Share on Facebook

Main News Page

ਅਖੌਤੀ ਪੰਥਕ ਸਰਕਾਰ ਨੇ ਤਮਾਕੂ ਸੇਵਨ ਨੂੰ ਦਿਤੀ ਹੱਲਾ-ਸ਼ੇਰੀ

ਚੰਡੀਗੜ੍ਹ, 27 ਜਨਵਰੀ (ਜੀ.ਸੀ.ਭਾਰਦਵਾਜ) : ਪੰਜਾਬ ਦੀ ਅਕਾਲੀ-ਬੀਜੇਪੀ ਸਰਕਾਰ, ਜੋ ਅਪਣੇ ਆਪ ਨੂੰ ਸਿੱਖ ਕੌਮ ਦੀ ਹਿਤੈਸ਼ੀ ਦਸਦੀ ਹੋਣ ਕਰ ਕੇ ਪੰਥਕ ਸਰਕਾਰ ਅਖਵਾਉਂਦੀ ਹੈ, ਨੇ ਤਮਾਕੂ ਅਤੇ ਇਸ ਤਰ੍ਹਾਂ ਦੀਆਂ ਵਸਤਾਂ 'ਤੇ ਵੈਟ 55 ਫ਼ੀ ਸਦੀ ਤੋਂ ਘਟਾ ਕੇ 22 ਫ਼ੀ ਸਦੀ ਕਰਨ ਦਾ ਫ਼ੈਸਲਾ ਲੈ ਕੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ।

ਅੱਜ ਇਥੇ ਪ੍ਰੈਸ ਕਲੱਬ 'ਚ ਪ੍ਰੈਸ ਕਾਨਫ਼ਰੰਸ ਦੌਰਾਨ ਜਨਰੇਸ਼ਨ ਸੇਵਿਅਰ ਐਸੋਸੀਏਸ਼ਨ ਯਾਨੀ ਮਨੁੱਖੀ ਬਚਾਉ ਜਥੇਬੰਦੀ ਦੇ ਪ੍ਰਧਾਨ ਡਾ. ਪ੍ਰਹਲਾਦ ਦੁੱਗਲ ਕੈਂਸਰ ਸਰਜਨ ਅਤੇ ਪ੍ਰਾਜੈਕਟ ਡਾਇਰੈਕਟਰ ਆਸ਼ਿਮਾ ਸਰੀਨ ਨੇ ਦਸਿਆ ਕਿ ਪਿਛਲੇ 5 ਸਾਲਾਂ 'ਚ 33000 ਮਰੀਜ਼ ਸਿਰਫ਼ ਕੈਂਸਰ ਨਾਲ ਮਰੇ ਹਨ, ਜਿਨ੍ਹਾਂ 'ਚ 80 ਫ਼ੀ ਸਦੀ ਤਮਾਕੂ ਕਾਰਨ ਹੋਏ ਕੈਂਸਰ ਨਾਲ ਪੀੜਤ ਸਨ।

ਡਾ. ਦੁੱਗਲ ਤੇ ਡਾ. ਆਸ਼ਿਮਾ ਦਾ ਕਹਿਣਾ ਸੀ ਕਿ ਤਮਾਕੂ ਕੰਪਨੀਆਂ ਅਪਣਾ ਨਿਸ਼ਾਨਾ ਬੱਚਿਆਂ ਤੇ ਨੌਜੁਆਨਾਂ ਨੂੰ ਵਿਸ਼ੇਸ਼ ਕਰ ਕੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਬਣਾਉਂਦੇ ਹਨ ਤਾਕਿ ਜ਼ਿੰਦਗੀ ਦੇ ਲੰਮੇ ਸਮੇਂ ਤਕ ਉਨ੍ਹਾਂ ਦਾ ਧੰਦਾ ਚਲਦਾ ਰਹੇ ਪਰ ਦੁੱਖ ਤੇ ਅਫ਼ਸੋਸ ਦੀ ਗੱਲ ਇਹ ਹੈ ਕਿ ਬਾਦਲ ਸਰਕਾਰ ਨੇ ਪੂੰਜੀ ਨਿਵੇਸ਼ ਸੰਮੇਲਨ ਦੌਰਾਨ ਆਈ.ਟੀ.ਸੀ. ਯਾਨੀ ਤਮਾਕੂ ਕੰਪਨੀਆਂ ਦੇ ਮਾਲਕਾਂ ਨੂੰ ਬੁਲਾਇਆ ਅਤੇ ਮਗਰੋਂ ਮੰਤਰੀ ਮੰਡਲ ਦੀ ਬੈਠਕ 'ਚ ਤਮਾਕੂ ਉਤੇ ਵੈਟ 55 ਫ਼ੀ ਸਦੀ ਤੋਂ ਘਟਾ ਕੇ 22 ਫ਼ੀ ਸਦੀ ਕਰਨ ਦਾ ਫ਼ੈਸਲਾ ਲਿਆ। ਇਸ ਤਰ੍ਹਾਂ ਪੰਜਾਬ 'ਚ ਤਮਾਕੂ ਅਤੇ ਇਸ ਤੋਂ ਬਣੀਆਂ ਸਿਗਰਟਾਂ ਅਤੇ ਹੋਰ ਵਸਤਾਂ ਦੀ ਵਿਕਰੀ ਵਧਾਉਣ ਨੂੰ ਹੱਲਾਸ਼ੇਰੀ ਦਿਤੀ ਅਤੇ ਮੁਲਾਕਾਤ ਦੌਰਾਨ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਸਮਗਲਿੰਗ ਰੋਕਣ ਦਾ ਬਹਾਨਾ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਕੈਂਸਰ ਦੀ ਰੋਕਥਾਮ ਲਈ ਪੱਬਾਂ ਭਾਰ ਹੋਈ ਪਈ ਹੈ, ਕੈਂਸਰ ਦੇ ਹਸਪਤਾਲ ਖੋਲ੍ਹ ਰਹੀ ਹੈ ਅਤੇ ਕੈਂਸਰ ਮਰੀਜ਼ਾਂ ਨੂੰ ਇਲਾਜ ਲਈ ਮੁਫ਼ਤ ਦਵਾਈਆਂ ਅਤੇ ਵਿੱਤੀ ਮਦਦ ਦੇ ਰਹੀ ਹੈ, ਦੂਜੇ ਪਾਸੇ ਤਮਾਕੂ ਕੰਪਨੀਆਂ ਨੂੰ ਅਪਣਾ ਮਾਲ ਵੇਚਣ ਲਈ ਉਤਸ਼ਾਹਤ ਕਰ ਰਹੀ ਹੈ।

ਜਨਰੋਸ਼ਨ ਸੇਵੀਅਰ ਐਸੋਸੀਏਸ਼ਨ ਦੇ ਇਕ ਹੋਰ ਮੁਖੀ ਅਤੇ ਐਡਵੋਕੇਟ ਬੀਬੀ ਅਮਤੇਸ਼ਵਰ ਕੌਰ ਤੇ ਹੋਰ ਸਮਾਜ ਸੇਵੀ ਸ਼ਖ਼ਸੀਅਤਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵਲੋਂ ਤਮਾਕੂ ਪਦਾਰਥਾਂ 'ਤੇ ਵੈਟ ਵਿਚ ਕਮੀ ਕਰਨਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਹੈ ਅਤੇ 55 ਫ਼ੀ ਸਦੀ ਤੋਂ 22 ਫ਼ੀ ਸਦੀ ਵੈਟ ਘਟਾਉਣਾ ਪੂਰੀ ਤਰ੍ਹਾਂ ਨਾਲ ਗ਼ਲਤ ਫ਼ੈਸਲਾ ਹੈ ਅਤੇ ਸਰਕਾਰ ਨੂੰ ਲੋਕਾਂ ਦੀ ਮੰਗ 'ਤੇ ਇਹ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ।

ਉਨ੍ਹਾਂ ਪੁਛਿਆ ਕਿ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨੋਂ ਰੋਕਣਾ ਤਸਕਰੀ ਨੂੰ ਰੋਕਣ ਤੋਂ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਪਣੀ ਦਲੀਲ ਵਿਚ ਕਿਹਾ ਕਿ ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਪ੍ਰਦੇਸ਼ ਵਿਚ ਵੈਟ

36 ਫ਼ੀ ਸਦੀ ਹੀ ਹੈ ਪਰ ਸੂਬਾ ਸਰਕਾਰ ਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਰਾਜਸਥਾਨ ਵਿਚ ਇਹੀ ਵੈਟ ਟੈਕਸ 65 ਫ਼ੀ ਸਦੀ, ਉਤਰ ਪ੍ਰਦੇਸ਼ ਵਿਚ 55 ਫ਼ੀ ਸਦੀ ਅਤੇ ਜੰਮੂ ਕਸ਼ਮੀਰ ਵਿਚ 40 ਫ਼ੀ ਸਦੀ ਲਿਆ ਜਾ ਰਿਹਾ ਹੈ। ਬਿਹਾਰ ਵਿਚ ਵੀ ਸਰਕਾਰ ਵਲੋਂ ਵੈਟ 67 ਫ਼ੀ ਸਦੀ ਰਖਿਆ ਗਿਆ ਹੈ।

ਆਸ਼ਿਮਾ ਸਰੀਨ ਨੇ ਪੰਜਾਬ ਸਰਕਾਰ ਵਲੋਂ ਕੈਂਸਰ ਤੇ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ 'ਤੇ ਉਂਗਲ ਉਠਾਉਂਦੇ ਹੋਏ ਕਿਹਾ ਕਿ ਜਿਥੇ ਸੂਬਾ ਸਰਕਾਰ ਕੈਂਸਰ 'ਤੇ ਰੋਕਣ ਲਈ ਅਰਬਾਂ ਰੁਪਏ ਖ਼ਰਚ ਕੇ ਹਸਪਤਾਲ ਖੋਲ੍ਹਣ ਦੇ ਦਾਅਵੇ ਕਰ ਰਹੀ ਹੈ ਉਥੇ ਹੀ ਇਨ੍ਹਾਂ ਹਸਪਤਾਲਾਂ ਲਈ ਮਰੀਜ਼ ਪੈਦਾ ਕਰਨ ਲਈ ਪੰਜਾਬ ਵਿਚ ਤਮਾਕੂ ਸੇਵਨ ਨੂੰ ਉਤਸ਼ਾਹਤ ਕਰ ਰਹੀ ਹੈ।

ਉਨ੍ਹਾਂ ਦਸਿਆ ਕਿ ਗਲੋਬਲ ਅਡਲਟ ਤਮਾਕੂ ਸਰਵੇ ਯਾਨੀ ਗੈਸਟ 2012 ਵਲੋਂ ਅਕਤੂਬਰ 2010 ਵਿਚ ਕੀਤੇ ਗਏ ਸਰਵੇ ਅਨੁਸਾਰ ਇੱਕਲੇ ਪੰਜਾਬ ਵਿਚ ਹੀ 15 ਸਾਲ ਤੋਂ ਉਪਰ ਦੇ 24 ਲੱਖ ਲੋਕ ਤਮਾਕੂ ਦੀ ਵਰਤੋਂ ਕਿਸੇ ਨਾ ਕਿਸੇ ਰੂਪ ਵਿਚ ਕਰਦੇ ਹਨ, ਜਿਸ ਨਾਲ ਕਿ 9 ਲੱਖ ਦੇ ਕਰੀਬ ਲੋਕ ਪੰਜਾਬੀ ਇਸ ਦੀ ਵਰਤੋਂ ਨਾਲ ਕੈਂਸਰ, ਦਿਲ ਦੀਆਂ ਬੀਮਾਰੀਆਂ ਆਦਿ ਘਾਤਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।

ਇਸ ਮੌਕੇ ਦੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਹੈਡ, ਐਡਵੋਕੇਟ ਅਤੇ ਐਮ ਸੀ ਅਸਤੇਸ਼ਵਰ ਕੌਰ ਨੇ ਮੀਡੀਆ ਨਾਲ ਮੁਖ਼ਾਤਬ ਹੁੰਦੇ ਹੋਏ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਜੋ ਕਿ ਸੰਸਾਰ ਵਿਚ ਅਪਣੀ ਧਾਰਮਕ ਪਛਾਣ ਵਜੋਂ ਜਾਣਿਆ ਜਾਂਦਾ ਹੈ, ਇਸ ਥਾਂ 'ਤੇ ਜਿਥੇ ਤਮਾਕੂ ਜਿਹੇ ਪਦਾਰਥਾਂ 'ਤੇ ਪੂਰਨ ਰੋਕ ਹੋਣੀ ਚਾਹੀਦੀ ਸੀ ਉਥੇ ਤਮਾਕੂ ਪਦਾਰਥਾਂ ਨੂੰ ਉਤਸ਼ਾਹਤ ਕਰਨਾ ਹਰ ਪੰਜਾਬੀ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਤਮਾਕੂ ਵੈਟ ਨੂੰ ਘਟਾਉਣ ਦੀ ਬਜਾਏ ਵੈਟ ਨੂੰ ਤਿੰਨ ਗੁਣਾ ਵਧਾ ਕੇ ਤਮਾਕੂ ਦੀ ਸਮਗਲਿੰਗ ਨੂੰ ਰੋਕਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਸੂਬਾ ਸਰਕਾਰ ਵਲੋਂ ਇਸ ਲਈ ਉਪਰਾਲੇ ਨਾ ਕੀਤੇ ਗਏ ਤਾਂ ਇਸ ਦੀ ਵਰਤੋਂ ਨਾਲ ਗੈਸਟ ਵਲੋਂ ਕੀਤੇ ਗਏ ਸਰਵੇ ਅਨੁਸਾਰ ਹੋਣ ਵਾਲੀ 9 ਲੱਖ ਦੇ ਕਰੀਬ ਲੋਕਾਂ ਦੀ ਮੌਤ ਦਾ ਇਲਜ਼ਾਮ ਪੰਜਾਬ ਸਰਕਾਰ ਦੇ ਸਿਰ ਹੋਵੇਗਾ।

ਟਾਟਾ ਮੈਮੋਰੀਅਲ ਹਸਪਤਾਲ ਤੋਂ ਆਏ ਡਾਕਟਰ ਪੰਕਜ ਚਤੁਰਵੇਦੀ, ਪ੍ਰੋਫ਼ੈਸਰ ਨੇ ਇਸ ਮੌਕੇ 'ਤੇ ਬੋਲਦੇ ਹੋਏ ਕਿਹਾ ਕਿ ਭਾਰਤ ਭਰ ਵਿਚ 27 ਕਰੋੜ ਦੇ ਕਰੀਬ ਲੋਕ ਤਮਾਕੂ ਦੀ ਵਰਤੋਂ ਕਰਦੇ ਹਨ ਜਿਨ੍ਹਾਂ 'ਚ 25.9 ਫ਼ੀ ਸਦੀ ਲੋਕ ਤਮਾਕੂ ਦੀ ਸਿੱਧੀ ਵਰਤੋਂ ਕਰਦੇ ਹਨ ਜਦਕਿ 5.7 ਲੋਕ ਸਿਗਰਟ ਉਤੇ 9.2 ਫ਼ੀ ਸਦੀ ਬੀੜੀ ਦੀ ਵਰਤੋਂ ਕਰਦੇ ਹਨ। ਅਮੀਤੇਸ਼ਵਰ ਵਲੋਂ ਪੇਸ਼ ਕੀਤੇ ਗਏ ਡਾਟਾ ਅਨੁਸਾਰ ਭਾਰਤ ਭਰ ਵਿਚ ਸਾਲਾਨਾ ਤਮਾਕੂ ਦੀ ਵਰਤੋਂ ਨਾਲ 10 ਲੱਖ ਦੇ ਕਰੀਬ ਲੋਕ ਮਰਦੇ ਹਨ ਅਤੇ ਰੋਜ਼ਾਨਾ ਇਹ ਔਸਤ 2500 ਦੇ ਕਰੀਬ ਬਣਦੀ ਹੈ, ਜਦਕਿ ਤਮਾਕੂ ਨਾਲ ਮਰਨ ਵਾਲੇ ਪੰਜਾਬੀਆਂ ਦੀ ਗਿਣਤੀ 9 ਲੱਖ ਬਣਦੀ ਹੈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਵਸਨੀਕਾਂ ਦੀ ਤਮਾਕੂ ਨਾਲ ਮਰਨ ਦੀ ਦਰ ਇਸ ਦਾ ਅਹਿਮ ਹਿੱਸਾ ਬਣ ਰਹੀ ਹੈ, ਜਦ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵਲੋਂ ਵੀ ਤਮਾਕੂ ਵਿਰੁਧ ਚਲਾਈਆਂ ਜਾ ਰਹੀਆਂ ਮੁਹਿੰਮਾਂ ਦੀ ਪੈਰਵੀਂ ਕੀਤੀ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top