Share on Facebook

Main News Page

ਸਿੱਖ ਹਲਕਿਆਂ ਵਿੱਚ ਚਰਚਾ ਸ਼ੁਰੂ
ਕੀ 6 ਫਰਵਰੀ ਨੂੰ ਹੋ ਰਹੀ ਪੰਜ ਪੁਜਾਰੀਆਂ ਦੀ ਇਕਤਰਤਾ ਵਿੱਚ, ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿੱਤਾ ਜਾਵੇਗਾ ?

ਅੰਮ੍ਰਿਤਸਰ: (3 ਫਰਵਰੀ, ਨਰਿੰਦਰ ਪਾਲ ਸਿੰਘ): ਸਿੱਖ ਕੌਮ ਵਿੱਚ ਮੌਜੂਦਾ ਪ੍ਰਚਲਤ ਨਾਨਕਸ਼ਾਹੀ ਕੈਲੰਡਰ ਵਿੱਚ ਕਿਸੇ ਵੀ ਸੰਭਾਵੀ ਸੋਧ ਤੇ ਵਿਚਾਰ ਲਈ ਪੰਜ ਪੁਜਾਰੀਆਂ ਦੀ 6 ਫਰਵਰੀ ਨੂੰ ਹੋ ਰਹੀ ਪੰਜ ਪੁਜਾਰੀਆਂ ਦੀ ਇਕਤਰਤਾ ਵਿੱਚ ਸਾਲ 2003 ਵਿੱਚ ਲਾਗੂ ਕੀਤੇ ਗਏ ਸੂਰਜੀ ਪ੍ਰਣਾਲੀ 'ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ ? ਇਹ ਚਰਚਾ ਸਿੱਖ ਰਾਜਸੀ ਗਲਿਆਰਿਆਂ ਵਿੱਚ ਸ਼ੁਰੂ ਹੋ ਗਈ ਹੈ। ਇਕ ਪ੍ਰਵਾਸੀ ਸਿੱਖ ਸ੍ਰ. ਪਾਲ ਸਿੰਘ ਪੁਰੇਵਾਲ ਦੁਆਰਾ ਤਿਆਰ ਕੀਤੇ ਗਏ, ਸੂਰਜੀ ਪ੍ਰਣਾਲੀ ਤੇ ਅਧਾਰਿਤ ਨਾਨਕਸ਼ਾਹੀ ਕੈਲੰਡਰ ਦੇ ਇਤਿਹਾਸ 'ਤੇ ਗੌਰ ਕੀਤਾ ਜਾਵੇ ਤਾਂ ਤਕਰੀਬਨ ਇਕ ਦਹਾਕੇ ਦੀ ਸਖਤ ਮਿਹਨਤ ਤੇ ਵੱਖ ਵੱਖ ਸਿੱਖ ਸੰਸਥਾਵਾਂ, ਸਿੱਖ ਇਤਿਹਾਸ ਤੇ ਕੈਲੰਡਰ ਮਾਹਿਰਾਂ ਦੀ ਰਾਏ ਉਪਰੰਤ ਤਿਆਰ ਇਸ ਕੈਲੰਡਰ ਨੂੰ ਹਰ ਪੜਾਅ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿਗ ਕਮੇਟੀ ਤੇ ਜਨਰਲ ਹਾਊਸ ਨੇ ਆਪਣੀ ਪ੍ਰਵਾਨਗੀ ਦਿੱਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਬਾਅਦ ਹੀ 13 ਅਪ੍ਰੈਲ 2003 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਰਲੀਜ ਕੀਤਾ ਗਿਆ ।

ਤਕਰੀਬਨ 7 ਸਾਲ ਸ਼੍ਰੋਮਣੀ ਕਮੇਟੀ ਸਮੇਤ ਦੇਸ਼-ਵਿਦੇਸ਼ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਦਕ ਕਮੇਟੀਆਂ ਨੇ ਇਸ ਨਾਨਕਸ਼ਾਹੀ ਕੈਲੰਡਰ ਦੀ ਹੂਬਹੂ ਪਾਲਣਾ ਕੀਤੀ ।ਸਾਲ 2009 ਵਿੱਚ ਬੰਦੀਛੋੜ ਦਿਵਸ ਤੋਂ ਕੁਝ ਦਿਨ ਪਹਿਲਾਂ ਹੀ ਇਸ ਕੈਲੰਡਰ ਵਿੱਚਲੀਆਂ ‘ਤਰੁਟੀਆਂ’ਦੀ ਸੋਧ ਦੇ ਨਾਮ ਤੇ ਪੰਜ ਪੁਜਾਰੀਆਂ ਦੀ ਹੰਗਾਮੀ ਇਕਤਰਤਾ ਹੋਈ ਲੇਕਿਨ ਮੀਡੀਆ ਨੂੰ ਇਸਦੀ ਭਿਣਕ ਪੈ ਜਾਣ ਤੇ ਦੇਸ਼-ਵਿਦੇਸ਼ ਦੀਆਂ ਵੱਖ ਵੱਖ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਦੁਆਰਾ ਇਤਰਾਜ ਜਿਤਾਏ ਜਾਣ 'ਤੇ ਇਹ ਸੋਧ ਕੁਝ ਸਮੇਂ ਲਈ ਅੱਗੇ ਪਾ ਦਿੱਤੀ ਗਈ । ਆਖਿਰ ਸ਼੍ਰੋਮਣੀ ਅਕਾਲੀ ਦਲ ਦੀ ਸ਼ਹਿ ਪ੍ਰਾਪਤ ਸੰਤ ਸਮਾਜ ਦੇ ਦਬਾਅ ਅੱਗੇ ਬੇਬੱਸ ਹੁੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕੈਲੰਡਰ ਵਿੱਚ ਸੋਧ ਦਾ ਮਾਮਲਾ ਸ਼੍ਰੋਮਣੀ ਕਮੇਟੀ ਨੂੰ ਸੌਪ ਦਿੱਤਾ । ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਵੀ ਆਪਣੇ ਰਾਜਸੀ ਅਕਾਵਾਂ ਦਾ ਹੁਕਮ ਮੰਨਦਿਆਂ 72 ਘੰਟੇ ਦੇ ਨੋਟਿਸ ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਇਕਤਰਤਾ ਬੁਲਾਕੇ ਕੈਲੰਡਰ ਵਿੱਚ ‘ਸੋਧਾਂ’ਕਰ ਦਿੱਤੀਆਂ । ਗਿਆਨੀ ਗੁਰਬਚਨ ਸਿੰਘ ਨੇ ਵੀ ਨਵਾਂ ਇਤਿਹਾਸ ਸਿਰਜਦਿਆਂ ਮਹਿਜ 18 ਘੰਟੇ ਦੇ ਅੰਦਰ ਹੀ ਕਮੇਟੀ ਦੁਆਰਾ ਕੀਤੀਆਂ ‘ਸੋਧਾਂ’ ਤੇ ਮੋਹਰ ਲਾ ਦਿੱਤੀ ।

ਸਾਲ 2013 ਦੇ ਅਖੀਰਲੇ ਦਿਨਾਂ ਵਿੱਚ ਜਿਸ ਵੇਲੇ ਸਮੁਚਾ ਸਿੱਖ ਜਗਤ ਜੇਲ੍ਹਾਂ ਵਚ ਨਜਰਬੰਦ ਸਿੱਖਾਂ ਦੀ ਰਿਹਾਈ ਦੇ ਯਤਨਾਂ ਵਜੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁਖ ਹੜਤਾਲ ਦੀ ਹਮਾਇਤ ਕਰ ਰਿਹਾ ਸੀ ਤਾਂ ਸੰਤ ਸਮਾਜ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕੀਤੇ ਜਾਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਚੱਕਰ ਕੱਟ ਰਿਹਾ ਸੀ ।ਸੰਤ ਸਮਾਜ ਦੀ ਇਸ ਮੁਹਿੰਮ ਦਾ ਵਿਰੋਧ ਕਰਨ ਲਈ ਸਿੱਖ ਮਿਸ਼ਨਰੀ ਕਾਲਜਾਂ ਤੇ ਸੰਸਥਾਵਾਂ ਦੇ ਮੁਖੀ ਵੀ ਗਿਆਨੀ ਗੁਰਬਚਨ ਸਿੰਘ ਨੂੰ ਆਪਣਾ ਪੱਖ ਦੱਸ ਚੁਕੇ ਹਨ ।

ਅਮਰੀਕਨ ਗੁਰਦੁਆਰਾ ਪ੍ਰਬੰਦਕ ਕਮੇਟੀ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼ ਵਿਦੇਸ਼ ਦੀਆਂ ਅਨਗਿਣਤ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਦਕ ਕਮੇਟੀਆਂ ਵੀ ਸੰਤ ਸਮਾਜ ਦੇ ਵਿਰੋਧ ਵਿੱਚ ਸਾਹਮਣੇ ਆ ਚੁਕੀਆਂ ਹਨ। ਹੁਣ ਜਦ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਉਥੋਂ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਰਮਿਆਨ ਵਿਵਾਦ ਕਿਸੇ ਹੱਲ ਦੀ ਉਡੀਕ ਵਿੱਚ ਹੈ ਤਾਂ 6 ਫਰਵਰੀ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ‘ਸੋਧ’ਲਈ ਪੰਜ ਪੁਜਾਰੀਆਂ ਦੀ ਅਚਨਚੇਤ ਇਕਤਰਤਾ ਬੁਲਾਏ ਜਾਣ ਨੂੰ ਸਿੱਖ ਰਾਜਨੀਤੀ ਨੂੰ ਗੰਭੀਰਤਾ ਨਾਲ ਵੇਖਣ ਵਾਲੇ, ਪ੍ਰਵਾਨ ਨਹੀਂ ਕਰ ਰਹੇ । ਉਨ੍ਹਾਂ ਦਾ ਮੰਨਣਾਂ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵਲੋਂ ਪਿਛਲੇ ਡੇਢ ਦਹਾਕੇ ਤੋਂ ਲਏ ਜਾਣ ਵਾਲੇ ਫੈਸਲੇ, ਜਿਆਦਾਤਰ ਬਾਦਲ ਦਲ ਦੇ ਵੋਟ ਬੈਂਕ ਨੂੰ ਮੁਖ ਰੱਖਕੇ ਲਏ ਗਏ ਹਨ। ਸ਼੍ਰੋਮਣੀ ਕਮੇਟੀ ਦੇ ਆਪਣੇ ਇਤਿਹਾਸ ਅਨੁਸਾਰ ਕੋਈ ਵੀ ਸੰਤ ਸਮਾਜ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ 4-5 ਸੀਟਾਂ ਤੋਂ ਵੱਧ ਹਾਸਲ ਨਹੀਂ ਕਰ ਸਕਿਆ, ਜਦਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦੀ ਅਗਵਾਈ ਵਾਲੇ ਸੰਤ ਸਮਾਜ ਨੁੰ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ 30 ਦਿੱਤੀਆਂ ਤੇ ਫਿਰ ਜਿਤਾਈਆਂ ਵੀ।

ਸਿੱਖ ਰਾਜਨੀਤੀ ਦੇ ਇਨ੍ਹਾਂ ਜਾਣਕਾਰਾਂ ਦਾ ਕਹਿਣਾ ਹੈ ਕਿ ਇਹੀ ਸੰਤ ਸਮਾਜ ਸਾਲ 2011 ਤੋਂ ਸ਼ੁਰੂ ਹੋਕੇ ਬਾਦਲ ਦਲ ਦਾ ਧਾਰਮਿਕ ਤੇ ਰਾਜਨੀਤਕ ਵੋਟ ਬੈਂਕ ਮਜਬੂਤ ਕਰਨ ਲਈ ਪੰਜਾਬ ਵਿਧਾਨ ਸਭਾ ਚੋਣਾਂ 2012, ਦਿੱਲ਼ੀ ਕਮੇਟੀ ਅਤੇ ਦਿੱਲੀ ਵਿਧਾਨ ਸਭਾ ਚੋਣਾਂ 2013, ਵਿੱਚ ਸਰਗਰਮ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਇਸ ਸੰਤ ਸਮਾਜ ਨੇ ਪੰਜਾਬ ਦੀਆਂ ਕਈ ਗੈਰ ਬਾਦਲੀ ਸਿੱਖ ਜਥੇਬੰਦੀਆਂ ਦੇ ਪੰਜਾ ਤੇ ਇਸਤੋਂ ਬਾਹਰਲੇ ਸੂਬਿਆਂ ਵਿੱਚਲੇ ਪ੍ਰੋਗਰਾਮ ਠੁੱਸ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਜਾਣਕਾਰ ਤਾਂ ਇਹ ਵੀ ਮੰਨਦੇ ਹਨ ਕਿ ਅਗਾਮੀ ਲੋਕ ਸਭਾ ਚੋਣਾਂ ਦੇ ਪਹਿਲਾਂ ਹੀ ਕਾਂਗਰਸੀ ਯੁਵਰਾਜ ਰਾਹੁਲ ਗਾਂਧੀ ਨੇ ਨਵੰਬਰ 84 ਦੇ ਸਿੱਖ ਕਤਲੇਆਮ ਬਾਰੇ ਬਿਆਨ ਦੇਕੇ ਬਾਦਲ ਦਲ ਨੁੰ ਇਕ ਅਹਿਮ ਮੁਦਾ ਦਿੱਤਾ ਸੀ ਜੋਕਿ ਬਾਦਲ ਦਲ ਲਈ ਵਰਦਾਨ ਵੀ ਸਾਬਤ ਹੋ ਸਕਦਾ ਹੈ ਲੇਕਿਨ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਨਾਨਕਸ਼ਾਹੀ ਕੈਲੰਡਰ ਵਿੱਚ ਸੋਧ ਕਰਨੀ ਜਾਂ ਮੁਕੰਮਲ ਰੱਦ ਕਰ ਦੇਣ ਨਾਲ ਬਾਦਲ ਵਿਰੋਧੀ ਸਿੱਖ ਜਥੇਬੰਦੀਆਂ ਪਾਸ ਇਕ ਹੋਰ ਮੁੱਦਾ ਆ ਜਾਵੇਗਾ।

ਕੁਝ ਸਿੱਖ ਚਿੰਤਕਾਂ ਤੇ ਸ਼੍ਰੋਮਣੀ ਕਮੇਟੀ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਕੋਈ ਵੀ ਸੰਭਾਵੀ ਸੋਧ ‘ਸਹਿਜਧਾਰੀ ਸਿੱਖ ਫੈਡਰੇਸ਼ਨ ਬਨਾਮ ਸ੍ਰੋਮਣੀ ਕਮੇਟੀ ਮਾਮਲੇ’ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ, ਕਿਉਂਕਿ ਨਾਨਕਸ਼ਾਹੀ ਕੈਲੰਡਰ ਵਿੱਚ ਸਾਲ 2010 ਤੇ ਹੁਣ ਇਕ ਵਾਰ ਫਿਰ ਕੋਈ ਸੋਧ ‘ਨੀਤੀਗਤ ਫੈਸਲਾ’ ਹੀ ਮੰਨਿਆ ਜਾਵੇਗਾ, ਜਿਸਦੀ ਕਮੇਟੀ ਦੇ ਐਸੇ ਹਾਲਾਤਾਂ ਵਿੱਚ ਇਜਾਜਤ ਨਹੀਂ ਹੈ ।

ਸੰਤ ਸਮਾਜ ਦੇ ਕੁਝ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਬਾਦਲ ਦਲ ਵਲੋਂ ਕੁਝ ਸਮੇਂ ਤੋਂ ਅਣਗੌਲਿਆਂ ਕੀਤੇ ਜਾਣ ਤੋਂ ਨਰਾਜ ਹੋਕੇ, ਸੰਤ ਸਮਾਜ ਨੇ ਇਸ ਸਟੇਜ 'ਤੇ ਨਾਨਕਸ਼ਾਹੀ ਕੈਲੰਡਰ ਦੀ ਸੋਧ ਦਾ ਮਾਮਲਾ ਉਠਾਇਆ ਹੈ, ਤਾਂ ਜੋ ਬਾਦਲ ਦਲ ਨੂੰ ਆਪਣੀ ਹਸਤੀ ਦਾ ਅਹਿਸਾਸ ਕਰਵਾਇਆ ਜਾ ਸਕੇ।

ਕੁਝ ਜਾਣਕਾਰਾਂ ਦਾ ਕਹਿਣਾ ਹੈ ਕਿ 6 ਫਰਵਰੀ ਦੀ ਪੁਜਾਰੀਆਂ ਦੀ ਇਕਤਰਤਾ ਵਿੱਚ ਨਾਨਕਸਾਹੀ ਕੈਲਮਡਰ ਬਾਰੇ ਸੋਧ ਦੇ ਮਾਮਲੇ ਵਿੱਚ ਸਿਰਫ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਜਾਵੇਗੀ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ‘ਸੋਧ’ ਅਗਾਮੀ ਲੋਕ ਸਭਾ ਚੋਣ ਬਾਅਦ ਹੀ ਹੋ ਸਕੇਗੀ ਲੇਕਿਨ ਫਿਲਹਾਲ ਸਾਨੁੰ ਸਭ ਨੂੰ 6 ਫਰਵਰੀ ਦੀ ਪੁਜਾਰੀਆਂ ਦੀ ਇਕਤਰਤਾ ਦੇ ਫੈਸਲੇ ਦੀ ਉਡੀਕ ਕਰਨੀ ਹੀ ਪਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top