Share on Facebook

Main News Page

ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰਬਾਣੀ" ਕਹਿਣ ਵਾਲਿਉ ! ਕੁੱਝ ਸਵਾਲਾਂ ਦੇ ਜਵਾਬ ਤਾਂ ਦਿਉ !
-:
ਇੰਦਰਜੀਤ ਸਿੰਘ, ਕਾਨਪੁਰ

ਕਈ ਵਾਰ ਅਖੌਤੀ "ਦਸਮ ਗ੍ਰੰਥ" ਦੀ ਗਲ ਆਂਉਦੀ ਹੈ, ਤਾਂ ਦਸਮ ਗ੍ਰੰਥੀਏ ਇਹ ਕਹਿੰਦੇ ਹਨ, ਕਿ ਜੇ ਸਾਰਾ ਦਸਮ ਗ੍ਰੰਥ "ਗੁਰੂ ਦੀ ਬਾਣੀ" ਨਹੀਂ, ਤਾਂ ਅੰਮ੍ਰਿਤ ਸੰਸਕਾਰ ਦਾ ਕੀ ਹੋਵੇਗਾ ? ਨਿਤਨੇਮ ਦਾ ਕੀ ਹੋਵੇਗਾ ? ਕੀ ਹੋਏਗਾ, ਅਤੇ ਕੀ ਨਹੀਂ ਹੋਵੇਗਾ, ਇਹ ਗਲ ਸਿੱਖਾਂ ਨੂੰ ਪਹਿਲਾਂ ਸੋਚਣੀ ਚਾਹੀਦੀ ਸੀ, ਜਦੋ ੳਨ੍ਹਾਂ ਨੇ ਇਸ ਅਖੌਤੀ "ਦਸਮ ਗ੍ਰੰਥ" ਦੀਆਂ ਲਿਖਤਾਂ ਨੂੰ ਨਿਤਨੇਮ ਵਿੱਚ ਸ਼ਾਮਿਲ ਕੀਤਾ ਸੀ। ੳਨ੍ਹਾਂ ਨੂੰ ਇਹ ਸੋਚਣਾਂ ਚਾਹੀਦਾ ਸੀ ਕਿ ਆਖਿਰ ਇੱਕ ਨਾ ਇੱਕ ਦਿਨ ਤਾਂ ਇਸ ਕਿਤਾਬ ਦਾ ਝੂਠ ਸਭ ਦੇ ਸਾਮ੍ਹਣੇ ਆਵੇਗਾ ਤੇ ਉਸ ਨੂੰ ਵੇਲੇ ਅਸੀਂ ਇਸ ਕਿਤਾਬ ਦੀਆਂ ਰਚਨਾਵਾਂ ਨੂੰ ਸੱਚ ਸਾਬਿਤ ਕਿਸ ਤਰ੍ਹਾਂ ਕਰਾਂਗੇ ?

ਦਾਸ ਨੂੰ ਨਿਜੀ ਤੌਰ 'ਤੇ ਨਿਤਨੇਮ ਦੀ ਕਿਸੇ ਬਾਣੀ 'ਤੇ ਕਿੰਤੂ ਕਰਨ ਦਾ ਕੋਈ ਅਧਿਕਾਰ ਨਹੀਂ ਹੈ , ਅਤੇ ਨਾ ਹੀ ਮੈਂ ਕਿੰਤੂੰ ਕਰ ਰਿਹਾ ਹਾਂ। ਲੇਕਿਨ ਹਾਂ ! ਮੌਜੂਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰੂ ਬਾਣੀ" ਕਹਿਣ ਵਾਲਿਆਂ ਕੋਲੋਂ ਇਨ੍ਹਾਂ ਬਾਣੀਆਂ ਬਾਰੇ, ਇਕ ਜਿਗਿਆਸੂ ਸਿੱਖ ਹੋਣ ਦੇ ਨਾਤੇ ਕੁੱਝ ਸਵਾਲ ਜਰੂਰ ਪੁੱਛ ਸਕਦਾ ਹਾਂ।

ਮੌਜੂਦਾ ਪ੍ਰਚਲਿਤ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰੂ ਦੀ ਬਾਣੀ" ਕਹਿਣ ਵਾਲਿਆਂ ਤੋਂ ਕੁੱਝ ਸਵਾਲ ਇਸ ਪ੍ਰਕਾਰ ਹਨ-

1- ਕੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਤੋਂ ਅਲਾਵਾ ਕਿਸੇ ਹੋਰ ਗ੍ਰੰਥ ਦੀ ਬਾਣੀ ਨੂੰ "ਗੁਰਬਾਣੀ" ਦਾ ਦਰਜਾ ਪ੍ਰਾਪਤ ਹੈ ? ਜੇ ਨਹੀਂ ਤਾਂ ਦਸਮ ਗ੍ਰੰਥ ਦੀਆਂ ਰਚਨਾਵਾਂ ਨੂੰ "ਗੁਰੂ ਬਾਣੀ" ਕਿਸ ਤਰ੍ਹਾਂ ਕਹਿਆ ਜਾ ਸਕਦਾ ਹੈ ?

2- ਜੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਤੋਂ ਅਲਾਵਾ ਹੋਰ ਹਰ ਬਾਣੀ ਕੱਚੀ ਹੈ, ਤਾਂ ਕੱਚੀਆਂ ਬਾਣੀਆਂ ਨੂੰ ਅੰਮ੍ਰਿਤ ਸੰਚਾਰ ਅਤੇ ਨਿਤਨੇਮ ਜਹੇ ਮਹੱਤਵ ਪੂਰਣ ਕਾਰਜਾਂ ਵਿੱਚ ਦਰਜ ਕਰਨਾ ਕੀ ਜਾਇਜ ਹੈ ? ਅਤੇ ਕਿਉਂ ਜਾਇਜ ਹੈ ? ਇਸ ਦਾ ਕਾਰਣ ਦਸੋ ?

3- ਰਾਮ ਰਾਏ ਨੂੰ ਗੁਰਬਾਣੀ ਦੇ ਇਕ ਸ਼ਬਦ "ਮਿਟੀ ਮੁਸਲਮਾਨ ਕੀ" ਦੀ ਥਾਵੇ "ਮਿਟੀ ਬੇਈਮਾਨ" ਕੀ ਕਹਿਣ ਦੇ ਦੋਸ਼ ਵਿੱਚ "ਗੁਰੂ ਘਰ" ਤੋਂ ਨਿਕਾਲਾ ਦੇ ਦਿਤਾ ਗਇਆ ਸੀ । "ਸੋਦਰ ਦੀ ਅੰਮ੍ਰਿਤ ਬਾਣੀ" ਵਿੱਚ ਇਕ ਪੂਰੀ "ਦੇਵੀ ਉਸਤਤਿ" ਰਲ ਗਡ ਕਰਨ ਵਾਲਿਆਂ ਨੂੰ ਅੱਜ ਤਕ ਕੋਈ ਸਜ਼ਾ ਕਿਉਂ ਨਹੀਂ ਦਿਤੀ ਗਈ ?

4- ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ "ਕਬਿਯੌ ਬਾਚ ਬੇਨਤੀ ਚੌਪਈ" ਕਿਸ ਦੀ ਬਾਚੀ (ਕਹੀ) ਰਚਨਾ ਹੈ ? ਇਸ 'ਤੇ ਸਾਫ ਸਾਫ ਸਿਰਲੇਖ ਹੈ ਕਿ ਇਹ "ਕਵੀਆਂ ਦੀ ਬਾਚੀ" ਚੌਪਈ ਹੈ। ਫਿਰ ਸ਼੍ਰੋਮਣੀ ਕਮੇਟੀ ਨੇ ਨਿਤਨੇਮ ਦੀਆਂ ਪੋਥੀਆਂ ਵਿੱਚ, ਇਸ ਤੇ "ਪਾਤਸ਼ਾਹੀ 10 ਵੀਂ" ਸਿਰਲੇਖ ਕਿਉਂ ਅਤੇ ਕਿਸ ਅਧਿਕਾਰ ਨਾਲ ਛਾਪ ਦਿਤਾ ਹੈ ? ਜੋ ਅਖੌਤੀ ਦਸਮ ਗ੍ਰੰਥ ਦੇ ਮੂਲ ਸ੍ਰੋਤ ਵਿੱਚ ਤਾਂ ਹੈ ਹੀ ਨਹੀਂ?

5- ਕਬਿਯੋ ਬਾਚ ਬੇਨਤੀ ਚੌਪਈ "ਦਸਮ ਗ੍ਰੰਥ" ਦੀ ਇਕ ਅਸ਼ਲੀਲ ਰਚਨਾਂ "ਚਰਿਤ੍ਰ ਪਾਖਿਯਾਨ" ਦੇ 404ਵੇਂ ਚਰਿਤ੍ਰ ਦੀਆਂ 377 ਵੀ ਤੋਂ ਲੈ ਕੇ 405 ਪੌੜੀਆਂ ਤੱਕ ਨਿਤਨੇਮ ਦੇ ਗੁਟਕਿਆਂ ਵਿਚ ਅੰਕਿਤ ਹੈ। ਇਸ ਅਸ਼ਲੀਲ ਸਾਹਿਤ ਦੇ ਅਖੀਰਲੇ ਹਿੱਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ "ਸੋਦਰ" ਵਿਚ ਰੱਲ ਗੱਡ ਕਰਨ ਦਾ ਕੀ ਕਾਰਣ ਸੀ ? ਕੀ ਨਿਤਨੇਮ ਵਿੱਚ ਇਸ ਦੀ ਥਾਂਵੇਂ ਗੁਰੂ ਗ੍ਰੰਥ ਸਹਿਬ ਜੀ ਦੀ ਕੋਈ ਹੋਰ ਅੰਮ੍ਰਿਤ ਬਾਣੀ ਸ਼ਾਮਿਲ ਨਹੀਂ ਕੀਤੀ ਜਾ ਸਕਦੀ ਸੀ? ਅਤੇ ਜੇ ਚੌਪਈ ਗੁਰਬਾਣੀ ਹੈ ਤਾਂ, ਗੁਟਕਿਆਂ 'ਚ ਛਾਪਣ ਵੇਲੇ ਇਸ ਦੇ ਨੰਬਰ ਕਿਸ ਤਰ੍ਹਾਂ ਬਦਲ ਦਿੱਤੇ ਗਏ, ਕਿਉਂਕਿ ਗੁਟਕਿਆਂ 'ਚ ਚੌਪਈ ਨੰਬਰ 1 ਤੋਂ ਸ਼ੁਰੂ ਹੁੰਦੀ ਹੈ, ਇਹ ਅਧਿਕਾਰ ਕਿਸਨੇ ਦਿੱਤਾ?

6- ਨਿਤਨੇਮ ਵਿੱਚ ਸ਼ਾਮਿਲ "ਕਬਿਯੋ ਬਾਚ ਬੇਨਤੀ ਚੌਪਈ" ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ "ਮਹਲਾ 10" ਦੀ ਥਾਵੇਂ "ਪਾਤਸ਼ਾਹੀ 10" ਤੋਂ ਸ਼ੁਰੂ ਕਿਉਂ ਹੁੰਦੀ ਹੈ ? ਜੇ ਇਹ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਹੈ, ਤਾਂ ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ "ਮਹਲਾ" ਸ਼ਬਦ ਦੇ ਖਿਲਾਫ ਸਨ?, ਜੋ ੳਨ੍ਹਾਂ ਨੇ "ਮਹਲਾ" ਦੀ ਥਾਂਵੇ ਅਪਣੇ ਆਪ ਨੂੰ "ਪਾਤਸ਼ਾਹੀ" ਲਿਖਿਆ ?

7- ਜੇ ਗੁਰੂ ਗੋਬਿੰਦ ਸਿੰਘ ਸਾਹਿਬ "ਮਹਲਾ " ਸ਼ਬਦ ਲਿਖਨ ਦੇ ਖਿਲਾਫ ਸਨ, ਤਾਂ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਨੂੰ "ਪੋਥੀ ਸਾਹਿਬ" ਵਿੱਚ ਦਰਜ ਕਰਨ ਵੇਲੇ ੳਨ੍ਹਾਂ ਨੇ "ਮਹਲਾ 9" ਦੀ ਥਾਂ ਤੇ "ਪਾਤਸ਼ਾਹੀ 9" ਕਿਉਂ ਨਹੀਂ ਕਰ ਦਿੱਤਾ ?

8- ਅਖੌਤੀ ਦਸਮ ਗ੍ਰੰਥ ਤੋਂ ਨਿਤਨੇਮ ਵਿੱਚ ਸ਼ਾਮਿਲ ਬਾਣੀਆਂ , ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਜ 'ਤੇ "ਨਾਨਕ" ਸ਼ਬਦ ਨਾਲ ਸ਼ੁਸ਼ੋਭਿਤ ਕਿਉਂ ਨਹੀਂ ਹੁੰਦੀਆਂ ? ਕੀ ਗੁਰੂ ਗੋਬਿੰਦ ਸਿੰਘ ਸਾਹਿਬ "ਨਾਨਕ" ਸ਼ਬਦ ਦੀ ਮੁਹਰ ਨਾਲ ਬਾਣੀ ਦੀ ਸਮਾਪਤੀ ਕਰਨ ਦੇ ਖਿਲਾਫ ਸਨ ? ਜੇ ਖਿਲਾਫ ਸਨ ਤਾਂ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਨੂੰ ਦਰਜ ਕਰਨ ਵੇਲੇ ਉਸ ਵਿੱਚ "ਨਾਨਕ" ਸ਼ਬਦ ਨੂੰ ਕਿਉਂ ਨਹੀਂ ਬਦਲ ਦਿਤਾ ਗਇਆ ?

9- ਨਿਤਨੇਮ ਵਿੱਚ ਪੜ੍ਹੀ ਜਾਣ ਵਾਲੀ "ਚੌਪਈ" ਵਿਚ "ਖੜਗਕੇਤੁ", "ਸ਼੍ਰੀ ਅਸਧੁਜ", "ਉਤਭੂਜ", "ਸ਼੍ਰੀ ਅਸਿਕੇਤੁ" "ਮਹਾਕਾਲ" ਆਦਿਕ ਅਨਗਿਨਤ ਦੇਹਧਾਰੀ ਦੇਵਤਿਆਂ ਦਾ ਨਾਮ ਆਂਉਦਾ ਹੈ, ਜਿਨ੍ਹਾਂ ਅੱਗੇ ਸਿੱਖ ਰੋਜ਼ ਅਰਦਾਸ ਕਰਦਾ ਹੈ। ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਨੂਰੂਪ ਹੈ? (ਨੋਟ: ਇਸ ਕੂੜ ਗ੍ਰੰਥ ਦੇ ਪੰਨਾ ਨੰਬਰ 1388 ਤੇ ਸ਼੍ਰੀ ਅਸਿਕੇਤੁ ਦਾ ਅਰਥ "ਤਲਵਾਰ ਧਾਰਣ ਕਰਨ ਵਾਲੇ" ਅਤੇ ਸ਼੍ਰੀ ਅਸਿਧੁਜ ਦਾ ਅਰਥ "ਤਲਵਾਰ ਧਾਰਣ ਕਰਨ ਵਾਲੀ ਪ੍ਰਬਲ ਸ਼ਕਤੀ" ਲਿਖਿਆ ਹੋਇਆ ਹੈ।) ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਈਸ਼ਟ "ੴ" ਨਿਰੰਕਰ ਹੈ, ਜਾਂ ਤਲਵਾਰ ਧਾਰਣ ਕਰਨ ਵਾਲਾ ਦੇਹਧਾਰੀ ?

10- ਨਿਤਨੇਮ ਵਿਚ ਪੜ੍ਹੀ ਜਾਣ ਵਾਲੀ "ਚੌਪਈ" ਦੇ ਚਾਰ ਅੰਤਲੇ ਬੰਦ 402 ਤੋਂ ਲੈਕੇ 405 ਤਕ ਮੌਜੂਦਾ ਨਿਤਨੇਮ ਦੇ ਗੁਟਕਿਆਂ ਵਿਚੋਂ ਕਿਉਂ ਹਟਾ ਦਿਤੇ ਗਏ ਹਨ ?

11- 402 ਤੋਂ ਲੈ ਕੇ 405 ਵੀਂ ਪੌੜ੍ਹੀਆਂ ਕੀ ਇਸ ਲਈ ਤਾਂ ਨਹੀਂ ਹਟਾ ਦਿਤੀਆਂ ਗਈਆਂ, ਕਿਉਂਕਿ ਉਸ ਵਿਚ "ਜਗਮਾਤਾ" (ਦੁਰਗਾ) ਦਾ ਨਾਮ ਆਂਉਦਾ ਹੈ। ਇਸ "ਜਗਮਾਤਾ" ਦਾ ਪੁਵਾੜਾ ਨਾ ਪੈ ਜਾਏ, ਇਸ ਲਈ ਇਨ੍ਹਾਂ ਬੰਦਾਂ ਨੂੰ ਸਿੱਖਾਂ ਤੋਂ ਲੁਕੋ ਤਾਂ ਨਹੀਂ ਦਿੱਤਾ ਗਇਆ ?

12- ਕੂੜ ਗ੍ਰੰਥ ਵਿਚ ਚੌਬੀਸ ਅਵਤਾਰ, ਗਿਆਨ ਪ੍ਰਬੋਧ ਅਤੇ ਜਾਪ, ਇਕੋ ਕਵੀ ਦੀਆਂ ਲਿਖੀਆਂ ਗਈਆਂ ਰਚਨਾਵਾਂ ਨੇ। ਜੇ ਚੌਬੀਸ ਅਵਤਾਰ ਅਤੇ ਗਿਆਨ ਪ੍ਰਬੋਧ "ਕਬਿ ਸਿਯਾਮ" ਦੀਆਂ ਲਿਖੀਆਂ ਰਚਨਾਵਾਂ ਹਨ ਤੇ "ਜਾਪ" ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਚਨਾਂ ਕਿਸ ਤਰ੍ਹਾਂ ਹੋ ਸਕਦੀ ਹੈ ?

13- ਗਿਆਨ ਪ੍ਰਬੋਧ ਅਤੇ ਚੌਬੀਸ ਅਵਤਾਰ ਜੇ ਸਿਯਾਮ ਕਵੀ ਦੀਆਂ ਰਚਨਾਵਾਂ ਨੇ, ਤੇ ਜਾਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਬਾਣੀ ਹੈ, ਤਾਂ ਕੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸਿਯਾਮ ਕਵੀ" ਵੀ ਸੀ ? ਕਿਰਪਾ ਕਰਕੇ ਇਤਿਹਾਸ ਦਾ ਕੋਈ ਇਹੋ ਜਹਿਆ ਸ੍ਰੋਤ ਦੱਸਣ ਦੀ ਕਿਰਪਾਲਤਾ ਕਰਨੀ, ਜਿਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ "ਸ਼ਿਯਾਮ ਕਵੀ" ਕਰਕੇ ਆਉਂਦਾ ਹੋਵੇ?

14- ਜੇ "ਜਾਪ" ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ, ਤਾਂ ਉਸ ਦੇ ਉਪਰ ਵੀ "ਮਹਲਾ 10" ਦੀ ਥਾਂ ਤੇ "ਪਾਤਸ਼ਾਹੀ 10" ਕਿਉਂ ਲਿਖਿਆ ਗਇਆ ਹੈ। ਕੀ ਗੁਰੂ ਗੋਬਿੰਦ ਸਿੰਘ ਸਾਹਿਬ ਅਪਣੇ ਆਪ ਨੂੰ "ਪਾਤਸ਼ਾਹ" ਲਿਖ ਸਕਦੇ ਹਨ, ਅਤੇ ਇਸ ਸਾਰੀ ਬਾਣੀ ਵਿੱਚ "ਨਾਨਕ" ਸ਼ਬਦ ਦੀ ਵਰਤੋਂ ਕਿਉਂ ਨਹੀਂ ਹੈ ?

ਸਾਨੂੰ ਤਾਂ ਇਹ ਸਿਖਾਇਆ ਗਇਆ ਹੈ, ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੁੱਟ ਹਰ ਬਾਣੀ "ਕੱਚੀ" ਹੈ। ਭਗਤਾਂ ਦੀ ਬਾਣੀ, ਭਾਂਵੇ ਉਹ ਭਗਤ ਕਬੀਰ ਜੀ ਦੀ ਹੋਵੇ, ਭਾਂਵੇ ਉਹ ਭਗਤ ਨਾਮ ਦੇਵ ਜੀ ਦੀ ਹੋਵੇ, ਇਨ੍ਹਾਂ ਭਗਤਾਂ ਦੀ ਬਹੁਤ ਸਾਰੀ ਹੋਰ ਵੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ, ਲੇਕਿਨ ਅਸੀਂ ਉਸ ਨੂੰ ਹੀ "ਗੁਰਬਾਣੀ" ਕਹਿੰਦੇ ਹਾਂ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਗੁਰੂ ਸਾਹਿਬਾਨ ਨੇ ਦਰਜ ਕੀਤੀ। ਇਨ੍ਹਾਂ ਭਗਤਾਂ ਦੀ ਹੋਰ ਬਾਣੀ, ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ, ਉਸਨੂੰ ਨਾਂ ਤਾਂ ਅਸੀਂ "ਗੁਰਬਾਣੀ" ਕਹਿੰਦੇ ਹਾਂ ਅਤੇ ਨਾਂ ਹੀ ਉਸ ਅਗੇ ਮੱਥੇ ਟੇਕਦੇ ਹਾਂ। ਜਵਾਬ ਉਨ੍ਹਾਂ ਨੇ ਦੇਣਾਂ ਹੈ, ਜੋ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੂੰ "ਗੁਰਬਾਣੀ" ਦਾ ਦਰਜਾ ਦੇਂਦੇ ਹਨ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਭਾਵੇਂ ਦਰਜ ਨਾ ਹੋਣ। ਇਸ ਗਲ ਦਾ ਫੈਸਲਾ ਕੌਮ ਨੇ ਕਰਨਾ ਹੈ, ਤੁਸੀਂ ਆਪ ਕਰਨਾਂ ਹੈ ? ਜਵਾਬ ਮਿਲ ਜਾਣ 'ਤੇ ਬਹੁਤ ਬਹੁਤ ਮੇਹਰਬਾਨੀ ਹੋਵੇਗੀ ਜੀ।


ਵਿਸ਼ੇਸ਼ ਬੇਨਤੀ:

ਦਸਮ ਗ੍ਰੰਥ ਨੂੰ ਗੁਰਬਾਣੀ ਕਹਿਣ ਵਾਲੇ ਸੱਜਣਾਂ ਨੂੰ ਬੇਨਤੀ ਹੈ ਕਿ ਸ. ਇੰਦਰਜੀਤ ਸਿੰਘ ਕਾਨਪੁਰ ਦੇ ਸਵਾਲਾਂ ਤੱਕ ਹੀ ਸੀਮਿਤ ਰਹਿਆ ਜਾਵੇ, ਵਿਸ਼ੇ ਤੋਂ ਹੱਟ ਕੇ ਨਿਜੀ ਲਾਂਛਣ ਜਾਂ ਕਸੀਦੇ ਨਾ ਕੱਢੇ ਜਾਣ। ਜੇ ਕੋਈ ਵੀ ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਬਾਦਲੀਲ ਦੇਵੇਗਾ, ਉਨ੍ਹਾਂ ਨੂੰ ਵਖਰੇ ਤੌਰ 'ਤੇ ਖ਼ਾਲਸਾ ਨਿਊਜ਼ 'ਤੇ ਪੋਸਟ ਕੀਤਾ ਜਾਵੇਗਾ। ਆਪਣੀ ਭਾਸ਼ਾ 'ਤੇ ਕੰਟਰੋਲ ਅਤੇ ਸੰਯਮ ਰੱਖ ਕੇ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣ। ਆਸ ਹੈ ਬੇਨਤੀ ਪ੍ਰਵਾਨ ਕਰੋਗੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios । videos or any other contents published on www।khalsanews।org and cannot be held responsible for their views।  Read full details।।।।

Go to Top