Share on Facebook

Main News Page

ਸਾਖੀ ਅਤੇ ਸਿਖਿਆ
-: ਗੁਰਿੰਦਰ ਸਿੰਘ ਸਿਡਨੀ
ਫ਼ੋਨ 0413799211

ਜਿਆਦਾਤਰ ਕਥਾਵਾਚਕ ਕਥਾ ਕਰਨ ਵੇਲੇ ਜਾਂ ਤਾਂ ਸਾਖੀ ਦਾ ਅਤੇ ਜਾਂ ਸਿਖਿਆ ਦਾ ਇਸਤਮਾਲ ਕਰਦੇ ਹਨ, ਪਰ ਸਾਖੀ ਅਤੇ ਸਿਖਿਆ ਵਿੱਚ ਇਕ ਬਹੁਤ ਵਡਾ ਅੰਤਰ ਹੁੰਦਾ ਹੈ, ਉਹ ਇਹ ਕਿ ਸਿਖਿਆ ਗੁਰਬਾਣੀ ਦੇ ਰੂਪ ਵਿੱਚ ਗੁਰੂ ਸਾਹਿਬਾਨ ਸਿਧੇ ਰੂਪ ਵਿੱਚ ਆਪ ਸਿੱਖ ਨੂੰ ਸਮਝਾਉਂਦੇ ਹਨ ਜਦਕਿ ਸਾਖੀ ਦਾ ਰਚਣਹਾਰ ਕੋਈ ਹੋਰ ਹੁੰਦਾ ਹੈ। ਕਿਉਂਕਿ ਸਿਖਿਆ ਸਿਧੇ ਰੂਪ ਵਿੱਚ ਸਿੱਖ ਤਕ ਪਹੁੰਚਦੀ ਹੈ ਇਸ ਲਈ ਇਸ ਵਿੱਚ ਕੋਈ ਆਪਣੀ ਮਤ ਨਹੀਂ ਘੋਲ ਸਕਦਾ, ਪਰ ਦੂਸਰੇ ਪਾਸੇ ਸਾਖੀਆ ਦੇ ਲਿਖਣਹਾਰ ਕਈ ਜਿਆਦਾ ਹਨ ਅਤੇ ਕਈ ਵਾਰ ਸਾਖੀਕਾਰ ਜਿਸ ਘਟਨਾ ਤੋਂ ਪ੍ਰਭਾਵਿਤ ਹੋਣ ਉਸ ਨੂੰ ਸੱਚ ਸਾਬਿਤ ਕਰਨ ਲਈ ਆਪਣੀ ਮੱਤ ਵੀ ਸਾਖੀ ਵਿੱਚ ਘੁਸੇੜ ਦਿੰਦੇ ਹਨ। ਇਕ ਸੁੱਚਜਾ ਕਥਾਵਾਚਕ ਵੀ ਉਸ ਨੂੰ ਹੀ ਮੰਨਿਆ ਜਾ ਸਕਦਾ ਹੈ ਜੋ ਕਥਾ ਗੁਰਬਾਣੀ ਦੀ ਕਰੇ ਅਤੇ ਗੁਰਬਾਣੀ ਦੀ ਸਿਖਿਆ ਸਿੱਖਾਂ ਨੂੰ ਦ੍ਰਿੜ ਕਰਾਉਣ ਲਈ ਢੁੱਕਵੀ ਸਾਖੀ ਦਾ ਇਸਤਮਾਲ ਕਰੇ।

ਸਿੱਖੀ ਦਾ ਇਤਿਹਾਸ ਗੈਰਾਂ ਦੁਆਰਾ ਲਿਖਿਆ ਗਿਆ ਹੈ ਅਤੇ ਇਹਨਾਂ ਵਿਚੋਂ ਬਹੁਤੇ ਉਹ ਸਨ ਜੋ ਕਿਸੇ ਹਦ ਤਕ ਸਿੱਖੀ ਦੇ ਨਿਆਰੇਪਨ ਤੋਂ ਈਰਖਾ ਖਾਂਦੇ ਸਨ ਇਹਨਾ ਵਿੱਚ ਮੁਖ਼ ਸਨ ਪ੍ਰੋਹਿਤ ਸ਼੍ਰੇਣੀ, ਜਿਸਦਾ ਕਾਰੋਬਾਰ ਗੁਰਬਾਣੀ ਦੇ ਸੱਚ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਸੀ ਇਸ ਲਈ ਉਹਨਾਂ ਨੇ ਅਜਿਹੀਆਂ ਸਾਖੀਆਂ ਲਿਖਣ ਅਤੇ ਪ੍ਰਚਾਰਨ ਦੀ ਕੋਸ਼ਿਸ ਕੀਤੀ ਜਿਸ ਨਾਲ ਸਿੱਖੀ ਦਾ ਅਕਸ ਵਿਗਾੜਿਆ ਜਾ ਸਕੇ, ਆਪਣੇ ਇਸ ਮਨੋਰਥ ਵਿੱਚ ਉਹ ਇਸ ਹਦ ਤਕ ਕਾਮਜਾਬ ਹੋਏ ਕਿ ਅੱਜ ਪੂਰਨ ਤੋਰ ਤੇ ਗੁਰਮਿਤ ਦੇ ਧਾਰਨੀ ਕਥਾਵਾਚਕ ਵੀ ਭੁਲੇਖਾ ਖਾ ਜਾਂਦੇ ਹਨ। ਇਕ ਸੁੱਚਜਾ ਸਰੋਤਾ ਤਾਂ ਕਈ ਵਾਰ ਸਾਖੀ ਅਤੇ ਸਿਖਿਆ ਦੇ ਅੰਤਰ ਨੂੰ ਸਮਝ ਲੈਂਦਾ ਹੈ ਪਰ ਬਹੁਤ ਗਿਣਤੀ ਸਿੱਖ ਜੋ ਗੁਰਬਾਣੀ ਨਹੀਂ ਪੜਦੇ ਕਿਸੇ ਮੰਨਘੜਤ ਸਾਖੀ ਨੂੰ ਸੁਣ ਕੇ ਉਸ ਨੂੰ ਹੀ ਗੁਰਮਿਤ ਸਮਝ ਲੈਂਦੇ ਹਨ।

ਭਗਤ ਧੰਨੇ ਦਾ ਪੱਥਰ ਚੋਂ ਰਬ ਪਾਉਣਾ, ਨਾਮਦੇਵ ਜੀ ਦਾ ਕੁਤੇ ਪਿਛੇ ਰੋਟੀ ਲੈ ਕੇ ਭਜਣਾ ਅਤੇ ਮਰਦਾਨੇ ਦਾ ਭੇਡੂ ਬੰਨਣਾ ਅਤੇ ਅਜਿਹੀਆਂ ਅੰਨਗਿਣਤ ਮੰਨਘੜਤ ਸਾਖੀਆਂ ਹਨ, ਜੋ ਸਟੇਜ 'ਤੇ ਆਮ ਹੀ ਸੁਣਨ ਨੂੰ ਮਿਲਦੀਆਂ ਰਹਦੀਆਂ ਹਨ, ਪਰ ਜਦੋਂ ਇਹਨਾ ਨੂੰ ਗੁਰਮਿਤ ਦੀ ਕਸਵਟੀ ਤੇ ਪਰਖਿਆ ਜਾਂਦਾ ਹੈ ਤਾਂ ਇਹਨਾ ਦਾ ਝੂਠ ਖੁਦ ਬਾ ਖੁਦ ਨੰਗਾ ਹੋ ਜਾਂਦਾ ਹੈ।

ਮਿਸਾਲ ਦੇ ਤੋਰ ਤੇ ਗੁਰਬਾਣੀ ਵਿੱਚ ਇਕ ਵੀ ਸ਼ਬਦ ਅਜਿਹਾ ਨਹੀਂ ਮਿਲਦਾ ਜੋ ਪੱਥਰ ਦੀ ਪੂਜਾ ਕਰਨ ਦੀ ਸਿਖਿਆ ਦੇਂਦਾ ਹੋਵੇ ਪਰ ਸਾਖੀਕਾਰ ਪੂਰੀ ਤਰਾਂ ਭਗਤ ਧੰਨਾ ਜੀ ਨੂੰ ਪੱਥਰ ਪੂਜਕ ਬਣਾਉਣ ਤੇ ਤੁਲੇ ਹੋਏ ਹਨ। ਸਤਿਗੁਰ ਜੀ ਤਾਂ ਇਥੇ ਤਕ ਆਖਦੇ ਹਨ:

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ (ਮ: ੫ ਪੰਨਾ ੧੧੬੬)

ਸਤਿਗੁਰੂ ਜੀ ਦੇ ਇਹਨਾ ਬਚਨਾ ਦੇ ਬਾਵਜੂਦ ਅਜਿਹੀਆਂ ਸਾਖੀਆਂ ਗੁਰਦੁਆਰਿਆਂ ਦੀਆਂ ਸਟੇਜਾਂ 'ਤੇ ਆਮ ਹੀ ਸੁਣਾਈਆਂ ਜਾਂਦੀਆਂ ਹਨ।

ਅਜਿਹੀ ਹੀ ਇਕ ਸਾਖੀ ਦਾਸ ਨੂੰ ਕੁਝ ਦਿਨ ਪਹਿਲਾਂ ਸੁਣਨ ਨੂੰ ਮਿਲੀ ਅਤੇ ਬੜੀ ਹੈਰਾਨੀ ਦੀ ਗਲ ਹੈ ਕਿ ਪੰਥ ਦੇ ਬਹੁਤ ਹੀ ਸਿਰਮੌਰ ਕਥਾਵਾਚਕ ਸੁਣਾ ਰਹੇ ਸਨ। ਇਸ ਗਲ ਨੂੰ ਹਲੇ ਕੁਝ ਕੁ ਦਿਨ ਹੀ ਬੀਤੇ ਸਨ ਕੇ ਇਕ ਹੋਰ ਕਥਾਵਾਚਕ ਜੀ ਦੀ ਇਕ ਪੁਰਾਣੀ ਸੀ.ਡੀ. ਮਿਲੀ ਉਸ ਵਿੱਚ ਵੀ ਇਹੇ ਸਾਖੀ ਸੁਣਨ ਨੂੰ ਮਿਲੀ। ਮੈਨੂੰ ਇਸ ਸਾਖੀ ਨੇ ਕਾਫੀ ਪਰੇਸ਼ਾਨ ਕੀਤਾ ਕਿਉਂਕਿ ਇਹ ਸਾਖੀ ਤੋਤਾ ਰੱਟਨ ਗੁਰਬਾਣੀ ਪੜਨ ਜਿਹੇ ਕਰਮ ਕਾਂਡ ਨੂੰ ਜਨਮ ਦਿੰਦੀ ਹੈ।

ਇਹ ਸਾਖੀ ਕੁਝ ਇਸ ਤਰਾਂ ਹੈ ਕਿ:

ਇਕ ਵਾਰ ਕੁਝ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਅਤੇ ਕਹਿਣ ਲਗੇ! ਸਤਿਗੁਰੂ ਅਸੀਂ ਗੁਰਬਾਣੀ ਹਰ ਰੋਜ ਪੜਦੇ ਹਾਂ, ਪਰ ਸਾਨੂੰ ਉਸ ਵਿਚੋਂ ਕੁਝ ਵੀ ਸਮਝ ਨਹੀਂ ਆਓਂਦਾ, ਕੀ ਸਾਨੂੰ ਗੁਰਬਾਣੀ ਪੜਨ ਦਾ ਕੁਝ ਲਾਭ ਹੋਵੇਗਾ? ਇਸਦੇ ਜਵਾਬ ਵਿੱਚ ਗੁਰੂ ਜੀ ਨੇ ਇਕ ਚਾਟੀ ਦੀਆਂ ਟੁਟੀਆਂ ਠੀਕਰਾਂ ਦੇਖ ਕੇ ਕਿਹਾ ਇਸ ਨੂ ਚਕੋ, ਜਦੋਂ ਸਿੰਘਾਂ ਨੇ ਠੀਕਰਾਂ ਚਕੀਆਂ ਤਾਂ ਗੁਰੂ ਜੀ ਨੇ ਸਵਾਲ ਕੀਤਾ ਇਸ ਚਾਟੀ ਵਿੱਚ ਕੀ ਰਿਹਾ ਹੋਵੇਗਾ? ਸਿੰਘਾਂ ਨੇ ਜਵਾਬ ਦਿਤਾ ਸਤਿਗੁਰੂ, ਘਿਓ। ਗੁਰੂ ਜੀ ਕਹਿਣ ਲਗੇ ਤੁਹਾਨੂੰ ਕਿਵੇਂ ਪਤਾ? ਸਿੱਖ ਆਖਣ ਲਗੇ ਸਤਿਗੁਰੂ ਇਸ ਵਿੱਚ ਥੰਦਿਆਈ ਹਲੇ ਵੀ ਬਾਕੀ ਹੈ ਇਸ ਲਈ। ਗੁਰੂ ਜੀ ਨੇ ਕਿਹਾ ਕੇ ਇਹ ਤੁਹਾਡੇ ਸਵਾਲ ਦਾ ਜਵਾਬ ਹੈ। ਜਿਸ ਤਰਾਂ ਥੰਦਿਆਈ ਠੀਕਰਾਂ ਵਿਚੋਂ ਦਿਖਾਈ ਦੇ ਰਹੀ ਹੈ ਉਸੇ ਤਰਾਂ ਗੁਰੁਬਾਣੀ ਸਿੱਖ ਦੇ ਜੀਵਨ ਵਿਚੋਂ ਦਿਖਾਈ ਦੇਵੇਗੀ।

ਇਸ ਸਾਖੀ ਦੀ ਸਿਖਿਆ ਇਹੀ ਸੀ ਕਿ ਗੁਰਬਾਣੀ ਨੂੰ ਬਿਨਾ ਸਮਝੇ ਤੋਤੇ ਦੀ ਤਰਾਂ ਘੋਟਾ ਲਾ ਕੇ ਪੜਦੇ ਰਹੋ ਪਰ ਵਿਚਾਰਨ ਦੀ ਜਰੂਰਤ ਨਹੀਂ। ਸਿੱਟਾ ਸਾਹਮਣੇ ਹੈ ਅੱਜ ਅਖੰਡ ਪਾਠਾਂ ਦੀਆਂ ਲੜੀਆਂ ਦੀ ਕੋਈ ਕਮੀ ਨਹੀਂ, ਪਰ ਸਿੱਖਾਂ ਦਾ ਜੀਵਨ ਪੱਧਰ ਹਰ ਰੋਜ ਥਲੇ ਜਾ ਰਿਹਾ ਹੈ। ਜਦਕਿ ਸਤਿਗੁਰਾਂ ਦੀ ਬਾਣੀ ਇਸਦੇ ਬਿਲਕੁਲ ਵਿਪਰੀਤ ਸਿਖਿਆ ਦੇਂਦੀ ਹੈ ਜਿਵੇਂ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ (ਮ:੩ ਪੰਨਾ ੫੯੪)

ਜਿਤਨਾ ਇਹ ਸਾਰਾ ਸੰਸਾਰ ਹੈ ਇਸ ਵਿਚ ਹਰੇਕ ਜੀਵ ਸਤਿਗੁਰੂ ਦੇ ਦਰਸਨ ਕਰਦੇ ਹਨ ਪਰ ਨਿਰਾ ਦਰਸ਼ਨ ਕੀਤਿਆਂ ਮੁਕਤੀ ਨਹੀਂ ਮਿਲਦੀ, ਜਦ ਤਾਈਂ ਜੀਵ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦਾ। ਏਨਾ ਹੀ ਨਹੀਂ ਸਤਿਗੁਰੂ ਜੀ ਅਗੇ ਆਖਦੇ ਹਨ:

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥ (ਮ:੩ ਪੰਨਾ ੧੪੧੮)

ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾ ਪੁਰਖ ਦੀ ਸਰਨ ਨਹੀਂ ਫੜੀ ਅਤੇ ਜਿਨ੍ਹਾਂ ਨੇ ਸ਼ਬਦ ਦੀ ਵੀਚਾਰ ਵਿੱਚ ਆਪਣਾ ਮਨ ਨਹੀਂ ਜੋੜਿਆ, ਉਹ ਬੰਦੇ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਪਸ਼ੂ ਹਨ, ਉਹ ਤਾਂ ਮਰੇ ਹੋਏ ਪਸ਼ੂ ਹਨ ਉਹ ਮਹਾਂ ਮੂਰਖ ਹਨ।

ਗੁਰੂ ਜੀ ਦੇ ਬਚਨਾ ਦੀ ਪ੍ਰੋੜਤਾ ਕਰਦੇ ਹੋਏ ਭਗਤ ਕਬੀਰ ਜੀ ਆਖਦੇ ਹਨ:

ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ (ਪੰਨਾ ੭੯੩)

ਹੇ ਕਮਲੇ ਮਨੁੱਖ! ਤੂੰ ਪਰਮਾਤਮਾ ਨਾਲ ਜਾਣ-ਪਛਾਣ ਕਰਨ ਦੀ ਸੂਝ ਪ੍ਰਾਪਤ ਨਹੀਂ ਕੀਤੀ ਅਤੇ ਤੂੰ ਸਾਰੀ ਉਮਰ ਵਿਅਰਥ ਗਵਾ ਲਈ ਹੈ।

ਕੇਵਲ ਵੀਚਾਰ ਤੱਕ ਹੀ ਨਹੀਂ ਸਤਿਗੁਰਾਂ ਨੇ ਤਾਂ ਇਸਤੋਂ ਵੀ ਅਗੇ ਦੀ ਗੱਲ ਕੀਤੀ ਹੈ ਕਿ ਵੀਚਾਰ ਕਰਨ ਤੋਂ ਬਾਅਦ ਇਸ ਨੂੰ ਬੁਝ ਕੇ ਆਪਣੇ ਜੀਵਨ ਦਾ ਹਿੱਸਾ ਬਣਾਂ। ਜੋ ਮਨੁਖ ਆਪਣੀ ਜਿਦ ਨਹੀਂ ਛਡਦੇ ਅਤੇ ਸੰਪਟ ਪਾਠਾਂ ਅਤੇ ਮੁੰਹ ਬੰਨ ਕੇ ਅਖੰਡ ਪਾਠ ਕਰਨ ਵਾਲੇ ਕਰਮ ਕਾਂਡ ਵਿੱਚ ਫਸੇ ਹਨ ਉਹਨਾ ਬਾਰੇ ਗੁਰੂ ਜੀ ਆਖਦੇ ਹਨ:

ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ (ਮ: ੧ ਪੰਨਾ ੭੯੧)

ਭਾਵ: ਵੇਦ ਆਦਿਕ ਧਰਮ-ਪੁਸਤਕਾਂ ਦੇ ਨਿਰੇ ਪਾਠ ਨੂੰ ਤਾਂ ਦੁਨੀਆਵੀ ਵਿਹਾਰ ਹੀ ਸਮਝੋ ਅਤੇ ਵਿਦਵਾਨ ਲੋਕ ਇਹਨਾਂ ਨੂੰ ਪੜ੍ਹ ਪੜ੍ਹ ਕੇ ਇਹਨਾਂ ਦੇ ਸਿਰਫ਼ ਅਰਥ ਹੀ ਵਿਚਾਰਦੇ ਹਨ। ਜਦ ਤਕ ਮੱਤ ਨਹੀਂ ਬਦਲਦੀ ਨਿਰੇ ਪਾਠ ਤੇ ਅਰਥ-ਵਿਚਾਰ ਨਾਲ ਤਾਂ ਲੁਕਾਈ ਖ਼ੁਆਰ ਹੀ ਹੁੰਦੀ ਹੈ। ਹੇ ਨਾਨਕ! ਉਹ ਮਨੁੱਖ ਹੀ ਪਾਪਾਂ ਦੇ ਹਨੇਰੇ ਤੋਂ ਪਾਰ ਲੰਘਦਾ ਹੈ ਜਿਸ ਨੇ ਆਪਣੀ ਮੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ।

ਜਿਹੜੇ ਸਿਰਫ ਤੋਤਾ ਰਟਣ ਤੱਕ ਹੀ ਸੀਮਤ ਹਨ ਉਹਨਾਂ ਬਾਬਤ ਸਤਿਗੁਰਾਂ ਦਾ ਫੁਰਮਾਨ ਹੈ:

ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥ (ਮ:੩ ਪੰਨਾ ੬੬)

ਭਾਵ: ਜਿਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ ਨਿਰਾ ਪਾਠ ਹੀ ਪੜ੍ਹਦਾ ਹੈ ਉਹ ਇਸਦੇ ਭੇਤ ਨੂੰ ਨਹੀਂ ਸਮਝਦਾ ਉਹ ਨਿਰੇ ਧਾਰਮਿਕ ਭੇਖਾਂ ਨਾਲ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ। ਇਸ ਲਈ ਜਰੂਰਤ ਹੈ ਗੁਰਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਤਾਂ ਜੋ ਸਾਡਾ ਜੀਵਨ ਸੁਚਜਾ ਬਣ ਸਕੇ। ਸਤਿਗੁਰਾਂ ਦਾ ਫੁਰਮਾਨ ਹੈ:

ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ (ਮਃ ੧ ਪੰਨਾ ੪੬੭)

ਜੇਕਰ ਅਸੀਂ ਗੁਰਬਾਣੀ ਨੂੰ ਬਿਬੇਕ ਬੁਧੀ ਨਾਲ ਸਮਝ ਕੇ ਪੜਾਂਗੇ ਤਾਂ ਅਜਿਹੀਆਂ ਮੰਨਘੜਤ ਸਾਖੀਆਂ ਆਪਣੇ ਆਪ ਹੀ ਗੁਰਬਾਣੀ ਦੀ ਰੋਸ਼ਨੀ ਵਿੱਚ ਅਲੋਪ ਹੋ ਜਾਣਗੀਆਂ ਅਤੇ ਅਸੀਂ ਗੁਰੂ ਦੀ ਸਿਖਿਆ ਨਾਲ ਜੁੜ ਸਕਾਂਗੇ, ਜੇਕਰ ਅਸੀਂ ਆਪਣੀ ਹਠ ਨਾਂ ਛਡੀ ਤਾਂ ਕੇਵਲ ਪੜਨ ਨਾਲ ਸਾਡੀ ਹਉਮੈ ਹੀ ਵਧੇਗੀ।

ਗੁਰੂ ਪੰਥ ਦਾ ਦਾਸ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top