ਕਰਤਾਰ
ਪੁਰ ਦੇ ਇਕ ਕਾਨਵੈਂਟ ਸਕੂਲ ਵਿਚ ਦਸਤਾਰਧਾਰੀ ਵਿਦਿਆਰਥੀਆਂ ‘ਤੇ ਸਕੂਲ ਦੀ ਵਿਦਾਇਗੀ ਪਾਰਟੀ
‘ਚ ਰੋਕ ਲਗਾਏ ਜਾਣ ਦਾ ਮਸਲਾ ਕੋਈ ਪਹਿਲਾ ਮਸਲਾ ਨਹੀਂ ਹੈ। ਪਹਿਲਾਂ ਵੀ ਅਜਿਹੇ ਸਕੂਲਾਂ
‘ਚ ਇਹੋ ਜਿਹੇ ਸੈਂਕੜੇ ਕੇਸ ਹੋ ਚੁੱਕੇ ਹਨ। ਜਦੋਂ ਸਿੱਖ ਜਥੇਬੰਦੀਆਂ ਮਸਲਾ ਚੁੱਕ ਲੈਂਦੀਆਂ
ਹਨ, ਤਾਂ ਇਹਨਾਂ ਸਕੂਲਾਂ ਦੇ ਪ੍ਰਬੰਧਕ ਆਪਣਾ ਥੁੱਕਿਆ ਹੋਇਆ ਚੱਟ ਲੈਂਦੇ ਹਨ ਤੇ ਇਕ ਦੂਜੇ
ਉੱਤੇ ਦੋਸ਼ ਸੁੱਟਣ ਦੀ ਕੋਸ਼ਿਸ਼ ਕਰਦੇ ਹਨ।
ਇੱਥੇ ਸਵਾਲ ਸਹੇ ਦਾ ਨਹੀਂ ਪਹੇ ਦਾ ਹੈ। ਸਿੱਖ ਜਥੇਬੰਦੀਆਂ ਨੂੰ
ਇੰਨੇ ਨਾਲ਼ ਹੀ ਸੰਤੁਸ਼ਟ ਨਹੀਂ ਹੋ ਜਾਣਾ ਚਾਹੀਦਾ ਕਿ ਉਹਨਾਂ ਦੇ ਦਖ਼ਲ ਬਾਅਦ ਮਸਲਾ ਹੱਲ ਹੋ
ਗਿਆ ਹੈ। ਜ਼ਰਾ ਵਿਚਾਰ ਕਰੋ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ਼ ਕਿਤਨੇ ਬੱਚਿਆਂ ਨੇ ਸਿੱਖੀ
ਤੋਂ ਮੂੰਹ ਮੋੜਿਆ ਹੋਵੇਗਾ ਤੇ ਕਿਤਨੇ ਮਾਪਿਆਂ ਨੇ ਆਪ ਆਪਣੇ ਬੱਚਿਆਂ ਨੂੰ ਕਾਨਵੈਂਟ ਸਕੂਲ
ਦੀ ਪੜ੍ਹਾਈ ਦੇ ਨਾਮ ‘ਤੇ ਸਿੱਖੀ ਤੋਂ ਦੂਰ ਕਰ ਲਿਆ ਹੋਵੇਗਾ। ਅਸੀਂ ਤਾਂ ਬਹੁਤ ਸਾਲਾਂ
ਤੋਂ ਕਹਿ ਰਹੇ ਹਾਂ ਕਿ ਇਹ ਸਾਰਾ ਕੁਝ ਬਹੁਤ ਗਿਣੀ ਮਿਥੀ ਸਾਜ਼ਿਸ਼ ਨਾਲ਼ ਹੋ ਰਿਹਾ ਹੈ। ਇਹਨਾਂ
ਘਟਨਾਵਾਂ ਨੂੰ ਇੱਕਾ-ਦੁੱਕਾ ਨਾ ਸਮਝਿਆ ਜਾਵੇ। ਕਿਸੇ ਇਕ ਸਕੂਲ ‘ਚ ਵਾਪਰੀ ਇਹੋ ਜਿਹੀ ਘਟਨਾ
ਸਾਰੇ ਪੰਜਾਬ ‘ਚ ਅਸਰ ਪਾਉਂਦੀ ਹੈ। ਇਸੇ ਸਾਜ਼ਿਸ਼ ਅਧੀਨ ਹੀ ਇਹਨਾਂ ਸਕੂਲਾਂ ਵਿਚ ਮਾਂ-ਬੋਲੀ
ਪੰਜਾਬੀ ਬੋਲਣ ‘ਤੇ ਬੱਚਿਆਂ ਨੂੰ ਕੁੱਟਿਆ ਜਾਂਦਾ ਹੈ ਤੇ ਜ਼ੁਰਮਾਨਾ ਕੀਤਾ ਜਾਂਦਾ ਹੈ।
ਆਉ ਜ਼ਰਾ ਝਾਤੀ ਮਾਰੀਏ ਕਿ ਇਸ ਵਿਚ ਕੌਣ
ਕਸੂਰਵਾਰ ਹੈ। ਜ਼ਰਾ ਖ਼ਿਆਲ ਕਰੋ, ਕਿ ਅਸੀਂ ਨਗਰ ਕੀਰਤਨਾਂ ਤੇ ਹੋਰ ਧਾਰਮਿਕ ਆਡੰਬਰਾਂ ‘ਤੇ
ਕਿੰਨਾ ਪੈਸਾ ਰੋੜ੍ਹਦੇ ਹਾਂ। ਕੌਮ ਨੂੰ ਪ੍ਰਾਪਤੀ ਕੀ ਹੁੰਦੀ ਹੈ? ਹਾਂ! ਪ੍ਰਬੰਧਕ ਜ਼ਰੂਰ
ਮਾਲਾਮਾਲ ਹੋ ਜਾਂਦੇ ਹਨ। ਮਹਾਨ ਹਸਤੀਆਂ ਆਪਣਾ ਆਪਣਾ ਲਿਫ਼ਾਫ਼ਾ ਲੈ ਕੇ ਤੁਰਦੀਆਂ
ਬਣਦੀਆਂ ਹਨ। ਸ਼ਰਾਬ ‘ਤੇ ਕਿੰਨਾ ਪੈਸਾ ਪੰਜਾਬੀ ਰੋੜ੍ਹਦੇ ਹਨ, ਹੈ ਕੋਈ ਹਿਸਾਬ? ਅਰਬਾਂ
ਰੁਪਿਆ। ਜੇ ਸਾਨੂੰ ਅਕਲ ਹੋਵੇ, ਤਾਂ ਇਸ ਪੈਸੇ ਨਾਲ਼ ਅਸੀਂ ਆਪਣੇ
ਸਕੂਲ ਖੋਲ੍ਹੀਏ ਤੇ ਬੱਚਿਆਂ ਨੂੰ ਸਿੱਖੀ ਵਿਰਸੇ ਦੇ ਨਾਲ਼ ਨਾਲ਼ ਸੰਸਾਰ ਪੱਧਰ ‘ਤੇ ਵਿਚਰਨ
ਯੋਗ ਬਣਾਈਏ। ਪੱਛਮੀ ਦੇਸ਼ਾਂ ਵਿਚ ਆਏ ਹੋਏ ਪੰਜਾਬੀ ਨੌਜੁਆਨ ਕਿਹੜੇ ਕੰਮ ਕਰਦੇ ਹਨ ਤੇ
ਸਾਊਥ ਇੰਡੀਆ ਤੋਂ ਆਏ ਹੋਏ ਕਿਹੜੇ ਕੰਮ ਕਰਦੇ ਹਨ, ਮੈਨੂੰ ਦੱਸਣ ਦੀ ਲੋੜ ਨਹੀਂ।
ਕਿਹਾ ਜਾਂਦਾ ਹੈ ਕਿ ਜਦੋਂ ਦੇਵੇਗੌੜਾ ਪ੍ਰਧਾਨ ਮੰਤਰੀ ਨੇ ਮੁੱਖ
ਮੰਤਰੀਆਂ ਨੂੰ ਪੁੱਛਿਆ ਸੀ ਕਿ ਉਹ ਆਪਣੇ ਆਪਣੇ ਸੂਬੇ ਦੀਆਂ ਮੰਗਾਂ ਰੱਖਣ ਤਾਂ
ਚੰਦਰ ਬਾਬੂ ਨਾਇਡੂ ਨੇ ਆਪਣੇ ਸੂਬੇ ਲਈ ਕੰਪਿਊਟਰ ਹੱਬ ਦੀ ਮੰਗ
ਰੱਖੀ ਤੇ ਸਾਡੇ ਬਾਦਲ ਸਾਹਿਬ ਨੇ ਸ੍ਰੀ ਆਨੰਦਪੁਰ
ਸਾਹਿਬ ਵਿਚ ਫੌਜੀ ਛਾਉਣੀ ਖੋਲ੍ਹਣ ਦੀ ਮੰਗ ਰੱਖੀ। ਅੱਜ ਬੰਗਲੌਰ ਕਿੱਥੇ ਐ, ਬਿੱਲ
ਗੇਟਸ ਵੀ ਭੱਜਿਆ ਉੱਥੇ ਨੂੰ ਹੀ ਆਉਂਦਾ ਹੈ।
ਅਜੇ ਵੀ ਸਮਝ ਜਾਈਏ, ਨਹੀਂ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ।
ਪੰਜਾਬ ‘ਚ ਤਾਂ ਪਹਿਲਾਂ ਹੀ ਦਸਤਾਰਧਾਰੀ ਨੌਜੁਆਨ ਨਹੀਂ ਲੱਭਦੇ।