ਕਿਸੇ ਪੰਥ ਦਰਦੀ ਵੀਰ ਨੇ ਸਵਾਲ ਪੁਛਿਆ ਸੀ ਕੇ - ਵੀਰ ਜੀਓ, ਇਕ
ਸਵਾਲ ਹੈ ਹੀ ਕਿ ਜਿਸ ਤਰ੍ਹਾਂ ਸਿੱਖ ਧਰਮ ਵਿਚ ਜਾਤ ਪਾਤ ਨੂੰ ਕੋਈ ਜਗ੍ਹਾ ਨਹੀਂ ਹੈ,
ਪਰ ਗੁਰਬਾਣੀ 'ਚ ਸੋਢੀ, ਭਲੇ, ਭੱਟ ਅਤੇ
ਡੂਮ, ਇਸ ਨੂੰ ਕਿਸ ਤਰ੍ਹਾਂ ਸਮਝਾਉਗੇ???
ਜਵਾਬ ਤੁਹਾਡੇ ਸਾਰਿਆਂ ਨਾਲ ਸਾਂਝ ਪਾ ਰਿਹਾ ਹਾਂ ਜੀ:
ਗੁਰਬਾਣੀ
'ਚ ਆਏ ਸੋਢੀ ਤੇ ਭਲੇ
ਬਾਰੇ ਆਪ ਨੇ ਸਵਾਲ ਪੁਛਿਆ ਸੀ। ਤੁਸੀਂ ਬਿਲਕੁਲ ਠੀਕ ਫੁਰਮਾਇਆ
ਕੇ ਗੁਰਬਾਣੀ 'ਚ ਜਾਤ-ਪਾਤ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ।
ਵੀਰ ਜੀਓ ! 'ਸੋਢੀ' ਲਫਜ਼ ਦੇ
ਅਰਥ ਭਾਈ ਕਾਹਨ ਸਿੰਘ ਜੀ ਨਾਭਾ ਨੇ ਕੀਤੇ ਹਨ - ਸਹਾਰਨ ਵਾਲਾ।
ਭੱਟਾਂ ਨੇ ਗੁਰੂ ਰਾਮਦਾਸ ਪਾਤਸ਼ਾਹ ਲਈ ' ਸੋਢੀ ' ਲਫਜ਼ ਇਸ ਕਰਕੇ ਵਰਤਿਆ ਹੈ, ਕਿਉਂਕਿ ਗੁਰੂ
ਰਾਮਦਾਸ ਪਾਤਸ਼ਾਹ ਵਡੀਆਂ ਮੁਸ਼ਕਿਲਾਂ ਸਹਾਰ ਕੇ ਵੀ ਅਡੋਲ ਰਹਿੰਦੇ
ਹਨ। ਸੋ, ਸਪਸ਼ਟ ਹੁੰਦਾ ਹੈ ਕੇ ਕਿ ਸੋਢੀ ਕੋਈ ਜਾਤ ਨਹੀਂ ।
ਫੇਰ ਗੁਰੂ ਅਮਰਦਾਸ ਪਾਤਸ਼ਾਹ ਲਈ ਭੱਟਾਂ ਨੇ ' ਭਲੇ ' ਸ਼ਬਦ ਦੀ ਵਰਤੋਂ ਕੀਤੀ ਹੈ। '
ਭਲਾ ' ਲਫਜ਼ ਜਦੋਂ ਮਹਾਨ ਕੋਸ਼ 'ਚ ਦੇਖਦੇ ਹਾਂ ਤਾਂ ਉਸ
ਦਾ ਅਰਥ ਮਿਲਦਾ ਹੈ - ਸ੍ਰੇਸ਼ਟ । ਇਹ ਲਫਜ਼ ਅਸੀਂ
ਰੋਜ਼ਾਨਾ ਦੀ ਬੋਲੀ 'ਚ ਵੀ ਅਕਸਰ ਵਰਤਦੇ ਹਾਂ, ਉਧਾਰਨ ਦੇ ਤੌਰ
'ਤੇ - ਫਲਾਣਾ ਬੰਦਾ ਬੜਾ ਭਲਾ ਹੈ ਭਾਵ ਚੰਗਾ ਹੈ। ਸੋ '
ਭਲਾ ' ਦਾ ਉਚਾਰਨ ' ਭੱਲਾ
' ਨਹੀਂ , ' ਭਲਾ ' ਕਰਨਾ ਹੈ।
ਫੇਰ ਤੁਸੀਂ ਲਫਜ਼ ' ਭੱਟ ' ਬਾਰੇ ਪੁਛਿਆ। ਵੀਰ ਜੀਓ!
' ਭੱਟ ' ਵੀ ਕੋਈ ਜਾਤ ਨਹੀਂ, ਭਾਈ ਕਾਹਨ ਸਿੰਘ ਜੀ ਨਾਭਾ ' ਭੱਟ ' ਸ਼ਬਦ ਦਾ ਅਰਥ ਕਰਦੇ
ਹਨ - ਉਸਤਤ ਪੜਨ ਵਾਲਾ ਕਵੀ। ਸੋ, ਇਥੋਂ ਸਿਧ ਹੁੰਦਾ
ਹੈ ਕੇ ' ਭੱਟ ' ਕੋਈ ਜਾਤ ਨਹੀਂ।
ਹੁਣ ਆਓ, ' ਡੂਮ ' ਸ਼ਬਦ ਵਲ। ਭਾਈ ਸੱਤਾ ਜੀ ਤੇ ਭਾਈ
ਬਲਵੰਡ ਜੀ ਨੇ ਰਾਮਕਲੀ ਰਾਗ 'ਚ ਇੱਕ ਵਾਰ ਗਾਈ ਹੈ ਜਿਸ 'ਚ ਪੰਜ ਗੁਰੂ ਸਾਹਿਬਾਨ ਦੀ ਸਿਫਤ
'ਚ ਅੱਠ ਪਉੜੀਆਂ ਹਨ। ਇਸ ਵਾਰ ਦਾ ਸਿਰਲੇਖ ਹੈ - ਰਾਮਕਲੀ ਕੀ ਵਾਰ ਰਾਏ ਬਲਵੰਡਿ ਤਥਾ ਸਤੈ
ਡੂਮਿ ਆਖੀ। ਇਸ 'ਚ ਕੋਈ ਸ਼ਕ ਨਹੀਂ ਕੇ ਡੂਮ , ਸਮਾਜਿਕ ਤੌਰ 'ਤੇ ਇਸ ਨੀਵੀ ਜਾਤ ਮੰਨੀ ਗਈ
ਹੈ, ਪਰ ਜਦੋਂ ਅਸੀਂ ਸਿਰਲੇਖ ਨੂੰ ਧਿਆਨ ਨਾਲ ਵੇਖਦੇ ਹਾਂ ਤਾ ਇਸ 'ਚ ' ਰਾਏ ' ਸ਼ਬਦ ਵੀ
ਵਰਤਿਆ ਗਿਆ ਹੈ ਤੇ ' ਰਾਏ ' ਦਾ ਮਤਲਬ ਹੁੰਦਾ ਹੈ ' ਰਾਜਾ। ਭਾਈ ਸੱਤਾ ਜੀ ਤੇ ਭਾਈ
ਬਲਵੰਡ ਜੀ ਜ਼ਿਕਰ ਕਰਦੇ ਹਨ, ਪਾਤਸ਼ਾਹ ! ਸਮਾਜ ਨੇ ਸਾਡੇ ਨਾਵਾਂ ਨਾਲ ਭਾਵੇਂ ' ਡੂਮ ' ਸ਼ਬਦ
ਜੋੜਿਆ ਸੀ, ਪਰ ਜਿਹੜੀ ਮਾਨਸਿਕ ਸ਼ਾਂਤੀ, ਸੁੱਖ ਤੁਹਾਡੇ ਘਰੋਂ ਸਾਨੂੰ ਮਿਲਿਆ ਹੈ, ਏਨਾ
ਸੁਖ ਤਾਂ ਕਿਸੀ ਰਾਜੇ ਨੂੰ ਵੀ ਨਸੀਬ ਨਹੀਂ ਹੋਇਆ ਹੋਣਾ। ਇਸ ਕਰਕੇ ਅਸੀਂ ਡੂਮ ਨਹੀਂ, ਰਾਜੇ
ਹਾਂ।