ਹੋਂਦ
ਚਿੱਲੜ ਕਾਂਡ ਦੀ ਸੁਣਵਾਈ ਦਾ ਇੱਕ ਪੜਾਅ ਮੁਕੰਮਲ ਹੋ ਗਿਆ ਹੈ ਤੇ ਅਗਲੇ ਪੜਾਅ ਦੀ ਸੁਣਵਾਈ
ਲਈ ਸਰਕਾਰੀ ਧਿਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇੱਕ ਮੈਂਬਰੀ ਕਮਿਸ਼ਨ ਵੱਲੋਂ
ਸੁਣਵਾਈ 12 ਫਰਵਰੀ ਤੋਂ ਕੀਤੀ ਜਾਵੇਗੀ। ਹੋਂਦ ਚਿੱਲੜ ਕੇਸ ਦੀ ਪੈਰਵੀ ਕਰ ਰਹੀ ਤਾਲਮੇਲ
ਕਮੇਟੀ ਨੇ ਕਮਿਸ਼ਨ ਕੋਲੋਂ ਉਸ ਵੇਲੇ ਦੇ ਰਿਵਾੜੀ ਜ਼ਿਲ੍ਹੇ ਦੇ ਪੁਲੀਸ ਅਧਿਕਾਰੀਆਂ
ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇੱਕ ਮੈਂਬਰੀ ਕਮਿਸ਼ਨ ਦੇ (ਰਿਟਾਇਰਡ) ਜੱਜ ਟੀ.ਪੀ.ਗਰਗ ਸਾਹਵੇਂ
ਹਿਸਾਰ ਵਿੱਚ ਪੀੜਤ ਧਿਰ ਦੇ ਗਵਾਹਾਂ ਅਤੇ ਪੀੜਤਾਂ ਦੀ ਜਿਰ੍ਹਾ ਅੱਜ ਮੁਕੰਮਲ ਹੋ ਗਈ । ਦੋ
ਨਵੰਬਰ ‘84 ਨੂੰ ਹੋਂਦ ਚਿੱਲੜ ਪਿੰਡ ਵਿੱਚ ਭੀੜ ਵੱਲੋਂ ਕੀਤੀ ਹਿੰਸਾ ਦੀ ਸਥਿਤੀ ਬਿਆਨ
ਕਰਦਿਆਂ ਚਸ਼ਮਦੀਦ ਗਵਾਹ ਉੱਤਮ ਸਿੰਘ ਨੇ ਕਮਿਸ਼ਨ ਨੂੰ ਦੱਸਿਆ ਕਿ ਪਿੰਡ ਵਿੱਚ ਇੱਕ ਸਿੱਖ
ਫੌਜੀ ਸਵੇਰੇ ਪਹੁੰਚਿਆ ਸੀ ਤੇ ਪਿੰਡ ਨੂੰ ਦਿਨੇ ਗਿਆਰਾਂ ਵਜੇ ਭੀੜ ਨੇ ਘੇਰਾ ਪਾ ਲਿਆ ਸੀ।
ਭੀੜ ਨੇ ਫੌਜੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ। ਇਸ ਫੌਜੀ ਦੀ ਪਤਨੀ ਕੰਵਲਜੀਤ ਕੌਰ
ਨੂੰ ਕਈ ਵਰ੍ਹਿਆਂ ਤੱਕ ਆਪਣੇ ਫੌਜੀ ਪਤੀ ਦੀ ਕੋਈ ਖਬਰਸਾਰ ਨਹੀਂ ਮਿਲੀ ਸੀ। ਉਸ ਨੂੰ ਕੇਵਲ
ਏਨਾ ਹੀ ਪਤਾ ਸੀ ਕਿ ਉਸ ਦਾ ਪਤੀ ਛੁੱਟੀ ’ਤੇ ਘਰ ਆ ਰਿਹਾ ਸੀ ਪਰ ਰਸਤੇ ਵਿੱਚ ਹੀ ਕਿਧਰੇ
ਲਾਪਤਾ ਹੋ ਗਿਆ । ਫੌਜ ਨੇ ਪੁੱਛ ਪੜਤਾਲ ਕਰਕੇ ਸੱਤ ਸਾਲ ਬਾਅਦ ਇਸ ਫੌਜੀ ਨੂੰ ਮ੍ਰਿਤਕ
ਐਲਾਨਿਆ ਸੀ।
ਸਾਲ 2011 ਦੇ ਮਾਰਚ ਮਹੀਨੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ ਅਤੇ ਸਿੱਖ ਸ਼ਰਧਾਲੂਆਂ ਨੇ ਹੋਂਦ ਚਿੱਲੜ ਪਿੰਡ ’ਚ ਮਾਰੇ ਗਏ ਸਿੱਖ ਪਰਿਵਾਰਾਂ ਦੀ
ਯਾਦ ਵਿੱਚ ਪ੍ਰੋਗਰਾਮ ਕਰਵਾਇਆ ਸੀ ਤੇ ਬੇਨਾਮ ਫੌਜੀ ਦੀ ਖਬਰ ਪੜ੍ਹ ਕੇ ਫੌਜੀ ਦੀ ਪਤਨੀ
ਕੰਵਲਜੀਤ ਕੌਰ ਹੋਂਦ ਚਿੱਲੜ ਪਿੰਡ ’ਚ ਪਹੁੰਚੀ ਸੀ। ਉਸ ਨੇ ਆਪਣੇ ਪਤੀ ਦੀ ਫੋਟੋ ਉੱਤਮ
ਸਿੰਘ ਨੂੰ ਦਿਖਾਈ ਸੀ ਤੇ ਉਸ ਨੇ ਫੋਟੇ ਦੇਖਦਿਆਂ ਹੀ ਪਛਾਣ ਲਿਆ ਸੀ ਕਿ ਇਹ ਉਹੀ ਜਵਾਨ ਸੀ
ਜਿਸ ਨੂੰ ਭੀੜ ਨੇ ਕਤਲ ਕੀਤਾ ਸੀ। ਇਸ ਫੌਜੀ ਦੀ ਪਤਨੀ ਨੇ ਜਦੋਂ ਇੱਕ ਮੈਂਬਰੀ ਕਮਿਸ਼ਨ
ਕੋਲ ਆਪਣੇ ਬਿਆਨ ਦਰਜ ਕਰਵਾਏ ਤਾਂ ਉਸ ਦਿਨ ਫੌਜ ਦੇ ਅਧਿਕਾਰੀ ਵੀ ਅਦਾਲਤ ਵਿੱਚ ਹਾਜ਼ਰ ਸਨ
। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕਰਨ ਦੇ ਯਤਨ ਕੀਤੇ ਸਨ ਕਿ ਇਸ ਪਿੰਡ ਵਿੱਚ ਮਾਰਿਆ
ਗਿਆ ਫੌਜੀ ਇੰਦਰਜੀਤ ਸਿੰਘ ਜਾਂ ਕੋਈ ਹੋਰ ਸੀ। ਅੱਜ ਦੀ ਗਵਾਹੀ ਨਾਲ ਹੋਂਦ ਚਿੱਲੜ ਕਾਂਡ
ਨਾਲ ਸਬੰਧਤ ਪੀੜਤਾਂ ਦੀ ਜਿਰ੍ਹਾ ਮੁਕੰਮਲ ਹੋ ਗਈ ਹੈ ਤੇ ਹੁਣ ਸਰਕਾਰੀ ਧਿਰ ਦੇ ਗਵਾਹਾਂ
ਦੀ ਜਿਰ੍ਹਾ 12 ਫਰਵਰੀ ਤੋਂ ਸ਼ੁਰੂ ਹੋਵੇਗੀ।
ਸੁਣਵਾਈ ਸਮੇਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜਨੀਅਰ
ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਮਿਸ਼ਨ ਕੋਲੋਂ ਮੰਗ ਕੀਤੀ
ਕਿ ਉਨ੍ਹਾਂ ਪੁਲੀਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਜਿਹੜੇ ਅਮਨ ਕਾਨੂੰਨ ਨੂੰ
ਬਰਕਰਾਰ ਰੱਖਣ ਵਿੱਚ ਅਸਫਲ ਸਾਬਤ ਹੋਏ ਸਨ। ਜੇਕਰ ਉਹ ਅਧਿਕਾਰੀ ਨੌਕਰੀ ਵਿੱਚ ਹੋਣ ਤਾਂ
ਉਨ੍ਹਾਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਜੇ ਸੇਵਾ ਮੁਕਤ ਹੋ ਗਏ ਹੋਣ ਤਾਂ ਉਨ੍ਹਾਂ ਦੀਆਂ
ਪੈਨਸ਼ਨਾਂ ਰੋਕੀਆਂ ਜਾਣ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆ ਗਈਆਂ ਤਾ ਉਹ ਅੰਦੋਲਨ
ਕਰਨ ਲਈ ਮਜਬੂਰ ਹੋਣਗੇ।
ਇਹ
ਫੌਜੀ ਸਿੰਘ ਇੰਦਰਜੀਤ ਸਿੰਘ ਦੀ ਫੋਟੋ ਹੈ। ਇਹ ਜੈਕ ਰਾਈਫਲ ਵਿੱਚ ਸੀ। ਇਸ ਜਵਾਨ
ਦੇ ਵਿਆਹ ਨੂੰ ਸਾਲ ਹੀ ਪੂਰਾ ਹੋਇਆ ਸੀ। ਇਹ ੩੧ ਅਕਤੂਬਰ ੧੯੮੪ ਨੂੰ ਆਪਣੀ ਰਜਮੈਂਟ ਤੋਂ
ਆਪਣੇ ਘਰ ਬਟਾਲ਼ੇ ਨੂੰ ਆ ਰਿਹਾ ਸੀ। ਰਾਸਤੇ ਵਿੱਚ ਸਿੱਖਾਂ ਦਾ ਕਤਲੇਆਮ ਸੁਰੂ ਹੋ ਗਿਆ ਅਤੇ
ਇਹ ਦਿਲੀ ਜਾਣ ਦੀ ਬਜਾਏ ਰੇਵਾੜੀ ਆ ਗਿਆ ਗਿਆ। ਇਸ ਨੂੰ ਕਿਸੇ ਨੇ ਦੱਸਿਆ ਕਿ ਏਥੇ ਲਾਗੇ
ਹੀ ਸਿੱਖਾਂ ਦਾ ਪਿੰਡ ਹੋਂਦ ਹੈ ਤੂੰ ਓਥੇ ਚਲਾ ਜਾਹ ਤੇਰਾ ਬਚਾਅ ਹੋ ਜਾਵੇਗਾ। ਇਹ ਰੇਵਾੜੀ
ਤੋਂ ਲਾਈਨਾ ਦੇ ਨਾਲ਼ ਤੁਰਦਾ ਤੁਰਦਾ ਪੁੱਛਦਾ ਪੁਛਾਉਂਦਾ ੨ ਨਵੰਬਰ ਦੀ ਸਵੇਰ ੭ ਵਜੇ ਹੋਂਦ
ਪਹੁੰਚ ਗਿਆ। ਓਥੇ ਇਸ ਨੂੰ ਬਾਪੂ ਉੱਤਮ ਸਿੰਘ ਮਿਲਿਆ। ਉਸ ਨੇ ਇਸ ਨੂੰ ਨਹਾਉਣ ਲਈ ਪਾਣੀ
ਦਿਤਾ ਅਤੇ ਰੋਟੀ ਵੀ ਖੁਆਈ। ਫੌਜੀ ਜਵਾਨ ਗੁਰੁ ਘਰ ਵਿੱਚ ਅਰਾਮ ਕਰਨ ਲੱਗ ਗਿਆ। ਏਨੇ ਨੂੰ
੧੧ ਵਜੇ ਤਕਰੀਬਨ ਕਾਤਲ ਭੀੜ ਨੇ ਪਿੰਡ ਨੂੰ ਘੇਰ ਲਿਆਂ ਅਤੇ ਇਸ ਨੂੰ ਪਿੰਡ ਦੇ ਲੋਕਾਂ ਨਾਲ਼
ਹੀ ਜਿੰਦਾ ਜਲ਼ਾ ਦਿਤਾ। ਹੋਂਦ ਵਿੱਚ ੩੧ ਪਿੰਡ ਦੇ ਵਸਨੀਕ ਸ਼ਹੀਦ ਹੋਏ ਅਤੇ ਇੱਕ ਇਹ ਫੌਜੀ
ਜਵਾਨ ਇੰਦਰਜੀਤ ਸਿੰਘ ਸਾਰਿਆਂ ਨੂੰ ਮਿਲ਼ਾ ਕੇ ਟੋਟਲ ੩੨ ਸਿੰਘ/ਸਿੰਘਣੀਆਂ/ਬੱਚੇ ਸ਼ਹੀਦ ਹੋਏ।
ਇੰਦਰਜੀਤ ਸਿੰਘ ਦੀ ਪਤਨੀ ਕੰਵਲਦੀਪ ਕੌਰ ਮਨ ਭਰ ਕੇ ਆਖਦੀ ਹੈ ਕਿ
ਪਹਿਲਾਂ ਪਹਿਲ ਤਾਂ ਇਹਨਾਂ ਨੂੰ ਪੁਲਿਸ ਅਤੇ ਫੌਜ ਨੇ ਖੂਬ ਤੰਗ ਪ੍ਰੇਸਾਨ ਕੀਤਾ ਕਿ ਉਹ
ਭਗੌੜਾ ਹੋ ਗਿਆ ਸਾਨੂੰ ਦੱਸੋ ਕਿਥੇ ਹੈ । ਸਾਨੂੰ ਬੜਾ ਖੱਜਲ਼ ਖੁਆਰ ਕੀਤਾ ਫਿਰ ੭ ਸਾਲਾਂ
ਬਾਅਦ ਫੌਜ ਨੇ ਮਿੰਸਿਗ ਸੋਅ ਕਰ ਦਿਤਾ । ਮਾਰਚ ੨੦੧੧ ਨੂੰ ਜਦੋਂ ਹੋਂਦ ਪਿੰਡ ਵਿੱਚ ਸਮਾਗਮ
ਹੋਇਆਂ ਤਾਂ ਉਹ ਉਸ ਵਿੱਚ ਸ਼ਾਮਿਲ ਹੋਈ ਸੀ ਅਤੇ ਆਪਣੇ ਪਤੀ ਦੀ ਫੋਟੋ ਉੱਤਮ ਸਿੰਘ ਨੂੰ
ਦਿਖਾਈ । ਉਹਨਾਂ ਝੱਟ ਪਛਾਣ ਲਿਆ ਅਤੇ ਇਹਨਾਂ ਨੂੰ ੨੬ ਸਾਲਾਂ ਬਾਅਦ ਪਤਾ ਲੱਗਾ ਕਿ ਉਹਨਾਂ
ਦੀ ਮੌਤ ਹੋਂਦ ਚਿਲੱੜ ਵਿੱਚ ਹੋਈ ਹੈ ।
ਕੰਵਲਦੀਪ ਕੌਰ ਨੇ ਪੰਜਾਬ ਸਰਕਾਰ ਬਾਰੇ ਕਿਹਾ ਕਿ ਉਸ ਦਾ ਲਾਲ ਕਾਰਡ
ਨਹੀਂ ਬਣਿਆ ਕਿਉਂਕਿ ਉਸ ਕੋਲ਼ ਕੋਈ ਸਬੂਤ ਹੀ ਨਹੀਂ ਸ, ਕਿ ਉਸ ਦਾ ਪਤੀ ੮੪ ਦੀ ਭੇਂਟ ਚੜਿਆ
ਹੈ ਹੁਣ ਪੰਜਾਬ ਸਰਕਾਰ ਮੇਰੇ ਤੇ ਮੇਹਰਬਾਨੀ ਕਰੇ ਮੈਂਨੂੰ ਜਾਂ ਮੇਰੀ ਬੇਟੀ ਨੂੰ ਤਰਸ ਦੇ
ਅਧਾਰ ਤੇ ਨੌਕਰੀ ਦੇਵੇ।