ਬਚਪਨ
ਵਿੱਚ ਮੇਰੇ ਇੱਕ ਦੋਸਤ ਦੇ ਮੰਮੀ ਦੇ ਦਸਤਾਰ ਸਜਾਈ ਦੇਖ ਕੇ, ਮੈਂ ਬਹੁਤ ਹੈਰਾਨ ਹੋਇਆ,
ਕਿਉਂਕਿ ਮੈਂ ਇਹ ਸਮਝਦਾ ਸੀ ਕਿ ਦਸਤਾਰ ਕੇਵਲ ਮਰਦਾਂ ਲਈ ਹੀ ਹੈ, ਆਪਣੇ ਘਰ ਆ ਕੇ ਮੈਂ
ਮੰਮੀ ਜੀ ਕੋਲੋਂ ਜਦੋਂ ਇਸਦਾ ਕਾਰਨ ਪੁਛਿਆ, ਤਾਂ ਉਹਨਾ ਕਿਹਾ ਕਿ ਉਹਨਾ ਨੇ ਕੋਈ ਦੂਜਾ
ਅੰਮ੍ਰਿਤ ਛਕਿਆ ਹੈ, ਮੈਨੂੰ ਇਸ ਤਰਾਂ ਹੀ ਲਗਾ, ਜਿਵੇਂ ਅੰਮ੍ਰਿਤ ਜਿਆਦਾ ਪ੍ਰਕਾਰ ਦੇ ਹਨ
ਅਤੇ ਉਹਨਾ ਨੇ ਕਿਸੇ ਖਾਸ ਕਿਸਮ ਦਾ ਅੰਮ੍ਰਿਤ ਛਕਿਆ ਹੋਵੇ।
ਦੂਸਰੀ ਵਾਰੀ ਇਹ ਗੱਲ ਸੁਣਨ ਨੂੰ ਉਸ ਸਮੇਂ ਮਿਲੀ ਜਦੋਂ, ਮੇਰੇ
ਕਾਲਜ ਪੜਦੇ ਸਮੇ ਮੇਰੇ ਨਾਲ ਲਗਦੇ ਪਿੰਡ ਦਾ ਇੱਕ ਲੜਕਾ ਮੇਰਾ ਦੋਸਤ ਬਣਿਆ, ਉਹ ਅਕਸਰ ਸਾਡੇ
ਨਾਲ ਹੀ ਕਾਲਜ ਜਾਂਦਾ ਸੀ ਅਤੇ ਸਾਰਾ ਦਿਨ ਕਾਲਜ ਵਿੱਚ ਬੀਤ ਜਾਣ ਦੇ ਬਾਵਜੂਦ ਵੀ ਕਦੇ
ਬਾਹਰੋ ਕੁੱਝ ਨਹੀਂ ਖਾਂਦਾ ਸੀ, ਕਦੇ-ਕਦੇ ਸਾਨੂੰ ੧੦-੧੦ ਘੰਟੇ ਨਿਕਲ ਜਾਂਦੇ ਸਨ, ਪਰ ਉਹ
ਸਾਰਾ ਦਿਨ ਭੁੱਖਾ ਹੀ ਰਹਿ ਲੈਂਦਾ ਸੀ, ਪਰ ਕਦੇ ਵੀ ਬਾਹਰੋਂ ਕੁਝ ਨਹੀਂ ਸੀ ਖਾਂਦਾ। ਬਾਅਦ
ਵਿੱਚ ਉਸ ਦੇ ਪਿੰਡ ਦੇ ਮੇਰੇ ਇੱਕ ਹੋਰ ਦੋਸਤ ਨੇ ਦਸਿਆ ਕਿ ਉਹਨਾ ਦੇ ਪ੍ਰਵਾਰ ਨੇ ਕੋਈ
ਦੂਜਾ ਅੰਮ੍ਰਿਤ ਛਕਿਆ ਹੈ ਅਤੇ ਉਹ ਸਿਰਫ ਆਪਣੇ ਘਰ ਦਾ ਹੀ ਖਾਣਾ ਖਾਂਦੇ ਹਨ। ਇਥੇ ਤਕ ਕੇ
ਆਪਣੇ ਚਾਚੇ ਤਾਇਆਂ ਦੇ ਵੀ ਕਦੇ ਖਾਣਾ ਨਹੀਂ ਖਾਂਦੇ।
ਤਾਜੀ ਘਟਨਾ ਜੋ ਮੇਰੇ ਦੋਸਤ ਨੇ ਮੈਨੂੰ ਕੁੱਝ ਦਿਨ ਪਹਿਲਾਂ ਹੀ ਦੱਸੀ ਸੀ ਕਿ ਉਸਦੇ ਇੱਕ
ਰਿਸ਼ਤੇਦਾਰ ਮਾਤਾ ਜੀ, ਜੋ ਸਿਡਨੀ ਇਲਾਕੇ ਵਿੱਚ ਹੀ ਰਹਿੰਦੇ ਹਨ ਅਤੇ ਅਮ੍ਰਿੰਤਧਾਰੀ ਹਨ,
ਉਹ ਇੱਕ ਦਿਨ ਸਿਡਨੀ ਦੇ ਇਕ ਗੁਰਦੁਆਰੇ ਵਿਚ ਸੇਵਾ ਕਰ ਰਹੇ ਸਨ, ਕਿ ਕੁਝ ਬੀਬੀਆਂ ਜਿਹਨਾ
ਨੇ ਸਿਰ ਉਪਰ ਦਸਤਾਰਾਂ ਸਜਾਈਆਂ ਹੋਈਆਂ ਸਨ। ਉਹਨਾ ਨੇ ਮਾਤਾ ਜੀ ਨੂੰ ਲੰਗਰ ਹਾਲ ਚੋਂ
ਬਾਹਰ ਜਾਣ ਲਈ ਕਿਹਾ ਅਤੇ ਕਿਹਾ ਕਿ ਸਿਰਫ ਉਹੀ ਔਰਤਾਂ ਸੇਵਾ ਕਰਨ, ਜੋ ਸਿਰ ਤੇ ਦਸਤਾਰ
ਬੰਨਦੀਆਂ ਹੋਣ। ਜਦੋਂ ਮੇਰੇ ਦੋਸਤ ਨੇ ਮਾਤਾ ਜੀ ਨੂੰ ਪੁਛਿਆ ਕੇ ਉਹਨਾਂ ਬੀਬੀਆਂ ਨੇ ਇਸ
ਤਰਾਂ ਕਿਉਂ ਕੀਤਾ? ਤਾਂ ਮਾਤਾ ਜੀ ਨੇ ਬੜੀ ਸਾਦਗੀ ਨਾਲ ਕਿਹਾ ਕਿ ਉਹਨਾ ਨੇ ਕੋਈ ਦੂਜਾ
ਅੰਮ੍ਰਿਤ ਛਕਿਆ ਹੋਇਆ ਸੀ, ਇਸ ਲਈ।
ਇਹ ਤਾਂ ਕੁਝ ਕੁ ਘਟਨਾਵਾਂ ਹਨ, ਪਰ ਅਜਿਹਾ ਸਾਨੂੰ ਅਕਸਰ ਹੀ ਸੁਣਨ ਨੂੰ ਮਿਲਦਾ ਹੈ। ਹੁਣ
ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅੰਮ੍ਰਿਤ ਜਿਆਦਾ ਪ੍ਰਕਾਰ ਦੇ ਹਨ?
ਸਤਿਗੁਰਾਂ ਦੀ ਬਾਣੀ ਦਾ ਫੁਰਮਾਨ ਹੈ: ਜਿਨ ਵਡਿਆਈ ਤੇਰੇ ਨਾਮ
ਕੀ ਤੇ ਰਤੇ ਮਨ ਮਾਹਿ ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥ (ਪੰਨਾ
੧੨੩੮)
ਭਾਵ: ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ ਸੋਭਾ
ਕਰਨ ਦੀ ਸੁਭਾਗਤਾ ਮਿਲੀ ਹੈ ਉਹ ਮਨੁੱਖ ਆਪਣੇ ਮਨ ਵਿਚ ਤੇਰੇ ਨਾਮ ਦੇ ਰੰਗ ਨਾਲ ਰੰਗੇ
ਰਹਿੰਦੇ ਹਨ। ਹੇ ਨਾਨਕ! ਉਹਨਾਂ ਲਈ ਇਕ ਨਾਮ ਹੀ ਅੰਮ੍ਰਿਤ ਹੈ ਹੋਰ ਕਿਸੇ ਚੀਜ਼ ਨੂੰ ਉਹ
ਅੰਮ੍ਰਿਤ ਨਹੀਂ ਮੰਨਦੇ।
ਗੁਰਬਾਣੀ ਵਿੱਚ ਹੋਰ ਵੀ ਅਨਗਿਣਤ ਜਗਾ ਅੰਮ੍ਰਿਤ ਸ਼ਬਦ ਦੀ ਵਰਤੋਂ ਹੈ, ਪਰ ਗੁਰਸਿੱਖ ਲਈ ਇਹ
ਸਮਝਣਾਂ ਬਹੁਤ ਜਰੂਰੀ ਹੈ ਉਸਦਾ ਜਿਕਰ ਕਿਸ ਪ੍ਰਥਾਏ ਆਇਆ ਹੈ ਜਿਵੇਂ
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ
ਮਨ ਮਾਹਿ ॥ (ਪੰਨਾ ੨੬੯)
ਭਾਵ: ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ
ਖਾਣੇ ਖਾਂਦਾ ਹੈਂ, ਉਸ ਨੂੰ ਮਨ ਵਿਚ ਚੇਤੇ ਰੱਖ ਸੋ ਇਥੇ ਛਤੀ ਅੰਮ੍ਰਿਤ ਤੋਂ ਭਾਵ ਛਤੀ
ਪ੍ਰਕਾਰ ਦੇ ਭੋਜਨ ਹਨ।
ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ
ਅੰਮ੍ਰਿਤੁ ਦੇਹਿ ॥ (ਪੰਨਾ ੪੮੯)
ਇਸ ਧਰਤੀ ਉਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਿਰਦਾਰ ਮੰਨਿਆ
ਜਾਂਦਾ ਹੈ, ਪਰ ਪਸ਼ੂਆਂ ਨੂੰ ਸ਼ਾਬਾਸ਼ੇ ਮਿਲਦੀਆਂ ਹਨ, ਜਦਕੇ ਉਹ ਘਾਹ ਖਾਂਦੇ ਹਨ ਤੇ
ਅੰਮ੍ਰਿਤ ਵਰਗਾ ਦੁੱਧ ਉੱਤਮ ਪਦਾਰਥ ਦੇਂਦੇ ਹਨ, ਇਸ ਲਈ ਇਥੇ ਅੰਮ੍ਰਿਤ ਤੋਂ ਭਾਵ ਦੁੱਧ
ਤੋਂ ਹੈ।
ਜੇਕਰ ਗੁਰਬਾਣੀ ਅਨੁਸਾਰ ਅਮ੍ਰਿੰਤ ਕੇਵਲ ਪ੍ਰਭੂ ਦਾ ਨਾਮ ਹੀ ਹੈ, ਤਾਂ ਅਜਿਹਾ ਕਿਉਂ ਹੁੰਦਾ
ਹੈ ਕਿ ਇਕ ਦੀ ਜਗਾ ਅਸੀਂ ਕਈ ਅੰਮ੍ਰਿਤ ਬਣਾਂ ਲਏ ਹਨ।
ਜੇਕਰ ਇਤਿਹਾਸ ਵਿੱਚ ਵੀ ਦੇਖਿਆ ਜਾਵੇ ਕਿਤੇ ਵੀ ਕੋਈ ਅਜਿਹਾ ਜਿਕਰ ਨਹੀਂ ਮਿਲਦਾ ਕਿ ਗੁਰੂ
ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਅਲਗ-ਅਲਗ ਤਰ੍ਹਾਂ ਦਾ ਅੰਮ੍ਰਿਤ ਛਕਾਇਆ ਹੋਵੇ, ਸਾਰੇ
ਗੁਰਸਿਖਾਂ ਨੂੰ ਇਕੋ ਹੀ ਮਰਿਆਦਾ ਦਿਤੀ ਸੀ।
ਜੇਕਰ ਇਸ ਗੱਲ ਦੀ ਤਹਿ ਤਕ ਜਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਇਸਦਾ ਇਕੋ ਇਕ
ਕਾਰਨ ਜੋ ਮਿਲਦਾ ਹੈ, ਉਹ ਪੰਜਾਬ ਵਿੱਚ ਫੈਲਿਆ ਡੇਰਾਵਾਦ ਹੈ। ਪੰਜਾਬ ਵਿੱਚ ਇਸ ਸਮੇ ਲਗਭਗ
ਸਤਾਰਾਂ ਹਜ਼ਾਰ ਡੇਰੇ ਹਨ, ਜੋ ਇਕ ਅਕਾਲ ਤਖ਼ਤ ਦੀ ਮਰਿਆਦਾ ਨੂੰ ਛਡਕੇ ਹਰੇਕ ਨੇ ਆਪਣੀ ਅਲਗ
ਮਰਿਆਦਾ ਬਣਾਂ ਰਖੀ ਹੈ। ਸਿੱਖ ਰਹਿਤ ਮਰਿਆਦਾ ਵਿੱਚ ਜਿਥੇ ਜਿਕਰ ਹੈ ਕਿ ਸਿੱਖ ਲਈ ਕਛਹਿਰੇ
ਅਤੇ ਦਸਤਾਰ ਤੋਂ ਛੁਟ ਪੁਸ਼ਾਕ ਸਬੰਧੀ, ਬਾਕੀ ਕੋਈ ਪਾਬੰਦੀ ਨਹੀਂ ਹੈ। ਸਿੱਖ ਇਸਤਰੀ ਦਸਤਾਰ
ਸਜਾਏ ਜਾਂ ਨਾ ਸਜਾਏ ਦੋਵੇਂ ਠੀਕ ਹਨ।
ਪਰ ਇਸਦੇ ਬਾਵਜੂਦ ਵੀ ਜਿਵੇਂ ਭੇਡਾਂ ਚਾਰਨ ਵਾਲਿਆਂ ਨੇ, ਆਪਣੀਆਂ-ਆਪਣੀਆਂ ਭੇਡਾਂ ਨੂੰ
ਨਿਸ਼ਾਨੀ ਲਗਾਈ ਹੁੰਦੀ ਹੈ, ਕਿ ਉਹ ਕਿਸੇ ਨਾਲ ਵਟ ਨਾ ਜਾਣ, ਜਿਆਦਾਧਰ ਡੇਰਿਆਂ ਵਾਲੇ ਸਾਧਾਂ
ਨੇ ਵੀ ਆਪਣੀਆਂ ਭੇਡਾਂ (ਆਪਣੇਂ ਚੇਲਿਆਂ) ਦੇ ਨਿਸ਼ਾਨੀ, ਭਾਵ ਰੰਗ ਬਰੰਗੇ ਕਪੜੇ ਪਹਿਨਾਏ
ਹੋਏ ਹੁੰਦੇ ਹਨ। ਜਿਵੇਂ ਕੁਝ ਡੇਰਿਆਂ ਵਿੱਚ ਚਿੱਟੇ, ਕਾਲੇ, ਪੀਲੇ, ਨੀਲੇ ਜਾਂ ਭਗਵੇਂ
ਕਪੜੇ ਉਹਨਾਂ ਦੇ ਚੇਲਿਆਂ ਨੇ ਪਾਏ ਹੁੰਦੇ ਹਨ, ਜਿਹਨਾਂ ਦਾ ਸਿੱਖੀ ਨਾਲ ਕੋਈ ਸੰਬਧ ਨਹੀਂ
ਹੁੰਦਾ, ਬਲਕਿ ਉਹ ਲੋਕਾਂ ਉਪਰ ਆਪਣਾਂ ਪ੍ਰਭਾਵ ਪਾਉਣ ਲਈ ਹੁੰਦਾ ਹੈ।
ਅਖੀਰ ਵਿੱਚ ਦਾਸ ਇਹੀ ਕਹਿਣਾ ਚਾਹੁਦਾ ਹੈ ਕਿ ਸਾਨੂੰ ਆਪਣੇ ਮਨ ਵਿੱਚ ਇਹ ਗਲ ਸਮਝ ਲੈਣੀ
ਚਾਹੀਦੀ ਹੈ, ਕਿ ਅੰਮ੍ਰਿਤ ਕੇਵਲ ਇਕ ਹੀ ਹੈ ਅਤੇ ਉਸਦੀ ਮਰਿਆਦਾ ਵੀ ਇਕ ਹੀ ਹੈ। ਇਹਨਾਂ
ਸਭ ਡੇਰਿਆਂ ਦਾ ਤਿਆਗ ਕਰਕੇ ਸਾਨੂੰ ਇਹ ਗੱਲ ਗੁਰੂ ਕੋਲੋਂ ਸਮਝਣ ਦੀ ਲੋੜ ਹੈ, ਕਿ ਕਿਸੇ
ਦੇ ਹੋਰ ਤਰਾਂ ਦੇ ਕਪੜੇ ਪਾਏ ਦੇਖ ਕੇ ਇਹ ਕਹਿਣਾਂ ਕੇ ਇਹਨਾਂ ਨੇ ਕੋਈ ਦੂਜਾ ਅੰਮ੍ਰਿਤ
ਛਕਿਆ ਹੈ, ਗਲਤ ਹੈ। ਸਿੱਖ ਬੀਬੀਆਂ ਦਸਤਾਰ ਸਜਾਉਣ ਜਾਂ ਨਾ, ਇਹ ਉਹਨਾ ਦੀ ਆਪਣੀ ਇਛਾ ਹੈ,
ਦੂਸਰੀ ਗੱਲ ਸਾਨੂੰ ਇਹ ਸਮਝ ਲੈਣੀ ਚਾਹੀਦੀ ਹੈ ਜੋ ਸਿੱਖੀ ਦੇ ਨਾਮ 'ਤੇ ਇਨੇ ਭਰਮ ਕਰਦੇ
ਹਨ, ਕਿ ਕਿਸੇ ਦੇ ਘਰ ਖਾਣਾ ਵੀ ਨਹੀਂ ਖਾਂਦੇ, ਉਹਨਾਂ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ
ਜੇਕਰ ਗੁਰੂ ਨਾਨਕ ਪਾਤਸ਼ਾਹ ਦੇਸ਼ਾਂ ਵਿਦੇਸ਼ਾਂ ਵਿਚ ਇਹ ਭਰਮ ਕਰਦੇ, ਤਾਂ ਆਪਣੇ ਸਿੱਖਾਂ ਦੇ
ਘਰਾਂ ਵਿੱਚ ਭੋਜਨ ਵੀ ਨਾ ਕਰਦੇ, ਪ੍ਰੰਤੂ ਉਹਨਾ ਨੇ ਤਾਂ ਇਹਨਾ ਭਰਮਾਂ 'ਚੋਂ ਬਾਹਰ ਕੱਢਣ
ਦੀ ਸਿਖਿਆ ਹੀ ਦਿਤੀ ਸੀ ਅਤੇ ਕਿਹਾ ਸੀ:
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ
ਤਿਨਾਹ ॥ (ਪੰਨਾ ੨੩)