Share on Facebook

Main News Page

ਇੰਦਰਾ ਨੇ ਤਾਂ ਅਕਾਲ ਤਖਤ ਢੁਆਇਆ ਸੀ, ਮੌਜੂਦਾ ਅਕਾਲ ਤਖਤ ਦੇ ਜਥੇਦਾਰ ਤਾਂ ਰੋਜਾਨਾ ਸਿੱਖੀ ਸਿਧਾਂਤ ਨੂੰ ਢਾਅ ਲਾ ਰਹੇ ਨੇ !!!
-: ਬਲਦੇਵ ਸਿੰਘ ਝੱਲੀ
ਇਟਲੀ ੦੦੩੯੩੨੮੩੮੨੭੨੨੭

ਗੁਰਦੁਆਰਿਆਂ ਅੰਦਰ ਹੋ ਰਹੀਆਂ ਮਨਮੱਤਾਂ ਪੜ ਸੁਣ ਅਤੇ ਵੇਖ ਕੇ ਮਨ ਬਹੁਤ ਉਦਾਸ ਹੁੰਦਾ ਹੈ , ਸ਼ਾਇਦ ਇਸ ਕਰਕੇ ਵੀ ਕਿਉਂਕਿ ਹਿੰਦੂਵਾਦੀ ਤਾਕਤਾਂ ਦਾ ਕੰਮ ਅਸਾਨ ਕਰਨ ਵਿੱਚ ਸਾਡੇ ਗੁਰਦੁਆਰੇ , ਡੇਰੇ ਖੁਦ-ਬ-ਖੁਦ ਹੀ ਅੱਡੀਆਂ ਚੁੱਕ-ਚੁੱਕ ਜੋਰ ਲਾਈ ਜਾ ਰਹੇ ਨੇ। ਜਦੋਂ ਗੁਰਦੁਆਰੇ ਜਾਈਦਾ ਹੈ ਤਾਂ ਸੱਭ ਤੋਂ ਪਹਿਲਾਂ ਮਨਮੱਤ ਦੇ ਦਰਸ਼ਣ ਹੁੰਦੇ ਹਨ, ਉਹ ਭਾਵੇਂ ਗੁਰੂ ਘਰਾਂ ਅੰਦਰ ਲੱਗੀਆਂ ਤਸਵੀਰਾਂ ਦੇ ਰੂਪ ਵਿੱਚ ਜਾਂ ਫਿਰ ਅਰਦਾਸ ਦੇ ਰੂਪ ਵਿੱਚ 'ਖੰਡਾ ਜਾ ਕੇ ਹਾਥ ਮੇਂ ਕਲਗੀ ਸੋਹੇ ਸੀਸ, ਸੋ ਹਮਰੀ ਰੱਛਿਆ ਕਰੇ ਗੁਰ ਕਲਗੀਧਰ ਜਗਦੀਸ਼'। ਤੇ ਉੱਪਰੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੈਠੇ ਧਾਰਮਿਕ ਪੁਜਾਰੀਆਂ ਦੀ ਚੁੱਪੀ ਮਜਬੂਰ ਕਰਦੀ ਹੈ ਕੁੱਝ ਲਿਖਣ ਲਈ।

ਖਬਰ ਪੜੀ ਕਿ ਕੈਨੇਡਾ ਦੇ ਸਰੀ ਸਥਿਤ ਨਾਨਕਸਰੀਆਂ ਦੇ ਠਾਠ ਵਿੱਚ ਹੂ-ਹੂ-ਰੂ-ਰੂ ਅਤੇ ਪ੍ਰੀਤ-ਪ੍ਰੀਤ ਦੇ ਸਾਹ ਰੋਕੂ ਫਾਰਮੂਲਿਆਂ ਹੇਠ ਸੰਗਤਾਂ ਨੂੰ ਹਿੰਦੂ ਮੱਤ ਨਾਲ ਜੋੜਿਆ ਜਾ ਰਿਹਾ ਹੈ। ਜੇਕਰ ਪ੍ਰੋ: ਦਰਸਣ ਸਿੰਘ ਖਾਲਸਾ ਜਾਂ ਸਰਬਜੀਤ ਸਿੰਘ ਧੂੰਦਾ ਵਰਗੇ ਬੁੱਧੀਮਾਨ ਵਿਅਕਤੀ ਲੋਕਾਂ ਨੂੰ ਸੱਚ ਤੋਂ ਜਾਣੂ ਕਰਵਾਉਣ ਦੀ ਗੱਲ ਕਰਦੇ ਹਨ ਤਾਂ ਅਖੌਤੀ ਸਾਧ ਲਾਣੇ ਦੇ ਥਾਪੇ ਹੋਏ ਜਥੇਦਾਰ ਇੱਕਦਮ ਹਰਕਤ ਵਿੱਚ ਆ ਕੇ ਇਨਾਂ ਪ੍ਰਚਾਰਕਾਂ ਨੂੰ ਬਲੀ ਚਾੜ ਦਿੰਦੇ ਹਨ। ਪ੍ਰੰਤੂ ਆਹ ਜੋ ਸ਼ਰਮਨਾਕ ਹਰਕਤਾਂ ਨੰਦਸਰੀਆਂ, ਕਲੇਰਾਂ ਵਾਲਿਆਂ ਅਤੇ ਨਾਨਕਸਰੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਬੈਠ ਜੇ ਹੁੰਦੀਆਂ ਹਨ, ਇਨਾਂ ਨੂੰ ਕਦੇ ਨਜਰੀਂ ਨਹੀਂ ਪੈਂਦੀਆਂ ਤੇ ਉੱਤੋਂ ਜੇਕਰ ਕੋਈ ਚੰਗੀ ਸੋਚ ਵਾਲਾ ਸਿੱਖ ਵਿਅਕਤੀ ਇਸਦੀ ਮੁਖਾਲਫਤ ਕਰੇ ਤਾਂ ਜਾਂਘੀਏ ਵਾਲੇ ਬਾਬੇ ੧੦੮ ਮਹਾਰਾਜ ਦੇ ਚੇਲੇ ਭੂਤਰੇ ਸਾਨ੍ਹ ਵਾਂਗ ਵਿਰੋਧ ਕਰਨ ਵਾਲਿਆਂ ਨੂੰ ਚਾਰੋਂ ਖੁਰ ਚੁੱਕ ਮਾਰਨ ਪੈਂਦੇ ਨੇ। ਤੇ ਅਗਲਾ ਵਿਚਾਰਾ ਤਾਂ ਪਹਿਲਾਂ ਹੀ ਅੱਧ-ਮਰਿਆ ਹੁੰਦੈ, ਤੇ ਬਿਨਾਂ ਨੱਥੋਂ ਸਾਨ੍ਹਾਂ ਤੋਂ ਡਰਦਾ ਵਿਚਾਰਾ ਗੁਰਦੁਆਰੇ ਜਾਣੋ ਵੀ ਡਰਦਾ ਕਿਉਂਕਿ ਇੱਥੇ ਵੀ ਤਾਂ ਗੁਰਬਾਣੀ ਦਾ ਡਰ ਵਿਖਾ ਕੇ *ਸਾਧ ਕਾ ਨਿੰਦਕ* ਵਾਲੀਆਂ ਪੰਕਤੀਆਂ ਹੀ ਪੜੀਆਂ ਜਾ ਰਹੀਆਂ ਹੁੰਦੀਆਂ ਨੇ। ਉੱਤੋਂ ਭਾਈ (ਸਾਰੇ ਨਹੀਂ) ਕਿਹੜਾ ਕੋਈ ਡਿਗਰੀ ਹੋਲਡਰ ਹੁੰਦੇ, ਉਹ ਵੀ ਤਾਂ ਵਿਚਾਰੇ ਪੰਜਾਬ ਦੇ ਪਿੰਡਾਂ ਚੋਂ ਮੂਰਤੀ ਸਾਹਮਣੇ ਆਰਤੀ ਕਰਦੇ ਹੀ ਪਾਠੀ ਬਣੇ ਹੁੰਦੇ ਨੇ। ਚਲੋ ਇਨਾਂ ਗ੍ਰੰਥੀਆਂ ਬਾਰੇ ਤਾਂ ਮੰਨ ਲਿਆ ਕਿ ਇਨਾਂ ਕੋਈ ਡਿਪਲੋਮਾ ਨਹੀਂ ਕੀਤਾ ਹੁੰਦਾ ਪ੍ਰੰਤੂ ਤਖਤਾਂ ਦੇ ਜਥੇਦਾਰ ਤਾਂ ਗੁਣੀ ਗਿਆਨੀ ਹੀ ਹੁੰਦੇ ਹੋਣਗੇ ਨਾਂ!!!

ਹਿੰਦੂਆਂ ਦੇ ਮਹਾਂਭਾਰਤ ਵਿਚਲਾ ਕਿਰਦਾਰ ਧ੍ਰਿਤਰਾਸ਼ਟਰ ਅੱਖੋਂ ਅੰਨਾ ਸੀ ਤੇ ਉਹ ਹਮੇਸ਼ਾਂ ਅੱਖਾਂ ਤੇ ਪੱਟੀ ਬੰਨ੍ਹੀ ਰੱਖਦਾ ਸੀ। ਉਸਦਾ ਵਿਆਹ ਕੈਕਈ ਨਾਲ ਹੋਇਆ ਪਰ ਉਹ ਅੱਖੌ ਅੰਨ੍ਹੀ ਨਹੀਂ ਸੀ , ਤੇ ਹਮੇਸ਼ਾਂ ਅੱਖਾਂ ਤੇ ਪੱਟੀ ਬੰਨੀ ਰੱਖਦੀ ਸੀ ਆਪਣੇ ਪਤੀਵਰਤਾ ਹੋਣ ਦਾ ਸਬੂਤ ਦੇਣ ਲਈ। ਆਖਿਰ ਤਖਤ ਸਾਹਿਬਾਨ ਦੇ ਜਥੇਦਾਰਾਂ ਦੀ ਕਿਹੜੀ ਮਜਬੂਰੀ ਐ ਪਈ ਇਨਾਂ ਦੀਆਂ ਅੱਖਾਂ ਸਾਬਤ ਹੋਣ ਦੇ ਬਾਵਜੂਦ ਵੀ ਧ੍ਰਿਤਰਾਸ਼ਟਰ ਦੀ ਪਤਨੀ ਕੈਕਈ ਵਾਂਗ ਬੱਝੀਆਂ ਹੀ ਰਹਿੰਦੀਆਂ ਨੇ। ਪ੍ਰੋ: ਦਰਸਣ ਸਿੰਘ ਅਤੇ ਧੂੰਦੇ ਨੂੰ ਤਾਂ ਇਹ ਹਨੇਰੇ ਚੋਂ ਵੀ ਲੱਭ ਲੈਂਦੇ ਨੇ, ਪ੍ਰੰਤੂ ਆਹ ਸਾਧ ਲਾਣੇ ਦੀਆਂ ਦਿਨ ਦੀਆਂ ਰੌਸ਼ਨੀ ਵਿੱਚ ਹੋ ਰਹੀਆਂ ਮਨਮਤਾਂ ਇਨਾਂ ਨੂੰ ਦਿਨ ਦੇ ਉਜਾਲੇ 'ਚ ਵੀ ਨਜਰੀ ਨਹੀਂ ਪੈਂਦੀਆਂ।

ਆਖਰ ਪੈਣ ਵੀ ਕਿਉਂ? ਕਿਉਂਕਿ ਪੰਜਾਬ ਦੇ ਹਰ ਪਿੰਡ ਅੰਦਰ ਡੇਰੇ ਤੇ ਸ਼ਰਾਬ ਦੇ ਠੇਕੇ ਹੀ ਨਜਰੀ ਪੈਂਦੇ ਨੇ। ਇਤਿਹਾਸ ਮੁਤਾਬਕ ਕਿਸੇ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਸਰਬੱਤ ਖਾਲਸਾ ਕਰਿਆ ਕਰਦਾ ਸੀ ਪ੍ਰੰਤੂ ਜਦੋਂ ਦੀ ਐੱਸ.ਜੀ.ਪੀ.ਸੀ ਬਣੀ ਹੈ ਯਾਣੀ (ਹੁਣ) ਭਗਵਾਂ ਅਕਾਲੀ ਦਲ ਬਾਦਲ ਦਾ ਧਾਰਮਿਕ ਵਿੰਗ ਬਣ ਚੁੱਕੀ ਸ਼੍ਰੋਮਣੀ ਕਮੇਟੀ ਦੇ ਲਿਫਾਫੇ ਚੋਂ ਹੀ ਜਥੇਦਾਰ ਕੱਢੇ ਜਾਂਦੇ ਨੇ। ਕਈਆਂ ਸੋਚਣਾ ਪਈ ਡੇਰੇ ਅਤੇ ਠੇਕਿਆਂ ਦਾ ਸ਼੍ਰੋਮਣੀ ਕਮੇਟੀ ਨਾਲ ਕੀ ਸਬੰਧ? ਸਬੰਧ ਹੈ ਕਿਉਂਕਿ ਹਾਲੇ ਆਹ ਦੁ ਕੁ ਸਾਲ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਸ਼ਰੇਆਮ ਸ਼ਰਾਬ ਤੇ ਭੁੱਕੀ ਵਰਤਾ ਕੇ ਵੋਟਾਂ ਪੁਆਈਆਂ ਗਈਆਂ ਸਨ। ਰਹੀ ਗੱਲ ਡੇਰਿਆਂ ਦੀ ਜਦੋਂ ਭੇਡ ਰੂਪੀ ਸਿੱਖਾਂ ਦਾ ਵੱਗ ਦੜਾ-ਦੜ ਇੱਕ ਦੂਜੇ ਤੋਂ ਮੂਹਰੇ ਹੋ ਕੇ ਉੱਚੀ-ਉੱਚੀ ਪ੍ਰੀਤ ਪ੍ਰੀਤ ਜਾਂ ਹੂ-ਹੂ ਦੀ ਰਟ ਲਾਵੇ ਤਾਂ ਸਮਝੋ ਇਹ ਸ਼੍ਰੋਮਣੀ ਕਮੇਟੀਆਂ ਪੱਕੀਆਂ ਵੋਟਾਂ ਜਿਨਾਂ ਭਗਵਾਂ ਅਕਾਲੀ ਦਲ ਦੀ ਪਿੱਠ ਠੋਕਣੀ ਹੀ ਠੋਕਣੀ ਐ। ਇਸ ਲਈ ਸ਼੍ਰੋਮਣੀ ਕਮੇਟੀ ਹੋਈ ਕਿ ਨਹੀਂ ,ਭਗਵੇਂ ਅਕਾਲੀ ਦਲ ਦਾ ਧਾਰਮਿਕ ਵਿੰਗ ਜਿਸਨੇ ਕੌਮੀ ਜਥੇਦਾਰ ਦੀ ਤਾਜਪੋਸ਼ੀ ਕਰਨੀ ਹੁੰਦੀ। ਤੇ ਫਿਰ ਭਲਾ ਤਖਤ ਸਾਹਿਬ ਦੇ ਪੁਜਾਰੀ ਭਲਾ ਆਪਣੀਆਂ ਅੱਖਾਂ ਤੋਂ ਕੈਕਈ ਵਾਲੀ ਪੱਟੀ ਕਿਉਂ ਉਤਾਰਨ? ਜਾਤ-ਪਾਤ ਦੇ ਨਾਂ ਉੱਤੇ ਉਸਰ ਰਹੇ ਗੁਦੁਆਰਿਆਂ ਸਬੰਧੀ ਬਿਆਨ ਦੇਣ ਵਾਲੇ ਇਨਾਂ ਪੁਜਾਰੀਆਂ ਨੂੰ ਇਹ ਨਜਰੀ ਕਿਉਂ ਨਹੀਂ ਪੈਂਦਾ ਕਿ ਜਿਸ ਸ਼੍ਰੋਮਣੀ ਕਮੇਟੀ ਦੇ ਲਿਫਾਫੇ ਚੋਂ ਇਨਾਂ ਦੀ ਜਥੇਦਾਰੀ ਕੱਢੀ ਜਾਂਦੀ ਹੈ ਉਸੇ ਸ਼੍ਰੋਮਣੀ ਕਮੇਟੀ ਅੰਦਰ ਰਿਜਰਵ ਕੋਟੇ ਅਧੀਨ ਯਾਣੀ ਪਛੜੀਆਂ ਸ਼੍ਰੇਣੀਆਂ ਲਈ ਸੀਟਾਂ ਦਾ ਪ੍ਰਬੰਧ ਹੈ। ਕੀ ਇੱਥੇ ਜਾਤ-ਪਾਤ ਇਨਾਂ ਨੂੰ ਨਜਰੀ ਨਹੀਂ ਪੈਂਦੀ?

ਅਹਿਮ ਗੱਲ ਤਾਂ ਇਹ ਹੈ ਕਿ ਇੰਦਰਾ ਗਾਂਧੀ ਨੇ ਤਾਂ ਸਿਰਫ ੮੪ ਵਿੱਚ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅੱਤਵਾਦ ਦੇ ਨਾਂ ਹੇਠ ਤਹਿਸ ਨਹਿਸ ਕੀਤਾ ਸੀ ਪ੍ਰੰਤੂ ਅੱਜ ਦੇ ਭਗਵੇਂ ਅਕਾਲੀ ਦਲ ਬਾਦਲ ਦੇ ਥਾਪੇ ਹੋਏ ਜਥੇਦਾਰਾਂ ਨੇ ਤਾਂ ਅਕਾਲ ਤਖਤ ਸਾਹਿਬ ਦਾ ਸਿੱਖੀ ਸਿਧਾਂਤ ਹੀ ਤਹਿਸ-ਨਹਿਸ ਕਰ ਦਿੱਤਾ ਹੈ। ਕਿਉਂਕਿ ਇਨਾਂ ਦੁਆਰਾ ਜਾਰੀ ਕੀਤੇ ਹੁਕਮਨਾਮੇਇਨਾਂ ਦੀ ਤਾਜਪੋਸ਼ੀ ਕਰਨ ਵਾਲੇ ਹੀ ਨਹੀਂ ਮੰਨਦੇ!!! ਭਗਵੇ ਅਕਾਲੀ ਦਲ ਦੁਆਰਾ ਥਾਪੇ ਜਥੇਦਾਰ ਆਪਣੇ ਆਪ ਨੂੰ ਲਵ-ਕੁਸ਼ ਦੀ ਔਲਾਦ ਮੰਨਦੇ ਹਨ। ਆਮ ਸਿੱਖਾਂ ਨੂੰ ਮੜੀਆਂ ਮਸਾਣਾਂ ਉੱਤੇ ਗ੍ਰੰਥ ਸਾਹਿਬ ਨਾਂ ਲੈ ਜਾਣ ਦੀ ਵਕਾਲਤ ਕਰਦੇ ਹਨ ਤੇ ਇਨਾਂ ਦੇ ਸਿਆਸੀ ਆਕਾ ਮੜੀਆਂ ਉੱਤੇ ਜਾ ਕੇ ਸੁਆਹ ਫੱਕਦੇ ਨਜਰੀ ਰੋਜ ਪੈਂਦੇ ਨੇ, ਸਿਰਫ ਤੇ ਸਿਰਫ ਰਾਜਨੀਤੀ ਦੀ ਕੁਰਸੀ ਤੇ ਬੈਠਣ ਲਈ ਵੋਟ ਰੂਪੀ ਭੇਡਾਂ ਦੇ ਸਾਹਮਣੇ।

ਵੋਟਾਂ ਖਾਤਿਰ ਇਨਾਂ ਦੇ ਤਿਲਕ ਦਾ ਵੀ ਕੋਈ ਇਤਰਾਜ ਨਹੀਂ ਪੂਜਾਰੀਆਂ ਨੂੰ ਪ੍ਰੰਤੂ ਸੱਚੀ ਗੱਲ ਕਹਿਣ ਵਾਲੇ ਇਨਾਂ ਨੂੰ ਜੀਭ ਤੇ ਰੱਖੀ ਫਟਕੜੀ ਵਾਂਗ ਲੜਦੇ ਨੇ। ਰਾਜਾ ਯੋਗੀ ਅਖਵਾਉਣ ਵਾਲੇ ਅਖੌਤੀ ਸੰਤ ਸਤਨਾਮ ਸਿੰਘ ਪਿੱਪਲੀ ਵਾਲੇ ਨੀਲਧਾਰੀ ਸੰਪਰਦਾ ਦੇ ਮੁਖੀ ਨੂੰ "ਸ਼ਾਨ-ਏ-ਖਾਲਸਾ" ਦਾ ਖਿਤਬ ਦੇਣ ਵਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੁਜਾਰੀ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸ਼ਰੇਆਮ ਤਿਲਾਂਜਲੀ ਦੇ ਕੇ ਕਬੀਰ ਸਾਹਿਬ ਜਿਨਾਂ ਨੇ ਖਾਸ ਰੰਗਾਂ ਵਿੱਚ ਬਣੇ ਚੋਲਾ ਧਾਰੀਆਂ ਨੂੰ ਕਟਿਹਰੇ ਵਿੱਚ ਖੜਾ ਕੀਤਾ, ਉਨਾਂ ਹੀ ਚੋਲਾਧਾਰੀਆਂ ਨੂੰ ਸਿੱਖੀ ਦੀ ਸ਼ਾਨ ਦੱਸਣ ਵਾਲੇ ਜਥੇਦਾਰ ਕੀ ਸਿੱਖੀ ਸਿਧਾਂਤ ਨੂੰ ਤਹਿਸ-ਨਹਿਸ ਨਹੀਂ ਕਰ ਰਹੇ? ਕੀ ਗੁਰਬਾਣੀ ਅੰਦਰ ਭੇਖ ਨੂੰ ਪ੍ਰਮਾਣਿਕਤਾ ਪ੍ਰਾਪਤ ਹੈ? ਕੀ ਜਥੇਦਾਰ ਇਹ ਦੱਸਣ ਦੀ ਖੇਚਲ ਕਰਨਗੇ ਕਿ ਇਨਾਂ ਨੀਲਧਾਰੀਆਂ ਦਾ ਸਿਵਾਏ ਮਨਮੱਤ ਦੇ ਕੌਮ ਨੂੰ ਕੀ ਯੋਗਦਾਨ ਹੈ? ਕੀ ਗੁਰੂ ਗ੍ਰੰਥ ਸਾਹਿਬ ੧੦੮ ਸੰਪਰਦਾ ਦੇ ਮੁਖੀ ਸ੍ਰੀ ਚੰਦ ਨੂੰ ਮਾਨਤਾ ਪ੍ਰਦਾਨ ਕਰਦੇ ਹਨ? ਜਿਨਾਂ ਦੇ ੫੧੬ਵੇਂ ਜਨਮ ਦਿਨ ਉੱਤੇ ਮੌਜੂਦਾ ਜਥੇਦਾਰ ਪੁਜਾਰੀ ਦੇ ਰੂਪ ਵਿੱਚ ਜਾਂਘੀਏ ਵਾਲੇ ਸ਼੍ਰੀ ਚੰਦ ਬਾਬੇ ਦੀ ਨੰਗੀ ਤਸਵੀਰ ਸਾਹਮਣੇ ਖੜਕੇ ਸੰਤਾਂ ਨੂੰ ਸਾਧ ਲਾਣੇ ਦੀ ਉਸਤਤ ਕਰਕੇ ਸ਼ਬਦ ਗੁਰੂ ਗ੍ਰੰਥ ਦੀ ਵਿਰੋਧਤਾ ਕਰਕੇ ਸਿੱਖੀ ਸਿਧਾਂਤ ਨੂੰ ਤਹਿਸ-ਨਹਿਸ ਨਹੀਂ ਕਰ ਰਹੇ? ਅਖੌਤੀ ਸਾਧਾਂ ਦੀ ਬੇਲੋੜੀ ਉਸਤਤ ਕਰਕੇ ਸੰਗਤਾਂ ਨੂੰ ਸਮਾਜ ਤੋਂ ਭਾਜੂ ਬ੍ਰਹਮਚਾਰੀ ਅਖਵਾਉਣ ਵਾਲੇ ਮੂਰਤੀ ਪੂਜਕ ਅਤੇ ਜੁੱਤੀ ਪੂਜਕ ਬਣਾ ਕੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾ ਤਾਂ ਹੀ ਲਾ ਰਹੇ ਨੇ! ਕਿ ਨਹੀਂ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top