Share on Facebook

Main News Page

ਐਵੇਂ 'ਟਾਊਟ ਜਥੇਦਾਰਾਂ' ਦੇ 'ਹੁਕਮਨਾਮੇ' ਮੰਨਕੇ ਪੰਥ ਦਾ ਜਲੂਸ ਨਾ ਕਢਾਓ…!
-: ਸਿੱਖ ਗਾਰਡੀਅਨ

'ਅਕਾਲ ਤਖਤ ਮਹਾਨ ਹੈ…' ਤੇ 'ਤੱਕੜੀ ਹੀ ਪੰਥ ਹੈ……' ਕਹਿੰਦੇ-ਕਹਿੰਦੇ ਸਿੱਖ ਅੱਜ 'ਅਕਾਲ ਤਖਤ' (ਹੁਣ ਬਾਦਲ ਤਖਤ) ਤੇ 'ਅਕਾਲੀ ਦਲ' (ਹੁਣ ਬਾਦਲ ਦਲ) ਦੇ ਏਨੇ ਗੁਲਾਮ ਹੋ ਚੁੱਕੇ ਹਨ, ਕਿ ਹੁਣ ਕੋਈ ਰਾਹ ਨਹੀਂ ਦਿਸ ਰਿਹਾ ਬਾਹਰ ਨਿਕਲਣ ਦਾ…! ਹੁਣ ਤਾਂ ਆਲਮ ਇਹ ਹੋ ਗਿਐ, ਕਿ ਕੋਈ ਬਾਦਲ ਨੂੰ ਪੁੱਛਣ ਵਾਲਾ ਨਹੀਂ ਰਿਹਾ ਕਿ "ਬਾਦਲ ਸਾਹਿਬ ਪੰਜਾਬ ਦੀਆਂ ਹੱਕੀ ਮੰਗਾਂ ਦਾ ਕੀ ਬਣਿਆ…?"

ਹੋਰ ਤਾਂ ਹੋਰ ਜੇਕਰ ਕਿਸੇ ਗੱਲ ਦਾ ਬਾਦਲ ਦਲ ਨੂੰ ਨੁਕਸਾਨ ਪਹੁੰਚਣ ਦਾ ਅੰਦੇਸ਼ਾ ਹੁੰਦਾ ਹੈ, ਤਾਂ ਅਕਾਲ ਤਖਤ ਤੇ ਹੋਰਨਾਂ ਤਖਤਾਂ ਦੇ ਜਥੇਦਾਰ ਝੱਟ ਸਰਗਰਮ ਹੋ ਜਾਂਦੇ ਹਨ ਤੇ ਬਾਦਲ ਦਲ ਨੂੰ 'ਧਰਮ ਸੰਕਟ' ਵਿਚੋਂ ਬਾਹਰ ਕੱਢ ਲੈਂਦੇ ਹਨ।

…ਤੇ ਸਿੱਖਾਂ ਦੇ ਇਕ ਜਾਗਰੂਕ ਕਹਾਉਂਦੇ ਵਰਗ ਵਿਚ ਵੀ 'ਅਕਾਲ ਤਖਤ' ਦਾ ਏਨਾ 'ਖੌਫ' ਬੈਠਿਆ ਹੋਇਆ ਹੈ, ਕਿ ਉਹ ਅਕਾਲ ਤਖਤ ਤੋਂ ਜਾਰੀ ਹੋਣ ਵਾਲੇ ਹਰ ਜਾਇਜ਼-ਨਜਾਇਜ਼ 'ਹੁਕਮਨਾਮੇ' ਨੂੰ ਮੰਨਣ ਲਈ ਤਿਆਰ ਹੀ ਰਹਿੰਦੇ ਹਨ। ਇਸ ਗੱਲ ਕਰਕੇ ਅੱਜ ਸਿੱਖਾਂ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ। ਸਿੱਖਾਂ ਨੂੰ ਇਹ ਗੱਲ ਪੱਲੇ ਬੰਨ੍ਹਣ ਦੀ ਲੋੜ ਹੈ ਕਿ 'ਗੁਰੂ ਗ੍ਰੰਥ ਤੇ ਗੁਰੂ ਪੰਥ' ਦੇ ਸਿਧਾਂਤ ਅੱਗੇ ਅਜੋਕੇ ਅਕਾਲ ਤਖਤ ਦੀ ਕੋਈ ਬੁੱਕਤ ਨਹੀਂ ਹੈ। ਇਸ ਲਈ ਐਵੇਂ 'ਟਾਊਟ ਜਥੇਦਾਰਾਂ' ਦੇ 'ਹੁਕਮਨਾਮੇ' ਮੰਨਕੇ ਪੰਥ ਦਾ ਜਲੂਸ ਨਾ ਕਢਾਓ…! ਅਕਾਲ ਤਖਤ ਦੀ ਬਿਲਡਿੰਗ ਤੇ ਉਸਦਾ 'ਜਥੇਦਾਰ' ਕੁੱਝ ਨਹੀਂ ਹੈ… ਸੰਗਤ ਜਾਂ ਪੰਥ ਵੱਡਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ 'ਪੰਥ' ਨੂੰ ਬਖਸ਼ੀ ਹੈ… ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਨਹੀਂ….!!!!! ਗੁਰੂ ਗੋਬਿੰਦ ਸਿੰਘ ਜੀ ਨੇ 'ਖਾਲਸੇ' ਦੀ ਸਾਜਨਾ ਕਰਕੇ 'ਪਾਤਸ਼ਾਹੀਆਂ' ਗਰੀਬ ਸਿੱਖਾਂ ਨੂੰ ਬਖਸ਼ੀਆਂ ਹੋਈਆਂ ਹਨ… ਪਰ ਸਿੱਖੀ 'ਤੇ ਕਾਬਜ਼ ਹੋਏ ਮਸੰਦ ਕਿਸਮ ਦੇ ਜਥੇਦਾਰਾਂ ਤੇ ਲੀਡਰਾਂ ਨੇ ਸਾਰੇ ਕੁਝ ਦਾ ਨਾਸ ਮਾਰਕੇ ਰੱਖ ਦਿਤਾ ਹੈ।

ਹਾਲਤ ਏਨੀ ਮਾੜੀ ਹੋ ਗਈ ਹੈ, ਕਿ ਕੁਝ ਸਿੱਖ 'ਆਮ ਆਦਮੀ ਪਾਰਟੀ' ਦੇ ਆਟੇ ਵਿਚ ਲੂਣ ਬਰਾਬਰ ਕੀਤੇ ਕੁਝ ਚੰਗੇ ਕੰਮਾਂ ਨੂੰ ਦੇਖਕੇ ਹੀ ਉਸ ਵੱਲ ਝੁਕਣ ਲਈ ਤਿਆਰ ਹੋਣ ਲੱਗ ਪਏ ਹਨ… ਹਾਲਾਂਕਿ ਇਸ ਤੋਂ ਕਿਤੇ ਵੱਡਾ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਸਾਨੂੰ ਸਪੱਸ਼ਟ ਅਗਵਾਈ ਦੇਣ ਦੇ ਸਮਰੱਥ ਹੈ।

ਲੋੜ ਹੈ ਆਪਣੇ ਆਪ ਨੂੰ ਟਟੋਲਣ ਤੇ ਗੁਰਮਤਿ ਅਨੁਸਾਰ ਚਰਿੱਤਰ ਨਿਰਮਾਣ ਕਰਕੇ ਖੜ੍ਹੇ ਹੋਣ ਦੀ ਹੈ……ਤਾਂ ਹੀ ਅਸੀਂ ਕਿਸੇ ਸਿੱਧੇ ਰਸਤੇ 'ਤੇ ਪੈ ਸਕਦੇ ਹਾਂ।


ਟਿੱਪਣੀ:

ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਵਉੱਚ ਹੈ, ਅਕਾਲ ਤਖ਼ਤ ਨਹੀਂ। ਅਕਾਲ ਤਖ਼ਤ ਇੱਕ ਸਿਧਾਂਤ ਹੈ ਜੋ ਅਕਾਲ ਦੇ ਹੁਕਮ ਅਨੁਸਾਰ ਚਲਦਾ ਹੈ, ਜੋ ਕਿ ਗੁਰਬਾਣੀ ਅੰਦਰ ਅੰਕਿਤ ਹੈ, ਇਸ ਲਈ ਗੁਰਬਾਣੀ ਹੀ ਅਕਾਲ ਤਖ਼ਤ ਹੈ, ਕੋਈ ਬਿਲਡਿੰਗ ਨਹੀਂ, ਨਾ ਹੀ ਉਸ 'ਤੇ ਤਨਖਾਹ 'ਤੇ ਰੱਖਿਆ ਸ਼੍ਰੋਮਣੀ ਕਮੇਟੀ ਦਾ ਨੌਕਰ। ਜੇ ਅਕਾਲ ਤਖ਼ਤ 'ਤੇ ਕੋਈ ਮੁੱਖ ਸੇਵਾਦਾਰ ਗੁਰਮਤਿ ਅਨੁਸਾਰੀ ਕਾਰਜ ਕਰਦਾ ਹੈ ਤਾਂ, ਸਤਿਕਾਰਯੋਗ ਹੈ, ਉਸਦੇ ਕੀਤੇ ਗੁਰਮਤਿ ਅਨੁਸਾਰੀ ਹੋਣ ਤਾਂ ਮੰਨਣਯੋਗ ਹਨ, ਪਰ ਅਜੋਕੇ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਹੈ, ਇਸ ਲਈ ਅਕਾਲ ਤਖ਼ਤ ਦੇ ਨਾਮ 'ਤੇ ਰਾਜਸੀ ਪ੍ਰਭਾਵ ਥੱਲੇ ਜਾਰੀ ਕੀਤੇ ਅਖੌਤੀ ਹੁਕਮਨਾਮੇ ਮੰਨਣਾ ਸਿੱਖ ਲਈ ਮੰਨਣਯੋਗ ਨਹੀਂ, ਬੇਮਾਨੀ ਹਨ, ਕੋਈ ਬੁੱਕਤ ਨਹੀਂ ਰੱਖਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਉੱਚ ਹਨ ਅਤੇ ਹਮੇਸ਼ਾਂ ਸਰਵਉੱਚ ਰਹਿਣਗੇ।

ਜਦੋਂ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਕਿ ਜਦੋਂ ਤੱਕ ਅਕਾਲ ਤਖ਼ਤ ਨੂੰ ਰਾਜਸੀ ਪ੍ਰਭਾਵ ਤੋਂ ਮੁੱਕਤ ਨਹੀਂ ਕਰਵਾ ਲਿਆ ਜਾਂਦਾ, ਕੋਈ ਗੁਰਮਤਿ ਦੀ ਸੋਝੀ ਰੱਖਣ ਵਾਲਾ ਸਿੱਖ ਇਨ੍ਹਾਂ ਗੁਲਾਮਾਂ ਦੇ ਕਿਸੇ ਆਦੇਸ਼ ਨੂੰ ਨਹੀਂ ਮੰਨੇਗਾ, ਤਦੋਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਦੋ ਬੇੜੀਆਂ 'ਚ ਪੈਰ ਰੱਖਕੇ ਕੰਮ ਨਹੀਂ ਚੱਲਣਾ, ਕਿ ਅਖੌਤੀ ਜਥੇਦਾਰਾਂ ਦੇ ਹੁਕਮ ਵੀ ਮੰਨੀ ਜਾਓ ਅਤੇ ਉਨ੍ਹਾਂ ਵਿੱਰੁਧ ਭੰਡੀ ਪ੍ਰਚਾਰ ਵੀ ਕਰੀ ਜਾਓ, ਇੱਕ ਪਾਸੇ ਹੋਣਾ ਲਾਜ਼ਮੀ ਹੈ।

ਦੋ ਰੰਗੀ ਛੋੜ, ਯੱਕ ਰੰਗ ਹੋ ਜਾ, ਸਰਾਸਰ ਮੋਮ ਹੋਜਾ, ਜਾਂ ਸੰਗ ਹੋਜਾ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top