Share on Facebook

Main News Page

ਪੁਤਲੇ (ਵਿਅੰਗ)
-: ਦਲਜੀਤ ਸਿੰਘ ਇੰਡਿਆਨਾ

ਪਿਛਲੇ ਕਈ ਦਿਨਾਂ ਤੋਂ ਪੁਤਲੇ ਫੂਕਣ ਦਾ ਰੁਝਾਨ ਬਹੁਤ ਵਧਿਆ ਹੈ, ਜਿਸ ਦਿਨ ਦਾ ਭੋਲੇ ਨੇ ਡ੍ਰਗ ਵਾਲੇ ਮਾਮਲੇ ਵਿਚ ਮਜੀਠੀਈਏ ਦਾ ਨਾਮ ਲਿਆ ਹੈ, ਓਸ ਦਿਨ ਦਾ ਤਾਂ ਜਾਣੋ ਪੁਲਤੇ ਫੂਕਣ ਦਾ ਹੜ ਆ ਗਿਆ ਹੈ। ਕਾਂਗਰਸ ਦੇ ਨਿੱਕੇ ਮੋਟੇ ਅਤੇ ਕਾਲੀਆਂ ਦੇ ਨਿਕੇ ਮੋਟੇ ਮੁਹਲਿਆਂ ਦੇ ਲੀਡਰਾਂ ਨੇ ਇਕ ਦੂਜੇ ਦੇ ਪੁਤਲੇ ਫੂਕਣ ਵਿਚ ਜਿਵੇਂ ਰਿਕਾਰਡ ਕਾਇਮ ਕਰਨਾ ਹੋਵੇ, ਇਸ ਤਰਾਂ ਲੱਗੇ ਹੋਏ ਨੇ, ਪਰ ਇਹਨਾ ਦੋਨਾਂ ਦੀ ਮਾਰ ਭੋਲਾ ਝੱਲ ਰਿਹਾ ਹੈ, ਜਿਸ ਦੇ ਪੁਤਲੇ ਦੋਨੋ ਪਾਰਟੀਆਂ ਹੀ ਫੂਕੀ ਜਾਂਦੀਆਂ ਹਨ।

ਇਸ ਕਾਰਨ ਅਜ ਕਲ ਸ਼ਹਿਰਾਂ ਕਸਬਿਆਂ ਵਿੱਚ ਪੁਤਲਿਆਂ ਦੀ ਭਾਰੀ ਕਿਲਤ ਚੱਲ ਰਹੀ ਹੈ। ਹੁਣ ਇਹ ਭੂਤਰੀ ਹੋਈ ਮੁੰਡੀਰ ਕਿਸਾਨਾਂ ਦੇ ਲਾਏ ਹੋਏ ਡਰਨਿਆਂ ਨੂੰ ਨਿਸ਼ਾਨੇ ਬਣਾ ਰਹੀ ਹੈ।

ਹੋਇਆਂ ਇਵੇਂ ਸਾਡੇ ਪਿੰਡ ਵਾਲੇ ਨਾਜਰ ਕਾ ਖੇਤ ਬੀੜ ਦੇ ਨੇੜੇ ਹੋਣ ਕਰਕੇ ਇਹਨਾ ਦੇ ਖੇਤ ਵਿਚ ਅਵਾਰਾ ਪਸ਼ੂਆਂ ਦਾ ਉਜਾੜਾ ਬਹੁਤ ਸੀ, ਨਾਜਰ ਕੇ ਆਪਣੇ ਖੇਤ ਵਿਚ ਹਮੇਸ਼ਾਂ ਚਾਰ ਪੰਜ ਵਧੀਆ ਡਰਨੇ ਬਣਾ ਕੇ ਰਖਦੇ ਸਨ, ਜਿਹੜੇ ਦੂਰੋਂ ਅਸਲੀ ਬੰਦੇ ਦਾ ਭੁਲੇਖਾ ਪਾਉਂਦੇ ਸਨ। ਹੁਣ ਕਈ ਦਿਨਾਂ ਤੋਂ ਨਾਜਰ ਕੇ ਡਰਨੇ ਚੋਰੀ ਹੋਣ ਲੱਗੇ, ਤਾਂ ਨਾਜਰ ਆਪਣੇ ਮੁੰਡੇ ਦੁੱਲੇ ਨੂੰ ਕਹਿੰਦਾ ਓਏ ਦੁਲਿਆ ਆਹ ਡਰਨੇ ਕੌਣ ਲੈ ਜਾਂਦਾ ਰੋਜ ਪੱਟ ਕੇ, ਤਾਂ ਦੁੱਲਾ ਕਹਿੰਦਾ ਬਾਪੂ ਪਤਾ ਨਹੀਂ, ਮੈਨੂ ਲਗਦਾ ਆਹ ਬਚਿੱਤਰ ਕੀ ਮੋਟਰ 'ਤੇ ਭਈਏ ਰਹਿੰਦੇ ਨੇ, ਓਹ ਅੱਗ ਸੇਕਨ ਵਾਸਤੇ ਡਰਨਾ ਪੱਟ ਲੈ ਜਾਂਦੇ ਹੋਣਗੇ, ਕਿਉਂਕਿ ਨਾਜਰ ਡਰਨੇ ਬਣਾਉਣ ਵਿਚ ਬੜਾ ਮਾਹਰ ਸੀ .. ਅਤੇ ਓਹ ਡਰਨੇ ਵਿੱਚ ਵਧੀਆ ਲਕੜਾਂ ਅਤੇ ਪਰਾਲੀ ਪਾਉਂਦਾ ਸੀ। ਇਕ ਦਿਨ ਨਾਜਰ ਕਹਿੰਦਾ ਦੁਲਿਆ ਅਜ ਮੈਂ ਖੇਤ ਚੱਲਿਆ, ਦੁੱਲਾ ਕਹਿੰਦਾ ਬਾਪੂ ਅਜ ਸ਼ਾਮ ਨੂੰ ਕਿਓਂ ..ਓਹ ਦੁਲਿਆ ਮੈਂ ਡਰਨੇ ਦੀ ਰਾਖੀ ਬੈਠਣਾ ਹੈ, ਦੇਖਦਾ ਕੌਣ ਲੈਕੇ ਜਾਂਦਾ ਪੱਟ ਕੇ, ਇੰਨੀ ਮੇਹਨਤ ਨਾਲ ਬਣਾਈ ਦਾ, ਸਹੁਰੀ ਦਾ ਪਤਾ ਨਹੀਂ ਕੌਣ ਲੈ ਜਾਂਦਾ .. ਨਾਜਰ ਕਲਪ ਕੇ ਬੋਲਿਆ ... ਇਨਾ ਆਖ ਕੇ ਨਾਜਰ ਨੇ ਇਕ ਹੱਥ ਵਿੱਚ ਡਾਂਗ ਫੜੀ ਅਤੇ ਖੇਤ ਜਾਕੇ ਮੋਟਰ ਵਾਲੀ ਕੋਠੀ ਉਪਰ ਬੈਠ ਗਿਆ ਅਤੇ ਵਾਰ ਵਾਰ ਡਰਨੇ ਵਾਲ ਦੇਖਦਾ ..ਜਦੋਂ ਮੁੰਹ ਹਨੇਰਾ ਜਿਹਾ ਹੋਇਆ ਤਾਂ ਪਿੰਡ ਵਲੋਂ ਮੋਟਰ ਸਾਇਕਲ ਆਉਂਦਾ ਨਾਜਰ ਦੇ ਨਜਰੀਂ ਪਿਆ ਅਤੇ ਨਾਜਰ ਨੇ ਗੌਰ ਨਾਲ ਮੋਟਰਸਾਇਕਲ ਆਉਂਦਾ ਦੇਖਿਆ, ਦੇਖਦੇ ਦੇਖਦੇ ਮੋਟਰਸਾਇਕਲ ਡਰਨੇ ਕੋਲ ਆਕੇ ਰੁਕਿਆ ਅਤੇ ਇਕ ਨੌਜਵਾਨ ਨੇ ਮੋਟਰਸਾਇਕਲ ਤੋਂ ਉਤਰ ਕੇ, ਡਰਨਾ ਪੁਟਣਾ ਸ਼ੁਰੂ ਕਰ ਦਿੱਤਾ, ਨਾਜਰ ਹੈਰਾਨ ਹੋਇਆ ਅਤੇ ਨਾਜਰ ਨੇ ਆਵਾਜ਼ ਦਿੱਤੀ ਕਿਹੜੇ ਆ ਓਏ ਤੁਸੀਂ ਡਰਨਾ ਕਿਓਂ ਪੁੱਟਦੇ ਹੋ? ਇਨੀ ਅਵਾਜ਼ ਦੇਣ ਦੀ ਦੇਰ ਸੀ, ਓਹ ਮੁੰਡੇ ਡਰਨਾ ਪੁੱਟ ਕੇ ਵਿਚਾਲੇ ਰੱਖ ਕੇ ਦੌੜ ਗਏ ..ਜਿੰਨੀ ਦੇਰ ਨੂੰ ਨਾਜਰ ਮੋਟਰ ਵਾਲੀ ਕੋਠੀ ਤੋਂ ਉਤਰਦਾ, ਮੋਟਰਸਾਇਕਲ ਧੂੜਾਂ ਪੁੱਟ ਗਿਆ ਅਤੇ ਨਜ਼ਰਾਂ ਤੋਂ ਦੂਰ ਹੋ ਗਿਆ।

ਨਾਜਰ ਨਿਮੋਝੂਣਾ ਜਿਹਾ ਹੋਇਆ ਪਿੰਡ ਨੂੰ ਆ ਗਿਆ ਅਤੇ ਘਰ ਆਕੇ ਕਹਿੰਦਾ, ਦੁਲਿਆ ਦੋ ਮੁੰਡੇ ਮੋਟਰਸਾਇਕਲ 'ਤੇ ਆਉਂਦੇ ਹਨ, ਡਰਨਾ ਪੁੱਟ ਕੇ ਲੈ ਜਾਂਦੇ ਹਨ, ਪਰ ਮੈਨੂ ਪਹਿਚਾਨ ਤਾਂ ਨਹੀਂ ਆਈ ਕਿਹੜੇ ਸੀ.. ਅੱਗੋਂ ਦੁੱਲਾ ਕਹਿੰਦਾ ਬਾਪੂ ਕਿਸੇ ਦੇ ਖੇਤ ਅਵਾਰਾ ਪਸ਼ੁ ਆਉਂਦੇ ਹੋਣਗੇ, ਓਹਨਾ ਨੂੰ ਡਰਨਾ ਬਣਾਉਣਾ ਨਹੀਂ ਆਉਂਦਾ ਹੋਣਾ, ਇਸ ਕਰਕੇ ਲੈ ਗਏ ਹੋਣਗੇ ...ਓਹ ਦੁਲਿਆ ਜੇਕਰ ਓਹਨਾ ਨੂੰ ਡਰਨਾ ਚਾਹਿਦਾ ਹੈ ਸਹੁਰੀ ਦੇ ਮੈਨੂੰ ਆਖ ਦੇਣ .. ਇਸ ਤਰਾਂ ਚੋਰੀ ਕਿਓਂ ਪੁੱਟ ਕੇ ਲੈ ਜਾਂਦੇ ਹਨ।

ਚੱਲ ਛੱਡ ਬਾਪੂ ..ਨਾਜਰ ਬੁੜ ਬੁੜ ਕਰਦਾ ਆਪਣੇ ਕਮਰੇ ਵੱਲ ਨੂੰ ਵਧਿਆ ਜਿਥੇ ਓਹ ਸੌਂਦਾ ਹੁੰਦਾ ਸੀ ..

ਦੋ ਕੁ ਦਿਨ ਬਾਹਦ ਨਾਜਰ ਸੱਥ ਵਿੱਚ ਗਿਆ, ਜਿਥੇ ਨਾਜਰ ਸਾਰੀ ਦਿਹਾੜੀ ਬੈਠਾ ਅਖਬਾਰ ਪੜਦਾ ਅਤੇ ਤਾਸ਼ ਖੇਡਦਾ ਰਹਿੰਦਾ ਸੀ .. ਅਖਬਾਰ ਪੜਦੇ ਪੜਦੇ ਨਾਜਰ ਦੀ ਨਜਰੀਂ ਇਕ ਖਬਰ 'ਤੇ ਪਈ ਅਤੇ ਖਬਰ ਸੀ ਬਠਿੰਡੇ ਧੋਬੀ ਬਜਾਰ ਵਿਚ ਭੋਲੇ ਦਾ ਪੁਤਲਾ ਫੂਕਣ ਦੀ .. ਕਿ ਯੂਥ ਅਕਾਲੀ ਦਲ ਵਾਲਿਆਂ ਨੇ ਭੋਲੇ ਦਾ ਪੁਤਲਾ ਫੂਕਿਆ ..ਪੁਤਲਾ ਓਹੀ ਸੀ, ਜਿਹੜਾ ਨਾਜਰ ਦਾ ਦੋ ਦਿਨ ਪਹਿਲਾਂ ਡਰਨਾ ਚੋਰੀ ਹੋਇਆ ਸੀ ..ਨਾਜਰ ਨੇ ਪੁਤਲੇ ਦੇ ਰੂਪ ਵਿਚ ਆਪਣਾ ਡਰਨਾ ਝੱਟ ਪਹਿਚਾਨ ਲਿ, ਅਤੇ ਨਾਲ ਬੈਠੇ ਭੋਲੂ ਨੂੰ ਕਹਿੰਦਾ ਭੋਲੂ ਆਹ ਕਿਹੜੇ ਕਿਹੜੇ ਨੇ ਜਿਹੜੇ ਪੁਤਲਾ ਫੂਕਦੇ ਨੇ, ਕਿਉਂਕਿ ਨਾਜਰ ਨੂੰ ਨਵੀਂ ਜਿਹੀ ਮੁੰਡੀਰ ਦੀ ਪਹਿਚਾਨ ਨਹੀਂ ਸੀ ..ਤਾਂ ਭੋਲੂ ਕਹਿੰਦਾ ਚਾਚਾ ਇਹ ਤਾਂ ਸੁਖਦੇਵ ਦਾ ਮੁੰਡਾ ਬਿੰਦਰੀ ਹੈ ...ਓਹ ਹੁਣ ਨਵਾਂ ਨਵਾਂ ਜੂਠ ਕਾਲੀ ਦਲ ਦਾ ਪਰਾਪੇਗੰਡਾ ਸੈਕਟਰੀ ਬਣਿਆ ਹੈ ..ਤਾਂ ਫੇਰ ਇਹ ਸਹੁਰੀ ਦਾ ਡਰਨਾ ਪੱਟ ਕੇ ਲੈ ਗਿਆ

.....ਨਾਜਰ ਨੇ ਆਪਣੀ ਆਦਤ ਮੁਤਾਬਕ ਗਾਲ ਕੱਢੀ ..ਅਤੇ ਅਖਬਾਰ ਹੱਥ ਵਿੱਚ ਫੜਕੇ ਜਾ ਵੜਿਆ ਸੁਖਦੇਵ ਦੇ ਘਰ ..ਉਲ੍ਹਾਮਾ ਦੇਣ ..ਜਾ ਕੁੰਡਾ ਖੜਕਾਇਆ ਸੁਖਦੇਵ ਦੇ ਬੂਹੇ ਦਾ ..ਅੱਗੋਂ ਸੁਖਦੇਵ ਦੀ ਘਰਵਾਲੀ ਨੇ ਬੂਹਾ ਖੋਲਿਆ ਜਦੋਂ ਦੇਖਿਆ ਨਾਜਰ ਬੁੜਾ ਅੱਗੇ ਖੜਾ, ਤਾਂ ਘੁੰਡ ਕੱਢਕੇ ਕਹਿੰਦੀ, ਪੈਰੀ ਪੈਂਦੀ ਹਾਂ ਬਾਪੂ ਜੀ ...ਜਿਉਂਦੀ ਰਹਿ ਧੀਏ ..ਭਲਾ ਆਪਣਾ ਸੁਖਦੇਵ ਘਰ ਹੀ ਹੈ ..ਹਾਂਜੀ ਬਾਪੂ ਜੀ ਘਰ ਹੀ ਨੇ, ਨਹਾਉਂਦੇ ਨੇ ...ਇੰਨੀ ਗੱਲ ਕਰਦੇ ਕਰਦੇ ..ਸੁਖਦੇਵ ਵੀ ਆ ਗਿਆ ..ਕੁੜਤਾ ਜਿਹਾ ਪਾਉਂਦਾ ..ਆਹ ਵੀ ਚਾਚਾ ਅਜ ਕਿਵੇਂ ਦਰਸ਼ਨ ਦਿਤੇ, ਹੋਰ ਸੁਣਾ ਕਿਵੇ ਹੈ, ਫਸਲ ਬਾੜੀ ..ਇਨੀ ਗੱਲ ਕਹਿ ਕੇ ਸੁਖਦੇਵ ਨੇ ਨਾਜਰ ਨੂੰ ਅੰਦਰ ਆਉਣ ਦਾ ਇਸ਼ਾਰਾ ਕੀਤਾ ..ਅੰਦਰ ਜਾਕੇ ਨਾਜਰ ਵੇਹੜੇ ਵਿਚ ਡਾਹੇ ਮੰਜੇ 'ਤੇ ਜਾ ਬੈਠਾ ..ਸੁਖਦੇਵ ਨੇ ਆਪਣੇ ਘਰ ਵਾਲੀ ਨੂੰ ਅਵਾਜ਼ ਦਿਤੀ ਭਾਗਵਾਨੇ, ਚਾਹ ਬਣਾ ਮਸਾਂ ਮਸਾਂ ਚਾਚਾ ਸਾਡੇ ਘਰ ਆਇਆ ..ਇਨੀ ਗੱਲ ਕਰਦੇ ਕਰਦੇ ..ਨਾਜਰ ਨੇ ਕਿਹਾ ਸੁਖਦੇਵ ਓਹ ਆਪਣਾ ਮੁੰਡਾ ਕਿਥੇ ਬਿੰਦਰੀ ? ਚਾਚਾ ਅੰਦਰ ਹੀ ਹੈ ਹਾਲੇ ਸੁੱਤਾ ਪਿਆ, ਰਾਤ ਹਨੇਰੇ ਹੋਏ ਆਇਆ ਸ਼ਹਿਰੋਂ ਇਕ ਰੈਲੀ ਜਿਹੀ ਸੀ ਅਕਾਲੀ ਦਲ ਦੀ, ਆਪਣੇ ਪਿੰਡੋ ਟ੍ਰਕ ਭਰ ਕੇ ਲੈਕੇ ਗਿਆ ਸੀ ਵਰਕਰਾਂ ਦਾ ..ਆਪਣਾ ਗੁਰਵਿੰਦਰ ਸੁੱਖ ਨਾ ਜੂਠ ਅਕਾਲੀ ਦਲ ਦਾ ਲੀਡਰ ਬਣ ਗਿਆ ..ਸੁਖਦੇਵ ਨੇ ਬਿੰਦਰੀ ਦਾ ਨਾਮ ਗੁਰਵਿੰਦਰ ਸਿੰਘ ਸਤਿਕਾਰ ਨਾਲ ਲਿਆ, ਜਿਵੇਂ ਓਹ ਐਲ ਐਮ ਏ ਬਣ ਗਿਆ ਹੋਵੇ ...ਸੁਖਦੇਵ ਸਿਆਂ ਓਸ ਨੂੰ ਆਵਾਜ਼ ਮਾਰੀ ਖਾਂ ਓਸ ਨਾਲ ਥੋੜੀ ਗੱਲ ਕਰਨੀ ਹੈ ਨਾਜਰ ਨੇ ਕਿਹਾ ..ਕਿਓਂ ਚਾਚਾ ਕੋਈ ਪ੍ਰਧਾਨ ਸਾਬ ਤੱਕ ਕੰਮ ਹੈ ..ਸੁਖਦੇਵ ਨੂੰ ਲਗਿਆ ਕਿ ਸ਼ਾਇਦ ਨਾਜਰ ਕਿਸੇ ਦੀ ਸ਼ਿਫਾਰਸ਼ ਕਰਨ ਵਾਸਤੇ ਆਇਆ ..ਅਤੇ ਸੁਖਦੇਵ ਨੇ ਆਵਾਜ਼ ਦਿੱਤੀ, ਗੁਰਬਿੰਦਰ ਪੁਤਰ ਉਠ ਆਹ ਦੇਖ ਆਪਣਾ ਚਾਚਾ ਆਇਆ ਹੈ ।

ਇਨੇ ਨੂੰ ਅੱਖਾਂ ਤੋੰ ਗਿੱਡ ਪੂੰਝਦਾ ਬਿੰਦਰੀ ਵੀ ਆ ਗਿਆ ਉਠ ਕੇ ..ਨਾਜਰ ਨੂੰ ਅੱਗੇ ਬੈਠਾ ਦੇਖ ਕੇ ਬਿੰਦਰੀ ਨੂੰ ਲਗਿਆ ਕਿ ਨਾਜਰ ਉਲਾਮਾ ਲੈਕੇ ਆਇਆ ਹੈ । ਕਿਉਂਕਿ ਬਿੰਦਰੀ ਨੂੰ ਪਤਾ ਸੀ ਓਹ ਨਾਜਰ ਕਾ ਖੇਤ ਸੀ, ਜਿਥੋਂ ਇਹ ਡਰਨਾ ਪੁੱਟ ਕੇ ਲਿਆਇਆ ਸੀ ..ਅੱਖਾਂ ਜਿਹੀਆਂ ਚੁਰਾਉਂਦਾ ਬਿੰਦਰੀ ਕਹਿੰਦਾ ਸਾ ਸ੍ਰੀ ਕਾਲ ਬਾਬਾ ..ਸਾ ਸ੍ਰੀ ਕਾਲ ਪੁਤਰਾ ਅੱਗੋਂ ਖਚਰੀ ਜਿਹੀ ਹਾਸੀ ਹਸਦੇ ਨਾਜਰ ਨੇ ਆਪਣੀ ਕੱਛ ਵਿਚੋਂ ਅਖਬਾਰ ਕਢਿਆ ..ਅਤੇ ਪੁਛਿਆ ਪੁਤਰਾ ਆਹ ਤੇਰੀ ਹੀ ਫੋਟੋ ਹੈ ਅਖਬਾਰ ਵਿੱਚ ..? ਕੋਲ ਬੈਠਾ ਸੁਖਦੇਵ ਬੋਲਿਆ ਹਾਂ ਹਾਂ ਚਾਚਾ, ਇਹ ਆਪਣਾ ਹੀ ਗੁਰਬਿੰਦਰ ਹੈ ਇਹਨਾ ਕੱਲ ਬਠਿੰਡੇ ..ਭੋਲੇ ਦਾ ਪੁਤਲਾ ਸਾੜਿਆ ਹੈ ਅਤੇ ਪ੍ਰਧਾਨ ਸਾਬ ਨੇ ਆਪਣੇ ਗੁਰਵਿੰਦਰ ਨੂੰ ਆਪ ਆਕੇ ਸ਼ਾਬਾਸ਼ੇ ਦਿੱਤੀ ..ਹਾ ਚਾਚਾ ਤੂੰ ਦਸ ਕੀ ਕੰਮ ਹੈ, ਹੁਣ ਆਪਣੇ ਗੁਰਵਿੰਦਰ ਦੀ ਸਿੱਧੀ ਗਲ ਹੈ ..ਮੈਂ ਕਿਸੇ ਸਿਫਾਰਸ਼ ਵਾਸਤੇ ਨਹੀਂ ਆਇਆ ਅੱਗੋਂ ਰੁੱਖੀ ਆਵਾਜ਼ ਵਿੱਚ ਨਾਜਰ ਬੋਲਿਆ ..ਮੈਂ ਤਾਂ ਉਲਾਮਾ ਦੇਣ ਆਇਆ ਵੀ ਤੁਹਾਡਾ ਮੁੰਡਾ ਹਰ ਤੀਜੇ ਦਿਨ ਸਾਡੇ ਖੇਤ ਵਿਚੋਂ ਡਰਨੇ ਚੋਰੀ ਪੁੱਟ ਕੇ ਲੈ ਜਾਂਦਾ ਹੈ । ਇੰਨੀ ਗੱਲ ਸੁਣਕੇ ਸੁਖਦੇਵ ਘੂਰ ਕੇ ਗੁਰਵਿੰਦਰ ਨੂੰ ਬੋਲਿਆ ਓਏ ਤੂੰ ਤਾਂ ਕਹਿੰਦਾ ਸੀ, ਇਹ ਪੁਤਲੇ ਪ੍ਰਧਾਨ ਸਾਬ ਆਪ ਭੇਜਦੇ ਨੇ ਤੁਹਾਨੂੰ ..ਪਰ ਤੂੰ ਚਾਚੇ ਕੇ ਖੇਤੋ ਕਿਓਂ ਪੁੱਟ ਕੇ ਲੈ ਗਿਆ ? ਸੁਖਦੇਵ ਨੇ ਗੁਰਵਿੰਦਰ ਨੂੰ ਗੁੱਸੇ ਵਿਚ ਪੁਛਿਆ ..ਅੱਗੋਂ ਬਿੰਦਰੀ ਕਹਿੰਦਾ ..ਪਾਪਾ ਰਾਤ ਪ੍ਰਧਾਨ ਦਾ ਫੋਨ ਆ ਗਿਆ ਸੀ ਪ੍ਰਧਾਨ ਜੀ ਕਹਿੰਦੇ ..ਗੁਰਵਿੰਦਰ ਸਿਆਂ ਪੁਤਲਾ ਤੁਸੀਂ ਆਪਣੇ ਪਿੰਡੋ ਹੀ ਲੈਕੇ ਆਇਆ, ਜੇ ਕਿਉਂਕਿ ਸ਼ਹਿਰ ਵਿੱਚ ਪੁਤਲਿਆਂ ਦੀ ਬਹੁਤ ਕਿੱਲਤ ਹੈ ..ਸਾਰੇ ਪੁਤਲੇ ਕਾਂਗਰਸ ਵਾਲੇ ਲੈ ਗਏ ਹਨ । ਤਾਂ ਮੇਰੇ ਕੋਲੋ ਕੋਈ ਇੰਤਜ਼ਾਮ ਨਹੀਂ ਹੋਇਆ, ਫੇਰ ਮੈਂ ਅਮੀ ਚੰਦ ਕੇ ਸੁਰੇਸ਼ ਨੂੰ ਫੋਨ ਕੀਤਾ ..ਕਿਉਂਕਿ ਓਹ ਕਾਂਗਰਸੀ ਹੈ, ਪਿਛਲੇ ਹਫਤੇ ਓਹਨਾ ਵੀ ਫੂਕਿਆ ਸੀ ਭੋਲੇ ਦਾ ਪੁਤਲਾ ..ਓਹਨੇ ਹੀ ਮੈਨੂੰ ਦਸਿਆ ਸੀ ਕਿ ਨਾਜਰ ਕੇ ਖੇਤ ਬਹੁਤ ਵਧੀਆ ਡਰਨੇ ਨੇ, ਨਜਾਰਾ ਆ ਜਾਊ, ਇਹੋ ਜਿਹਾ ਡਰਨਾ ਤਾਂ ਕਿਤੇ ਮਿਲਦਾ ਨਹੀਂ ..ਹੋਰ ਮੇਰੇ ਕੋਲ ਰਸਤਾ ਨਹੀਂ ਸੀ, ਇਸ ਕਰਕੇ ਪੁੱਟ ਲਿਆਂਦਾ ..ਪਰ ਬਾਬਾ ਮੈਨੂੰ ਮਾਫ਼ ਕਰਦੇ ਅੱਗੋਂ ਨਹੀਂ ਪੁੱਟਦਾ ..ਪਰ ਮੇਰੀ ਮਿੰਨਤ ਹੈ ਕਿਸੇ ਕੋਲ ਗੱਲ ਗੱਲ ਨਾ ਕਰੀਂ, ਮੇਰੀ ਬਦਨਾਮੀ ਹੋ ਜਾਊ ...

ਇਨੀ ਗੱਲ ਸੁਣ ਕੇ ਨਾਜਰ ਨੇ ਚਾਹ ਦੇ ਕੱਪ 'ਚੋਂ ਰਹਿੰਦੀ ਚਾਹ ਦੀ ਘੁੱਟ ਭਰੀ ਅਤੇ ਬਿਨਾ ਕੁੱਝ ਬੋਲੇ ਘਰ ਨੂੰ ਤੁਰ ਪਿਆ ਅਤੇ ਦਿਮਾਗ ਵਿੱਚ ਸੋਚਦਾ ਜਾਂਦਾ, ਇਹ ਸਹੁਰੀ ਦੀ ਮੁੰਡੀਰ ਕਿਹੜੇ ਰਾਹ ਤੁਰ ਪਈ ਹੈ। ਜਿਹੜੇ ਗੁਰੂ ਨੇ ਸਾਨੂੰ ਆਪਣਾ ਹੱਕ ਤਲਵਾਰ ਨਾਲ ਲੈਣ ਦੀ ਸਿਖਿਆ ਦਿਤੀ ਸੀ ਅਤੇ ਆਪਣਾ ਪਰਿਵਾਰ ਵਾਰ ਦਿਤਾ ਸੀ, ਪਰ ਹੱਕ ਦੀ ਭੀਖ ਨਹੀਂ ਮੰਗੀ, ਛੋਟੇ ਛੋਟੇ ਸਾਹਿਬਜ਼ਾਦੇ ਵੀ ਡੋਲੇ ਨਹੀਂ...ਇਹ ਮੁੰਡੀਰ ਗੁਰੂ ਦੀ ਸਿਖਿਆ ਤੋਂ ਮੁਨਕਰ ਹੋਕੇ ਜਨਾਂਨਿਆਂ ਵਾਲੇ ਕੰਮ ਕਰਨ ਲੱਗ ਪਈ ਹੈ। ਹਿੰਦੂ ਤਾਂ ਰਾਵਣ ਦਾ ਪੁਤਲਾ ਫੂਕਦੇ ਛੋਟੇ ਹੁੰਦਿਆਂ ਤੋਂ ਹੀ ਦੇਖੇ ਹਨ ..ਪਰ ਆਹ ਸਿੱਖਾਂ ਦੀ ਮੱਤ ਨੂੰ ਪਤਾ ਨਹੀਂ ਕੀ ਹੋ ਗਿਆ ? ਜਿਹੜੇ ਪੁਲਤੇ ਫੂਕ ਫੂਕ ਕੇ ਸਿੱਖਾਂ ਨੂੰ ਕਮਜ਼ੋਰ ਦਿਖਾਉਣ ਵਿੱਚ ਪੂਰੀ ਵਾਹ ਲਾ ਰਹੇ ਹਨ

ਵਾਕਿਆ ਹੀ ਨਾਜਰ ਦੀ ਗੱਲ ਵਿਚ ਦਮ ਸੀ, ਜੇਕਰ ਸਤਵੰਤ ਸਿੰਘ ਬੇਅੰਤ ਸਿੰਘ ਇੰਦਰਾਂ ਦਾ ਪੁਤਲਾ ਸਾੜਨ ਲੱਗ ਜਾਂਦੇ, ਫੇਰ ਕੀ ਇੰਦਰਾਂ ਨਾਲ ਨਿਪਟਿਆ ਜਾਣਾ ਸੀ, ਜੇਕਰ ਦਿਲਾਵਰ ਸਿੰਘ ਵਰਗੇ ਬੇਅੰਤ ਸਿੰਘ ਦਾ ਪੁਤਲਾ ਸਾੜ੍ਹਨ ਤੱਕ ਸੀਮਤ ਹੋ ਜਾਂਦੇ, ਤਾਂ ਕੀ ਬੇਗੁਨਾਹ ਨੌਜਵਾਨਾਂ ਦੇ ਕਤਲ ਰੁੱਕ ਜਾਣੇ ਸੀ ..ਨਹੀਂ ਇਹਨਾ ਪੁਤਲੇ ਫੂਕਣ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ, ਇਹੋ ਜਿਹੇ ਹੋਸ਼ੇ ਕੰਮ ਸਿਰਫ ਅਖਬਾਰ ਵਿੱਚ ਖਬਰਾਂ ਲਗਵਾਉਣ ਦੇ ਕੰਮ ਹੀ ਆਉਂਦੇ ਹਨ, ਹੋਰ ਕੋਈ ਨੀ ..ਫੇਰ ਇਹੋ ਜਿਹੇ ਲੰਡੂ ਲੀਡਰ ਅਖਬਾਰ ਦੀ ਕਟਿੰਗ ਲੈਕੇ ..ਪ੍ਰਧਾਨ ਕੋਲ ਜਾਂਦੇ ਨੇ ਆਪਾਂ ਜੀ ਆਹ ਕੰਮ ਕੀਤਾ, ਅੱਗੋਂ ਪ੍ਰਧਾਨ ਵੀ ਆਪਣੇ ਨੌਕਰ ਨੂੰ ਇਸ਼ਾਰਾ ਕਰਕੇ ਕਹਿੰਦਾ ਹੁੰਦਾ ..ਜਾ ਰਾਮੂੰ ਇਹਨੂੰ ਭੁੱਕੀ ਦਾ ਲਿਫ਼ਾਫ਼ਾ ਦੇ ਦੇ ..ਇਨੀ ਕੁ ਔਕਾਤ ਹੈ ਇਹਨਾ ਲੰਡੂ ਲੀਡਰਾਂ ਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top