Share on Facebook

Main News Page

ੴਸਤਿਗੁਰਪ੍ਰਸਾਦਿ ॥
ਕੇਸਾਂ ਦੀ ਮਹੱਤਤਾ
-: ਰਾਜਿੰਦਰ ਸਿੰਘ (ਖਾਲਸਾ ਪੰਚਾਇਤ)

ਅਕਸਰ ਕਈ ਭੁੱਲੜ ਲੋਕ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਾਬਤ ਕੇਸ ਰਖਣ ਦੀ ਕੋਈ ਗੱਲ ਹੀ ਨਹੀਂ ਕੀਤੀ ਗਈ। ਕਈ ਆਪਣੇ ਦੁਸ਼ਕਰਮਾਂ ਨੂੰ ਲੁਕਾਉਣ ਲਈ ਐਸੀਆਂ ਢੁੱਚਰਾਂ ਭਾਲਦੇ ਹਨ। ਗੁਰਬਾਣੀ ਨੂੰ ਵਿਸਾਰ ਸਹਿਤ ਪੜ੍ਹੇ ਬਗੈਰ ਹੀ ਅਸੀਂ ਆਪਣੀਆਂ ਧਾਰਨਾਵਾਂ ਬਣਾ ਲੈਂਦੇ ਹਾਂ।

ਐਸਾ ਹੀ ਇਕ ਵਿਵਾਦ ਪਾਹੁਲ ਛਕੇ ਹੋਏ ਸਿੰਘਾਂ ਵਿੱਚ ਵੀ ਅਲੱਗ ਰੂਪ ਵਿੱਚ ਚਲਦਾ ਹੈ। ਇਹ ਕਿਹਾ ਜਾਂਦਾ ਹੈ ਕਿ ਕੇਸ ਤਾਂ ਸਰੀਰ ਦੇ ਨਾਲ ਹੀ ਪੈਦਾ ਹੋਏ ਹਨ, ਸਤਿਗੁਰੂ ਨੇ ਸਾਰੇ ਕਕਾਰ ਬਾਹਰੀ ਦਿੱਤੇ ਹਨ ਇਸ ਵਾਸਤੇ ਕੇਸ ਕਕਾਰ ਨਹੀਂ। ਅਸੀਂ ਇਹ ਗੱਲ ਨਹੀਂ ਭੁਲ ਸਕਦੇ ਕਿ ਜਿਸ ਵੇਲੇ ਗੁਰੂ ਨਾਨਕ ਪਾਤਿਸ਼ਾਹ ਪ੍ਰਕਾਸ਼ਮਾਨ ਹੋਏ, ਉਸ ਵੇਲੇ ਤੱਕ ਮਨੁਖੀ ਸਮਾਜ ਵਿੱਚ ਕੇਸਾਂ ਦਾ ਕਤਲ ਕਰਨ ਦਾ ਮਾੜਾ ਰਿਵਾਜ਼ ਸ਼ੁਰੂ ਹੋ ਚੁੱਕਾ ਸੀ। ਗੁਰੂ ਨਾਨਕ ਪਾਤਿਸ਼ਾਹ ਨੇ ਹੀ ਭੁੱਲੜ ਮਨੁੱਖ ਨੂੰ ਇਹ ਸਮਝਾਉਣ ਦੀ ਸ਼ੁਰੂਆਤ ਕੀਤੀ ਕਿ ਵਾਹਿਗੁਰੂ ਦਾ ਕੀਤਾ ਹਰ ਕੰਮ ਪੂਰਾ ਹੈ, ਉਸ ਦੀ ਸਿਆਣਪ ਤੇ ਸ਼ੰਕਾ ਕਰਨ ਦੀ ਮੂਰਖਤਾ ਨਾ ਕਰ। ਸਲੋਕ ਵਾਰਾਂ ਤੇ ਵਧੀਕ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਹਨ:

ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥” (ਮਹਲਾ 1, ਪੰਨਾ 1412)

ਹੇ ਨਾਨਕ ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ।

ਇਹ ਗੱਲ ਗੁਰਬਾਣੀ ਵਿੱਚ ਬਾਰ-ਬਾਰ ਦ੍ਰਿੜ ਕਰਾਈ ਗਈ ਹੈ। ਗੁਰੂ ਅਰਜਨ ਪਾਤਿਸ਼ਾਹ ਦੇ ਪਾਵਨ ਬਚਨ ਹਨ:

“ਪੂਰਾ ਗੁਰੁ ਪੂਰੀ ਬਣਤ ਬਣਾਈ ॥”(ਆਸਾ ਮਹਲਾ 5, ਪੰਨਾ 376)

ਹੇ ਨਾਨਕ ! ਪਰਮਾਤਮਾ ਸਭ ਤੋਂ ਵੱਡਾ ਹੈ ਉਸ ਵਿਚ ਕੋਈ ਉਕਾਈ ਨਹੀਂ ਹੈ, ਉਸ ਦੀ ਬਣਾਈ ਹੋਈ ਰਚਨਾ ਭੀ ਉਕਾਈ-ਹੀਣ ਹੈ।

ਸਤਿਗੁਰੂ ਨੇ ਇਹ ਗੱਲ ਵੀ ਸਪੱਸ਼ਟ ਕਰ ਦਿੱਤੀ ਹੈ, ਕਿ ਅਕਾਲ-ਪੁਰਖੁ ਦੇ ਸ੍ਰਿਸ਼ਟੀ ਰਚਨਾ ਦੇ ਹੁਕਮ ਦੀ ਸਮਝ ਉਸ ਨੂੰ ਹੀ ਪੈ ਸਕਦੀ ਹੈ ਅਤੇ ਉਹੀ ਅਕਾਲ ਪੁਰਖ ਦੀ ਰਜ਼ਾ ਵਿੱਚ ਚਲ ਸਕਦਾ ਹੈ, ਜਿਸ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ:

ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥” (ਆਸਾ ਮਹਲਾ 5, ਪੰਨਾ 396)

ਹੇ ਪ੍ਰਭੂ ! ਤੇਰਾ ਹੁਕਮ ਬੇਅੰਤ ਹੈ, ਕੋਈ ਜੀਵ ਤੇਰੇ ਹੁਕਮ ਦਾ ਅੰਤ ਨਹੀਂ ਲੱਭ ਸਕਦਾ, (ਤੇਰੀ ਮਿਹਰ ਨਾਲ) ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ ।2।

ਜੋ ਲੋਕ ਕੇਸਾਂ ਦੀ ਬੇਅਦਬੀ ਕਰਦੇ ਹਨ ਭਾਵ ਕਿਸੇ ਰੂਪ ਵਿੱਚ ਵੀ ਵਾਲ ਕਟਦੇ ਜਾਂ ਕੁਤਰਦੇ ਹਨ, ਉਨ੍ਹਾਂ ਦੇ ਅਚੇਤ ਮਨ ਵਿੱਚ ਕਿਧਰੇ ਇਹ ਖਿਆਲ ਹੁੰਦਾ ਹੈ ਕਿ ਪ੍ਰਮਾਤਮਾ ਨੇ ਵਾਲ ਵਾਧੂ ਹੀ ਬਣਾ ਦਿੱਤੇ ਹਨ, ਇਨ੍ਹਾਂ ਦੀ ਕੋਈ ਲੋੜ ਨਹੀਂ। ਇਹ ਅਲੱਗ ਗੱਲ ਹੈ ਕਿ ਉਨ੍ਹਾਂ ਇਸ ਗੱਲ ਨੂੰ ਕਦੇ ਗੰਭੀਰਤਾ ਨਾਲ ਵਿਚਾਰਿਆ ਨਾ ਹੋਵੇ। ਚਲੀ ਆ ਰਹੀ, ਆਪਣੀ ਸਮਾਜਿਕ ਬਣਤੱਰ ਵਿੱਚ ਇਹ ਕੰਮ ਸੁਭਾਵਕ ਹੀ ਕਰੀ ਜਾ ਰਹੇ ਹੋਣ। ਜਿਸ ਮਨੁੱਖ ਨੂੰ ਅਕਾਲ ਪੁਰਖ ਦੀ ਪੂਰੀ ਸਿਆਣਪ ‘ਤੇ ਪੂਰਨ ਭਰੋਸਾ ਹੋ ਜਾਵੇ, ਉਹ ਕਦੇ ਕੇਸਾਂ ਦੀ ਬੇਅਦਬੀ ਕਰਨ ਦਾ ਸੋਚ ਹੀ ਨਹੀਂ ਸਕਦਾ। ਇਥੇ ਆਪਣੇ ਨਿਜੀ ਜੀਵਨ ਵਿੱਚ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਨਾ ਯੋਗ ਹੋਵੇਗਾ। ਮੇਰਾ ਇਕ ਇਸਾਈ ਮਿੱਤਰ ਹੈ, ਉਸ ਦਾ ਨਾਂ ਆਈਜ਼ੈਕ ਹੈ। ਅਸਲ ਵਿੱਚ ਸਾਡਾ ਕਾਰੋਬਾਰੀ ਸਬੰਧ ਹੈ, ਉਹ ਇਕ ਕੰਪਨੀ ਜਿਸ ਦੇ ਅਸੀਂ ਡੀਲਰ ਹਾਂ, ਦਾ ਨੁਮਾਇੰਦਾ ਹੈ। ਕੁਝ ਸਮਾਂ ਪਹਿਲੇ ਜਦੋਂ ਉਸ ਦੀ ਡਿਊਟੀ ਸਾਡੇ ਇਲਾਕੇ ਵਿੱਚ ਲੱਗੀ ਹੋਈ ਸੀ, ਆਪਣੀ ਡਿਉਟੀ ਦੇ ਸਿਲਸਿਲੇ ਵਿੱਚ, ਮਹੀਨੇ ਵਿੱਚ ਦੋ ਦਿਨ ਚੰਡੀਗੜ੍ਹ ਸਾਡੇ ਕੋਲ ਆਉਂਦਾ ਸੀ। ਇਕ ਗੱਲ ਕਹਿਣੋ ਮੈਂ ਨਹੀਂ ਰਹਿ ਸਕਦਾ ਕਿ ਉਸ ਦੀ ਆਪਣੇ ਧਰਮ ਪ੍ਰਤੀ ਵਚਨ ਬੱਧਤਾ ਲਾਮਿਸਾਲ ਹੈ। ਇਕ ਦਿਨ ਕਾਰੋਬਾਰ ਦੇ ਸਿਲਸਿਲੇ ਵਿੱਚ ਹੀ ਅਸੀਂ ਇਕੱਠੇ ਕਾਰ ਵਿੱਚ ਕਿਸੇ ਨੇੜਲੇ ਸ਼ਹਿਰ ਜਾ ਰਹੇ ਸਾਂ। ਰਸਤੇ ਵਿੱਚ ਆਈਜ਼ੈਕ ਕਹਿਣ ਲੱਗਾ,

“ਰਾਜਿੰਦਰ ਸਿੰਘ ਜੀ ! ਜੇ ਤੁਸੀਂ ਬੁਰਾ ਨਾ ਮੰਨੋਂ ਤਾਂ ਮੈਂ ਤੁਹਾਨੂੰ ਇਕ ਸੁਆਲ ਪੁੱਛਣਾ ਚਾਹੁੰਦਾ ਹਾਂ।”

“ਜ਼ਰੂਰ ਪੁੱਛੋ”। ਮੈਂ ਆਖਿਆ।

“ਤੁਸੀਂ ਲੰਬੇ ਵਾਲ ਕਿਉਂ ਉਗਾਊਂਦੇ ਹੋ?” ਆਈਜ਼ੈਕ ਦਾ ਸੁਆਲ ਸੀ, ਸਾਰੀ ਗੱਲਬਾਤ ਕਿਉਂਕਿ ਅੰਗ੍ਰੇਜ਼ੀ ਵਿੱਚ ਹੋ ਰਹੀ ਸੀ, ਉਸ ਦੀ ਸ਼ਬਦਾਵਲੀ ਇੰਝ ਸੀ, “Why do you grow long hair”?

“ਆਈਜ਼ੈਕ ਤੁਹਾਡਾ ਸੁਆਲ ਗ਼ਲਤ ਹੈ”, ਮੇਰਾ ਜੁਆਬ ਸੀ, “ਮੈਂ ਇਨ੍ਹਾਂ ਵਾਸਤੇ ਕੋਈ ਬੀਜ ਨਹੀਂ ਪਾਇਆ, ਕੋਈ ਖਾਦ ਨਹੀਂ ਵਰਤੀ, ਇਹ ਤਾਂ ਕੁਦਰਤੀ ਹਨ। ਅਸਲ ਵਿੱਚ ਸੁਆਲ ਤਾਂ ਮੇਰੇ ਵਲੋਂ ਹੋਣਾ ਚਾਹੀਦਾ ਹੈ ਕਿ ਜਦ ਵਾਲ ਕੁਦਰਤੀ ਹਨ ਤਾਂ ਤੁਸੀਂ ਇਨ੍ਹਾਂ ਨੂੰ ਕਟਦੇ ਕਿਉਂ ਹੋ? ਪਰ ਖੈਰ ਤੁਸੀਂ ਸੁਆਲ ਪੁਛਿਆ ਹੈ ਤਾਂ ਮੈਂ ਜਵਾਬ ਜ਼ਰੂਰ ਦੇਵਾਂਗਾ, ਪਰ ਪਹਿਲੇ ਮੈਂ ਤੁਹਾਨੂੰ ਦੋ ਸੁਆਲ ਪੁਛਣਾ ਚਾਹਾਂਗਾ”।

“ਜ਼ਰੂਰ ਪੁੱਛ (Sure)” , ਆਇਜ਼ੈਕ ਵਿੱਚੋਂ ਹੀ ਬੋਲਿਆ।

“ਤੁਸੀਂ ਪ੍ਰਮਾਤਮਾਂ ਦੀ ਸਿਆਣਪ ਬਾਰੇ ਕੀ ਸੋਚਦੇ ਹੋ? (What do you think about the wisdom of the God?), ਮੇਰਾ ਪਹਿਲਾ ਸੁਆਲ ਸੀ। ਆਈਜ਼ੈਕ ਥੋੜ੍ਹੀ ਦੇਰ ਸੋਚਦਾ ਰਿਹਾ ਫਿਰ ਬੋਲਿਆ,

“ਮੈਨੂੰ ਤੁਹਾਡੇ ਸੁਆਲ ਦੀ ਸਮਝ ਨਹੀਂ ਲੱਗੀ (I didn’t get your question)”

“ਮੇਰਾ ਸੁਆਲ ਤਾਂ ਬਹੁਤ ਸਿੱਧਾ ਅਤੇ ਸਾਦਾ ਹੈ, ਪ੍ਰਮਾਤਮਾ ਕਿੰਨਾ ਕੁ ਸਿਆਣਾ ਹੈ, ਕੀ ਪ੍ਰਮਾਤਮਾ ਕਦੇ ਕੋਈ ਭੁੱਲ ਵੀ ਕਰਦਾ ਹੈ, ਕੋਈ ਐਸਾ ਕੰਮ ਵੀ ਕਰਦਾ ਹੈ ਜਿਸ ਦੀ ਲੋੜ ਨਾ ਹੋਵੇ?”

ਜਿਵੇਂ ਇਕ ਸੱਚੇ ਇਸਾਈ ਕੋਲੋਂ ਆਸ ਸੀ, ਜੁਆਬ ਜਿਵੇਂ ਉਸ ਦੇ ਅੰਦਰੋਂ ਨਿਕਲਿਆ ਹੋਵੇ, ਉਹ ਇਕ ਦੱਮ ਬੋਲਿਆ, “ਨਹੀਂ, ਨਹੀਂ, ਉਹ ਪੂਰਨ ਸਿਆਣਾ ਹੈ (No, No, He is all wise)

ਮੈਂ ਦੂਸਰਾ ਸੁਆਲ ਕੀਤਾ, “ਈਸਾ ਮਸੀਹ ਨੇ ਲੰਬੇ ਵਾਲ ਕਿਉਂ ਰੱਖੇ ਹੋਏ ਸਨ? ਇਹ ਠੀਕ ਹੈ ਉਹ ਸਾਡੇ ਵਾਂਗੂ ਪੱਗ ਨਹੀਂ ਸਨ ਬੰਨਦੇ, ਪਰ ਉਨ੍ਹਾਂ ਦੀ ਪੂਰੀ ਖੁੱਲ੍ਹੀ ਦਾਹੜੀ ਸੀ, ਪੂਰੇ ਵਾਲ ਸਨ, ਕਿਉਂ”

ਆਈਜ਼ੈਕ ਨੇ ਥੋੜ੍ਹੀ ਦੇਰ ਸੋਚਿਆ ਤੇ ਬੋਲਿਆ, “ਬਹੁਤੇ ਧਾਰਮਿਕ ਆਗੂ ਲੰਬੇ ਵਾਲ ਰਖਦੇ ਹਨ, ਮੁਹੰਮਦ ਸਾਹਿਬ ਦੇ ਵੀ ਲੰਬੇ ਵਾਲ ਸਨ, ਹਿੰਦੂ ਦੇਵੀ ਦੇਵਤਿਆਂ ਅਤੇ ਅਵਤਾਰਾਂ ਦੇ ਵੀ ਲੰਬੇ ਵਾਲ ਹਨ, ਇਥੋਂ ਤੱਕ ਕਿ ਭਾਵੇਂ ਮਹਾਤਮਾਂ ਬੁੱਧ ਪਹਿਲਾਂ ਸਿਰੋਂ ਰੋਡਾ ਸੀ ਪਰ ਜਦੋਂ ਉਸ ਨੂੰ ਗਿਆਨ ਪ੍ਰਾਪਤ ਹੋ ਗਿਆ, ਉਹ ਧਾਰਮਿਕ ਆਗੂ ਬਣ ਗਿਆ, ਉਸ ਨੇ ਵੀ ਪੂਰੇ ਵਾਲ ਰੱਖ ਲਏ।”

ਮੈਂ ਆਖਿਆ, “ਆਈਜ਼ੈਕ ਮੇਰੀ ਗੱਲ ਦਾ ਜੁਆਬ ਨਹੀਂ ਮਿਲਿਆ, ਤੁਸੀ ਕੇਵਲ ਮੇਰੀ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਕੇਵਲ ਈਸਾ ਮਸੀਹ ਹੀ ਨਹੀਂ, ਬਾਕੀ ਧਾਰਮਿਕ ਆਗੂਆਂ ਨੇ ਵੀ ਪੂਰੇ ਵਾਲ ਰੱਖੇ ਹੋਏ ਸਨ, ਮੈਂ ਪੁੱਛ ਰਿਹਾ ਹਾਂ, ਕਿਉਂ?

ਆਈਜ਼ੈਕ ਫੇਰ ਕੁਝ ਸੋਚੀਂ ਪੈ ਗਿਆ, ਜਾਪਦਾ ਸੀ ਉਸ ਨੂੰ ਜਵਾਬ ਨਹੀਂ ਸੁਝ ਰਿਹਾ। ਥੋੜ੍ਹੀ ਦੇਰ ਇੰਤਜ਼ਾਰ ਕਰਕੇ ਮੈਂ ਪੁੱਛਿਆ, “ਆਈਜ਼ੈਕ ਮੈਂ ਜਵਾਬ ਦੱਸਾਂ (Shall I reply)?”

“ਹਾਂ ਦੱਸੋ”, ਆਈਜ਼ੈਕ ਬੋਲਿਆ।

“ਕਿਉਂਕਿ ਈਸਾ ਮਸੀਹ ਨੂੰ ਪ੍ਰਮਾਤਮਾ ਦੀ ਸਿਆਣਪ ‘ਤੇ ਪੂਰਨ ਵਿਸ਼ਵਾਸ ਸੀ, ਉਹ ਜਾਣਦੇ ਸਨ ਕਿ ਪ੍ਰਮਾਤਮਾਂ ਕਦੇ ਕੋਈ ਭੁੱਲ ਨਹੀਂ ਕਰਦਾ, ਜੇ ਉਸ ਨੇ ਸਾਨੂੰ ਵਾਲ ਦਿੱਤੇ ਹਨ ਤਾਂ ਜ਼ਰੂਰ ਇਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਮਹੱਤਵ ਹੈ”।

ਮੇਰਾ ਜਵਾਬ ਸੁਨਣ ਤੋਂ ਬਾਅਦ ਆਈਜ਼ੈਕ ਸਾਰਾ ਰਸਤਾ ਕੁਝ ਨਹੀਂ ਬੋਲਿਆ। ਜਦੋਂ ਉਹ ਮਹੀਨੇ ਬਾਅਦ ਦੁਬਾਰਾ ਆਇਆ ਤਾਂ ਉਸ ਦੇ ਚਿਹਰੇ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਉਸਨੇ ਨਾ ਸਿਰ ਦੇ ਵਾਲ ਕੱਟੇ ਹੋਏ ਸਨ ਅਤੇ ਨਾ ਦਾਹੜੀ। ਉਸ ਤੋਂ ਅਗਲੇ ਮਹੀਨੇ, ਵਾਲ ਦਾਹੜੀ ਹੋਰ ਵੀ ਕਾਫੀ ਵਧੇ ਹੋਏ ਸਨ, ਵੇਖ ਕੇ ਮੇਰੇ ਬੱਚੇ ਬਹੁਤ ਹੈਰਾਨ ਹੋਏ ਅਤੇ ਇਸ ਦਾ ਕਾਰਨ ਪੁੱਛਣ ਲੱਗੇ। ਮੈਂ ਆਪਣੇ ਨਾਲ ਹੋਈ ਸਾਰੀ ਗੱਲਬਾਤ ਦੱਸੀ, ਉਹ ਕਹਿਣ ਲੱਗੇ ਕਿ ਕੀ ਇਹ ਪੱਕੇ ਤੌਰ ‘ਤੇ ਵਾਲ ਰੱਖ ਲਏਗਾ? ਮੈਂ ਆਖਿਆ, ਕਿਹਾ ਤਾਂ ਨਹੀਂ ਜਾ ਸਕਦਾ, ਪਰ ਉਸ ਲਈ ਹੈ ਬਹੁਤ ਔਖਾ, ਕਿਉਂਕਿ ਇਹ ਉਨ੍ਹਾਂ ਦੀ ਮੌਜੂਦਾ ਸਮਾਜਿਕ ਬਣਤਰ ਦਾ ਹਿੱਸਾ ਨਹੀਂ, ਹੁਣ ਤੱਕ ਲੋਕ ਉਸ ਨੂੰ ਮਜ਼ਾਕ ਕਰਨ ਲੱਗ ਪਏ ਹੋਣਗੇ ਕਿ ਕੀ ਸਿੱਖਾਂ ਕੋਲ ਜਾ ਕੇ ਸਿੱਖ ਬਣ ਗਿਆ ਹੈ? ਇਹ ਉਨ੍ਹਾਂ ਦੀ ਸਮਾਜਿਕ ਬਣਤਰ ਦਾ ਹਿੱਸਾ ਨਾ ਹੋਣ ਕਾਰਨ, ਪੇਸ਼ੇ ਵਜੋਂ ਵੀ ਉਸ ਨੂੰ ਕਈ ਔਕੜਾਂ ਆ ਰਹੀਆਂ ਹੋਣਗੀਆਂ, ਵੇਖੋ ਕਿਤਨੀ ਦੇਰ ਇਸ ਸਾਰੇ ਦਾ ਸਾਹਮਣਾ ਕਰ ਸਕਦਾ ਹੈ? ਆਈਜ਼ੈਕ ਚਾਰ ਮਹੀਨੇ ਤੱਕ ਉਸੇ ਰੂਪ ਵਿੱਚ ਆਉਂਦਾ ਰਿਹਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖ ਦੁਨੀਆਂ ਦਾ ਸੱਭ ਤੋਂ ਵੱਡਭਾਗਾ ਮਨੁੱਖ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਜਿਹੇ ਗਿਆਨ ਸਾਗਰ ਗੁਰੂ ਦਾ ਸਿੱਖ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਨ੍ਹਾਂ ਸਿੱਖ ਨੂੰ ਅਕਾਲ ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨਤਾ ਦੇ ਪੂਰਨ ਵਿਸ਼ਵਾਸ ਨਾਲ ਸਰੋਸ਼ਾਰ ਕਰ ਦਿੱਤਾ ਹੈ। ਹੈਰਾਨਗੀ ਉਨ੍ਹਾਂ ਲੋਕਾਂ ਦੀ ਸਮਝ ਤੇ ਹੁੰਦੀ ਹੈ, ਜੋ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੇਸਾਂ ਦੀ ਸੰਭਾਲ ਕਰਨ ਬਾਰੇ ਕੁਝ ਨਹੀਂ ਲਿਖਿਆ। ਜੇ ਉਪਰੋਕਤ ਸਿਧਾਂਤ ਦੀ ਸਮਝ ਆ ਜਾਵੇ ਤਾਂ ਸਤਿਗੁਰੂ ਨੇ ਕੇਸਾਂ ਦੀ ਸੰਭਾਲ ਕਰਨ ਦੀ ਹਦਾਇਤ ਤਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪੰਨੇ ‘ਤੇ, ਜਪੁ ਬਾਣੀ ਦੀ ਪਹਿਲੀ ਪਉੜੀ ਵਿੱਚ ਹੀ ਕਰ ਦਿੱਤੀ ਹੈ:

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥” (ਜਪੁ, ਮਃ 1, ਪੰਨਾ 1)

ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ।1।

ਪਹਿਲਾਂ ਤਾਂ ਇਹ ਸਮਝ ਲੈਣ ਦੀ ਲੋੜ ਹੈ ਕਿ ਮਨੁਖਾ ਜੀਵਨ ਦਾ ਮਨੋਰਥ ਹੈ ਸਚਿਆਰ ਹੋਣਾ। ਸਚਿਆਰ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਸਚੁ+ਆਚਾਰ=ਸਚਿਆਰ, ਭਾਵ, ਸੱਚਾ ਆਚਰਣ ਬਨਾਉਣਾ, ਅਕਾਲ ਪੁਰਖ ਦਾ ਪ੍ਰਕਾਸ਼ ਤਾਂ ਕਿਸੇ ਸਚਿਆਰ ਮਨੁੱਖ ਦੇ ਜੀਵਨ ਵਿੱਚ ਹੀ ਹੋ ਸਕਦਾ ਹੈ ਅਤੇ ਸੱਚਾ ਆਚਰਣ ਬਨਾਉਣ ਦਾ ਤਰੀਕਾ ਸਤਿਗੁਰੂ ਨੇ ਦਸਿਆ ਹੈ, ‘ਹੁਕਮਿ ਰਜਾਈ ਚਲਣਾ’। ਬਸ ਇਤਨੀ ਗੱਲ ਹੀ ਪੱਲੇ ਪੈ ਜਾਵੇ ਕਿ ਸਾਡੇ ਕੇਸ ਵੀ ਤਾਂ ਅਕਾਲ ਪੁਰਖ ਦੀ ਰਜ਼ਾ ਵਿੱਚ ਹੀ ਆਉਂਦੇ ਹਨ, ਤਾਂ ਸਾਰਾ ਮਸਲਾ ਹੱਲ ਹੋ ਜਾਵੇਗਾ। ਹਰ ਚੀਜ਼ ਚੋਂ ਢੁਚਕਰਾਂ ਕਢਣਾ, ਮਨੁੱਖੀ ਸੁਭਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਇਤਨੇ ਪੂਰਨ ਗੁਰੂ ਹਨ ਕਿ ਕਿਸੇ ਭੁਲੇਖੇ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਅਗਲੀ ਹੀ ਪਉੜੀ ਦੀ ਪਹਿਲੀ ਪੰਕਤੀ ਵਿੱਚ ਸਤਿਗੁਰੂ ਨੇ ਗੱਲ ਨੂੰ ਹੋਰ ਸਪੱਸ਼ਟ ਕਰ ਦਿੱਤਾ:

ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥ ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥” (ਜਪੁ, ਮਃ 1, ਪੰਨਾ 1)
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, (ਪਰ ਇਹ) ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ ਅਤੇ ਹੁਕਮ ਅਨੁਸਾਰ ਹੀ (ਰੱਬ ਦੇ ਦਰ ’ਤੇ) ਸ਼ੋਭਾ ਮਿਲਦੀ ਹੈ।

ਜਦ ਸਾਡੇ ਸਰੀਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਬਣਦੇ ਹਨ ਤਾਂ ਸਰੀਰ ਦੇ ਬਾਕੀ ਅੰਗਾਂ ਦੀ ਤਰ੍ਹਾਂ, ਕੀ ਸਾਡੇ ਕੇਸ ਉਸ ਸਰੀਰ ਦਾ ਹਿੱਸਾ ਨਹੀਂ ਹਨ? ਅਕਾਲ ਪੁਰਖ ਦੇ ਬਣਾਏ ਇਸ ਸਰੀਰ ਨੂੰ ਕਿਸੇ ਤਰ੍ਹਾਂ ਛੇਦਣਾ, ਛਾਂਗਣਾ ਤਾਂ ਅਕਾਲ ਪੁਰਖ ਦੀ ਸਿਆਣਪ ਤੇ ਸ਼ੱਕ ਕਰਨਾ ਹੈ। ਪ੍ਰਮੇਸ਼ਰ ਨੇ ਹਰ ਜੀਵ ਦੀ ਬਣਤਰ, ਆਪਣੇ ਨੀਯਮਾਂ ਅਨੁਸਾਰ ਘੜੀ ਹੈ। ਦਾੜ੍ਹੀ ਮੁੱਛ ਕੇਵਲ ਮਰਦਾਂ ਦੇ ਚਿਹਰੇ ਤੇ ਹੀ ਆਉਂਦੀ ਹੈ, ਇਹ ਵੀ ਪ੍ਰਭੂ ਦੀ ਬਣਤਰ ਅਨੁਸਾਰ ਹੀ ਹੈ। ਹਰ ਜੀਵ ਦੇ ਦੋ ਵੱਖ ਵੱਖ ਭਾਗ ਹਨ, ਨਰ ‘ਤੇ ਮਾਦਾ। ਜੇ ਕੋਈ ਮਨੁੱਖ ਮਰਦ ਹੋ ਕੇ ਔਰਤਾਂ ਦੀ ਸ਼ਕਲ ਗ੍ਰਹਿਣ ਕਰਨਾ ਚਾਹੁੰਦਾ ਹੈ, ਤਾਂ ਇਹ ਨਹੀਂ ਹੋ ਸਕਦਾ। ਮਰਦ ਦੇ ਚਿਹਰੇ ਤੇ ਦਾੜ੍ਹੀ ਮੁੱਛ ਅਖੀਰ ਤੱਕ ਆਉਂਦੀ ਹੀ ਰਹੇਗੀ, ਇਹ ਕੁਦਰਤ ਦਾ ਨੀਯਮ ਹੈ, ਬਿਲਕੁਲ ਉਵੇਂ, ਜਿਵੇਂ ਮਰਦ ਬੱਚੇ ਨੂੰ ਜਨਮ ਨਹੀਂ ਦੇ ਸਕਦਾ। ਇਸ ਫਰਕ ਨੂੰ ਮਿਟਾਉਣਾ ਕੁਦਰਤ ਦੇ ਵਿਪਰੀਤ ਕਰਮ ਹੈ। ਜਿਹੜੇ ਲੋਕ ਵਾਲ ਕੱਟਦੇ ਹਨ, ਯਕੀਨਨ ਹੀ ਉਨ੍ਹਾਂ ਅੰਦਰ ਅਚੇਤ ਹੀ ਅਕਾਲ ਪੁਰਖ ਦੀ ਪੂਰਨ ਸਿਆਣਪ ਪ੍ਰਤੀ ਸ਼ੰਕਾ ਹੁੰਦੀ ਹੈ, ਭਾਵੇਂ ਉਹ ਜ਼ਾਹਿਰਾ ਨਾ ਮੰਨਣ, ਪਰ ਅੰਦਰ ਹੀ ਅਚੇਤ ਮਨ ਵਿੱਚ, ਕਿਤੇ ਇਹ ਖਿਆਲ ਛੁਪਿਆ ਹੁੰਦਾ ਹੈ ਕਿ ਪ੍ਰਮਾਤਮਾ ਨੇ ਵਾਲ ਫਾਲਤੂ ਹੀ ਲਾ ਦਿੱਤੇ ਹਨ ਅਤੇ ਮੈਂ ਇਨ੍ਹਾਂ ਨੂੰ ਕੱਟ ਕੇ ਕੋਈ ਗ਼ਲਤੀ ਨਹੀਂ ਕਰ ਰਿਹਾ। ਜਦਕਿ ਸਤਿਗੁਰੂ ਸਮਝਾਉਂਦੇ ਹਨ:

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥”(ਸਿਰੀ ਰਾਗ ਮ: 1, ਪੰਨਾ 61)

ਹਰੇਕ ਜੀਵ ਗ਼ਲਤੀ ਖਾ ਜਾਂਦਾ ਹੈ, ਸਿਰਫ਼ ਗੁਰੂ ਹੈ ਤੇ ਕਰਤਾਰ ਹੈ ਜੋ (ਨਾਹ ਮਾਇਆ ਦੇ ਅਸਰ ਹੇਠ ਆਉਂਦਾ ਹੈ, ਤੇ) ਨਾਹ ਗ਼ਲਤੀ ਖਾਂਦਾ ਹੈ ।

ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥” (ਪ੍ਰਭਾਤੀ ਮਹਲਾ 1, ਪੰਨਾ 1344)

ਕਰਤਾਰ ਆਪ ਕਦੇ ਗ਼ਲਤੀ ਨਹੀਂ ਖਾਂਦਾ ਪਰ ਹਰੇਕ ਜੀਵ ਜੋ ਉਸ ਨੇ ਪੈਦਾ ਕੀਤਾ ਹੈ ਭੁੱਲਾਂ ਵਿਚ ਫਸਦਾ ਰਹਿੰਦਾ ਹੈ । ਹੇ ਨਾਨਕ ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ । ਗੁਰੂ ਦੀ ਕਿਰਪਾ ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ।

ਇਕ ਗੱਲ ਹੋਰ ਸਮਝਣ ਵਾਲੀ ਹੈ ਕਿ ਵਾਲ ਸਾਡੇ ਸ਼ਰੀਰ ਦੀ ਲੋੜ ਅਨੁਸਾਰ ਇਕ ਹੱਦ ਤੱਕ ਹੀ ਵਧਦੇ ਹਨ। ਕਿਸੇ ਦੇ ਲੰਬੇ, ਕਿਸੇ ਦੇ ਮੱਧਮ, ਕਿਸੇ ਦੇ ਛੋਟੇ, ਕਿਸੇ ਦੇ ਸੰਘਣੇ ਤੇ ਕਿਸੇ ਦੇ ਹਲਕੇ, ਪਰ ਇਹ ਆਪਣੀ ਇਕ ਹੱਦ ਤੱਕ ਹੀ ਰਹਿੰਦੇ ਹਨ। ਜੋ ਵਾਲ ਕਟਦੇ ਹਨ, ਉਹ ਜੀਵਨ ਵਿੱਚ ਭਾਵੇਂ ਮੀਲਾਂ ਦੇ ਮੀਲ ਕੱਟ ਦੇਣ, ਵਾਲ ਆਈ ਹੀ ਜਾਂਦੇ ਹਨ ਪਰ ਜਿਵੇਂ ਹੀ ਕੱਟਣੇ ਬੰਦ ਕਰੋ, ਇਹ ਆਪਣੀ ਹੱਦ 'ਤੇ ਆ ਕੇ ਵਧਣਾ ਬੰਦ ਕਰ ਦੇਂਦੇ ਹਨ। ਇਸ ਤੋਂ ਵੀ ਸਪੱਸ਼ਟ ਹੈ ਕਿ ਸਾਡੇ ਸ਼ਰੀਰ ਦੀ ਲੋੜ ਅਨੁਸਾਰ ਵਾਲਾਂ ਦੀ ਲੋੜ ਹੈ। ਜਿਹੜੇ ਵਾਲ ਕਟਦੇ ਹਨ, ਉਨ੍ਹਾਂ ਦਾ ਤਾਂ ਜਿਵੇਂ ਪ੍ਰਮਾਤਮਾ ਨਾਲ ਮੁਕਾਬਲਾ ਚੱਲ ਰਿਹਾ ਹੋਵੇ, ਉਹ ਕੱਟੀ ਜਾਂਦੇ ਹਨ, ਪ੍ਰਮਾਤਮਾ ਦੇਈ ਜਾਂਦਾ ਹੈ। ਉਨ੍ਹਾਂ ਦੀ ਜ਼ਿਦ ਹੈ, ਅਸੀਂ ਵਾਲ ਨਹੀਂ ਰਹਿਣ ਦੇਣੇ ਅਤੇ ਪ੍ਰਮਾਤਮਾ ਕਹਿੰਦਾ ਹੈ, ਮੈਂ ਵਾਲਾਂ ਤੋਂ ਬਗੈਰ ਨਹੀਂ ਰਹਿਣ ਦੇਣਾ। ਇਸੇ ਦੌੜ ਵਿੱਚ ਜ਼ਿੰਦਗੀ ਮੁੱਕ ਜਾਂਦੀ ਹੈ। ਜਿਉਂ ਹੀ ਜ਼ਿੰਦਗੀ ਮੁਕਦੀ ਹੈ, ਵਾਲ ਵਧਣੇ ਵੀ ਬੰਦ ਹੋ ਜਾਂਦੇ ਹਨ, ਮ੍ਰਿਤੱਕ ਸਰੀਰ ਦੇ ਵਾਲ ਨਹੀਂ ਵਧਦੇ, ਕਿਉਂਕਿ ਇਹ ਤਾਂ ਜ਼ਿੰਦਾ ਸਰੀਰ ਦੀ ਲੋੜ ਹੈ। ਪ੍ਰਮਾਤਮਾ ਦੀ ਸਿਆਣਪ ਵਿੱਚ ਬੇਵਿਸ਼ਵਾਸੀ ਦਾ ਇਸ ਤੋਂ ਵੱਡਾ ਪ੍ਰਮਾਣ ਹੋਰ ਕੀ ਹੋਵੇਗਾ?

ਇਥੇ ਇਕ ਹੋਰ ਗੱਲ ਵੀ ਸਪੱਸ਼ਟ ਕਰ ਦੇਣੀ ਚੰਗੀ ਹੋਵੇਗੀ। ਕਈ ਲੋਕ ਪੁਛਦੇ ਹਨ ਕਿ ਨਹੁੰ ਵੀ ਤਾਂ ਕੁਦਰਤੀ ਹਨ, ਫੇਰ ਅਸੀਂ ਨਹੁੰ ਕਿਉਂ ਕੱਟਦੇ ਹਾਂ? ਸੁਆਲ ਹੈ ਵੀ ਬੜਾ ਸੁਭਾਵਿਕ। ਪਹਿਲਾਂ ਇਕ ਗੱਲ ਸਮਝ ਲਈਏ ਕਿ ਅਸੀਂ ਸੰਭਾਲ ਜ਼ਿੰਦਾ ਕੇਸਾਂ ਦੀ ਕਰਦੇ ਹਾਂ, ਸਿੱਖ ਨੂੰ ਰੋਜ਼ ਦੋ ਵਾਰੀ(ਸਵੇਰੇ-ਸ਼ਾਮ), ਕੇਸਾਂ ਵਿੱਚ ਕੰਘਾ ਕਰਨ ਦਾ ਆਦੇਸ਼ ਹੈ। ਜਦੋਂ ਅਸੀਂ ਕੰਘਾ ਕਰਦੇ ਹਾਂ, ਜਿਹੜੇ ਵਾਲ ਮ੍ਰਿਤਕ ਹੋ ਗਏ ਹੁੰਦੇ ਹਨ, ਉਹ ਕੰਘੇ ਰਾਹੀਂ ਬਾਹਰ ਆ ਜਾਂਦੇ ਹਨ। ਅਸੀਂ ਉਨ੍ਹਾਂ ਦੀ ਸੰਭਾਲ ਨਹੀਂ ਕਰਦੇ, ਉਨ੍ਹਾਂ ਨੂੰ ਸੁੱਟ ਦੇਂਦੇ ਹਾਂ। ਹਾਂ ! ਕਈ ਸਮਝਦਾਰ ਵੀਰ, ਭੈਣਾਂ, ਉਨ੍ਹਾਂ ਨੂੰ ਇਕੱਠਾ ਕਰੀ ਜਾਂਦੇ ਹਨ ਅਤੇ ਬਾਅਦ ਵਿੱਚ ਇਕੱਠਿਆਂ ਨੂੰ ਅੱਗ ਲਗਾ ਦੇਂਦੇ ਹਨ, ਦਬਾ ਦੇਂਦੇ ਹਨ ਜਾਂ ਕਿਤੇ ਸੁੱਟ ਦੇਂਦੇ ਹਨ, ਇਸ ਦੇ ਪਿੱਛੇ ਸਿਰਫ ਇਤਨੀ ਹੀ ਭਾਵਨਾ ਹੈ ਕਿ ਘਰ ਵਿੱਚ ਗੰਦ ਨਾ ਪਵੇ।

ਬਿਲਕੁਲ ਇਸੇ ਤਰ੍ਹਾਂ ਅਸੀਂ ਨਹੁੰ ਵੀ ਉਹੀ ਕਟਦੇ ਹਾਂ ਜੋ ਮ੍ਰਿਤਕ ਹੋ ਜਾਂਦੇ ਹਨ ਅਤੇ ਉਂਗਲਾਂ ਦੇ ਮਾਸ ਨੂੰ ਛੱਡ ਦੇਂਦੇ ਹਨ। ਕਿਤੇ ਜ਼ਿੰਦਾ ਨਹੁੰਆਂ ਨੂੰ ਕੱਟ ਕੇ ਵੇਖੋ, ਭਾਰੀ ਪੀੜਾ ਵੀ ਹੋਵੇਗੀ ਅਤੇ ਲਹੂ ਵੀ ਸਿੰਮ ਪਵੇਗਾ, ਜਦਕਿ ਮ੍ਰਿਤਕ ਨਹੁੰਆਂ ਨੂੰ ਕੱਟਿਆਂ ਐਸੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ। ਇਹ ਵੀ ਅਕਾਲ ਪੁਰਖ ਦੀ ਪੂਰਨਤਾ ਦੀ ਇਕ ਲਾਜੁਆਬ ਮਿਸਾਲ ਹੈ ਕਿ ਸਾਡੇ ਕੁਝ ਨਹੁੰ ਲਗਾਤਾਰ ਮ੍ਰਿਤਕ ਹੁੰਦੇ ਰਹਿੰਦੇ ਹਨ, ਜਿਹੜੇ ਹੱਥਾਂ ਨਾਲ ਕਿਰਤ ਕਰਨ ਵਾਲੇ ਹਨ, ਉਨ੍ਹਾਂ ਦੇ ਇਹ ਨਹੁੰ ਕੁਦਰਤੀ ਘਸਦੇ ਰਹਿੰਦੇ ਹਨ, ਜੇ ਇਹ ਵਧਣ ਅਤੇ ਮ੍ਰਿਤਕ ਹੋਣ ਵਾਲਾ ਸਿਲਸਿਲਾ ਨਾ ਹੋਵੇ ਤਾਂ ਉਨ੍ਹਾਂ ਦੇ ਜੀਵਤ ਨਹੁੰਆਂ ਦੇ ਉਂਗਲਾਂ ਨਾਲ ਜੋੜ ਵਾਲੇ ਸਥਾਨ ਜ਼ਖਮੀਂ ਹੋ ਜਾਣ। ਅੱਜ ਕਿਉਂ ਕਿ ਹੱਥਾਂ ਦੀ ਕਿਰਤ ਬਹੁਤ ਘੱਟ ਗਈ ਹੈ, ਸਾਨੂੰ ਸਫਾਈ ਵਾਸਤੇ ਮ੍ਰਿਤਕ ਨਹੁੰਆਂ ਨੂੰ ਕੱਟਣ ਦੀ ਲੋੜ ਪੈਂਦੀ ਹੈ

ਦੂਸਰਿਆਂ ਨੂੰ ਤਾਂ ਭਲਾ ਗੁਰੂ ਗ੍ਰੰਥ ਸਹਿਬ ਦੀ ਸੰਗਤ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਪਰ ਹੈਰਾਨਗੀ ਦੀ ਗੱਲ ਤਾਂ ਇਹ ਹੈ ਕਿ ਸਿੱਖਾਂ ਦੇ ਘਰ ਜੰਮੇ ਵੀ ਕੇਸਾਂ ਦੀ ਬੇਅਦਬੀ ਕਰੀ ਜਾ ਰਹੇ ਹਨ, ਕਾਰਨ ਇਥੇ ਵੀ ਇਹੀ ਹੈ ਕਿ ਸਿੱਖਾਂ ਦੇ ਘਰ ਜਨਮ ਤਾਂ ਲੈ ਲਿਆ, ਪਰ ਬਾਣੀ ਦੇ ਸਰੋਵਰ ਵਿੱਚ ਕਦੇ ਚੁੱਭਾ ਨਹੀਂ ਮਾਰਿਆ। ਜੇ ਬਾਣੀ ਪੜ੍ਹੀ ਵੀ ਤਾ ਭਾੜੇ ਦੀ, ਕੇਵਲ ਰੱਟੇ ਲਾ ਲਏ। ਗੁਰਬਾਣੀ ਦੇ ਗਿਆਨ ਸਾਗਰ ‘ਚੋਂ ਕੋਈ ਰਤਨ ਪਦਾਰਥ ਕਦੇ ਆਪਣੀ ਮਤਿ ਰੂਪੀ ਝੋਲੀ ਵਿੱਚ ਪਾਉਣ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਗੁਰਬਾਣੀ ਵਿੱਚ ਹੋਰ ਵੀ ਬਹੁਤ ਪ੍ਰਮਾਣ ਹਨ, ਜਿਥੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਸਿੱਖ ਕੌਮ ਸ਼ੂਰੂ ਤੋਂ ਕੇਸਾਧਾਰੀ ਹੈ:

ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥” {ਗੂਜਰੀ ਮਹਲਾ 5, ਪੰਨਾ 500}
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨ੍‍॥” (ਪੰਨਾ 1419)
ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥” (ਰਾਮਕਲੀ ਭਗਤ ਕਬੀਰ ਜੀ, ਪੰਨਾ 969)

ਉਪਰੋਕਤ ਸਾਰੇ ਪ੍ਰਮਾਣ ਭਾਵੇਂ ਅਮਲੀ ਨਹੀਂ, ਸਿੱਖ ਦੇ ਜੀਵਨ ਦੀ ਅਤਿ ਨਿਮਰਤਾ ਵਾਲੀ ਅਵਸਥਾ ਦੇ ਪ੍ਰਤੀਕ ਹਨ, ਪਰ ਪ੍ਰਮਾਣ ਵੀ ਤਾਂ ਅਸਲੀ ਸਰੂਪ ਦੇ ਲਖਾਇਕ ਹੁੰਦੇ ਹਨ। ਜੇ ਭਲਾ ਸਿਰੋਂ ਹੀ ਰੋਡਾ ਹੈ ਤਾਂ ਉਸ ਦਾ ਕੇਸਾਂ ਨਾਲ ਅਕਾਲ ਪੁਰਖ ਦੇ ਭਗਤ ਜਨਾਂ ਦੇ ਪੈਰ ਝਾੜਨ ਦਾ ਸੁਆਲ ਹੀ ਕਿਵੇਂ ਪੈਦਾ ਹੋ ਸਕਦਾ ਹੈ? ਇਵੇਂ ਹੀ ਜਿਸਨੇ ਮੂੰਹ ਮੁਨਿੰਆ ਹੋਇਆ ਹੈ, ਉਸ ਦੀ ਦਾੜ੍ਹੀ ਗੁਰੂ ਚਰਨਾਂ ਨਾਲ ਲੱਗਣ ਦੀ ਗੱਲ ਹੀ ਕਿਵੇਂ ਕੀਤੀ ਜਾ ਸਕਦੀ ਹੈ? ਅਤੇ ਸਿਰੋਂ ਘੋਨੇ ਦੇ ਕੇਸ ਚਵਰ ਵਾਂਗੂੰ ਫੇਰਨ ਦੀ ਗੱਲ ਕਰਨਾ ਵੀ ਮਜ਼ਾਕ ਜਾਪਦਾ ਹੈ। ਬੇਸ਼ਕ ਇਹ ਪ੍ਰਮਾਣ ਮਨੁੱਖ ਦਾ ਸਾਬਤ ਸੂਰਤ ਸਰੂਪ ਸਾਹਮਣੇ ਰੱਖ ਕੇ ਹੀ ਉਚਾਰਣ ਕੀਤੇ ਗਏ ਹਨ। ਹੇਠਲਾ ਸ਼ਬਦ ਤਾਂ ਬਿਲਕੁਲ ਹੀ ਸਪੱਸ਼ਟ ਹੈ:

ਨਾਪਾਕ ਪਾਕੁ ਕਰਿ ਹਦੂਰਿ ਹਦੀਸਾ ਸਾਬਤ ਸੂਰਤਿ ਦਸਤਾਰ ਸਿਰਾ ॥12॥” {ਮਾਰੂ ਮਹਲਾ 5, ਪੰਨਾ 1084}

ਹੇ ਅੱਲਾ ਦੇ ਬੰਦੇ ! (ਵਿਕਾਰਾਂ ਵਿਚ) ਮਲੀਨ ਹੋ ਰਹੇ ਮਨ ਨੂੰ ਪਵਿੱਤਰ ਕਰਨ ਦਾ ਜਤਨ ਕਰ-ਇਹੀ ਹੈ ਰੱਬੀ ਮਿਲਾਪ ਪੈਦਾ ਕਰਨ ਵਾਲੀ ਸ਼ਰਹ ਦੀ ਕਿਤਾਬ । (ਸੁੰਨਤਿ, ਲਬਾਂ ਕਟਾਣ ਆਦਿਕ ਸ਼ਰਹ ਨੂੰ ਛੱਡ ਕੇ) ਆਪਣੀ ਸ਼ਕਲ ਨੂੰ ਜਿਉਂ ਕਾ ਤਿਉਂ ਰੱਖ, ਅਤੇ ਸਿਰ ਤੇ ਦਸਤਾਰ ਸਜਾ-ਇਹ (ਲੋਕ ਪਰਲੋਕ ਵਿਚ) ਇੱਜ਼ਤ-ਆਦਰ ਪ੍ਰਾਪਤ ਕਰਨ ਦਾ ਵਸੀਲਾ ਬਣ ਜਾਂਦਾ ਹੈ ।12।

ਇਹ ਠੀਕ ਹੈ ਕਿ ਸਤਿਗੁਰੂ ਨੇ ਇਹ ਸ਼ਬਦ ਮੁਸਲਮਾਨ ਕੌਮ ਦੇ ਵੀਰਾਂ ਦੇ ਪ੍ਰਥਾਏ ਉਚਾਰਣ ਕੀਤਾ ਹੈ ਪਰ ਇਹ ਤਾਂ ਨਹੀਂ ਹੋ ਸਕਦਾ ਕਿ ਜੇ ਸਤਿਗੁਰੂ ਮੁਸਲਮਾਨ ਵੀਰਾਂ ਨੂੰ ਸਾਬਤ ਸੂਰਤ ਰਹਿਣ ਦਾ ਉਪਦੇਸ਼ ਦੇ ਰਹੇ ਹਨ ਤਾਂ ਇਹ ਸਾਡੇ ਵਾਸਤੇ ਲਾਗੂ ਨਹੀਂ ਹੈ। ਸਤਿਗੁਰੂ ਦਾ ਉਪਦੇਸ਼ ਸਾਰੀ ਮਨੁੱਖਤਾ ਲਈ ਸਾਂਝਾ ਹੈ, ਹਾਂ! ਸਤਿਗੁਰੂ ਦੇ ਸਿੱਖ ਹੋਣ ਦੇ ਨਾਤੇ ਸਿੱਖ ਇਨ੍ਹਾਂ ਦਾ ਅਲੰਬਰਦਾਰ ਹੈ, ਸਿੱਖ ਲਈ ਤਾਂ ਇਨ੍ਹਾਂ ਨੂੰ ਮੰਨਣਾ ਲਾਜ਼ਮੀ ਹੈ।

ਅੱਜ ਕੇਸਾਂ ਦੀ ਮਹੱਤਤਾ ਬਾਰੇ ਬੜੀਆਂ ਖੋਜਾਂ ਹੋ ਰਹੀਆਂ ਹਨ, ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਜੇ ਅਕਾਲ ਪੁਰਖ ਨੇ ਇਨ੍ਹਾਂ ਦੀ ਬਖਸ਼ਿਸ਼ ਕੀਤੀ ਹੈ ਅਤੇ ਸਤਿਗੁਰੂ ਨੇ ਸਾਨੂੰ ਇਨ੍ਹਾਂ ਦੀ ਸੰਭਾਲ ਕਰਨ ਦਾ ਆਦੇਸ਼ ਕੀਤਾ ਹੈ ਤਾਂ ਇਨ੍ਹਾਂ ਵਿੱਚ ਅਕਾਲ ਪੁਰਖ ਦੀ ਕੋਈ ਗੁੱਝੀ ਸਿਆਨਪ ਹੈ, ਇਨ੍ਹਾਂ ਦਾ ਸਾਡੇ ਜੀਵਨ ਵਿੱਚ ਕੋਈ ਵਿਸ਼ੇਸ਼ ਯੋਗਦਾਨ ਹੋਵੇਗਾ, ਪਰ ਸਿੱਖ ਵਾਸਤੇ ਤਾਂ ਇਤਨਾ ਹੀ ਕਾਫੀ ਹੈ ਕਿ ਉਸ ਦੇ ਸਤਿਗੁਰੂ ਨੇ ਆਦੇਸ਼ ਕੀਤਾ ਹੈ ਕਿ ਸਿੱਖ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਸਿੱਖ ਦਾ ਕੰਮ ਹੈ ਬਿਨਾਂ ਕਿਸੇ ਹੀਲ, ਹੁਜਤ, ਸ਼ੰਕੇ ਅਤੇ ਕਿੰਤੂ ਦੇ ਸਤਿਗੁਰੂ ਦੀ ਆਗਿਆ ਮੰਨਣੀ।

ਸਿੱਖ ਦਾ ਸਾਬਤ ਸੂਰਤ ਸਰੂਪ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਨੂੰ ਅਕਾਲ ਪੁਰਖ ਦੀ ਹੋਂਦ, ਸਮਰੱਥਾ ਅਤੇ ਪੂਰਨਤਾ ‘ਤੇ ਪੂਰਨ ਵਿਸ਼ਵਾਸ ਹੈ ਅਤੇ ਸਿੱਖ ਸਦਾ ਆਪਣੇ ਸਤਿਗੁਰੂ ਦੇ ਹੁਕਮ ਦੀ ਪਾਲਣਾ ਕਰਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top