Share on Facebook

Main News Page

ਫਾਂਸੀ ਕਿਸੇ ਵੀ ਮਸਲੇ ਦਾ ਹੱਲ ਨਹੀਂ
-: ਭਾਈ ਲਖਵਿੰਦਰ ਸਿੰਘ

ਅੰਮ੍ਰਿਤਸਰ 23 ਜਨਵਰੀ (ਜਸਬੀਰ ਸਿੰਘ ਪੱਟੀ) ਪੰਜਾਬ ਦੇ ਮਰਹੂਮ ਮੁੱਖ ਮੰਤਰੀ ਸ੍ਰ.ਬੇਅੰਤ ਸਿੰਘ ਦੇ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜਾ ਭੁਗਤ ਚੁੱਕੇ ਭਾਈ ਲਖਵਿੰਦਰ ਸਿੰਘ ਨੇ ਪੈਰੋਲ 'ਤੇ ਰਿਹਾਅ ਹੋਣ ਉਪਰੰਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਿਹਾ ਕਿ ਫਾਂਸੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਸਗੋ ਮਸਲਿਆ ਨੂੰ ਵਿਚਾਰ ਚਰਚਾ ਨਾਲ ਮਿਲ ਬੈਠ ਕੇ ਹੱਲ ਕਰਕੇ ਨੌਜਵਾਨਾਂ ਵਿੱਚ ਪਾਏ ਜਾਂਦੇ ਨਿਰਾਸ਼ਾ ਦੇ ਆਲਮ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪੰਰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਭਾਈ ਲਖਵਿੰਦਰ ਸਿੰਘ ਨੇ ਕਿਹਾ ਕਿ ਫਾਂਸੀ ਕਿਸੇ ਵੀ ਮੁੱਦੇ ਦਾ ਕੋਈ ਹੱਲ ਨਹੀਂ ਹੈ ਸਗੋਂ ਇਸ ਨਾਲ ਮਸਲੇ ਹੋਰ ਉਲਝਦੇ ਹਨ ਅਤੇ ਮਸਲਿਆ ਨੂੰ ਤਾਕਤ ਨਾਲ ਦਬਾ ਕੇ ਨਹੀਂ ਸਗੋ ਗੱਲਬਾਤ ਕਰਕੇ ਵਿਚਾਰਕ ਸਾਂਝ ਨਾਲ ਨਿਪਟਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸਜਾ ਪੂਰੀ ਹੋਣ ਉਪਰੰਤ ਜੇਲ੍ਹ ਵਿੱਚ ਡੱਕ ਕੇ ਰੱਖਣਾ ਜਿਥੇ ਸੰਵਿਧਾਨਕ ਤੌਰ 'ਤੇ ਗਲਤ ਹੈ ਉਥੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।

ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ 15 ਵਿਅਕਤੀਆ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰਕੇ ਜਿਹੜਾ ਇਤਿਹਾਸਕ ਫੈਸਲਾ ਸੁਣਾਇਆ ਹੈ ਉਹ ਸ਼ਲਾਘਾਯੋਗ ਹੈ ਅਤੇ ਇਸ ਫੈਸਲੇ ਨੂੰ ਲੈ ਕੇ ਵੀਰ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਰਾਹ ਵੀ ਪੱਧਰਾ ਹੋ ਗਿਆ ਹੈ। ਉਹਨਾਂ ਕਿਹਾ ਕਿ ਅਜਿਹੇ ਫੈਸਲੇ ਭਾਂਵੇ ਅਦਾਲਤ ਦੁਆਰਾ ਕੀਤੇ ਗਏ ਹਨ ਪਰ ਇਹਨਾਂ ਨੂੰ ਸਿਆਸੀ ਵੀ ਕਿਹਾ ਜਾ ਸਕਦਾ ਹੈ ਕਿਉਕਿ ਨਿਆਂਪਾਲਿਕਾ ਤੇ ਕਨੂੰਨ ਮੰਤਰਾਲੇ ਦੀ ਸਲਾਹ ਤੋ ਬਗੈਰ ਅਜਿਹਾ ਫੈਸਲਾ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਪੂਰੇ ਦੇਸ ਵਿੱਚ ਇਸ ਵੇਲੇ ਕਾਂਗਰਸ ਦੇ ਵਿਰੁੱਧ ਹਨੇਰੀ ਝੁਲੀ ਪਈ ਹੈ ਅਤੇ ਇਸ ਫੈਸਲੇ ਦਾ ਫਾਇਦਾ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿੱਚ ਮਿਲ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਭਾਂਵੇ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਫਿਰ ਵੀ ਸਿਆਸੀ ਸੂਝਬੂਝ ਰੱਖਣੀ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਹਰੇਕ ਨਾਗਰਿਕ ਲਈ ਜਰੂਰੀ ਹੈ।

ਉਹਨਾਂ ਕਿਹਾ ਕਿ ਲੋਕਤੰਤਰ ਪ੍ਰਣਾਲੀ ਸਭ ਤੋ ਅਗਾਂਹਵਧੂ ਤੇ ਮਨੁੱਖੀ ਅਧਿਕਾਰਾਂ ਦੇ ਅਨੂਕੂਲ ਗਿਣੀ ਜਾਂਦੀ ਹੈ ਪਰ ਜਿਥੇ ਲੋਕਤੰਤਰ ਵਿੱਚ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਨੂੰ ਤਰਜੀਹ ਦਿੱਤੀ ਜਾਂਦੀ ਹੋਵੇ ਉਥੇ ਲੋਕਤੰਤਰ ਤਾਨਸ਼ਾਹੀ ਨਾਲੋ ਵੀ ਗੰਭੀਰ ਰੂਪ ਧਾਰਨ ਕਰ ਜਾਂਦਾ ਹੈ। ਉਹਨਾਂ ਕਿਹਾ ਕਿ ਸਹੀ ਲੋਕਤੰਤਰ ਤਾਂ ਲੋਕਾਂ ਲਈ, ਲੋਕਾਂ ਵਾਸਤੇ ਤੇ ਲੋਕਾਂ ਦੁਆਰਾ ਹੀ ਚੁਣੀ ਹੋਈ ਪ੍ਰਣਾਲੀ ਦਾ ਗਿਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹਿੰਦੋਸਤਾਨ ਵਿੱਚ ਲੋਕਤੰਤਰ ਗਲਤ ਰੂਪ ਧਾਰਨ ਕਰ ਚੁੱਕਾ ਹੈ ਤੇ ਜਿਸ ਦੀ ਲਾਠੀ ਉਸ ਦੀ ਭੈਂਸ ਦੇ ਬਰਾਬਰ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਉਹ ਭਾਰਤ ਦੇ ਬਸ਼ਿੰਦੇ ਹਨ ਅਤੇ ਉਹਨਾਂ ਨੂੰ ਸੰਵਿਧਾਨ ਅਨੁਸਾਰ ਮਿਲੇ ਅਧਿਕਾਰਾਂ ਦੇ ਸੰਦਰਭ ਵਿੱਚ ਬਿਨਾਂ ਕਿਸੇ ਦੇਰੀ ਤੋ ਅਦਾਲਤ ਵੱਲੋ ਦਿੱਤੀ ਸਜਾ ਪੂਰੀ ਕਰਨ ਉਪਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।

ਪਿਛਲੇ ਲੰਮੇ ਸਮੇਂ ਤੋ ਵੱਖ ਵੱਖ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆ ਉਹਨਾਂ ਕਿਹਾ ਕਿ ਪੰਜਾਬ ਵਿੱਚ ਜੇਕਰ ਵਾਕਿਆ ਹੀ ਪੰਥਕ ਸਰਕਾਰ ਹੈ ਤਾਂ ਸਰਕਾਰ ਨੂੰ ਆਪਣੇ ਕੀਤੇ ਕੌਲ ਕਰਾਰਾਂ ਤੇ ਪਹਿਰਾ ਦਿੰਦਿਆ ਉਹਨਾਂ ਸਾਰੇ ਸਿੰਘਾਂ ਲਈ ਜੇਲਾਂ ਦੇ ਦਰਵਾਜੇ ਖੋਹਲ ਦੇਣੇ ਚਾਹੀਦੇ ਹਨ ਜਿਹੜੇ ਆਪਣੀਆ ਸਜਾਵਾ ਪੂਰੀਆ ਕਰ ਚੁੱਕੇ ਹਨ । ਇਸੇ ਤਰ੍ਹਾਂ ਜਿਹੜੇ ਜੇਲਾਂ ਵਿੱਚ ਬਿਨਾਂ ਕੋਈ ਟਰਾਇਲ ਸ਼ੁਰੂ ਹੋਇਆ ਹਾਲੇ ਵੀ ਬੰਦ ਹਨ ਉਹਨਾਂ ਦੇ ਕੇਸਾਂ ਦਾ ਵੀ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਆਪਣੀ ਪੈਰੋਲ ਖਤਮ ਹੋਣ ਤੇ ਵਾਪਸ ਜੇਲ੍ਹ ਜਾਣ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ 19 ਸਾਲ ਬਾਅਦ ਪਹਿਲੀ ਵਾਰੀ ਉਹਨਾਂ ਨੂੰ ਖੁੱਲੇ ਵਾਤਾਵਰਣ ਦਾ ਅਨੰਦ ਮਾਨਣ ਦਾ ਮੌਕਾ ਮਿਲਿਆ ਹੈ ਪਰ ਪੈਰੋਲ ਖਤਮ ਹੋਣ ਤੇ ਵਾਪਸ ਜੇਲ੍ਹ ਤਾਂ ਜਾਣਾ ਹੀ ਪਵੇਗਾ। ਉਹਨਾਂ ਕਿਹਾ ਕਿ ਅਦਾਲਤ ਜਦੋਂ ਉਮਰ ਕੈਦ ਦੀ ਸਜਾ ਸੁਣਾਉਦੀ ਹੈ ਤਾਂ ਉਸ ਵਿੱਚ ਤਾਂ ਉਮਰ ਕੈਦ ਹੀ ਲਿਖਿਆ ਹੁੰਦਾ ਹੈ ਪਰ ਸਰਕਾਰਾਂ ਆਪਣੇ ਪੱਧਰ ਤੇ ਸੱਤ ਸਾਲ ਤੋ ਲੈ ਕੇ 14 ਸਾਲ ਤੱਕ ਸਜਾ ਪੂਰੀ ਕਰਨ ਵਾਲੇ ਕੈਦੀਆ ਨੂੰ ਰਿਹਾਅ ਕਰ ਦਿੰਦੀਆ ਹਨ ਜੋ ਹੁਣ ਇੱਕ ਰਵਾਇਤ ਵੀ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਸਿਰਫ ਆਪਣੀ ਰਿਹਾਈ ਦੀ ਮੰਗ ਨਹੀਂ ਕਰਦੇ ਸਗੋਂ ਸਮੁੱਚੇ ਉਹਨਾਂ ਵਿਅਕਤੀਆ ਦੀ ਰਿਹਾਈ ਦੀ ਵੀ ਮੰਗ ਕਰਦੇ ਹਨ ਜਿਹੜੇ ਸਜਾਵਾ ਪੂਰੀਆ ਕਰਨ ਦੇ ਬਾਵਜੂਦ ਵੀ ਜੇਲਾਂ ਦੀਆ ਕਾਲ ਕੋਠੜੀਆ ਵਿੱਚ ਬੰਦ ਹਨ।

ਉਹਨਾਂ ਕਿਹਾ ਕਿ ਉਹਨਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਵਿੱਚ ਜਿਹੜਾ ਸੰਘਰਸ਼ ਸਮੁੱਚੋ ਪੰਥ ਨਾਲ ਮਿਲ ਕੇ ਭਾਈ ਗੁਰਬਖਸ਼ ਸਿੰਘ ਨੇ 43 ਦਿਨ ਭੁੱਖੇ ਰਹਿ ਕੇ ਲੜਿਆ ਹੈ ਉਸ ਲਈ ਉਹਨਾਂ ਦਾ ਰੋਮ ਰੋਮ ਸਿੱਖ ਪੰਥ, ਭਾਈ ਗੁਰਬਖਸ਼ ਸਿੰਘ ਤੇ ਸੰਘਰਸ਼ ਕਮੇਟੀ ਦਾ ਰਿਣੀ ਹੈ। ਉਹਨਾਂ ਕਿਹਾ ਕਿ ਇਸ ਸੰਘਰਸ਼ ਨੂੰ ਢਿੱਲਾ ਨਹੀਂ ਪੈਣ ਦੇਣਾ ਚਾਹੀਦਾ ਸਗੋਂ ਜਿੰਨਾ ਚਿਰ ਤੱਕ ਸਰਕਾਰ ਸਾਰੇ ਬੰਦੀਆ ਨੂੰ ਰਿਹਾਅ ਨਹੀਂ ਕਰ ਦਿੰਦੀ ਉਨਾ ਚਿਰ ਤੱਕ ਸੰਘਰਸ਼ ਨੂੰ ਜਾਰੀ ਰੱਖਣ ਦੇ ਨਾਲ ਨਾਲ ਆਪਣੇ ਹੱਕਾਂ ਲਈ ਵੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਸਮੇਂਤ ਭਾਈ ਗੁਰਮੀਤ ਸਿੰਘ ਤੇ ਭਾਈ ਸਮਸ਼ੇਰ ਸਿੰਘ ਬਾਰੇ ਤਾਂ ਇੱਕ ਜੱਜ ਨੇ ਵੀ ਆਪਣੀ ਜੱਜਮੈਂਟ ਵਿੱਚ ਲਿਖਿਆ ਹੈ ਕਿ ‘‘ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਚੰਗੇ ਇਨਸਾਨ ਹਨ ਅਤੇ ਉਹਨਾਂ ਰਿਹਾਅ ਕਰਕੇ ਚੰਗੇ ਇਨਸਾਨ ਬਣਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।’’

ਉਹਨਾਂ ਕਿਹਾ ਕਿ ਜੇਕਰ ਇੱਕ ਜੱਜ ਉਹਨਾਂ ਬਾਰੇ ਇਹ ਆਪਣੇ ਵਿਚਾਰ ਦਿੰਦਾ ਹੈ ਤਾਂ ਫਿਰ ਸਰਕਾਰ ਕੋਲ ਕੋਈ ਹੋਰ ਬਹਾਨਾ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਕਿ ਹਰੇਕ ਸਰਕਾਰ ਆਪਣੇ ਦੇਸ ਦੇ ਨਾਗਰਿਕਾਂ ਨੂੰ ਵਧੀਆ ਰਾਜ ਪ੍ਰਬੰਧ ਦੇਣ ਲਈ ਪਾਬੰਦ ਹੁੰਦੀ ਹੈ ਅਤੇ ਜਿਹੜੀ ਸਰਕਾਰ ਚੰਗਾ ਰਾਜ ਪ੍ਰਬੰਧ ਨਹੀਂ ਦੇ ਸਕਦੀ ਉਸ ਨੂੰ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ। ਉਹਨਾਂ ਕਿਹਾ ਕਿ ਭਾਈ ਰਾਜੋਆਣਾ ਦੀ ਫਾਂਸੀ ਨੂੰ ਟਾਲਣ ਲਈ ਜਿਸ ਤਰ੍ਹਾਂ ਸਮੁੱਚੀ ਸਿੱਖ ਕੌਮ ਨੇ ਇੱਕ ਮੁੱਠ ਹੋ ਕੇ ਸੰਘਰਸ਼ ਕੀਤਾ ਉਥੇ ਉ¤ਘੇ ਕਾਲਮ ਨਵੀਸ ਕੁਲਦੀਪ ਨਾਈਅਰ ਨੇ ਵੀ ਪਿਛਲੇ ਸਮੇਂ ਦੌਰਾਨ ਫਾਂਸੀ ਦੀ ਸਜਾ ਦੇਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਈ ਅਖਬਾਰਾਂ ਵਿੱਚ ਲਿਖਿਆ ਸੀ ਕਿ ,‘‘ ਭਾਈ ਰਾਜੋਆਣਾ ਨੂੰ ਫਾਂਸੀ ਲਗਾ ਕੇ ਸਿੱਖਾਂ ਦੇ ਸ਼ਹੀਦਾਂ ਦੀ ਕਤਾਰ ਨੂੰ ਹੋਰ ਲੰਮਾ ਨਾ ਕੀਤਾ ਜਾਵੇ’’ ਵੀ ਭਾਈ ਰਾਜੋਆਣਾ ਦੀ ਫਾਂਸੀ ਨੂੰ ਟਾਲਣ ਦਾ ਸਬੱਬ ਬਣਿਆ ਹੈ। ਉਹਨਾਂ ਕਿਹਾ ਕਿ ਅਜਿਹੇ ਆਰਟੀਕਲ ਸਿੱਖ ਵਿਚਾਰਵਾਨਾਂ ਨੂੰ ਲਿਖਣੇ ਚਾਹੀਦੇ ਹਨ ਤਾਂ ਕਿ ਸਿੱਖਾਂ ਨਾਲ ਹੋ ਰਹੀਆ ਵਧੀਕੀਆ ਨੂੰ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਤਾਂ ਪੂਰੀ ਤਰ੍ਹਾਂ ਕੁਰਬਾਨੀਆ ਨਾਲ ਜਰਖੇਜ ਹੈ, ਪਰ ਹੁਣ ਸਮਾਂ ਸਿਰ ਦੇਣ ਦਾ ਨਹੀਂ ਸਗੋ ਸਿਰ ਦੀ ਵਰਤੋ ਕਰਨ ਦਾ ਵਧੇਰੇ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਇਹੋ ਹੀ ਸੰਦੇਸ਼ ਦਿੱਤਾ ਹੈ ਕਿ ਜਦੋਂ ਗੱਲਬਾਤ ਦੇ ਸਾਰੇ ਹੀਲੇ ਖਤਮ ਹੋ ਜਾਣ ਉਸ ਸਮੇਂ ਹੀ ਤਲਵਾਰ ਦੀ ਵਰਤੋ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਗੁਰੂ ਦਾ ਨਿਰਾਲਾ ਪੰਥ ਹੈ ਜਿਸ ਤੇ ਉਹਨਾਂ ਨੂੰ ਫਖਰ ਹੈ।

ਇਸੇ ਤਰ੍ਹਾਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਵਿਜਟਰ ਬੁੱਕ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆ ਲਿਖਿਆ ਕਿ ,‘‘ਅੱਜ ਮੈਂਨੂੰ ਗੁਰੂ ਪੰਥ ਖਾਲਸਾ ਦੀਆ ਅਰਦਾਸਾਂ ਬੇਨਤੀਆ ਅਤੇ ਗੁਰੂ ਸਾਹਿਬ ਜੀ ਦੀਆ ਬਖਸ਼ਸ਼ਾਂ ਕਰਕੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਅਤੇ ਅਧਿਆਤਮਿਕ ਅਸੀਸਾਂ ਲੈਣ ਦਾ ਅਵਸਰ 19 ਸਾਲ ਬਾਅਦ ਨਸੀਬ ਹੋਇਆ ਹੈ। ਮੈਂ ਸਮੁੱਚੇ ਪੰਥ ਦਾ ਸ਼ੁੱਕਰ ਗੁਜਾਰ ਹਾਂ ਅਤੇ ਅਰਦਾਸ ਕਰਦਾ ਹਾਂ ਗੁਰੂ ਦਾ ਪਿਆਰਾ ਸਿੱਖ ਪੰਥ ਹਮੇਸ਼ਾਂ ਹੀ ਚੜਦੀ ਕਲਾ ਵਿੱਚ ਰਹੇ।

ਦੇਗ ਤੇਗ ਫਤਿਹ, ਵਾਹਿਗੂਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥

ਗੁਰੂ ਪੰਥ ਦਾ ਦਾਸ,

ਲਖਵਿੰਦਰ ਸਿੰਘ ਨਾਰੰਗਵਾਲ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top