸਦਾ ਕਾਇਮ ਰਹਿਣ ਵਾਲਾ ਅਤੇ ਪਵਿਤ੍ਰ ਤੀਰਥ ਹੈ (ਉਸ ਵਿਚ ਇਸ਼ਨਾਨ ਕੀਤਿਆਂ ਵਿਕਾਰਾਂ ਦੀ) ਮੈਲ ਨਹੀਂ ਲੱਗਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top