Share on Facebook

Main News Page

ਇਕ ਵਾੜੇ ‘ਚ ਦਸ ਭੇਡਾਂ, ਇਕ ਉੱਥੋਂ ਭੱਜੀ, ਬਾਕੀ ਕਿੰਨੀਆਂ ਬਚੀਆਂ ?
-: ਨਿਰਮਲ ਸਿੰਘ ਕੰਧਾਲਵੀ

ਖ਼ਾਲਸਾ ਨਿਊਜ਼ ‘ਤੇ ਨੰਦਸਰੀਆਂ ਦੀ ਨਾਮ ਜਪਣ ਦੀ ਨਵੀਂ ਤਕਨੀਕ ਪੜ੍ਹ/ਦੇਖ ਕੇ ਹੈਰਾਨੀ ਨਹੀਂ ਹੋਈ। ਇਸ ਤਰ੍ਹਾਂ ਦੇ ਸ਼ੋਸ਼ੇ ਛੱਡਣੇ ਇਹਨਾਂ ਡੇਰਿਆਂ ਦੀ ਮਜਬੂਰੀ ਹੈ ਕਿਉਂਕਿ ਨਹੀਂ ਤਾਂ ਇਹਨਾਂ ਦੀਆਂ ਭੇਡਾਂ ਜਦੋਂ ਕਿਸੇ ਹੋਰ ਵਾੜੇ ਵਿਚ ਨਵੀਂ ਚੀਜ਼ ਦੇਖਦੀਆਂ ਹਨ ਤਾਂ ਉਧਰ ਨੂੰ ਭੱਜ ਜਾਂਦੀਆਂ ਹਨ। ਤੇ ਖ਼ਾਲਸਾ ਜੀ ਆਪ ਭਲੀ ਭਾਂਤ ਜਾਣਦੇ ਹੋ ਕਿ ਜਦੋਂ ਇਕ ਭੇਡ ਵਾੜੇ ਵਿਚੋਂ ਭੱਜੇ ਤਾਂ ਬਾਕੀ ਵੀ ਮਗਰੇ ਭੱਜ ਜਾਂਦੀਆਂ ਹਨ ਤੇ ਕਿਹੜਾ ਆਜੜੀ ਚਾਹੇਗਾ ਕਿ ਉਹਦੇ ਵਾੜੇ ‘ਚੋਂ ਭੇਡਾਂ ਨਿੱਕਲ ਜਾਣ। ਇਹਨਾਂ ਭੇਡਾਂ ਦੇ ਸਿਰ ‘ਤੇ ਹੀ ਤਾਂ ਵੱਡੀਆਂ ਵੱਡੀਆਂ ਗੱਡੀਆਂ ਦੇ ਝੂਟੇ ਮਿਲਦੇ ਹਨ ਤੇ ਧੌਲਰ ਉੱਸਰਦੇ ਹਨ, ਜਿਹਨਾਂ ‘ਚ ਇਹ ਸ਼ਹਿਨਸ਼ਾਹੀਆਂ ਮਾਣਦੇ ਹਨ।

ਕੁਝ ਸਾਲ ਹੋਏ ਦੋਦੜੇ ਵਾਲ਼ਿਆਂ ਨੇ ਇਕ ਬੜੇ ਨਾਮੀ-ਗਰਾਮੀ ਧੜੇ ਦੀਆਂ ਭੇਡਾਂ ਖਿੱਚ ਲਈਆਂ ਸਨ ਤਾਂ ਉਹਨਾਂ ਦਾ ਸਿਰ ਵੱਢਵਾਂ ਵੈਰ ਪੈ ਗਿਆ ਸੀ। ਫੇਰ ਜਦੋਂ ਤਰਮਾਲੇ ਨੇ ਕੇਸ ਖ਼ਿਲਾਰ ਕੇ, ਦਸਤਾਰਾਂ ਤੇ ਦੁਪੱਟੇ ਗਲ਼ਾਂ ‘ਚ ਪਾ ਕੇ ਨਾਮ ਜਪਣ ਦੀ ਨਵੀਂ ਤਕਨੀਕ ਕੱਢੀ, ਤਾਂ ਫੇਰ ਭੇਡਾਂ ਉੱਧਰ ਨੂੰ ਉੱਲਰ ਪਈਆਂ ਤੇ ਉਸ ਨੇ ਕਈ ਵਾੜਿਆਂ ‘ਚੋਂ ਭੇਡਾਂ ਖਿੱਚੀਆਂ।

ਵੀਡੀਓ ਕਲਿੱਪ ਦੇਖ ਕੇ ਹਾਸਾ ਵੀ ਆਉਂਦਾ ਹੈ, ਤੇ ਰੋਣਾ ਵੀ। ਕੱਲ ਹੀ ਇਸ ਕਲਿੱਪ ਬਾਰੇ ਮੈਨੂੰ ਇਕ ਮਿੱਤਰ ਪਿਆਰੇ ਦਾ ਫੋਨ ਆਇਆ ਤੇ ਉਸ ਨੇ ਪੁੱਛਿਆ ਕਿ ਬਈ ਇਹ ‘ਪ੍ਰੀਤ ਪ੍ਰੀਤ’ ਦੀਆਂ ਕੂਕਾਂ ਰਾਹੀਂ ਨਾਮ ਜਪਣ ਦੇ ਪਿੱਛੇ ਕੀ ਰਾਜ਼ ਹੈ? ਮੈਂ ਕਿਹਾ ਬਈ ਮੈਨੂੰ ਤਾਂ ਇਉਂ ਲਗਦੈ ਜਿਵੇਂ ਇਸ ਢੰਗ ਨਾਲ ਇਹ ਸੱਜਣ ਆਪਣੇ ਬਚਪਨ ਦੇ ਵਿੱਛੜੇ ਹੋਏ ਪਿਆਰ ਨੂੰ ਯਾਦ ਕਰਦਾ ਹੋਵੇ। ਬਾਕੀ ਕਿਸੇ ਪੀ.ਐਚ.ਡੀ. ਦੇ ਖੋਜਾਰਥੀ ਨੂੰ ਇਹ ਵਿਸ਼ਾ ਖੋਜ ਕਰਨ ਲਈ ਦਿੱਤਾ ਜਾ ਸਕਦਾ ਹੈ।

ਅਸੀਂ ਤਾਂ ਬਹੁਤ ਸਾਲਾਂ ਤੋਂ ਕਹਿ ਰਹੇ ਹਾਂ ਕਿ ਸਿੱਖੀ ਨੂੰ ਸਰਸੇ ਵਾਲ਼ੇ ਤੋ, ਭਨਿਆਰੇ ਵਾਲ਼ੇ ਤੋਂ ਤੇ ਹੋਰ ਇਹਨਾਂ ਵਰਗਿਆਂ ਤੋਂ ਏਨਾ ਖ਼ਤਰਾ ਨਹੀਂ, ਜਿੰਨਾਂ ਸਿੱਖ ਪੰਥ ਵਿਚ ਘੁਸਪੈਠ ਕਰ ਚੁੱਕੀ ਇਸ ਚਿੱਟੀ ਸਿਉਂਕ ਤੋਂ ਹੈ।

ਚਲੋ ਜੇ ਪੱਤਿਆਂ ਜਾਂ ਤਣੇ ਨੂੰ ਪੈਂਦੀ ਤਾਂ ਹੋਰ ਗੱਲ ਸੀ ਪਰ ਇਸ ਸਿਉਂਕ ਨੇ ਸਿੱਖੀ ਦੀਆਂ ਜੜ੍ਹਾਂ ‘ਤੇ ਹਮਲਾ ਕੀਤਾ ਹੈ, ਕਿਉਂਕਿ ਇਹਨਾਂ ਨੂੰ ਅਗਵਾਈ ਦੇਣ ਵਾਲ਼ਿਆਂ ਨੇ ਬੁੱਧ ਧਰਮ ਤੇ ਜੈਨ ਧਰਮ ਦੀਆਂ ਜੜ੍ਹਾਂ ਵੀ ਬੜੀ ਸ਼ਾਤਰਤਾ ਨਾਲ਼ ਖੋਖਲੀਆਂ ਕੀਤੀਆਂ ਸਨ। ਸ਼ੰਕਰਾਚਾਰੀਆ ਦੇ ਚੇਲਿਆਂ ਨੇ ਤਾਂ ਬੜੀ ਨਿਰਦੈਤਾ ਨਾਲ਼ ਬੋਧੀਆਂ ਦੇ ਕਤਲ ਕੀਤੇ ਸਨ। ਗਿਰਗਿਟ ਜਿਵੇਂ ਰੰਗ ਬਦਲਦਾ ਰਹਿੰਦਾ ਹੈ ਇਸੇ ਤਰ੍ਹਾਂ ਇਹ ਬਿਪਰ ਵੀ ਸਮੇਂ ਮੁਤਾਬਿਕ ਸਾਮ, ਦਾਮ, ਦੰਡ, ਭੇਦ ਦੀਆਂ ਚਾਲਾਂ ਵਰਤ ਕੇ ਘੱਟ ਗਿਣਤੀਆਂ ਦਾ ਮਲੀਆ ਮੇਟ ਕਰਦਾ ਹੈ। ਸਿੱਖ ਧਰਮ ਇਹਨਾਂ ਦੇ ਰਾਹ ਵਿਚ ਵੱਡਾ ਰੋੜਾ ਹੈ ਕਿਉਂਕਿ ਸਿੱਖ ਸਿਧਾਂਤ ਇਹਨਾਂ ਦੀ ਹਰ ਧਾਰਣਾ ਦਾ ਖੰਡਨ ਦਲੀਲ ਦੇ ਆਧਾਰ ‘ਤੇ ਕਰਦਾ ਹੈ।

ਇਹੋ ਹੀ ਕਾਰਨ ਹੈ ਕਿ ਚਿੱਟੀ ਸਿਉਂਕ ਦੇ ਰਾਹੀਂ ਸਿੱਖ ਸਿਧਾਂਤਾਂ ‘ਤੇ ਪਾਣੀ ਫੇਰਿਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਨੇ ਮਨੁੱਖ ਦਾ ਖਹਿੜਾ ਸਰੀਰਾਂ ਤੋਂ ਛੁਡਵਾ ਕੇ ਸ਼ਬਦ-ਗੁਰੂ ਨਾਲ਼ ਜੋੜ ਦਿੱਤਾ ਪਰ ਪੁਜਾਰੀ ਨੂੰ ਕਦ ਇਹ ਭਾਉਂਦਾ ਸੀ ਕਿਉਂਕਿ ਉਸ ਦੀ ਲੁੱਟ-ਖਸੁੱਟ ਹੀ ਇਸ ਰਾਹੀਂ ਹੁੰਦੀ ਹੈ। ਇਹਨਾਂ ਨੇ ਸ਼ਬਦ-ਗੁਰੂ ਨੂੰ ਭੁੱਖ, ਦੁੱਖ, ਗਰਮੀ, ਸਰਦੀ ਨਾਲ਼ ਜੋੜ ਦਿੱਤਾ। ਪ੍ਰਸ਼ਾਦਿਆਂ ਦੇ ਭੋਗ ਲਵਾਉਣੇ ਅਤੇ ਗਰਮੀ ਸਰਦੀ ਦੇ ਰੁਮਾਲੇ ਪਹਿਨਾਉਣੇ ਸ਼ੁਰੂ ਕਰ ਦਿੱਤੇ। ਇਸੇ ਦਾ ਨਤੀਜਾ ਹੈ ਕਿ ਪੱਖਿਆਂ ਅਤੇ ਹੀਟਰਾਂ ਦੇ ਓਵਰਹੀਟ ਹੋਣ ਨਾਲ਼ ਹਰੇਕ ਸਾਲ ਅਖਾਉਤੀ ਸੱਚਖੰਡਾਂ ‘ਚ ਸੈਂਕੜੇ ਬੀੜਾਂ ਅਗਨਭੇਂਟ ਹੋ ਜਾਂਦੀਆਂ ਹਨ।

ਜਿਤਨਾ ਚਿਰ ਸਿੱਖ ਸ਼ਬਦ-ਗੁਰੂ ਨਾਲ਼ ਜੁੜਿਆ ਰਿਹਾ ਇਸ ਦੀ ਚੜ੍ਹਦੀ ਕਲਾ ਰਹੀ ਇਹ ਆਪਣੇ ਆਸ਼ੇ ਤੋਂ ਨਹੀਂ ਡੋਲਿਆ, ਸਿੱਖ ਇਤਿਹਾਸ ਇਸ ਦਾ ਗਵਾਹ ਹੈ।ਹੁਣ ਵੀ ਹੈਨ ਪਰ ਗੁਰਬਾਣੀ ਦੇ ਮਹਾਂਵਾਕ ਮੁਤਾਬਿਕ ‘ਹੈਨ ਵਿਰਲੇ ਨਾਹੀਂ ਘਣੇ’। ਅੱਜ ਤਾਂ ਕੋਈ ਟਾਵਾਂ ਹੀ ਸਿੱਖ ਪਰਿਵਾਰ ਹੋਵੇਗਾ ਜਿਸ ਦਾ ਫੈਮਿਲੀ ਡਾਕਟਰ ਵਾਂਗ ਕੋਈ ਫੈਮਿਲੀ ਬਾਬਾ ਨਾ ਹੋਵੇ। ਇਹ ਲੋਕ ਦਿਖਾਵੇ ਲਈ ਅਖੰਡ ਪਾਠ ਵੀ ਕਰਵਾਉਂਦੇ ਹਨ, ਪਰ ਹੁਕਮਨਾਮੇ ਦੇ ਬਚਨਾਂ ਨੂੰ ਮੰਨਣ ਦੀ ਬਜਾਇ ਕਹਿਣਾ ਆਪਣੇ ਬਾਬੇ ਦਾ ਹੀ ਮੰਨਣਗੇ।

ਖ਼ਾਲਸਾ ਨਿਊਜ਼ ਨੇ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਨੂੰ ਗੁਰਮਤਿ ਦੀ ਸੋਝੀ ਕਰਵਾਈ ਜਾਵੇ। ਇਹ ਬਾਬੇ ਆਪਣੀਆਂ ਭੇਡਾਂ ਦੀ ਚਮੜੀ ਬਹੁਤ ਮੋਟੀ ਕਰ ਦਿੰਦੇ ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਭੇਡਾਂ ਸਿਰਫ਼ ਦੁਨਿਆਵੀ ਮੰਗਾਂ ਲਈ ਹੀ ਉਹਨਾਂ ਦੇ ਡੇਰਿਆਂ ‘ਤੇ ਆਉਂਦੀਆਂ ਹਨ ਤੇ ਇਹ ਬਾਬੇ ਦੁਨਿਆਵੀ ਪਦਾਰਥਾਂ ਦੇ ‘ਖੁੱਲ੍ਹੇ ਭੰਡਾਰੇ’ ਲੈ ਕੇ ਬੈਠੇ ਹੁੰਦੇ ਹਨ। ਭੇਡਾਂ ਨੂੰ ਇੰਨੀ ਵੀ ਸਮਝ ਨਹੀਂ ਆਉਂਦੀ ਕਿ ਜੇ ਇਹ ਬਾਬੇ ਦੁਨਿਆਵੀ ਪਦਾਰਥ ਹੀ ਦੇਣ ਜੋਗੇ ਵੀ ਹੋਣ, ਤਾਂ ਤੁਹਾਡੇ ਕੋਲੋਂ ਇਕ ਇਕ ਅਖੰਡ ਪਾਠ ਦਾ ਸੱਠ ਸੱਠ ਹਜ਼ਾਰ ਕਿਉਂ ਲੈਣ।

ਪਾਠਕ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਜੇ ਡੇਢ ਸੌ ਅਖੰਡ ਪਾਠ ਰੱਖਿਆ ਹੈ, ਤਾਂ ਕਿੰਨਾ ਪੈਸਾ ਬਣਿਆ। ਹੈ ਕੋਈ ਇਸ ਨਾਲੋਂ ਵਧੀਆ ਬਿਜ਼ਨਸ ਹੈ ਕੋਈ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top