Share on Facebook

Main News Page

ਟੈਮ ਹੋ ਗਿਆ ਬਦਲ ਗਏ ਕਾਂਟੇ, ਗੱਡੀ ਆਉਣੀ ਸ਼ੂੰ ਕਰ ਕੇ
-: ਨਿਰਮਲ ਸਿੰਘ ਕੰਧਾਲਵੀ

ਸਾਰੀ ਦੁਨੀਆਂ ‘ਚ ਸਿੱਖ ਕੌਮ ਕੇਜਰੀਵਾਲ ਦੀ ਪ੍ਰਸੰਸਾ ਕਰ ਰਹੀ ਹੈ, ਕਿ ਉਸ ਨੇ ਦਿੱਲੀ ‘ਚ ਹੋਏ ਸਿੱਖਾਂ ਦੇ ਕਤਲੇਆਮ ਦੀ ਪੜਤਾਲ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰਨ ਦਾ ਵਚਨ ਦਿੱਤਾ ਹੈ। ਇਹ ਵਿਅਕਤੀ ਬਾਕੀ ਸਿਆਸਤਦਾਨਾਂ ਵਾਂਗ ਬਿਆਨ ਦਾਗ਼ਣ ਤੱਕ ਹੀ ਸੀਮਤ ਨਹੀਂ ਰਹਿੰਦਾ। ਜੋ ਕਹਿੰਦਾ ਹੈ ਕਰ ਕੇ ਦਿਖਾਉਂਦਾ ਹੈ। ਕੇਜਰੀਵਾਲ਼ ਦੇ ਇਸ ਬਿਆਨ ਨਾਲ਼ ਦੋਨਾਂ ਪਾਰਟੀਆਂ ਕਾਂਗਰਸ ਅਤੇ ਬੀ.ਜੇ.ਪੀ. ਨੂੰ ਬੁਖ਼ਾਰ ਚੜ੍ਹਿਆ ਹੋਇਆ ਹੈ ਕਿ ਕਿਤੇ ਪੂਰੀ ਸਚਾਈ ਬਾਹਰ ਨਾ ਆ ਜਾਵੇ।

ਰਾਹੁਲ ਗਾਂਧੀ ਦੇ ਬਿਆਨ ਨੇ ਵੀ ਭਾਵੇਂ ਘੜੇ ਤੋਂ ਕੌਲਾ ਚੰਗੀ ਤਰ੍ਹਾਂ ਨਹੀਂ ਚੁੱਕਿਆ ਪਰ ਗੱਲ ਤੁਰ ਜ਼ਰੂਰ ਪਈ ਹੈ। ਬੀ.ਜੇ.ਪੀ. ਵਾਲ਼ੇ ਇਸ ਸਾਰੇ ਮਾਮਲੇ ‘ਚ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰ ਕੇ ਕਾਂਗਰਸ ਵਲ ਗੰਨਾਂ ਦਾ ਮੂੰਹ ਕਰ ਰਹੇ ਹਨ ਤਾਂ ਕਿ ਮੋਦੀ ਦੇ ਰੱਥ ਦੀ ਸਪੀਡ ਹੋਰ ਤੇਜ਼ ਕੀਤੀ ਜਾ ਸਕੇ ਪਰ ਸਿੱਖ ਕੌਮ ਜਾਣਦੀ ਹੈ, ਕਿ ਇਸ ਮਾਮਲੇ ‘ਚ ਉਹ ਦੁੱਧ ਧੋਤੇ ਨਹੀਂ।

ਹਾਂ! ਜੇ ਉਹ ਦੁੱਧ ਧੋਤੇ ਹਨ ਤਾਂ ਪੰਜਾਬੀ (ਅਕਾਲੀ) ਪਾਰਟੀ ਦੀਆਂ ਨਜ਼ਰਾਂ ‘ਚ ਹੋ ਸਕਦੇ ਹਨ ਨਹੀਂ, ਤਾਂ ਕੌਣ ਨਹੀਂ ਜਾਣਦਾ ਕਿ ਦਰਬਾਰ ਸਾਹਿਬ ਦੇ ਹਮਲੇ ਲਈ ਵਾਜਪਾਈ ਨੇ ਇੰਦਰਾ ਨੂੰ ਦੁਰਗਾ ਦਾ ਖ਼ਿਤਾਬ ਦਿੱਤਾ। ਅਡਵਾਨੀ ਆਪਣੀ ਕਿਤਾਬ ‘ਚ ਲਿਖ਼ਦੈ ਕਿ ਉਹਨੀਂ ਇੰਦਰਾ ਨੂੰ ਹੱਲਾਸ਼ੇਰੀ ਦੇ ਕੇ ਇਹ ਹਮਲਾ ਕਰਵਾਇਆ। ਹਿੰਦੂਆਂ ਨੇ ਭੰਗੜੇ ਪਾਏ ਲੱਡੂ ਵੰਡੇ। ਦਿੱਲੀ ਦੇ ਕਤਲੇਆਮ ਵਿਚ ਵੀ ਭਾਜਪਾਈਆਂ ਦਾ ਹੱਥ ਸੀ। ਅਸਰ ਰਸੂਖ ਵਾਲ਼ੇ ਕਾਤਲਾਂ ਦੀਆਂ ਸੈਂਕੜੇ ਫ਼ਾਈਲਾਂ ਹੀ ਥਾਣਿਆਂ ‘ਚੋਂ ਗੁੰਮ ਕਰ ਦਿੱਤੀਆਂ ਗਈਆਂ।

ਲੋਕਾਂ ਨੂੰ ਕੁਝ ਆਸ ਬੱਝੀ ਹੈ ਕਿ ਸ਼ਾਇਦ ਤੀਹ ਸਾਲ ਬਾਅਦ ਹੀ ਕੁਝ ਸੱਚ ਬਾਹਰ ਆ ਜਾਵੇ। ਹੁਣ ਤਾਂ ਰਾਹੁਲ ਗਾਂਧੀ ਨੇ ਵੀ ਕਾਂਗਰਸੀਆਂ ਦੀ ਸ਼ਮੂਲੀਅਤ ਮੰਨ ਲਈ ਹੈ। ਪਰ ਪੰਜਾਬ ਦੇ ਉੱਪ ਮੁੱਖ ਮੰਤਰੀ ਦਾ ਹਾਸੋਹੀਣਾ ਬਿਆਨ ਦੇਖੋ ਕਿ ਪਹਿਲਾਂ ਕੇਜਰੀਵਾਲ ਕਾਂਗਰਸ ਤੋਂ ਸਮਰਥਨ ਲੈਣਾ ਬੰਦ ਕਰੇ, ਫੇਰ ਐੱਸ. ਆਈ. ਟੀ. ਦਾ ਗਠਨ ਕਰੇ। ਮੈਨੂੰ ਇਕ ਲਤੀਫ਼ਾ ਯਾਦ ਆ ਗਿਆ ਕਿ ਕਿਸੇ ਬੰਦਾ ਪਾਸ ਬੜਾ ਖ਼ਾਸ ਤੋਤਾ ਸੀ। ਕਿਸੇ ਨੇ ਤੋਤੇ ਦੀ ਵਿਸ਼ੇਸ਼ਤਾ ਪੁੱਛੀ, ਤਾਂ ਤੋਤੇ ਵਾਲਾ ਕਹਿੰਦਾ ਜੀ ਤੁਸੀਂ ਦੇਖਦੇ ਹੋ ਨਾ ਕਿ ਤੋਤੇ ਦੇ ਦੋਵਾਂ ਪੈਰਾਂ ਨੂੰ ਧਾਗੇ ਬੰਨ੍ਹੇ ਹੋਏ ਹਨ। ਸੱਜਾ ਧਾਗਾ ਖਿੱਚੋ ਤਾਂ ਤੋਤਾ ਮਹਿਮਾਨਾਂ ਨੂੰ ਜੀ ਆਇਆ ਕਹਿੰਦਾ ਹੈ। ਖੱਬਾ ਧਾਗਾ ਖਿੱਚੋ ਤਾਂ ਮਹਿਮਾਨਾਂ ਨੂੰ ਗੁੱਡਬਾਇ ਕਹਿੰਦਾ ਹੈ। ਬੰਦੇ ਨੇ ਪੁੱਛਿਆ ਕਿ ਜੇ ਦੋਨੋਂ ਧਾਗੇ ਇਕੱਠੇ ਖਿੱਚੇ ਜਾਣ ਫਿਰ ਤੋਤਾ ਕੀ ਕਹਿੰਦੈ? ਇਸ ਤੋਂ ਪਹਿਲਾਂ ਕਿ ਤੋਤੇ ਵਾਲ਼ਾ ਕੁਝ ਕਹਿੰਦਾ ਤੋਤਾ ਬੋਲਿਆ, “ਓਏ ਮੂਰਖਾ, ਮੈਂ ਧੜੱਮ ਕਰਦਾ ਹੇਠਾਂ ਡਿੱਗ ਪਵਾਂਗਾ”।

ਪਾਠਕੋ! ਕਿਤੇ ਇਹਨਾਂ ਨੂੰ ਇਸ ਗੱਲ ਦਾ ਡਰ ਤਾਂ ਨਹੀਂ ਖਾਈ ਜਾ ਰਿਹਾ ਕਿ ਇਹਨਾਂ ਦੇ ਭਾਈਵਾਲ਼ਾਂ ਦੇ ਕੱਚੇ ਚਿੱਠੇ ਬਾਹਰ ਆ ਜਾਣਗੇ ਤੇ ਨਾਲ਼ੇ ਜਿਹੜਾ ਇਲਜ਼ਾਮ ਅੱਜ ਤੱਕ ਅਕਾਲੀਆਂ ‘ਤੇ ਲਗਦਾ ਆ ਰਿਹੈ, ਕਿ ਇਹਨਾਂ ਨੇ ਭਿੰਡਰਾਂਵਾਲ਼ੇ ਤੋਂ ਖਹਿੜਾ ਛੁਡਵਾਉਣ ਲਈ ਇੰਦਰਾ ਨੂੰ ਆਪ ਚਿੱਠੀਆਂ ਲਿਖੀਆਂ ਸਨ, ਉਸ ਦਾ ਭਾਂਡਾ ਵੀ ਸਰਕਾਰੀ ਤੌਰ ‘ਤੇ ਭੱਜ ਜਾਵੇਗਾ। ਰੱਬ ਕਰੇ ਕਿ ਸਾਰਾ ਸੱਚ ਬਾਹਰ ਆਵੇ ਤੇ ਸਿੱਖਾਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲੱਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top