Share on Facebook

Main News Page

ਇਸ ਤੋਂ ਵੱਡੀ ਪੰਥ ਦੀ ਅਧੋਗਤੀ ਕੀ ਹੋ ਸਕਦੀ ਹੈ ?
-: ਅਵਤਾਰ ਸਿੰਘ ਮਿਸ਼ਨਰੀ 510 432 5827

ਮਿਥਿਹਾਸਕ ਕਥਨ ਅਨੁਸਾਰ ਜੇ ਕ੍ਰਿਸ਼ਨ 16360 ਗੋਪੀਆਂ ਨਾਲ ਰਾਸ ਲੀਲਾ ਕਰਦਾ ਅਤੇ ਫਿਰ ਵੀ ਪਰਾਈ ਔਰਤ ਚੰਦਰਾਵਲ ਨਾਲ ਛਲ ਖੇਡਦਾ ਸੀ, ਤਾਂ ਇਹ ਬੂਬਣੇ ਸਾਧ ਜੋ ਅਜਿਹੇ ਅਵਾਤਾਰਾਂ ਅਤੇ ਦੇਵੀ ਦੇਵਤਿਆਂ ਦੇ ਨੰਗੇ ਪੁਜਾਰੀ ਹਨ, ਕਿਉਂ ਨਹੀਂ ਖੇਡ ਸਕਦੇ?

ਬਲਦੇਵ ਸਿੰਘ ਅੰਮ੍ਰਿਤਸਰ ਵਾਲਾ ਕ੍ਰਿਸ਼ਨ ਦਾ ਪੁਜਾਰੀ ਸਾਧ, ਲਗਦਾ ਅਜਿਹੇ ਪਾਖੰਡੀ ਸਾਧਾਂ ਤੇ ਦਸਮ ਗ੍ਰੰਥ ਦੇ ਤ੍ਰਿਆ ਚਰਿਤਰਾਂ ਦਾ ਡਾਹਡਾ ਅਸਰ ਪਿਆ ਹੈ। ਇਹ ਪਾਖੰਡੀ ਅੰਮ੍ਰਿਤ ਅਤੇ ਕਕਾਰਾਂ ਦੀ ਸ਼ਰੇਆਮ ਬੇਅਦਬੀ ਕਰ ਰਿਹਾ ਹੈ ਜੋ ਅਖੌਤੀ ਜਥੇਦਾਰਾਂ ਨੂੰ ਦਿਖਾਈ ਨਹੀਂ ਦਿੰਦਾ, ਪਰ ਮਿਸ਼ਨਰੀ ਪ੍ਰਚਾਰਕ ਜੋ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਿਰੋਲ ਪ੍ਰਚਾਰ ਕਰਦੇ ਸਨ ਤੇ ਹਨ ਭਾਵੇਂ ਉਨ੍ਹਾਂ ਵਿੱਚ ਪ੍ਰੋ. ਗੁਰਮੁੱਖ ਸਿੰਘ, ਗਿ. ਭਾਗ ਸਿੰਘ ਅੰਬਾਲਾ, ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਅਕਾਲ ਤਖਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਖਾਲਸਾ, ਸ੍ਰ. ਜੋਗਿੰਦਰ ਸਿੰਘ ਸਪੋਕਸਮੈਨ ਆਦਿਕ ਹੋਣ ਉਨ੍ਹਾਂ ਨੂੰ ਬਿਨਾਂ ਦੇਰੀ ਛੇਕਿਆ ਜਾਂਦਾ ਹੈ ਅਤੇ ਪ੍ਰੋ. ਇੰਦਰ ਸਿੰਘ ਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਵਰਗੇ ਮਿਸ਼ਨਰੀ ਪ੍ਰਚਾਰਕਾਂ ਦੀ ਜਬਾਨ ਬੰਦ ਕਰਨ ਅਤੇ ਗੁਰਬਾਣੀ ਗੁਰਮਤਿ ਦੇ ਨਿਰੋਲ ਪ੍ਰਚਾਰ ਕਰਨ 'ਤੇ ਪਾਬੰਦੀ ਲਾਈ ਜਾਂਦੀ ਹੈ। ਇਸ ਤੋਂ ਵੱਡੀ ਹਨੇਰ ਗਰਦੀ ਹੋਰ ਕੀ ਹੋ ਸਕਦੀ ਹੈ?

ਜਦ ਕਿ ਡੇਰਾ ਤੇ ਸਾਧ ਸਿਸਟਮ ਹੀ ਪੰਥ ਵਿੱਚ ਪ੍ਰਵਾਣਿਤ ਨਹੀਂ ਫਿਰ ਇਹ ਰਾਜਨੀਤਕ ਲੀਡਰਾਂ ਦੇ ਦਬਾ ਥੱਲੇ ਆ ਕੇ ਬਲਾਤਕਾਰੀ ਡੇਰੇਦਾਰਾਂ ਨੂੰ ਪ੍ਰਫੁਲਿਤ ਕਿਉਂ ਕਰ ਰਹੇ ਹਨ? ਅਕਾਲ ਤਖਤ ਦਾ ਜਥੇਦਾਰ ਹੋਵੇ ਤੇ ਲਵੇ ਗੁਰਮਤਿ ਵਿਰੋਧੀ ਬਲਾਤਕਾਰੀ ਸਾਧਾਂ ਤੋਂ ਸਿਰੋਪੇ ਤੇ ਪੰਥ ਦੀਆਂ ਜਾਗਰੂਕ ਧਿਰਾਂ ਫਿਰ ਵੀ ਜਥੇਦਾਰ ਕਹਿਣ ਅਤੇ ਡੇਰੇਦਾਰ ਸੰਪ੍ਰਦਾਈਆਂ ਨੂੰ ਗੁਰਦੁਆਰਿਆਂ ਵਿੱਚ ਬ੍ਰਾਹਮਣਵਾਦ ਅਤੇ ਮਨਘੜਤ ਸਾਖੀਆਂ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਦੇਣ ਤਾਂ ਪੰਥ ਦੀ ਇਸ ਵੱਡੀ ਅਧੋਗਤੀ ਕੀ ਹੋ ਸਕਦੀ ਹੈ? ਕੀ ਸਿੱਖਾਂ ਲਈ ਸਰਬਉੱਚ ਗੁਰੂ ਗ੍ਰੰਥ ਸਾਹਿਬ ਹੈ ਜਾਂ ਅਕਾਲ ਤਖਤ ਦੀ ਬਿਲਡਿੰਗ ਜਾਂ ਬ੍ਰਾਹਮਣਵਾਦੀ ਜਥੇਦਾਰ, ਜਿਸ ਦਾ ਉਨ੍ਹਾਂ ਨੇ ਹਰ ਹੁਕਮ ਮੰਨਣਾਂ ਹੈ? ਪਰ ਗੁਰੂ ਤਾਂ ਸਿੱਖਾਂ ਨੂੰ ਹਦਾਇਤ ਕਰਦਾ ਹੈ ਕਿ- ਹੁਕਮ ਮੰਨਿਓਂ ਗੁਰੂ ਕੇਰਾ..॥ (ਗੁਰੂ ਗ੍ਰੰਥ) ਅਤੇ ਸਭ ਸਿਖਨ ਕਉ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ॥ (ਅਰਦਾਸੀ ਦੋਹਿਰਾ)


ਟਿੱਪਣੀ:

ਸ. ਅਵਤਾਰ ਸਿੰਘ ਮਿਸ਼ਨਰੀ ਜੀ ਦਾ ਕਹਿਣਾ ਬਿਲਕੁਲ ਦੁਰੂਸਤ ਹੈ ਕਿ "ਕੀ ਸਿੱਖਾਂ ਲਈ ਸਰਬਉੱਚ ਗੁਰੂ ਗ੍ਰੰਥ ਸਾਹਿਬ ਹੈ ਜਾਂ ਅਕਾਲ ਤਖਤ ਦੀ ਬਿਲਡਿੰਗ ਜਾਂ ਬ੍ਰਾਹਮਣਵਾਦੀ ਜਥੇਦਾਰ, ਜਿਸ ਦਾ ਉਨ੍ਹਾਂ ਨੇ ਹਰ ਹੁਕਮ ਮੰਨਣਾਂ ਹੈ?" ਸਿੱਖਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਵਉੱਚ ਹੈ, ਅਕਾਲ ਤਖ਼ਤ ਨਹੀਂ। ਅਕਾਲ ਤਖ਼ਤ ਇੱਕ ਸਿਧਾਂਤ ਹੈ ਜੋ ਅਕਾਲ ਦੇ ਹੁਕਮ ਅਨੁਸਾਰ ਚਲਦਾ ਹੈ, ਜੋ ਕਿ ਗੁਰਬਾਣੀ ਅੰਦਰ ਅੰਕਿਤ ਹੈ, ਇਸ ਲਈ ਗੁਰਬਾਣੀ ਹੀ ਅਕਾਲ ਤਖ਼ਤ ਹੈ, ਕੋਈ ਬਿਲਡਿੰਗ ਨਹੀਂ, ਨਾ ਹੀ ਉਸ 'ਤੇ ਤਨਖਾਹ 'ਤੇ ਰੱਖਿਆ ਸ਼੍ਰੋਮਣੀ ਕਮੇਟੀ ਦਾ ਨੌਕਰ। ਜੇ ਅਕਾਲ ਤਖ਼ਤ 'ਤੇ ਕੋਈ ਮੁੱਖ ਸੇਵਾਦਾਰ ਗੁਰਮਤਿ ਅਨੁਸਾਰੀ ਕਾਰਜ ਕਰਦਾ ਹੈ ਤਾਂ, ਸਤਿਕਾਰਯੋਗ ਹੈ, ਉਸਦੇ ਕੀਤੇ ਗੁਰਮਤਿ ਅਨੁਸਾਰੀ ਹੋਣ ਤਾਂ ਮੰਨਣਯੋਗ ਹਨ, ਪਰ ਅਜੋਕੇ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਹੈ, ਇਸ ਲਈ ਅਕਾਲ ਤਖ਼ਤ ਦੇ ਨਾਮ 'ਤੇ ਰਾਜਸੀ ਪ੍ਰਭਾਵ ਥੱਲੇ ਜਾਰੀ ਕੀਤੇ ਅਖੌਤੀ ਹੁਕਮਨਾਮੇ ਮੰਨਣਾ ਸਿੱਖ ਲਈ ਮੰਨਣਯੋਗ ਨਹੀਂ, ਬੇਮਾਨੀ ਹਨ, ਕੋਈ ਬੁੱਕਤ ਨਹੀਂ ਰੱਖਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਉੱਚ ਹਨ ਅਤੇ ਹਮੇਸ਼ਾਂ ਸਰਵਉੱਚ ਰਹਿਣਗੇ।

ਜਦੋਂ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਕਿ ਜਦੋਂ ਤੱਕ ਅਕਾਲ ਤਖ਼ਤ ਨੂੰ ਰਾਜਸੀ ਪ੍ਰਭਾਵ ਤੋਂ ਮੁੱਕਤ ਨਹੀਂ ਕਰਵਾ ਲਿਆ ਜਾਂਦਾ, ਕੋਈ ਗੁਰਮਤਿ ਦੀ ਸੋਝੀ ਰੱਖਣ ਵਾਲਾ ਸਿੱਖ ਇਨ੍ਹਾਂ ਗੁਲਾਮਾਂ ਦੇ ਕਿਸੇ ਆਦੇਸ਼ ਨੂੰ ਨਹੀਂ ਮੰਨੇਗਾ, ਤਦੋਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ। ਦੋ ਬੇੜੀਆਂ 'ਚ ਪੈਰ ਰੱਖਕੇ ਕੰਮ ਨਹੀਂ ਚੱਲਣਾ, ਕਿ ਅਖੌਤੀ ਜਥੇਦਾਰਾਂ ਦੇ ਹੁਕਮ ਵੀ ਮੰਨੀ ਜਾਓ ਅਤੇ ਉਨ੍ਹਾਂ ਵਿੱਰੁਧ ਭੰਡੀ ਪ੍ਰਚਾਰ ਵੀ ਕਰੀ ਜਾਓ, ਇੱਕ ਪਾਸੇ ਹੋਣਾ ਲਾਜ਼ਮੀ ਹੈ।

ਦੋ ਰੰਗੀ ਛੋੜ, ਯੱਕ ਰੰਗ ਹੋ ਜਾ, ਸਰਾਸਰ ਮੋਮ ਹੋਜਾ, ਜਾਂ ਸੰਗ ਹੋਜਾ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top