Share on Facebook

Main News Page

ਸਿੱਖ ਕੌਮ ਦੇ ਉੱਜਲੇ ਭਵਿੱਖ ਲਈ ਜ਼ਮੀਰ ਵੇਚੂ ਲੀਡਰਾਂ ਦੀ ਪਹਿਚਾਣ ਤੇ ਉਹਨਾਂ ਤੋਂ ਕਿਨਾਰਾ ਕਰਨਾ ਸਮੇਂ ਦੀ ਮੁੱਖ ਲੋੜ !
-: ਗੁਰਚਰਨ ਸਿੰਘ ਗੁਰਾਇਆ

ਸਿੱਖ ਕੌਮ ਦੇ ਹਰ ਖੇਤਰ ਵਿੱਚ ਸਿੱਖੀ ਦੇ ਸੇਵਾ ਤੇ ਕੁਰਬਾਨੀ ਦੀ ਭਾਵਨਾਂ ਵਾਲੇ ਸੁਨਿਹਰੀ ਅਸੂਲਾਂ ਸਿਧਾਤਾਂ ਨੂੰ ਤਿਲਾਜ਼ਲੀ ਦੇ ਕੇ ਆਪਣੇ ਆਪ ਨੂੰ ਸਥਾਪਤ ਕਰਨ ਦੀ ਲੱਗੀ ਦੌੜ ਕਰਕੇ ਸਿੱਖ ਕੌਮ ਚੜ੍ਹਦੀ ਕਲਾਂ ਵਿੱਚ ਜਾਣ ਦੀ ਬਜਾਏ ਨਿਘਾਰ ਵੱਲ ਹੀ ਜਾ ਰਿਹੀ ਹੈ । ਛੋਟੀਆਂ ਤੋਂ ਲੈਕੇ ਵੱਡੀਆਂ ਸੰਸਥਾਵਾਂ ਦੀਆਂ ਪ੍ਰਧਾਨਗੀਆਂ, ਜਥੇਦਾਰੀਆਂ ਦੀ ਪ੍ਰਾਪਤੀ ਲਈ ਘਟੀਆਂ ਤੋਂ ਘਟੀਆਂ ਹੱਥ ਕੰਡੇ ਆਪਣਾਉਣ ਤੇ ਜ਼ਮੀਰ ਮਾਰਨ ਤੱਕ ਵੀ ਗੁਰੇਜ਼ ਨਹੀ ਕੀਤਾ ਜਾ ਰਿਹਾ । ਇਹ ਗੱਲ ਪ੍ਰਤੱਖ ਹੈ ਕਿ ਜਦ ਸਵਾਰਥੀ ਮੌਕਾ ਪ੍ਰਸਤ, ਧਾਰਮਿਕ ਤੇ ਰਾਜਨੀਤੀ ਪੱਖ ਤੋਂ ਗਿਆਨ ਵਿਹੂਣੇ ਵਿਅਕਤੀ ਇੱਕ ਵਾਰ ਧਰਮ ਸਮਾਜ ਤੇ ਰਾਜਨੀਤੀ ਦੇ ਖੇਤਰ ਵਿੱਚ ਸਥਾਪਤ ਹੋ ਜਾਦੇ ਨੇ ਤਾਂ ਫਿਰ ਉਹਨਾਂ ਨੂੰ ਬਾਅਦ ਵਿੱਚ ਉਸ ਔਹੁਦੇ ਤੋਂ ਲਾਉਣਾ ਬਹੁਤ ਮੁਸ਼ਕਲ ਹੋ ਜਾਦਾ ਹੈ । ਸਗੋਂ ਕਈ ਵਾਰ ਤਾਂ ਅਸੰਭਵ ਹੋ ਜਾਦਾ ਹੈ । ਕਿਉਂਕਿ ਉਹ ਉਸ ਅਹੁਦੇ ਤੇ ਆਪਣੀ ਤਾਕਤ ਨੂੰ ਬਣਾਈ ਰੱਖਣ ਲਈ ਆਪਣੇ ਵਿਸ਼ਵਾਸ਼ ਪਾਤਰ ਲੱਠ ਮਾਰਾਂ ਤੇ ਸਮਾਜ ਦੁਸ਼ਮਨ ਵਿਅਕਤੀਆਂ ਅਤੇ ਬੇ ਅਸੂਲੇ ਤੇ ਸਵਾਰਥੀ ਕਿਸਮ ਦੇ ਕੁਝ ਇੱਕ ਬੁਧੀਜੀਵੀਆਂ, ਇਤਿਹਾਸਕਾਰਾਂ ਨੂੰ ਆਪਣੇ ਸਲਾਹ ਕਾਰ ਅਤੇ ਬੁਲਾਰਿਆਂ ਵਜੋਂ ਲੋਕਾਂ ਤੇ ਪ੍ਰਭਾਵ ਬਣਾਈ ਰੱਖਣ ਲਈ ਵਰਤਦੇ ਰਹਿੰਦੇ ਹਨ।

ਐਸੀ ਹਾਲਤ ਵਿੱਚ ਫਿਰ ਉਹ ਆਪਣੇ ਹੱਥ ਲੱਗੇ ਹੋਏ ਤਾਕਤ ਤੇ ਦੌਲਤ ਦੇ ਵਸੀਲਿਆਂ ਦੇ ਜ਼ੋਰ ਨਾਲ ਲੋਕ ਹਿਤੂ ਤੇ ਕੌਮ ਪ੍ਰਤੀ ਸੰਜੀਦਾ ਤੇ ਈਮਾਨਦਾਰ ਵਿਅਕਤੀਆਂ ਨੂੰ ਕਦੇ ਵੀ ਅੱਗੇ ਨਹੀਂ ਆਉਣ ਦਿੰਦੇ । ਸਗੋਂ ਉਹਨਾਂ ਲਈ ਅਤੇ ਕੌਮ ਪ੍ਰਤੀ ਦਰਦ ਰੱਖਣ ਵਾਲੇ ਹੋਰ ਲੋਕਾਂ ਲਈ ਭਾਰੀ ਸਿਰਦਰਦੀ ਤੇ ਮਸੀਬਤ ਬਣੇ ਰਹਿੰਦੇ ਨੇ ਇਹੋ ਜਿਹੇ ਲੋਕ ਫਿਰ ਇੱਕ ਅੱਧ ਪੇਸ਼ਾਵਰ ਜਿਹੇ ਜਾਂ ਲੋੜਾਂ ਥੋੜਾਂ ਦੇ ਮਾਰੇ ਹੋਏ ਕਿਸੇ ਅਖਬਾਰ ਦੇ ਪੱਤਰਕਾਰ ਨੂੰ ਲਾਲਚ ਦੇ ਕੇ ਉਸਦੀ ਕਲਮ ਤੇ ਬਿਜਲਈ ਮੀਡੀਏ ਦੀ ਦੁਰਵਰਤੋਂ ਸਦਕਾ ਅਵਾਮ ਵਿੱਚ ਆਪਣੇ ਆਪ ਨੂੰ ਸਿਆਣੇ ਲੋਕ ਹਿੱਤੂ ਤੇ ਕੌਮ ਪ੍ਰਸਤ ਹੋਣ ਅਤੇ ਨੀਤੀ ਨਿਪੁੰਨ ਸਿਆਸਤ ਦਾਨ ਹੋਣ ਦਾ ਭਰਮ ਪਾਲਦੇ ਰਹਿੰਦੇ ਨੇ । ਇਹੋ ਅਜਿਹੇ ਅਖੌਤੀ ਆਗੂ ਕੌਮੀ ਹਿੱਤਾਂ ਨੂੰ ਆਪਣੇ ਜਾਤੀ ਲਾਭਾਂ ਦੀ ਖਾਤਰ ਸਮੇਂ ਸਮੇਂ ਉੱਪਰ ਆਪਣੀ ਜ਼ਮੀਰ ਨੂੰ ਦੁਸ਼ਮਨਧਿਰਾਂ ਅੱਗੇ ਵੀ ਵੇਚ ਦਿੰਦੇ ਹਨ ਤੇ ਕਈ ਵਾਰੀ ਲੋਕਾਂ ਦੀਆਂ ਨਜ਼ਰਾਂ ਤੋਂ ਡਿੱਗ ਜਾਣ ਦੇ ਬਾਵਜੂਦ ਵੀ ਸਮਾਜ ਸਾਹਮਣੇ ਹਿੱਕਾਂ ਕੱਢ ਕੇ ਘੁੰਮਦੇ ਫਿਰਦੇ ਰਹਿੰਦੇ ਹਨ ।ਪਰ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ । ਕਿਉਂਕਿ ਉਹਨਾਂ ਪਾਸ ਕੁਰਸੀ, ਪੈਸਾ ਤੇ ਆਪਣੀ ਮਰਜ਼ੀ ਦੇ ਹੱਥ ਠੋਕਿਆਂ ਦੀ ਸ਼ਕਤੀ ਮੌਜੂਦ ਹੁੰਦੀ ਹੈ। ਜਿਸ ਕਰਕੇ ਉਹ ਕੌਮ ਨੂੰ ਕਿਸੇ ਵੀ ਗੱਲ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀ ਸਮਝ ਰਹੇ ਹੁੰਦੇ । ਜਿੱਥੇ ਇਹੋ ਅਜਿਹੇ ਆਗੂ ਰਾਜਨੀਤੀ ਦੇ ਪੈੜ ਵਿੱਚ ਹੋਣ ਤਾਂ ਆਮ ਜਿਹੀ ਗੱਲ ਸੀ ਪਰ ਅੱਜ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਵਿੱਚ ਵੀ ਇਹੋ ਅਜਿਹੇ ਆਗੂਆਂ ਦੀ ਭਰਮਾਰ ਹੈ ਕੋਈ ਵਿਰਲੀ ਹੀ ਸੰਸਥਾਂ ਹੋਵੇਗੀ ਜੋ ਇਸ ਦੀਰਘ ਰੋਗ ਤੋਂ ਬਚੀ ਹੋਵੇਗੀ ਕਈ ਵਾਰੀ ਇਹਨਾਂ ਅਖੌਤੀ ਜ਼ਮੀਰ ਵੇਚੂ ਆਗੂਆਂ ਕਰਕੇ ਕੌਮ ਆਪਣੇ ਸੁਨਿਹਰੀ ਇਤਿਹਾਸ ਦੇ ਅਸੂਲਾਂ ਸਿਧਾਤਾਂ ਨੂੰ ਤਿਲਾਜ਼ਲੀ ਦੇ ਕੇ ਆਪਣੇ ਲਹੂ ਨਾਲ ਲਿਖੇ, ਕੁਰਬਾਨੀਆਂ ਭਰੇ ਇਤਿਹਾਸ ਨੂੰ ਰਸਮੀ ਤੌਰਤੇ ਲੈਣ ਲੱਗ ਜਾਣ ਉਹ ਆਉਣ ਵਾਲੇ ਸਮੇਂ ਵਿੱਚ ਅਮੀਰ ਵਿਰਸੇ ਦੀ ਮਾਲਕ ਮਾਰਸ਼ਲ ਕੌਮ ਦੀ ਥਾਂ ਰਸਮੀ ਜਿਹੀ ਕੌਮ ਬਣਕੇ ਰਹਿ ਜਾਦੀ ਹੈ ।

ਅੱਜ ਸਿੱਖ ਕੌਮ ਦੇ ਰਾਜਨੀਤਿਕ ਤੇ ਧਾਰਮਿਕ ਆਗੂਆਂ ਨੇ ਹਰ ਉਸ ਪਵਿੱਤਰ ਦਿਹਾੜੇ ਨੂੰ ਰਸਮੀ ਬਣਾ ਕੇ ਰੱਖ ਦਿੱਤਾ ਜਿਸ ਤੋਂ ਸੇਧ ਲੈ ਕੇ ਕੌਮ ਨੇ ਆਪਣਾ ਭਵਿੱਖ ਸਿਰਜਣਾ ਸੀ । ਸੋ ਅੱਜ ਲੋੜ ਹੈ ਸਾਨੂੰ ਇਹੋ ਅਜਿਹੇ ਜ਼ਮੀਰ ਵੇਚੂ ਰਾਜਨੀਤਿਕ ਤੇ ਧਾਰਮਿਕ ਆਗੂਆਂ ਤੋਂ ਕਿਨਾਰਾ ਕਰਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਅਗਵਾਈ ਤੇ ਸੁਨਿਹਰੀ ਸਿੱਖ ਇਤਿਹਾਸ ਨੂੰ ਸਨਮੁੱਖ ਰੱਖ ਕੇ ਕੌਮ ਨੂੰ ਸਮਰਪਿਤ ਆਗੂਆਂ ਦੀ ਚੋਣ ਕੀਤੀ ਜਾਵੇ । ਗੁਰੂ ਗ੍ਰੰਥ ਸਾਹਿਬ ਜੀ ਤੇ ਕੌਮ ਨੂੰ ਸਮਰਪਿਤ ਆਗੂਆਂ ਦੀ ਅਗਵਾਈ ਹੀ ਅਜੋਕੇ ਸਮੇਂ ਸਿੱਖ ਕੌਮ ਦੀ ਮੰਝਧਾਰ ਵਿੱਚ ਫਸੀ ਬੇੜੀ ਨੂੰ ਬਾਹਰ ਕੱਢ ਸਕਦੇ ਹਨ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top