18 ਜਨਵਰੀ 2014 ਦੇ ਦੀਵਾਨ 'ਚ ਪ੍ਰੋ.
ਦਰਸ਼ਨ ਸਿੰਘ ਖ਼ਾਲਸਾ ਨੇ
ਮਃ ੩ ॥
ਲੋਕਾ ਵੇ ਹਉ ਸੂਹਵੀ ਸੂਹਾ ਵੇਸੁ ਕਰੀ ॥ ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ
॥ ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥ ਜੋ ਤਿਸੁ ਭਾਵੈ ਸੋ ਥੀਐ
ਇਨ ਬਿਧਿ ਕੰਤ ਮਿਲੀ ॥੨॥ {ਪੰਨਾ 785}
ਸ਼ਬਦ ਦਾ ਗਾਇਨ ਅਤੇ ਗੁਰਮਤਿ ਵੀਚਾਰਾਂ
ਕੀਤੀਆਂ।
ਸਿੱਖਾਂ ਵਿੱਚ ਰੰਗਾਂ ਬਾਰੇ ਫੈਲੇ ਭਰਮ ਨੂੰ ਦੂਰ ਕਰਨ ਲਈ ਉਨ੍ਹਾ ਆਖਿਆ ਕਿ ਅਸੀਂ
ਰੰਗਾਂ ਦੇ ਭਰਮ 'ਚ ਨਹੀਂ ਪੈਣਾ, ਸਾਰੇ ਰੰਗ ਕੁਦਰਤ ਦੇ ਹਨ। ਅਸੀਂ ਰੰਗਾਂ ਦਾ ਭਰਮ
ਪਾ ਕੇ, ਬਾਹਰੀ ਭੇਖ ਤੱਕ ਹੀ ਸੀਮਿਤ ਨਹੀਂ ਰਹਿਣਾ। ਸਿੱਖ ਨੂੰ ਜਿਹੜਾ ਰੰਗ ਚੰਗਾ
ਲੱਗੇ, ਪਹਿਨ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸੰਸਾਰ ਦਾ ਧਰਮ ਇੱਕੋ ਹੈ, ਮਜ਼ਹਬ
ਅਲਗ ਹੋ ਸਕਦੇ ਹਨ, ਪਹਿਰਾਵਾ ਅਲਗ ਹੋ ਸਕਦਾ ਹੈ, ਪਰ ਰੱਬ ਨੂੰ ਮਿਲਣ ਦਾ ਧਰਮ ਇੱਕੋ
ਹੈ। ਰੱਬ ਉਨ੍ਹਾਂ ਨੂੰ ਮਿਲਆ ਹੈ, ਜਿਨ੍ਹਾਂ ਨੇ ਗੁਰੂ ਦਾ ਕਹਿਆ ਮੰਨਿਆ ਹੈ। ਗੁਰੂ
ਤਾਂ ਕਈ ਤਾ 'ਤੇ ਸੂਹੇ ਰੰਗ ਦੀ ਗਲ ਕਰਦਾ ਹੈ, ਲਾਲ ਰੰਗ ਦੀ ਗਲ ਕਰਦਾ ਹੈ, ਤੇ ਅਸੀਂ
ਆਪੂੰ ਪਾਏ ਭੁਲੇਖਿਆਂ 'ਤੇ ਸਿੱਖਾਂ ਦਾ ਰੰਗ ਸਿਰਫ ਕਾਲਾ, ਨੀਲਾ ਤੇ ਕੇਸਰੀ ਹੀ ਸਮਝੀ
ਬੈਠੇ ਹਾਂ। ਸਾਰੇ ਰੰਗ ਉਸ ਕਰਤਾਰ ਦੇ ਹਨ।
ਉਨ੍ਹਾਂ ਕਿਹਾ ਕਿ ਪਹਿਰਾਵਾ, ਬੋਲੀ ਤੇ ਖਾਣਾ ਇਹ
ਸਭਿਆਚਾਰ ਦਾ ਹਿੱਸਾ ਹੈ, ਜਿਹੜਾ ਵੱਖ ਵੱਖ ਮਜ਼ਹਬਾਂ ਨੂੰ ਮੰਨਣ ਵਾਲਿਆਂ ਨੂੰ
ਵੱਖ ਕਰਦਾ ਹੈ। ਅਸੀਂ ਪਹਿਰਾਵਿਆਂ ਵਿੱਚ ਨਹੀਂ ਫੱਸਣਾ, ਕਿ ਫਲਾਣਾ ਪਹਿਰਾਵਾ ਗੁਰੂ
ਨੇ ਦਿੱਤਾ ਹੈ, ਗੁਰੂ ਨੇ ਸਿਖਿਆ ਦਿੱਤੀ, ਜਿਸ ਨੂੰ ਮੰਨਣ ਅਤੇ ਜੀਵਨ 'ਚ ਧਾਰਣ ਕਰਨ
ਵਾਲਾ ਹੀ ਸਿੱਖ ਅਖਵਾ ਸਕਦਾ ਹੈ।
ਸਮਾਗਮ ਤੋਂ ਬਾਅਦ ਉਨ੍ਹਾਂ ਕੋਲ ਕਈ ਬੱਚੇ ਆਏ, ਜਿਨ੍ਹਾਂ ਨੇ ਵੱਖ ਵੱਖ ਰੰਗ ਦੀਆਂ
ਦਸਤਾਰਾਂ ਸਜਾਈਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਪ੍ਰੋ. ਦਰਸ਼ਨ ਸਿੰਘ ਨੇ ਉਨ੍ਹਾਂ ਦੀ
ਹੌਸਲਾਅਫਜ਼ਾਈ ਕੀਤੀ ਤੇ ਕਿਹਾ ਕਿ ਆ ਦੇਖੋ ਕਿੰਨੇ ਸੁਹਣੇ ਲਗਦੇ ਨੇ ਵੱਖ ਵੱਖ ਰੰਗਾਂ
'ਚ।