Share on Facebook

Main News Page

ਪੰਜਾਬ ਸਰਕਾਰ ਆਸ਼ੂਤੋਸ਼ ਬਾਰੇ ਸਥਿਤੀ ਸਪੱਸ਼ਟ ਕਰੇ
-: ਪੂਰਣ ਸਿੰਘ

ਨੀਲ ਭਿਲੰਦਰ ਸਿੰਘ
ਚੰਡੀਗੜ੍ਹ, 3 ਫਰਵਰੀ - ਨੂਰਮਹਿਲ ਦੇ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਦੇ ਮੁਖੀ 'ਮਹੇਸ਼ ਕੁਮਾਰ ਝਾਅ ਉਰਫ਼ ਆਸ਼ੂਤੋਸ਼' ਬਾਰੇ ਇਨੀਂ ਦਿਨੀਂ ਬਣੀ ਹੋਈ ਅਨਿਸ਼ਚਤਤਾ ਨੇ ਹੁਣ ਕਾਨੂੰਨੀ ਵਿਵਾਦ ਦਾ ਵੀ ਰੂਪ ਧਾਰਨ ਕਰ ਲਿਆ ਹੈ । ਇਸ ਸਬੰਧੀ ਇਸ ਬਾਬੇ ਦੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੱਕ ਡਰਾਈਵਰ ਰਹਿ ਚੁੱਕਾ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਸ਼ਖ਼ਸ ਨੇ ਡੇਰੇ ਵਿਚਲੇ ਹੀ ਕੁੱਝ ਖ਼ਾਸ 'ਬੰਦਿਆਂ' 'ਤੇ ਅਤਿਸੰਗੀਨ ਇਲਜ਼ਾਮ ਲਗਾਉਂਦੇ ਹੋਏ ਬਾਬੇ ਨੂੰ ਇਨ੍ਹਾਂ ਦੇ 'ਕਬਜ਼ੇ' 'ਚੋਂ ਛੇਤੀ ਤੋਂ ਛੇਤੀ ਮੁਕਤ ਕਰਾਉਣ ਦੀ ਗੁਹਾਰ ਲਗਾਈ ਹੈ ।

ਜਲੰਧਰ ਦੀ ਤਹਿਸੀਲ ਨਕੋਦਰ ਦੇ ਨੂਰਮਹਿਲ ਖੇਤਰ ਦੇ ਉਹੜੀਆਂ ਮੁਹੱਲਾ ਵਾਸੀ ਪੂਰਨ ਸਿੰਘ ਪੁੱਤਰ ਬੁੱਧ ਸਿੰਘ ਨਾਮੀਂ ਇਸ ਵਿਅਕਤੀ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਡੇਰਾ ਮੁਖੀ ਨੂੰ ਪਿਛਲੇ ਕੁੱਝ ਦਿਨਾਂ ਤੋਂ ਡੇਰੇ ਵਿਚਲੇ ਕੁੱਝ ਲੋਕਾਂ ਵੱਲੋਂ ਬੰਧਕ ਬਣਾਇਆ ਹੋਇਆ ਹੈ, ਜਿਸ ਪਿੱਛੇ 'ਮਹੇਸ਼ ਕੁਮਾਰ ਝਾਅ ਉਰਫ਼ ਆਸ਼ੂਤੋਸ਼' ਕੋਲੋਂ ਦਸਤਾਵੇਜ਼ਾਂ 'ਤੇ ਜ਼ਬਰੀ ਦਸਤਖ਼ਤ ਕਰਵਾ ਡੇਰੇ ਦੀ ਗੱਦੀ, ਸੈਂਕੜੇ ਕਰੋੜ ਦੀ ਨਕਦੀ ਅਤੇ ਹਜ਼ਾਰਾਂ ਕਰੋੜ ਦੀ ਜਾਇਦਾਦ ਨੂੰ ਹਥਿਆਉਣ ਬਾਰੇ ਖ਼ਦਸ਼ਾ ਪ੍ਰਗਟਾਇਆ ਗਿਆ ਹੈ ।

ਪੂਰਨ ਸਿੰਘ ਨੇ ਆਪਣੀ ਪਟੀਸ਼ਨ ਵਿਚ ਸਿੱਧੇ ਤੌਰ 'ਤੇ ਡੇਰੇ ਵਿਚਲੇ ਅਰਵਿੰਦਾ ਨੰਦ ਉਰਫ਼ ਅਮਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਮੋਹਨ ਪੁਰੀ ਪੁੱਤਰ ਰਾਸੀਦ ਰਾਮ, ਪ੍ਰਚਾਰਕ ਸਰਵਾ ਨੰਦ ਉਰਫ਼ ਸੋਨੀ ਪੁੱਤਰ ਮੋਹਨੀ, ਐਡਵੋਕੇਟ ਨਰਿੰਦਾ ਨੰਦ ਉਰਫ਼ ਨਰਿੰਦਰ ਸਿੰਘ ਅਤੇ ਪ੍ਰਚਾਰਕ ਵਿਸ਼ਾਲਾ ਨੰਦ ਨੂੰ ਵੀ ਧਿਰ ਬਣਾਉਂਦਿਆਂ ਇਨ੍ਹਾਂ 'ਤੇ ਉਕਤ ਲਾਲਚਵੱਸ ਮੌਜੂਦਾ ਸਥਿਤੀ ਪੈਦਾ ਕਰਨ ਦਾ ਦੋਸ਼ ਲਾਇਆ ਹੈ । ਉਸ ਨੇ ਹਾਈ ਕੋਰਟ ਵਿਚ ਭਾਰਤੀ ਸੰਵਿਧਾਨ ਦੀ ਮੱਦ 226/227 ਦੇ ਤਹਿਤ ਅਪੀਲ ਦਾਇਰ ਕਰਦਿਆਂ ਇਹ ਵੀ ਕਿਹਾ ਹੈ ਕਿ ਡੇਰੇ ਅੰਦਰ ਖ਼ਾਸ ਕਰ ਜਿਸ ਕਮਰੇ 'ਚ ਆਸ਼ੂਤੋਸ਼ ਨੂੰ 'ਬੰਧਕ' ਬਣਾ ਕੇ ਰੱਖਿਆ ਹੋਇਆ ਹੈ, ਉੱਥੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾਂਦਾ, ਜਿਸ ਕਾਰਨ ਇਸ ਬਾਰੇ ਛੇਤੀ ਤੋਂ ਛੇਤੀ ਇੱਕ ਵਰੰਟ ਅਫ਼ਸਰ ਨਿਯੁਕਤ ਕਰਕੇ ਡੇਰੇ 'ਚ ਛਾਪਾ ਮਾਰਨ ਲਈ ਕਿਹਾ ਜਾਵੇ ।

ਇਸ ਮੁੱਦੇ 'ਤੇ ਹੁਣ ਤੱਕ ਪਿਛਲੇ ਦਿਨਾਂ ਦੌਰਾਨ ਆਈਆਂ ਮੀਡੀਆ ਰਿਪੋਰਟਾਂ ਨੂੰ ਵੀ ਹਾਈਕੋਰਟ ਸਾਹਮਣੇ ਪੇਸ਼ ਕਰਦਿਆਂ ਇਹ ਵੀ ਪੱਖ ਰੱਖਿਆ ਗਿਆ ਹੈ ਕਿ ਡੇਰੇ ਵਿਚਲੇ ਇਹ ਬੰਦੇ ਇੱਕ ਖ਼ਾਸ 'ਸਾਜ਼ਿਸ਼' ਤਹਿਤ ਹੀ ਆਸ਼ੂਤੋਸ਼ ਦੇ ਸਮਾਧੀ 'ਚ ਹੋਣ ਦੀਆਂ ਅਫ਼ਵਾਹਾਂ ਫੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਸ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਦੇ ਜਸਟਿਸ ਐਮ.ਐਸ.ਐਸ. ਬੇਦੀ ਵੱਲੋਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ 5 ਫ਼ਰਵਰੀ ਤੱਕ ਸਥਿਤੀ ਦੱਸਣ ਲਈ ਕਿਹਾ ਹੈ ਅਤੇ ਇਸਦੇ ਨਾਲ ਹੀ ਪਟੀਸ਼ਨ ਵਿਚ ਧਿਰ ਬਣਾਏ ਗਏ ਡੇਰੇ ਵਿਚਲੇ ਉਕਤ 5 ਜਣਿਆਂ ਨੂੰ ਵੀ 11 ਫ਼ਰਵਰੀ ਲਈ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

ਕੌਣ ਹੈ ਪੂਰਨ ਸਿੰਘ ?

ਦਿਵਿਆ ਜੋਤੀ ਸੰਸਥਾਨ ਦੇ ਖ਼ਾਸਮਖ਼ਾਸ ਪ੍ਰਬੰਧਕਾਂ 'ਤੇ ਇਹ ਸੰਗੀਨ ਇਲਜ਼ਾਮ ਲਗਾਉਣ ਵਾਲੇ ਪੂਰਨ ਸਿੰਘ ਨੇ ਇਸ ਡੇਰੇ ਦਾ 'ਪੁਰਾਣਾ ਭੇਤੀ' ਹੋਣ ਦਾ ਵੀ ਦਾਅਵਾ ਕੀਤਾ ਹੈ । ਆਪਣੀ ਪਟੀਸ਼ਨ ਵਿਚ ਜਿੱਥੇ ਉਸ ਨੇ ਖ਼ੁਦ ਨੂੰ ਆਸ਼ੂਤੋਸ਼ ਦਾ ਪੁਰਾਣਾ ਨਿੱਜੀ ਡਰਾਈਵਰ ਦੱਸਿਆ ਹੈ, ਉਥੇ ਹੀ 1983 'ਚ ਡੇਰੇ ਦੀ ਸਥਾਪਤੀ ਤੋਂ ਵੀ ਤਿੰਨ ਸਾਲ ਪਹਿਲਾਂ ਤੋਂ ਹੀ ਬਾਬੇ ਦੇ ਨਾਲ ਰਿਹਾ ਹੋਣ ਦਾ ਵੀ ਦਾਅਵਾ ਕੀਤਾ ਹੈ । ਸਾਲ 1992 'ਚ ਵੱਖ ਹੋਏ ਇਸ ਸ਼ਖ਼ਸ ਨੇ ਕਿਹਾ ਹੈ ਕਿ ਉਹ ਡੇਰੇ ਅੰਦਰਲੀਆਂ ਕਈ ਘਟਨਾਵਾਂ ਦਾ ਗਵਾਹ ਰਿਹਾ ਹੈ ਤੇ ਡੇਰਾ ਮੁਖੀ ਦੀ ਸਲਾਮਤੀ ਚਾਹੁੰਦਾ ਹੈ।

ਆਸ਼ੂਤੋਸ਼ ਦਾ ਸਰੀਰ ਸੰਭਾਲ ਲਈ ਫਰੀਜ਼ਰ 'ਚ ਰੱਖਿਆ: ਪ੍ਰਬੰਧਕ

ਮੇਜਰ ਸਿੰਘ
ਜਲੰਧਰ, 3 ਫਰਵਰੀ-ਦਿਵਿਆ ਜੋਤੀ ਜਾਗਿ੍ਤੀ ਸੰਸਥਾ ਦੇ ਪ੍ਰਬੰਧਕ ਅੱਜ ਆਖਰ ਮੰਨ ਹੀ ਗਏ ਕਿ ਆਸ਼ੂਤੋਸ਼ ਦਾ 'ਸਰੀਰ' ਸੰਭਾਲਣ ਲਈ ਫਰੀਜ਼ਰ ਵਿਚ ਰੱਖਿਆ ਹੋਇਆ ਹੈ । ਵਿਸ਼ੇਸ਼ ਤੌਰ 'ਤੇ ਬੁਲਾਏ ਪੱਤਰਕਾਰ ਸੰਮੇਲਨ ਦੌਰਾਨ ਭਾਵੇਂ ਸੰਸਥਾਨ ਦੇ ਬੁਲਾਰਿਆਂ ਤੇ ਪ੍ਰਬੰਧਕਾਂ ਨੇ ਸਚਾਈ ਉੱਪਰ ਪਰਦਾ ਪਾਏ ਰੱਖਣ ਲਈ ਲੱਛੇਦਾਰ ਭਾਸ਼ਾ ਤੇ ਸੁਆਲਾਂ ਨੂੰ ਟਾਲਣ ਦਾ ਬੜਾ ਯਤਨ ਕੀਤਾ, ਪਰ ਪੱਤਰਕਾਰ ਸੰਮੇਲਨ ਵਿਚ ਪ੍ਰਬੰਧਕਾਂ ਵੱਲੋਂ ਲਿਆਂਦੇ ਚੰਡੀਗੜ੍ਹ ਦੇ ਡਾ: ਹਰਪਾਲ ਦੀ ਜਵਾਬ ਤਲਬੀ ਦੌਰਾਨ ਇਹ ਗੱਲ ਸਾਹਮਣੇ ਆ ਹੀ ਗਈ ਕਿ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦਾ ਸਰੀਰ ਵਿਗੜਨਾ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਜ਼ੀਰੋ ਤਾਪਮਾਨ ਵਾਲੇ ਫਰੀਜ਼ਰ ਵਿਚ ਰੱਖਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਪੱਤਰਕਾਰਾਂ ਵੱਲੋਂ ਪਿਛਲੇ ਚਾਰ ਦਿਨ ਤੋਂ ਇਕ ਸੁਆਲ ਦਾ ਜੁਆਬ ਪ੍ਰਬੰਧਕਾਂ ਕੋਲੋਂ ਮੰਗਿਆ ਜਾ ਰਿਹਾ ਸੀ ਕਿ ਭੂਤਨਾਥ ਮੰਦਿਰ ਕਮੇਟੀ ਨੂਰਮਹਿਲ ਤੋਂ ਲਿਆਂਦੇ ਦੋ ਲਾਸ਼ ਸੰਭਾਲ ਫਰੀਜ਼ਰ ਕਿਸ ਮੰਤਵ ਲਈ ਵਰਤੇ ਜਾ ਰਹੇ ਹਨ, ਪਰ ਪ੍ਰਬੰਧਕ ਲਗਾਤਾਰ ਇਸ ਸੁਆਲ ਤੋਂ ਟਾਲਾ ਵਟਦੇ ਆ ਰਹੇ ਸਨ । ਮਿਲੀ ਜਾਣਕਾਰੀ ਅਨੁਸਾਰ ਸੋਮਵਾਰ 3 ਫਰਵਰੀ ਨੂੰ ਕਰੀਬ ਇਕ ਵਜੇ ਪ੍ਰਬੰਧਕਾਂ ਵੱਲੋਂ ਇਕ ਫਰੀਜ਼ਰ ਮੰਦਿਰ ਕਮੇਟੀ ਨੂੰ ਵਾਪਸ ਕਰ ਦਿੱਤਾ ਗਿਆ ਸੀ । ਪਰ ਆਸ਼ੂਤੋਸ਼ ਦਾ ਸਰੀਰ ਮੰਦਿਰ ਕਮੇਟੀ ਦੇ ਫਰੀਜ਼ਰ ਵਿਚ ਹੀ ਰੱਖਿਆ ਹੈ ਜਾਂ ਕਿਸੇ ਹੋਰ ਫਰੀਜ਼ਰ ਵਿਚ, ਇਸ ਦਾ ਜੁਆਬ ਦੇਣ ਤੋਂ ਪ੍ਰਬੰਧਕ ਫਿਰ ਟਾਲਾ ਵੱਟ ਗਏ ।

ਕਾਫੀ ਮਾਨਸਿਕ ਦਬਾਅ ਹੇਠ ਬੈਠੇ ਡਾ: ਹਰਪਾਲ ਨੇ ਦੱਸਿਆ ਕਿ ਉਹ ਬੁੱਧਵਾਰ 29 ਜਨਵਰੀ ਨੂੰ ਤੜਕੇ ਕਰੀਬ ਦੋ ਵਜੇ ਸੰਸਥਾਨ ਵਿਚ ਪੁੱਜੇ ਸਨ ਤੇ ਉਸ ਸਮੇਂ ਅਪੋਲੋ ਹਸਪਤਾਲ ਲੁਧਿਆਣਾ ਤੋਂ ਆਇਆ ਇਕ ਡਾਕਟਰ ਤੇ ਸਹਾਇਕ ਉਨ੍ਹਾਂ ਦਾ ਮੁਆਇਨਾ ਕਰ ਰਹੇ ਸਨ । ਡਾਕਟਰੀ ਚੈੱਕਅੱਪ ਦੌਰਾਨ ਅਸੀਂ ਪਾਇਆ ਕਿ ਆਸ਼ੂਤੋਸ਼ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੀ ਨਬਜ਼ ਤੇ ਦਿਲ ਦੀ ਧੜਕਣ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ । ਉਨ੍ਹਾਂ ਦੇ ਨਾਲ ਬੈਠੀ, ਸਾਧਵੀ ਜਿਆ ਭਾਰਤੀ ਦੇ ਇਕਦਮ ਦਖਲ ਬਾਅਦ ਡਾਕਟਰ ਨੇ ਕਿਹਾ ਕਿ ਬਾਕੀ ਸਮਾਧੀ 'ਚ ਜਾਣ ਬਾਰੇ ਇਹ (ਪ੍ਰਬੰਧਕ) ਦੱਸਣਗੇ । ਜਦ ਡਾ: ਹਰਪਾਲ ਨੂੰ ਪੁੱਛਿਆ ਕਿ ਆਖਰੀ ਸਮੇਂ ਉਨ੍ਹਾਂ ਆਸ਼ੂਤੋਸ਼ ਦੇ ਸਰੀਰ ਨੂੰ ਕਦ ਦੇਖਿਆ ਤਾਂ ਉਨ੍ਹਾਂ ਦੱਸਿਆ ਐਤਵਾਰ ਨੂੰ ਜਦ ਉਨ੍ਹਾਂ ਆਸ਼ੂਤੋਸ਼ ਦਾ ਸਰੀਰ ਦੇਖਿਆ ਤਾਂ ਉਨ੍ਹਾਂ ਦੀ ਚਮੜੀ ਬਦਲਣੀ ਸ਼ੁਰੂ ਹੋ ਚੁੱਕੀ ਸੀ ਤੇ ਸਾਰੇ ਸਰੀਰ 'ਚ ਤਬਦੀਲੀ ਨਜ਼ਰ ਆ ਰਹੀ ਸੀ । ਇਸ ਕਰਕੇ ਸਰੀਰ ਨੂੰ ਜ਼ੀਰੋ ਤਾਪਮਾਨ 'ਚ ਰੱਖਿਆ ਗਿਆ ਹੈ । ਸੁਆਲ ਦੇ ਜੁਆਬ 'ਚ ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ੀਰੋ ਤਾਪਮਾਨ ਵਾਲੇ ਬਿਜਲਈ ਫਰੀਜ਼ਰ ਵਿਚ ਸਰੀਰ ਨੂੰ ਰੱਖਿਆ ਗਿਆ ਹੈ । ਜਦ ਡਾ: ਹਰਪਾਲ ਨੇ ਪੱਤਰਕਾਰਾਂ ਵੱਲੋਂ ਕੀਤੀ ਸਖਤ ਜੁਆਬ-ਤਲਬੀ ਸਮੇਂ ਇਹ ਪ੍ਰਗਟਾਵੇ ਕੀਤੇ ਤਾਂ ਸਾਰੇ ਹੀ ਪ੍ਰਬੰਧਕਾਂ ਦੇ ਚਿਹਰਿਆਂ ਉੱਪਰ ਫਿਕਰਮੰਦੀ ਪੜ੍ਹੀ ਜਾ ਸਕਦੀ ਸੀ । ਅੱਖ ਝਪਕਦਿਆਂ ਹੀ ਪ੍ਰਬੰਧਕਾਂ ਨੇ ਡਾਕਟਰ ਨੂੰ ਪੱਤਰਕਾਰ ਸੰਮੇਲਨ ਵਿਚੋਂ ਬਾਹਰ ਬੁਲਾ ਲਿਆ ।

 

ਸੰਸਥਾਨ ਦੀ ਬੁਲਾਰਾ ਸਾਧਵੀ ਜਿਆ ਭਾਰਤੀ, ਸਾਧਵੀ ਤਪੇਸ਼ਵਰੀ ਭਾਰਤੀ, ਸਵਾਮੀ ਵਿਸ਼ਾਲਾਨੰਦ ਦੇ ਨਾਲ ਅੱਜ ਸਵਾਮੀ ਅਰਵਿੰਦਾ ਨੰਦ, ਆਦਿਤਿਆ ਨੰਦ, ਨਰੇਂਦਰਾ ਨੰਦ ਅਤੇ ਸਵਾਮੀ ਸਰਵਾ ਨੰਦ ਵੀ ਹਾਜ਼ਰ ਸਨ। ਪੱਤਰਕਾਰਾਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਸਾਧਵੀ ਜਿਆ ਭਾਰਤੀ ਨੇ 'ਸਮਾਧੀ' ਬਾਰੇ ਵਿਖਿਆਨ ਕਰਦਿਆਂ ਮੰਨਿਆ ਕਿ ਆਸ਼ੂਤੋਸ਼ ਅਜੇ ਵੀ ਸਮਾਧੀ ਵਿਚ ਹਨ ਤੇ ਉਨ੍ਹਾਂ ਦੇ ਸਰੀਰ ਨੂੰ ਸੰਭਾਲਣਾ ਸਾਡਾ ਪਹਿਲਾ ਫਰਜ਼ ਹੈ, ਇਸੇ ਕਾਰਨ ਅਸੀਂ ਜ਼ੀਰੋ ਤਾਪਮਾਨ ਵਿਚ ਉਨ੍ਹਾਂ ਦੇ ਸਰੀਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਡਾ: ਹਰਪਾਲ ਨੇ ਗੱਲਬਾਤ 'ਚ ਇਹ ਵੀ ਦੱਸਿਆ ਕਿ ਆਸ਼ੂਤੋਸ਼ ਬੁੱਧਵਾਰ ਸਵੇਰੇ ਤੜਕੇ ਬਿਸਤਰੇ ਉੱਪਰ ਲੇਟੇ ਹੋਣ ਦੀ ਮੁਦਰਾ 'ਚ ਪਏ ਹੋਏ ਸਨ, ਪਰ ਪ੍ਰਬੰਧਕ ਉਸ ਦਿਨ ਕਹਿ ਰਹੇ ਸਨ ਕਿ ਉਹ ਸਮਾਧੀ ਦੇ ਆਸਣ ਵਿਚ ਸਿੱਧੇ ਬੈਠੇ ਹਨ। ਸਵਾਮੀ ਆਦਿਤਿਆ ਨੰਦ ਤੇ ਅਰਵਿੰਦਾ ਨੰਦ ਨੇ ਸੰਸਥਾਨ ਦੇ ਆਗੂਆਂ ਵਿਚਕਾਰ ਵਾਰਸ ਨੂੰ ਲੈ ਕੇ ਟਕਰਾਅ ਜਾਂ ਕਿਸੇ ਤਰ੍ਹਾਂ ਦੀ ਕਸ਼ਮਕਸ਼ ਚਲਣ ਦੀ ਗੱਲ ਨੂੰ ਖਾਰਜ ਕਰਦਿਆਂ ਕਿਹਾ ਕਿ ਸੰਸਥਾਨ ਦੀ ਸਮੁੱਚੀ ਜਾਇਦਾਦ ਟਰੱਸਟ ਦੇ ਨਾਂਅ ਹੈ, ਕਿਸੇ ਵਿਅਕਤੀ ਵਿਸ਼ੇਸ਼ ਦਾ ਇਸ ਉੱਪਰ ਕੋਈ ਹੱਕ ਨਹੀਂ। ਅਸੀਂ ਸਾਰੇ ਇਥੇ ਸੇਵਾ ਲਈ ਆਏ ਹਾਂ ਤੇ ਸੇਵਾ ਹੀ ਸਾਡੀ ਸੰਸਥਾ ਦਾ ਆਦਰਸ਼ ਹੈ। ਉਨ੍ਹਾਂ ਕਿਸੇ ਪੂਰਨ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਹਾਈਕੋਰਟ 'ਚ ਜਨ ਹਿਤ ਪਟੀਸ਼ਨ ਦਾਇਰ ਕੀਤੇ ਜਾਣ ਤੋਂ ਪੂਰੀ ਤਰ੍ਹਾਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾਨ ਵਿਖੇ ਕੋਈ ਡਰਾਈਵਰ ਨਹੀਂ। ਇਥੇ ਤਾਂ ਸਾਰੇ ਵਲੰਟੀਅਰ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top