Share on Facebook

Main News Page

ਪਟਨਾ ਸਾਹਿਬ ਵਿਵਾਦ
ਮੁਅੱਤਲ ਇਕਬਾਲ ਸਿੰਘ ਨੇ ਸਮਝੌਤੇ ਲਈ ਰੱਖੀ ਸ਼ਰਤ

ਜਗਤਾਰ ਸਿੰਘ ਲਾਂਬਾ/ਟ.ਨ.ਸ.
ਅੰਮ੍ਰਿਤਸਰ, 3 ਫਰਵਰੀ
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁਅੱਤਲ ਕੀਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਆਖਿਆ ਕਿ ਜੇਕਰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨਵਨਿਯੁਕਤ ਵਧੀਕ ਗ੍ਰੰਥੀ (ਮੀਤ ਜਥੇਦਾਰ) ਗਿਆਨੀ ਪ੍ਰਤਾਪ ਸਿੰਘ ਅਤੇ ਧਰਮ ਪ੍ਰਚਾਰ ਬੋਰਡ ਦੇ ਚੇਅਰਮੈਨ ਭੁਪਿੰਦਰ ਸਿੰਘ ਸਾਧੂ ਦੀ ਨਿਯੁਕਤੀ ਨੂੰ ਰੱਦ ਕਰ ਦਿੰਦੀ ਹੈ ਤਾਂ ਉਹ ਸਮਝੌਤੇ ਬਾਰੇ ਮੁੜ ਵਿਚਾਰ ਕਰ ਸਕਦੇ ਹਨ। ਤਖ਼ਤ ਪਟਨਾ ਸਾਹਿਬ ਵਿਖੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਵਿਖੇ 6 ਫਰਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।

ਇਥੇ ਦੱਸਣਯੋਗ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੇ ਧਾਰਮਿਕ ਸਮਾਗਮ ਦੌਰਾਨ ਦੋ ਧਿਰਾਂ ਵਿਚਾਲੇ ਖ਼ੂਨੀ ਝੜੱਪਾਂ ਹੋਈਆਂ ਸਨ ਜਿਸ ਵਿੱਚ ਗਿਆਨੀ ਇਕਬਾਲ ਸਿੰਘ, ਉਨ੍ਹਾਂ ਦਾ ਬੇਟਾ ਤੇ ਹੋਰ ਜ਼ਖ਼ਮੀ ਹੋ ਗਏ ਸਨ।

ਇਸ ਝਗੜੇ ਵਿੱਚ ਗਿਆਨੀ ਇਕਬਾਲ ਸਿੰਘ ਦੀ ਦਸਤਾਰ ਵੀ ਉਤਰ ਗਈ ਸੀ। ਗਿਆਨੀ ਇਕਬਾਲ ਸਿੰਘ ਵੱਲੋਂ ਦੂਜੀ ਧਿਰ ਦੇ 7 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਾਇਆ ਗਿਆ ਸੀ, ਜਿਸ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਆਰ.ਐਸ.ਗਾਂਧੀ, ਜਨਰਲ ਸਕੱਤਰ ਚਰਨਜੀਤ ਸਿੰਘ ਤੇ ਹੋਰ ਸ਼ਾਮਲ ਸਨ, ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ, ਉਨ੍ਹਾਂ ਸਾਰਿਆਂ ਵੱਲੋਂ ਹੀ ਅਗਾਊਂ ਜ਼ਮਾਨਤਾਂ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਪ੍ਰਬੰਧਕੀ ਕਮੇਟੀ ਨੇ ਗਿਆਨੀ ਇਕਬਾਲ ਸਿੰਘ ਸਮੇਤ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਸਬੰਧ ਵਿੱਚ ਦੋਵਾਂ ਧਿਰਾਂ ਵਿਚਾਲੇ ਹੋਇਆ ਸਮਝੌਤਾ ਵੀ ਰੱਦ ਹੋ ਚੁੱਕਾ ਹੈ।

ਇਸ ਸਬੰਧ ਵਿੱਚ ਗੱਲ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਉਹ ਪ੍ਰਬੰਧਕੀ ਕਮੇਟੀ ਦੇ ਆਗੂਆਂ ਤੇ ਹੋਰਨਾਂ ਖਿਲਾਫ਼ ਪੁਲੀਸ ਕੋਲ ਦਰਜ ਕਰਾਏ ਕੇਸ ਨੂੰ ਵਾਪਸ ਲੈਣ ਲਈ ਸਹਿਮਤ ਨਹੀਂ ਹਨ, ਪਰ ਜੇਕਰ ਪ੍ਰਬੰਧਕੀ ਕਮੇਟੀ ਵੱਲੋਂ ਵਧੀਕ ਗ੍ਰੰਥੀ (ਮੀਤ ਜਥੇਦਾਰ) ਵਜੋਂ ਕੀਤੀ ਗਈ ਗਿਆਨੀ ਪ੍ਰਤਾਪ ਸਿੰਘ ਦੀ ਨਵੀਂ ਨਿਯੁਕਤੀ ਨੂੰ ਹਮੇਸ਼ਾ ਲਈ ਰੱਦ ਕੀਤਾ ਜਾਵੇ ਅਤੇ ਧਰਮ ਪ੍ਰਚਾਰ ਬੋਰਡ ਦੇ ਚੇਅਰਮੈਨ ਵਜੋਂ ਭੁਪਿੰਦਰ ਸਿੰਘ ਸਾਧੂ ਦੀ ਨਿਯੁਕਤੀ ਨੂੰ ਵੀ ਰੱਦ ਕੀਤਾ ਜਾਵੇ ਤਾਂ ਉਹ ਮੁੜ ਸਮਝੌਤੇ ਬਾਰੇ ਵਿਚਾਰ ਕਰ ਸਕਦੇ ਹਨ। ਸਮਝੌਤੇ ਲਈ ਇਹ ਸ਼ਰਤ ਰੱਖਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਦੋਵੇਂ ਨਿਯੁਕਤੀਆਂ ਰੱਦ ਕਰਨ ਮਗਰੋਂ ਇਸ ਸਬੰਧ ਵਿਚ ਲਿਖਤੀ ਤੌਰ ’ਤੇ ਪੱਤਰ ਭੇਜਿਆ ਜਾਵੇ, ਜਿਸ ਬਾਰੇ ਉਹ ਆਪਣੇ ਵਕੀਲਾਂ ਅਤੇ ਸੰਤ ਸਮਾਜ ਨਾਲ ਵਿਚਾਰ ਵਟਾਂਦਰਾ ਕਰਨ ਮਗਰੋਂ ਸਮਝੌਤਾ ਕਰਨ ਵਾਸਤੇ ਵਿਚਾਰ ਕਰਨਗੇ।

ਉਨ੍ਹਾਂ ਆਖਿਆ ਕਿ ਭਾਵੇਂ ਪ੍ਰਬੰਧਕੀ ਕਮੇਟੀ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ, ਪਰ ਉਹ ਪਹਿਲਾਂ ਵਾਂਗ ਹੀ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਆਪਣੀ ਡਿਊਟੀ ਨਿਭਾਅ ਰਹੇ ਹਨ। ਪ੍ਰਬੰਧਕੀ ਕਮੇਟੀ ਦਾ ਸਮੁੱਚਾ ਅਮਲਾ ਵੀ ਪੂਰਨ ਸਮਰਥਨ ਦੇ ਰਿਹਾ ਹੈ। ਇਸ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਵਿਚਾਰੇ ਜਾਣ ਸਬੰਧੀ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਪੁਲੀਸ ਅਤੇ ਅਦਾਲਤ ਦੇ ਵਿਚਾਰ ਅਧੀਨ ਹੈ। ਇਸ ਲਈ ਇਹ ਮਾਮਲਾ ਸ੍ਰੀ ਅਕਾਲ ਤਖ਼ਤ ’ਤੇ ਨਹੀਂ ਵਿਚਾਰਿਆ ਜਾਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਅਕਾਲ ਤਖ਼ਤ ਨੂੰ ਕੋਈ ਪੱਤਰ ਨਹੀਂ ਭੇਜਿਆ ਹੈ। ਇਸ ਲਈ ਆਪਣੇ ਤੌਰ ’ਤੇ ਇਹ ਮਾਮਲਾ ਨਹੀਂ ਵਿਚਾਰਨਾ ਚਾਹੀਦਾ।

ਇਸ ਮਾਮਲੇ ’ਚ ਸ਼੍ਰੋਮਣੀ ਕਮੇਟੀ ਦੀ ਜਾਂਚ ਟੀਮ ਵੱਲੋਂ ਕਰਵਾਏ ਗਏ ਸਮਝੌਤੇ ਬਾਰੇ ਗੱਲ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਅਕਾਲ ਤਖ਼ਤ ਵੱਲੋਂ ਭੇਜੀ ਗਈ ਜਾਂਚ ਟੀਮ ਨੇ ਨਿਆਂ ਨਹੀਂ ਕੀਤਾ ਸਗੋਂ ਇਕਪਾਸੜ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਮਝੌਤਾ ਪੱਤਰ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਪੱਤਰ ਪੜ੍ਹਨ ਨਹੀਂ ਦਿੱਤਾ ਗਿਆ ਅਤੇ ਕਾਹਲੀ ਨਾਲ ਦਸਤਖ਼ਤ ਕਰਵਾਏ ਗਏ ਸਨ। ਇਥੇ ਜ਼ਿਕਰਯੋਗ ਹੈ ਕਿ ਇਸ ਸਮਝੌਤਾ ਪੱਤਰ ’ਤੇ ਗਿਆਨੀ ਇਕਬਾਲ ਸਿੰਘ ਅਤੇ ਉਨ੍ਹਾਂ ਦੇ ਬੇਟੇ ਦੇ ਵੀ ਦਸਤਖ਼ਤ ਹਨ। ਉਨ੍ਹਾਂ ਸਪਸ਼ਟ ਕੀਤਾ ਕਿ 6 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿੱਚ ਆਉਣ ਬਾਰੇ ਉਨ੍ਹਾਂ ਨੂੰ ਕੋਈ ਪੱਤਰ ਨਹੀਂ ਮਿਲਿਆ ਹੈ ਅਤੇ ਨਾ ਹੀ ਉਹ ਇਸ ਵਿਚ ਸ਼ਾਮਲ ਹੋ ਰਹੇ ਹਨ। ਉਧਰ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਅਹੁਦੇਦਾਰਾਂ ਖਿਲਾਫ਼ ਪੁਲੀਸ ਕੇਸ ਦਰਜ ਹੋਣ ਕਾਰਨ ਉਹ ਦਫ਼ਤਰ ਵੀ ਨਹੀਂ ਜਾ ਰਹੇ, ਜਿਸ ਕਾਰਨ ਦਫਤਰੀ ਕੰਮ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਅਹੁਦੇਦਾਰਾਂ ਵੱਲੋਂ ਅਗਾਊਂ ਜ਼ਮਾਨਤਾਂ ਕਰਾਉਣ ਲਈ ਯਤਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗਿਆਨੀ ਇਕਬਾਲ ਸਿੰਘ ਨੇ ਦਾਅਵਾ ਕੀਤਾ ਕਿ ਹੇਠਲੀ ਅਦਾਲਤ ਵੱਲੋਂ ਇਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਇਹ ਉਪਰਲੀ ਅਦਾਲਤ ਵਿੱਚ ਜਾਣਗੇ।

ਇਹ ਮਾਮਲਾ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ 6 ਫਰਵਰੀ ਨੂੰ ਹੋਣ ਵਾਲੀ ਇਕੱਤਰਤਾ ਵਿੱਚ ਮੁੜ ਵਿਚਾਰਿਆ ਜਾਵੇਗਾ। ਇਸ ਤੋਂ ਪਹਿਲਾਂ ਇਹ ਮਾਮਲਾ 27 ਜਨਵਰੀ ਨੂੰ ਹੋਈ ਇਕੱਤਰਤਾ ਵਿੱਚ ਵੀ ਵਿਚਾਰਿਆ ਗਿਆ ਸੀ। ਸਿੰਘ ਸਾਹਿਬਾਨ ਕੋਲ ਇਸ ਮਾਮਲੇ ਬਾਰੇ ਜਾਂਚ ਕਮੇਟੀ ਦੀ ਰਿਪੋਰਟ ਪੁੱਜ ਚੁੱਕੀ ਹੈ। ਪਰ ਉਨ੍ਹਾਂ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਘੋਖ ਕਰਨ ਦੇ ਮੰਤਵ ਨਾਲ ਝਗੜੇ ਸਬੰਧੀ ਸੀਡੀ ਵੀ ਮੰਗਵਾਈ ਗਈ ਹੈ। ਇਸ ਤੋਂ ਇਲਾਵਾ ਘਟਨਾ ਦੇ ਮੁੱਖ ਚਸ਼ਮਦੀਦ ਗਵਾਹ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੀ ਇਸ ਬਾਰੇ ਸਥਿਤੀ ਤੋਂ ਜਾਣੂੰ ਕਰਵਾ ਚੁੱਕੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top