Share on Facebook

Main News Page

ਅਰਵਿੰਦ ਕੇਜਰੀਵਾਲ, ਪ੍ਰਧਾਨ, ਆਮ ਆਦਮੀ ਪਾਰਟੀ ਦੇ ਨਾਮ ਖੱਤ
-: ਕਿਰਪਾਲ ਸਿੰਘ ਬਠਿੰਡਾ

ਸਤਿਕਾਰਯੋਗ

ਸ਼੍ਰੀ ਅਰਵਿੰਦ ਕੇਜਰੀਵਾਲ ਜੀ
ਪ੍ਰਧਾਨ, ਆਮ ਆਦਮੀ ਪਾਰਟੀ ਅਤੇ
ਮੁੱਖ ਮੰਤਰੀ, ਦਿੱਲੀ ਸਟੇਟ
ਨਵੀਂ ਦਿੱਲੀ।

ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ ਜੀ,

ਆਪ ਜੀ ਮੇਰੇ ਨਾਲੋਂ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਇਹ ਦੇਸ਼ ਕਿਸੇ ਇੱਕ ਧਰਮ ਨੂੰ ਮੰਨਣ ਵਾਲੇ ਜਾਂ ਕਿਸੇ ਖਾਸ ਜਾਤੀ ਜਾਂ ਕਿਸੇ ਖਾਸ ਘਰਾਣੇ ਦੀ ਮਲਕੀਅਤ ਨਹੀਂ ਹੈ ਬਲਕਿ ਇਸ ਦੇਸ਼ ਦੇ ਹਰ ਵਸ਼ਿੰਦੇ; ਭਾਵੇਂ ਉਹ ਕਿਸੇ ਵੀ ਧਰਮ ਜਾਂ ਊਚ ਨੀਚ ਘਰਾਣੇ ਨਾਲ ਸਬੰਧਤ ਹੋਵੇ; ਦਾ ਬਰਾਬਰ ਦਾ ਹੱਕ ਹੈ। ਦੇਸ਼ ਦੇ ਸੰਵਿਧਾਨ ਵੱਲੋਂ ਸਾਰੇ ਵਸ਼ਿੰਦਿਆਂ ਨੂੰ ਦਿੱਤੇ ਗਏ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਉਨ੍ਹਾਂ ਵੱਲੋਂ ਚੁਣੇ ਗਏ ਨੁੰਮਾਇੰਦਿਆਂ ਦਾ ਫਰਜ ਬਣਦਾ ਹੈ ਕਿ ਉਹ ਦੇਸ਼ ਨੂੰ ਐਸਾ ਰਾਜ ਪ੍ਰਬੰਧ ਦੇਣ ਕਿ ਹਰ ਸ਼ਹਿਰੀ ਨੂੰ ਰੋਟੀ ਕਪੜਾ ਮਕਾਨ ਤੋਂ ਇਲਾਵਾ ਮਾਨ-ਸਨਮਾਨ ਅਤੇ ਅਜਾਦੀ ਨਾਲ ਜਿਉਣ ਦਾ ਹੱਕ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ।

ਪਰ ਇਥੋਂ ਦੀ ਰਾਜਨੀਤੀ ਵਿੱਚ ਗੰਦ ਇਸ ਕਦਰ ਪੈ ਚੁੱਕਾ ਹੈ ਕਿ ਧਰਮਾਂ ਅਤੇ ਜਾਤਾਂ ਦੇ ਨਾਮ 'ਤੇ ਵੰਡੀਆਂ ਪਾ ਕੇ ਸੰਪ੍ਰਦਾਇਕ ਦੰਗੇ ਕਰਵਾਉਣੇ ਅਤੇ ਫਿਰ ਇਨ੍ਹਾਂ ਦੰਗਿਆਂ 'ਤੇ ਗੰਦੀ ਰਾਜਨੀਤੀ ਕਰਕੇ ਇੱਕ ਪਾਰਟੀ ਵੱਲੋਂ ਇੱਕ ਦੇ ਪੱਖ ਵਿੱਚ ਅਤੇ ਦੂਸਰੀ ਨੇ ਵਿਰੋਧੀ ਪੱਖ ਵਿੱਚ ਖੜ੍ਹਕੇ ਧੂੰਆਂਧਾਰ ਬਿਆਨਬਾਜ਼ੀ ਕਰਕੇ ਦੋਵੇਂ ਫਿਰਕਿਆਂ ਦੇ ਜ਼ਜ਼ਬਾਤ ਉਭਾਰ ਕੇ ਉਨ੍ਹਾਂ ਦੀਆਂ ਵੋਟਾਂ ਬਟੋਰਨਾ, ਦੇਸ਼ ਦੇ ਮੱਧ ਵਰਗੀ ਤੇ ਗਰੀਬ ਮਿਹਨਤਕਸ਼ਾਂ ਵੱਲੋਂ ਆਪਣੀ ਦਸਾਂ ਨਹੁੰਆਂ ਦੀ ਕਮਾਈ ਵਿੱਚੋਂ ਦੇਸ਼ ਤੇ ਸਮਾਜ ਭਲਾਈ ਤੇ ਤਰੱਕੀ ਲਈ ਦਿੱਤੇ ਸਰਕਾਰੀ ਟੈਕਸਾਂ ਨੂੰ ਭ੍ਰਿਸ਼ਟਾਚਾਰ ਰਾਹੀਂ ਕੁੱਝ ਕੁ ਕਾਬਜ਼ ਘਰਾਣਿਆਂ ਵੱਲੋਂ ਆਪਣੀਆਂ ਜੇਬਾਂ ਵਿੱਚ ਪਾ ਜਾਣਾ ਅਤੇ ਫਿਰ ਵੱਡੇ ਘਪਲਿਆਂ ਰਾਹੀਂ ਕਮਾਏ ਇਸ ਪੈਸੇ ਵਿੱਚੋਂ ਕੁਝ ਹਿੱਸੇ ਨੂੰ ਵੋਟਾਂ ਦੀ ਖ੍ਰੀਦ ਤੇ ਨਸ਼ੇ ਵੰਡ ਕੇ ਚੋਣਾਂ ਜਿੱਤਣਾ; ਅਤੇ ਚੋਣਾਂ ਜਿੱਤ ਕੇ ਉਸ ਤੋਂ ਵੱਡੇ ਘਪਲੇ ਕਰਨਾ; ਇੱਥੋਂ ਦੀ ਰਾਜਨੀਤੀ ਦਾ ਇੱਕੋ ਇੱਕ ਨਿਸ਼ਾਨਾ ਬਣ ਚੁੱਕਿਆ ਹੈ।

ਇਸ ਤੋਂ ਵੱਧ ਸਿਆਸਤ ਦਾ ਇਤਨਾ ਅਪਰਾਧੀਕਰਨ ਹੋ ਚੁੱਕਾ ਹੈ ਕਿ ਚੋਣਾਂ ਵਿੱਚ ਵੋਟਰਾਂ ਨੂੰ ਡਰਾਉਣ ਧਮਕਾਉਣ ਤੇ ਬੂਥਾਂ 'ਤੇ ਕਬਜ਼ੇ ਲਈ ਅਪਰਾਧੀ ਕਿਸਮ ਦੇ ਬਾਹੂਬਲੀਆਂ ਦਾ ਬੋਲਬਾਲਾ ਹੋਣ ਕਰਕੇ ਆਮ ਆਦਮੀ ਬੇਵੱਸ ਹੋ ਕੇ ਰਹਿ ਗਿਆ ਸੀ। ਇਸ ਬੇਵੱਸੀ ਕਾਰਣ ਸਥਾਪਤ ਸਿਆਸੀ ਪਾਰਟੀਆਂ ਵੱਲੋਂ ਪਾਏ ਗੰਦ ਨੂੰ ਸਾਫ ਕਰਨਾ ਅਸੰਭਵ ਜਾਪਣ ਲੱਗ ਪਿਆ ਸੀ। ਇਹ ਕੁਦਰਤ ਦਾ ਕ੍ਰਿਸ਼ਮਾ ਅਤੇ ਪ੍ਰਮਾਤਮਾ ਦੀ ਮਿਹਰ ਹੀ ਸਮਝੋ ਕਿ ਉਨ੍ਹਾਂ ਨੇ ਤੁਹਾਡੇ ਸਿਰ 'ਤੇ ਬਖ਼ਸ਼ਿਸ਼ ਭਰਿਆ ਹੱਥ ਰੱਖਿਆ ਜਿਸ ਕਾਰਣ ਤੁਸੀਂ ਦਿੱਲੀ ਦੇ ਆਮ ਬੰਦੇ ਦੇ ਹੱਥ 'ਝਾੜੂ' ਫੜਾ ਕਿ ਸਿਰਫ ੧੩ ਮਹੀਨਿਆਂ ਵਿੱਚ ਹੀ ਸਾਰੇ ਦੇਸ਼ ਦੇ ਵਾਸੀਆਂ ਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜੇ ਅਹੁੱਦਿਆਂ ਤੇ ਨਿਜੀ ਲਾਲਸਾਵਾਂ ਦਾ ਤਿਆਗ ਕਰਕੇ ਸਾਰੇ ਦੇਸ਼ ਦੇ ਈਮਾਨਦਾਰ ਆਦਮੀ ਆਪਣੇ ਹੱਥ ਵਿੱਚ 'ਝਾੜੂ' ਫੜ ਲੈਣ ਭਾਵ ਵੋਟਾਂ ਵਾਲੇ ਦਿਨ ਈਵੀਐੱਮ ਮਸ਼ੀਨ ਦਾ 'ਝਾੜੂ' ਵਾਲਾ ਬਟਨ ਦਬਾ ਦੇਣ ਤਾਂ ਸਿਆਸਤ ਵਿੱਚ ਪਿਆ ਗੰਦ ਸਿਰਫ ਸਾਫ ਹੀ ਨਹੀਂ ਹੋਵੇਗਾ ਸਗੋਂ ਅੱਗੇ ਤੋਂ ਵੀ ਕੋਈ ਇਹ ਗੰਦ ਪਾਉਣ ਦੀ ਜੁਰਤ ਤੱਕ ਨਹੀਂ ਕਰੇਗਾ।

ਵੈਸੇ ਤਾਂ ਤੁਹਾਥੋਂ ਵੱਡਾ ਈਮਾਨਦਾਰ ਨੀਤੀਵਾਨ ਮੈਨੂੰ ਇਸ ਦੇਸ਼ ਵਿੱਚ ਹੋਰ ਕੋਈ ਨਜ਼ਰ ਨਹੀਂ ਆਉਂਦਾ ਇਸ ਲਈ ਮੇਰੇ ਵਰਗੇ ਬੰਦੇ ਵੱਲੋਂ ਬਹੁਤੀਆਂ ਸਲਾਹਾਂ ਦੇਣਾਂ ਸ਼ਾਇਦ ਵਾਜ਼ਬ ਨਾ ਹੋਵੇ ਪਰ ਜੋ ਮੇਰੀ ਸਮਝ ਵਿੱਚ ਆ ਰਿਹਾ ਹੈ ਉਹ ਛੋਟੀ ਜਿਹੀ ਸਲਾਹ ਤੁਹਾਨੂੰ ਦੇਣੀ ਮੈਂ ਆਪਣਾ ਫਰਜ਼ ਸਮਝਦਾ ਹਾਂ।

ਪਹਿਲੀ ਸਲਾਹ ਤਾਂ ਇਹ ਹੈ ਕਿ ਦਿੱਲੀ ਨਾਲੋਂ ਬਾਕੀ ਦੇ ਸੂਬਿਆਂ ਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਵੱਖ ਹੈ। ਇਸ ਲਈ ਪੰਜਾਬ ਵਿੱਚ ਦਿੱਲੀ ਵਾਲਾ ਫਾਰਮੂਲਾ ਨਹੀਂ ਚੱਲਣਾ। ਪੰਜਾਬ ਵਿੱਚ ਜਿੱਥੇ ਇੱਕ ਪਾਸੇ ਭ੍ਰਿਸ਼ਟ ਕਾਂਗਰਸ ਹੈ ਤਾਂ ਦੂਜੇ ਪਾਸੇ ਉਸ ਤੋਂ ਵੱਡਾ ਭ੍ਰਿਸ਼ਟ ਤੇ ਦੰਭੀ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦਾ। ਪੰਜਾਬ ਦੇ ਹਾਲਤ ਬਦਤਰ ਬਣਾਉਣ ਵਿੱਚ ਕਾਂਗਰਸ, ਪ੍ਰਕਾਸ਼ ਸਿੰਘ ਬਾਦਲ ਤੇ ਭਾਜਪਾ ਦਾ ਵੱਡਾ ਰੋਲ ਹੈ। ਧਰਮ ਦੇ ਨਾਮ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਤੇ ਪੰਥ ਦੇ ਭਲੇ ਲਈ ਅਨੇਕਾਂ ਮੋਰਚੇ ਲਾਏ ਭਾਜਪਾ ਨੇ ਉਨ੍ਹਾਂ ਸਾਰੇ ਹੀ ਮੋਰਚਿਆਂ ਵਿੱਚ ਰੱਖੀਆਂ ਗਈ ਮੰਗਾਂ ਦਾ ਜ਼ਬਰਦਸਤ ਵਿਰੋਧ ਕੀਤਾ; ਕਾਂਗਰਸ ਨੇ ਸੰਵਿਧਾਨ ਅਨੁਸਾਰ ਮੰਨੀਆਂ ਜਾ ਸਕਣ ਵਾਲੀਆਂ ਮੰਗਾਂ ਮੰਨਣ ਦੀ ਥਾਂ ਅਕਾਲੀਆਂ ਨੂੰ ਸਬਕ ਸਿਖਾਉਣ ਦਾ ਰਾਹ ਫੜਿਆ; ਜਿਸ ਦੇ ਸਿੱਟੇ ਵਜੋਂ ਧਰਮ ਯੁੱਧ ਮੋਰਚਾ ਹਥਿਆਬੰਦ ਸੰਘਰਸ਼ ਦੇ ਰਾਹ ਪੈ ਗਿਆ ਜਿਸ ਨੂੰ ਅਤਿਵਾਦ ਤੇ ਵੱਖਵਾਦ ਦਾ ਨਾਮ ਦੇ ਕੇ ਭਾਵੇਂ ਦਬਾ ਤਾਂ ਦਿੱਤਾ ਗਿਆ ਪਰ ਸਿੱਖ ਮਨਾਂ ਵਿੱਚ ਇਹ ਐਸੇ ਜਖਮ ਛੱਡ ਗਿਆ ਜਿਨ੍ਹਾਂ 'ਤੇ ਤੁਹਾਡੇ ਵਰਗੇ ਈਮਾਨਦਾਰ ਆਗੂ ਤੋਂ ਬਿਨਾਂ ਹੋਰ ਕੋਈ ਵੀ ਮਲ੍ਹਮ ਲਾਉਣ ਦੇ ਸਮਰਥ ਨਹੀਂ ਹੈ। ਇਸ ਲਈ ਜੇ ਕਰ ਤੁਸੀਂ ੧੬ ਫਰਵਰੀ ਤੋਂ ਹੋਣ ਵਾਲੇ ਦਿੱਲੀ ਵਿਧਾਨ ਸਭਾ ਸ਼ੈਸ਼ਨ ਦੌਰਾਨ ਹੇਠ ਲਿਖਿਆ ਮਤਾ ਪਾਸ ਕਰਵਾ ਦੇਵੋਂ ਤਾਂ ਦੰਭੀ ਬਾਦਲ ਦੇ ਹੱਥੋਂ ਸਾਰੇ ਮੁੱਦੇ ਖੋਹੇ ਜਾ ਸਕਦੇ ਹਨ ਜਿਨ੍ਹਾਂ ਦੇ ਸਹਾਰੇ ਇਹ ਅੱਧੀ ਸਦੀ ਤੋਂ ਕਾਬਜ਼ ਚਲਿਆ ਆ ਰਿਹਾ ਹੈ। ਕਿਉਂਕਿ ਸਤਾ ਦੀ ਕੁਰਸੀ ਹਾਸਲ ਕਰਨ ਬਾਦਲ ਨੇ ਉਸ ਭਾਜਪਾ ਨਾਲ ਭਾਈਵਾਲੀ ਪਾ ਲਈ ਹੈ ਜਿਹੜੀ ਸਿਰਫ ਬਾਦਲ ਵੱਲੋਂ ਲਾਏ ਮੋਰਚਿਆਂ ਦੌਰਾਨ ਹੀ ਨਹੀਂ ਸਗੋਂ ਭਾਈਵਾਲੀ ਦੇ ਬਾਵਜੂਦ ਅੱਜ ਵੀ ਇਨ੍ਹਾਂ ਮੰਗਾਂ ਦੇ ਵਿਰੋਧ ਵਿੱਚ ਖੜ੍ਹੀ ਹੈ ਅਤੇ ਬਾਦਲ ਉਨ੍ਹਾਂ ਮੰਗਾਂ ਨੂੰ ਮੂਲੋਂ ਵੀਸਾਰ ਚੁੱਕਿਆ ਹੈ। ਮੇਰੇ ਵੱਲੋਂ ਤਜ਼ਵੀਜ਼ ਕੀਤਾ ਮਤਾ ਇਹ ਹੈ:

੧. ੧੯੮੪ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਏ ਫੌਜੀ ਹਮਲੇ, ਦਿੱਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਹੋਏ ਸਮੂਹਿਕ ਕਤਲੇਆਮ, ੨੦੦੨ ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਹੋਏ ਕਤਲੇਆਮ ਅਤੇ ਮੁਜੱਫਰਪੁਰ (ਯੂ.ਪੀ) ਦੇ ਨਸਲੀ ਦੰਗਿਆਂ ਦੀ ਘੋਰ ਨਿੰਦਾ ਕਰਦੇ ਹੋਏ ਇਸ ਨੂੰ ਮਨੁੱਖਤਾ ਤੇ ਲੋਕਤੰਤਰ ਦੇ ਮੱਥੇ 'ਤੇ ਕਾਲਾ ਧੱਬਾ ਅਤੇ ਘੱਟ ਗਿਣਤੀਆਂ ਦੀ ਯੋਜਨਾਬਧ ਨਸਲਕੁਸ਼ੀ ਐਲਾਨਣ ਲਈ ਮਤਾ ਪਾਸ ਕੀਤਾ ਜਾਵੇ।

• ਇਸ ਸਮੇਂ ਕਾਂਗਰਸ ਅਤੇ ਭਾਜਪਾ ਸਮੇਤ ਸਾਰੀਆਂ ਪਾਰਟੀਆਂ ਇਨ੍ਹਾਂ ਸ਼ਰਮਨਾਕ ਕਾਂਡਾਂ ਦੀ ਨਿੰਦਾ ਤੇ ਅਫਸੋਸ ਪ੍ਰਗਟ ਕਰ ਚੁੱਕੀਆਂ ਹਨ। ਇਸ ਲਈ ਇਹ ਮਤਾ ਪਾਸ ਕਰਨ ਨਾਲ ਵੀ ਕਿਸੇ ਪਾਰਟੀ ਜਾਂ ਵਿਸ਼ੇਸ਼ ਧਰਮ ਦਾ ਕੋਈ ਨੁਕਸਾਨ ਨਹੀਂ ਹੁੰਦਾ ਬਲਕਿ ਪੀੜਤ ਘੱਟਗਿਣਤੀਆਂ ਦੇ ਜਖਮਾਂ 'ਤੇ ਮਲ੍ਹਮ ਲੱਗਣ ਨਾਲ ਭਾਈਚਾਰਕ ਏਕਤਾ ਦਾ ਮੁੱਢ ਬੱਝ ਜਾਵੇਗਾ।

੨. ੧੯੮੪ ਵਿੱਚ ਸਿੱਖਾਂ ਦੀ ਅਤੇ ੨੦੦੨ ਵਿੱਚ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਦੇ ਜਿੰਮੇਵਾਰ ਅਤੇ ਮੁਜੱਫਰਪੁਰ ਸੰਪਰਦਾਇਕ ਦੰਗਿਆਂ ਦੇ ਦੋਸ਼ੀਆਂ ਅਤੇ ਇਨ੍ਹਾਂ ਖੇਤਰਾਂ ਵਿੱਚ ਸੰਵਿਧਾਨ ਅਨੁਸਾਰ ਸ਼ਹਿਰੀਆਂ ਦੀ ਜਾਨ ਮਾਲ ਦੀ ਰੱਖਿਆ ਕਰਨ ਵਿੱਚ ਫੇਲ੍ਹ ਰਹੇ ਪ੍ਰਸ਼ਾਸ਼ਨਕ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਅਤੇ ਕਾਨੂੰਨ ਅਨੁਸਾਰ ਸਜਾ ਦਿਵਾਉਣ ਲਈ ਉਨ੍ਹਾਂ ਦੇ ਕੇਸ ਫਾਸਟ ਟਰੈਕ ਕੋਰਟਾਂ ਵਿਚ ਚਲਾਏ ਜਾਣ ਅਤੇ ਫੈਸਲਾ ਕਰਨ ਲਈ ਸਮਾਂਬਧ ਕੀਤੇ ਜਾਣ ਲਈ ਮਤਾ ਪਾਸ ਕੀਤਾ ਜਾਵੇ।

੩. ਪੰਜਾਬੀ ਅਤੇ ਉਰਦੂ ਨੂੰ ਦਿੱਲੀ ਵਿੱਚ ਦੂਸਰੀ ਭਾਸ਼ਾ ਵਜੋਂ ਲਾਗੂ ਕਰਨ ਲਈ ਕੀਤਾ ਚੋਣ ਵਾਅਦਾ ਪੂਰਾ ਕਰਨ ਲਈ ਇਸੇ ਵਿਧਾਨ ਸਭਾ ਵਿੱਚ ਬਿੱਲ ਪਾਸ ਕੀਤਾ ਜਾਵੇ।

ਜੇ ਕਰ ਉਕਤ ਤਿੰਨੇ ਮਤੇ ਪਾਸ ਕਰਕੇ ਬਾਕੀ ਹੇਠਾਂ ਵਰਨਣ ਕੀਤੀਆਂ ਮੰਗਾਂ ਮੰਨਣ ਲਈ ਚੋਣ ਮੈਨੀਫੈਸਟੋ ਵਿੱਚ ਦਰਜ ਕਰਨ ਦਾ ਐਲਾਨ ਕਰ ਦਿੱਤਾ ਜਾਵੇ ਤਾਂ ਬਾਦਲ ਜਿਸ ਨਾਲ ਪੰਜਾਬ ਵਿੱਚ 'ਆਪ' ਦਾ ਸਿੱਧਾ ਮੁਕਾਬਲਾ ਹੋਣ ਜਾ ਰਿਹਾ ਬਿਲਕੁਲ ਮੁੱਦਾ ਹੀਣ ਹੋ ਜਾਵੇਗਾ। ਕਾਂਗਰਸ ਪਹਿਲਾਂ ਹੀ ਹਾਰ ਚੁੱਕੀ ਹੈ ਇਸ ਲਈ ਮੈਦਾਨ ਸਿੱਧੇ ਤੌਰ 'ਤੇ ਸਾਫ ਹੋ ਜਾਵੇਗਾ। ਇਹ ਐਲਾਣ ਹੇਠ ਲਿਖੇ ਹੋ ਸਕਦੇ ਹਨ:

੪. ਸੰਵਿਧਾਨ ਦੀ ਧਾਰਾ ੨੫ (ਬੀ) ਦੀ ਵਿਆਖਿਆ (੨) ਖਤਮ ਕਰਕੇ ਸਿੱਖ ਧਰਮ ਨੂੰ ਇੱਕ ਵੱਖਰਾ ਤੇ ਅਜਾਦ ਧਰਮ ਮੰਨਿਆਂ ਜਾਵੇਗਾ।

• ਇਸ ਧਾਰਾ ਨੂੰ ਖਤਮ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਲਾਇਆ ਸੀ ਅਤੇ ਸ਼: ਪ੍ਰਕਾਸ਼ ਸਿੰਘ ਬਾਦਲ ਖੁਦ ਉਨ੍ਹਾਂ ਮੁਖੀ ਆਗੂਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਸੰਵਿਧਾਨ ਦੀ ਇਸ ਧਾਰਾ ਨੂੰ ਸਾੜਿਆ ਸੀ। ਇਸ ਲਈ ਉਨ੍ਹਾਂ ਨੂੰ ਇਸ ਧਾਰਾ ਨੂੰ ਖਤਮ ਕਰਵਾਉਣ ਵਿੱਚ ਕੋਈ ਇਤਰਾਜ਼ ਨਹੀਂ ਹੋਵੇਗਾ। ਭਾਜਪਾ ਅਕਾਲੀ ਦਲ ਦੀ ਭਾਈਵਾਲ ਹੋਣ ਕਰਕੇ ਉਸ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ। ਭਾਰਤ ਦੇ ਸੰਵਿਧਾਨ ਵਿੱਚ ਦਰਜ ਹੈ ਕਿ ਦੇਸ਼ ਦਾ ਹਰ ਸ਼ਹਿਰੀ ਆਪਣੀ ਮਰਜੀ ਦਾ ਧਰਮ ਅਪਨਾਉਣ ਵਿੱਚ ਅਜਾਦ ਹੈ। ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਅਜਾਦੀ ਲਈ ਆਪਣੀ ਸ਼ਹੀਦੀ ਦੇ ਕੇ ਹਿੰਦੂ ਭਰਾਵਾਂ ਨੂੰ ਇਹ ਹੱਕ ਲੈ ਕੇ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਵਾਲਾ ਕੋਈ ਵੀ ਸਿੱਖ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਪਸੰਦ ਨਹੀਂ ਕਰਦਾ ਕਿਉਂਕਿ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਪਸ਼ਟ ਤੌਰ 'ਤੇ ਦਰਜ ਹੈ: 'ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥' (ਭੈਰਉ ਮ: ੫, ਪੰਨਾ ੧੧੩੬)। ਪਰ ਥੋਹੜੇ ਥੋਹੜੇ ਸਮੇਂ ਬਾਅਦ ਆਰਐੱਸਐੱਸ ਸਿੱਖਾਂ ਦੇ ਟੀਕਾ ਲਾ ਕੇ ਰੀਐਕਸ਼ਨ ਵੇਖਣ ਵਾਂਗ ਇਹ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਅੰਗ ਆਖ ਕੇ ਸਿੱਖਾਂ ਦਾ ਪ੍ਰਤੀਕਰਮ ਵੇਖਦੀ ਰਹਿੰਦੀ ਹੈ। ਇਸ ਦਾ ਸਿੱਖਾਂ ਵੱਲੋਂ ਕਰੜਾ ਵਿਰੋਧ ਕਰਨ ਪਿੱਛੋਂ ਥੋਹੜਾ ਪਿੱਛੇ ਹਟ ਜਾਂਦੀ ਹੈ ਪਰ ਛੇਤੀ ਹੀ ਆਪਣੇ ਪਹਿਲੇ ਬਿਆਨ ਦੁਹਰਾਅ ਦਿੰਦੀ ਹੈ। ਹਾਲੀ ਕੁਝ ਸਮਾਂ ਪਹਿਲਾਂ ਹੀ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਫਿਰ ਬਿਆਨ ਦਿੱਤਾ ਸੀ ਕਿ ਹਿੰਦੁਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੀ ਹੈ। ਇਸ ਤੋਂ ਸਿੱਧਾ ਭਾਵ ਇਹੀ ਹੈ ਕਿ ਆਰਐੱਸ ਦੂਸਰੇ ਧਰਮ ਦੀ ਵੱਖਰੀ ਪਹਿਚਾਣ ਨੂੰ ਕਦੀ ਵੀ ਪ੍ਰਵਾਨ ਨਹੀਂ ਕਰਦੀ। ਪਰ ਜੇ ਅਸੀ ਮੰਨਦੇ ਹਾਂ ਕਿ ਹਰ ਧਰਮ ਦੇ ਆਪਣੇ ਅਸੂਲ ਤੇ ਵੱਖਰੇ ਨਿਯਮ ਹੁੰਦੇ ਹਨ ਤਾਂ ਹਿੰਦੂ ਭਰਾਵਾਂ ਨੂੰ ਵੀ ਸਿੱਖਾਂ ਦੀ ਇਹ ਮੰਗ ਮੰਨਣ ਵਿੱਚ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ।

ਇਸ ਲਈ ਜੇ ਹਿੰਦੂ ਭਰਾ ਇਹੀ ਹੱਕ ਸਿੱਖਾਂ ਨੂੰ ਦਿੰਦੇ ਹਨ ਤਾਂ ਉਨ੍ਹਾਂ ਵੱਲੋਂ ਕੋਈ ਅਹਿਸਾਨ ਜਾਂ ਰਿਆਇਤ ਨਹੀਂ ਸਗੋਂ ਆਪਣੇ ਫਰਜਾਂ ਦੀ ਪੂਰਤੀ ਹੀ ਹੈ। ਇਸ ਨਾਲ ਹਿੰਦੂ-ਸਿੱਖਾਂ ਦਾ ਆਪਸੀ ਪ੍ਰੇਮ ਪਿਆਰ ਤੇ ਮਨੁੱਖੀ ਭਾਈਚਾਰ ਬਣੇਗਾ ਜਿਸ ਨਾਲ ਸਮੁੱਚੇ ਦੇਸ਼ ਵਿੱਚ ਸ਼ਾਂਤੀ ਦਾ ਮਾਹੌਲ ਬਣੇਗਾ।

੫. ਅਨੰਦ ਮੈਰਿਜ ਐਕਟ ਵਿੱਚ ਸਿੱਖ ਵਿਦਵਾਨਾਂ ਦੀ ਰਾਇ ਨਾਲ ਸੋਧ ਕਰਕੇ ਇਸ ਨੂੰ ਲਾਗੂ ਕੀਤਾ ਜਾਵੇਗੀ।

੬. ਆਲ ਇੰਡੀਆ ਗੁਰਦੁਆਰਾ ਐਕਟ ਸਿੱਖ ਵਿਦਵਾਨਾਂ ਦੀ ਸਲਾਹ ਨਾਲ ਬਣਾਏ ਜਾਣ ਦੀ ਸਿੱਖਾਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਪੂਰੀ ਕੀਤੀ ਜਾਵੇਗੀ।

• ਉਕਤ ਤਿੰਨੇ ਮੰਗਾਂ ਵੀ ਅਕਾਲੀ ਦਲ ਵੱਲੋਂ ਲਾਏ ਸਾਰੇ ਧਰਮ ਮੋਰਚਿਆਂ ਦੀ ਮੁੱਖ ਮੰਗ ਰਹੀ ਹੈ। ਇਸ ਮੰਗ ਨੂੰ ਮੰਨਣ ਨਾਲ ਵੀ ਕਿਸੇ ਹੋਰ ਧਰਮ ਦਾ ਕੋਈ ਨੁਕਸਾਨ ਨਹੀਂ ਹੁੰਦਾ ਇਸ ਲਈ ਇਹ ਮੰਗ ਮੰਨੇ ਜਾਣ ਵਿੱਚ ਵੀ ਕਿਸੇ ਨੂੰ ਕੋਈ ਇਤਰਾਜ ਨਹੀਂ ਹੋਣਾਂ ਚਾਹੀਦਾ। ਕਿਉਂਕਿ ਭਾਜਪਾ ਨਾਲ ਭਾਈਵਾਲੀ ਪਾਉਣ ਕਰਕੇ ਬਾਦਲ ਇਹ ਮੰਗਾਂ ਬਿਲਕੁਲ ਵਿਸਾਰ ਚੁੱਕਿਆ ਹੈ ਜਿਸ ਕਾਰਣ 'ਆਪ' ਵੱਲੋਂ ਉਠਾਉਣ ਨਾਲ ਬਾਦਲ ਨੂੰ ਵੋਟਰਾਂ ਅੱਗੇ ਜਵਾਬਦੇਹ ਹੋਣਾ ਪਏਗਾ ਕਿ ਜੇ ਅੱਜ ਇਹ ਮੰਗਾਂ ਛੱਡਣੀਆਂ ਹੀ ਸਨ ਤਾਂ ਪਹਿਲਾਂ ਮੋਰਚੇ ਲਾ ਕੇ ਪੰਜਾਬ ਦੇ ਹਾਲਤ ਇੱਥੋਂ ਤੱਕ ਅਪਾਏ ਜਿਸ ਕਾਰਣ ਹਿੰਦੂ ਸਿੱਖ ਦੋਵਾਂ ਹੀ ਧਿਰਾਂ ਦੀਆਂ ਬੇਸ਼ਕੀਮਤੀ ਜਾਨ ਤੋਂ ਇਲਾਵਾ ਕੌਮੀ ਤੇ ਨਿਜੀ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਤੇ ਬਹੁਤ ਸਾਰੇ ਸਿੱਖ ਫਾਂਸੀ ਦੀ ਸਜਾ ਪ੍ਰਪਤ ਕਰਨ ਤੋਂ ਇਲਾਵਾ ਹੁਣ ਤੱਕ ਜੇਲ੍ਹਾਂ ਵਿੱਚ ਸੜ ਰਹੇ ਹਨ। ਲੋਕਾਂ ਵੱਲੋਂ ਬਾਦਲ ਦਲ ਤੋਂ ਇਹ ਸਵਾਲ ਪੁੱਛੇ ਜਾਣ ਦਾ ਸਿੱਧਾ ਲਾਭ 'ਆਪ' ਨੂੰ ਹੋਵੇਗਾ।

੭. ਅਦਾਲਤ ਵਲੋਂ ਸਬੰਧਤ ਸਜਾ ਪੂਰੀ ਕਰ ਚੁੱਕੇ ਸਾਰੇ ਸਿਆਸੀ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਲਈ ਕਾਨੂੰਨੀ ਕਾਰਵਾਈ ਅਰੰਭੀ ਜਾਵੇਗੀ।

੮. ਸ: ਜਸਵੰਤ ਸਿੰਘ ਖਾਲੜਾ ਸਮੇਤ ਉਨ੍ਹਾਂ ਵੱਲੋਂ ਅਦਾਲਤ ਨੂੰ ਦਿੱਤੀ ਗਈ ਸੂਚੀ ਜਿਸ ਵਿੱਚ ਬੇਗੁਨਾਹ ਸਿੱਖਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਕੇ ਅਣਪਛਾਤੀਆਂ ਲਾਸ਼ਾਂ ਦੱਸ ਕੇ ਸਸਕਾਰ ਕੀਤੇ ਗਏ ਸਿੱਖਾਂ ਦੇ ਨਾਮ ਸਨ (ਜਿਸ ਦੀ ਪੁਸ਼ਟੀ ਸਾਬਕਾ ਥਾਣੇਦਾਰ ਸੁਰਜੀਤ ਸਿੰਘ ਦੇ ਹਾਈ ਕੋਰਟ ਵਿੱਚ ਉਸ ਹਲਫਨਾਮੇਂ ਤੋਂ ਵੀ ਹੁੰਦੀ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਉਸ ਨੇ ੯੦ ਬੇਦੋਸ਼ੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਿਲਆਂ ਵਿੱਚ ਕਤਲ ਕੀਤਾ ਸੀ); ਦੇ ਦੋਸ਼ੀ ਪੁਲਿਸ ਅਫਸਰਾਂ ਮੁਲਾਜਮਾਂ ਨੂੰ ਸਜਾਵਾਂ ਦੇਣ ਲਈ ਫਾਸਟ ਟਰੈਕ ਕੋਰਟਾਂ ਵਿੱਚ ਕੇਸ ਚਲਾਏ ਜਾਣਗੇ।

੯. ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਜਿਸ ਨੂੰ ੧੯੮੪ ਵਿੱਚ ਢਹਿ ਢੇਰੀ ਕਰ ਦਿੱਤਾ ਸੀ ਤੇ ਬਾਅਦ ਵਿੱਚ ਉਥੇ ਉਤਰਾਖੰਡ ਸਰਕਾਰ ਵੱਲੋਂ ਹੋਮਗਾਰਡ ਦਾ ਦਫਤਰ ਬਣਾ ਦਿੱਤਾ ਗਿਆ ਹੈ; ਉਸ ਸਥਾਨ 'ਤੇ ਮੁੜ ਉਸਾਰੀ ਲਈ ਸਿੱਖਾਂ ਦੇ ਹਵਾਲੇ ਕੀਤਾ ਜਾਵੇਗਾ।

• ਉਕਤ ਨੁਕਤਿਆਂ ਸਬੰਧੀ ਚੋਣ ਮਨੋਰਥ ਪੱਤਰ ਵਿੱਚ ਵਿਸ਼ਵਾਸ਼ ਦਿਵਾਉਣਾ ਨਾ ਹੀ ਕਿਸੇ ਧਰਮ ਨੂੰ ਵਿਸ਼ੇਸ਼ ਛੋਟ ਹੈ ਅਤੇ ਨਾ ਹੀ ਕਿਸੇ ਧਿਰ ਦੇ ਵਿਰੋਧ ਵਿੱਚ ਹੈ ਸਗੋਂ ਇਹ ਅੰਤਰ-ਰਾਸ਼ਟਰੀ ਕਾਇਦੇ ਕਾਨੂੰਨ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਹਰ ਲੋਕਤੰਤਰਿਕ ਸਰਕਾਰ ਦਾ ਮੁਢਲਾ ਫਰਜ ਹੈ।

੧੦. ਪੰਜਾਬ ਦੀਆਂ ਆਰਥਿਕ ਤੇ ਰਾਜਨੀਤਕ ਮੰਗਾਂ ਲਈ ਸਾਰੇ ਦੇਸ਼ ਵਿੱਚ ਲਾਗੂ ਇੱਕਸਾਰ ਨਿਯਮ ਲਾਗੂ ਕੀਤੇ ਜਾਣ ਨਾ ਕਿ ਪੰਜਾਬ ਲਈ ਹੋਰ ਤੇ ਬਾਕੀ ਦੇ ਸੂਬਿਆਂ ਲਈ ਹੋਰ। ਜਿਵੇਂ ਕਿ ਕੋਈ ਵੀ ਸੂਬਾ ਐਸਾ ਨਹੀਂ ਹੈ ਜਿਸ ਲਈ ਬਣਾਈ ਰਾਜਧਾਨੀ ਉਸ ਨੂੰ ਨਾ ਮਿਲੀ ਹੋਵੇ ਪਰ ਇੱਕ ਪੰਜਾਬ ਹੀ ਇੱਕ ਐਸਾ ਸੂਬਾ ਹੈ ਜਿਸ ਨੂੰ ਇਸ ਦੀ ਰਾਜਧਾਨੀ ਤੋਂ ਵਾਂਝਾ ਰੱਖਿਆ ਗਿਆ ਹੈ। ਕੋਈ ਵੀ ਸੂਬਾ ਐਸਾ ਨਹੀਂ ਜਿਥੋਂ ਦੇ ਦਰਿਆਈ ਪਾਣੀਆਂ ਤੇ ਬਿਜਲੀ ਦਾ ਕੰਟਰੋਲ ਉਸ ਦੇ ਹੱਥ ਨਾ ਹੋਵੇ ਪਰ ਇੱਕੋ ਇੱਕ ਪੰਜਾਬ ਹੈ ਜਿਸ ਦੇ ਪਾਣੀਆਂ ਤੇ ਬਿਜਲੀ ਦਾ ਕੰਟਰੋਲ ਇਸ ਦੇ ਆਪਣੇ ਹੱਥ ਵਿੱਚ ਹੋਣ ਦੀ ਬਜਾਏ ਕੇਂਦਰ ਸਰਕਾਰ ਕੋਲ ਹੈ। ਇਸ ਲਈ ਰੀਪੇਰੀਅਨ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਪੰਜਾਬ ਨੂੰ ਇਸ ਦਾ ਹੱਕ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ ਸੂਬਾ ਐਸਾ ਨਹੀਂ ਜਿਥੋਂ ਨਿਕਲ ਰਹੇ ਖਣਿਜ ਪਦਾਰਥਾਂ 'ਤੇ ਉਥੋਂ ਦੀ ਸਰਕਾਰ ਰੋਇਲਟੀ ਨਾ ਲਾਉਂਦੀ ਹੋਵੇ ਪਰ ਇੱਕੋ ਇੱਕ ਸੂਬਾ ਪੰਜਾਬ ਹੈ ਜਿਸ ਦੇ ਦਰਿਆਵਾਂ ਦਾ ਪਾਣੀ ਮੁਫਤ ਵਿੱਚ ਹੀ ਗੁਆਂਢੀ ਸੂਬਿਆਂ ਨੂੰ ਜ਼ਬਰਦਸਤੀ ਦਿੱਤਾ ਜਾ ਰਿਹਾ ਹੈ ਹਾਲਾਂ ਕਿ ਪੰਜਾਬ ਵਿੱਚ ਪਾਣੀ ਦੀ ਇਤਨੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਕਿ ਇਸ ਦੀ ਧਰਤੀ ਹੇਠਲਾ ਪਾਣੀ ਇਨ੍ਹਾਂ ਡੂੰਘਾ ਜਾ ਰਿਹਾ ਹੈ ਕਿ ਇਹ ਬੰਜਰ ਹੋਣ ਦੇ ਕੰਢੇ ਬੜੀ ਤੇਜੀ ਨਾਲ ਪਹੁੰਚ ਰਿਹਾ ਹੈ।

• ਦਰਿਆਈ ਪਾਣੀਆਂ ਸਬੰਧੀ ਅਕਾਲੀ ਦਲ ਨੇ ਅਨੇਕਾਂ ਵਾਰ ਮੋਰਚੇ ਲਾਏ ਪਰ ਹੁਣ ਸਤਾ ਦੀ ਕੁਰਸੀ ਦੇ ਝੂਟੇ ਮਾਨਣ ਲਈ ਉਸ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕਾਹਲਾ ਹੈ ਜਿਸ ਦਾ ਸਟੈਂਡ ਇਸ ਤੋਂ ਬਿਲਕੁਲ ਉਲਟ ਹੈ ਅਤੇ ੪੭ ਸਾਲਾਂ ਤੋਂ ਉਥੇ ਵੱਸ ਰਹੇ ਪੰਜਾਬੀ ਕਿਸਾਨਾਂ ਨੂੰ ਉਜਾੜ ਰਿਹਾ ਹੈ।

੧੧. ਬਾਹਰਲੇ ਸੂਬੇ ਦੇ ਕਿਸੇ ਵੀ ਵਿਅਕਤੀ 'ਤੇ ਪੰਜਾਬ ਵਿੱਚ ਜ਼ਮੀਨ ਖ੍ਰੀਦਣ 'ਤੇ ਪਾਬੰਦੀ ਨਹੀਂ ਹੈ ਪਰ ਪੰਜਾਬੀਆਂ ਉਪਰ ਪਾਬੰਦੀ ਹੈ ਕਿ ਉਹ ਬਾਹਰ ਦੇ ਸੂਬਿਆਂ ਵਿੱਚ ਜਮੀਨ ਨਹੀਂ ਖ੍ਰੀਦ ਸਕਦਾ। ਇਸੇ ਕਾਨੂੰਨ ਅਨੁਸਾਰ ਕਦੀ ਉਤਰਾਖੰਡ ਅਤੇ ਹੁਣ ਗੁਜਰਾਤ ਵਿੱਚ ਸਿੱਖ ਕਿਸਾਨਾਂ ਦੇ ਉਜਾੜੇ ਦੀਆਂ ਉਦਾਹਰਣਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਦੂਸਰਾ ਸੁਝਾਉ ਹੈ ਕਿ ਜਿਸ ਤਰ੍ਹਾਂ ਰਾਸ਼ਟਰੀ ਤੌਰ 'ਤੇ ਸਭ ਤੋਂ ਵੱਧ ਭ੍ਰਿਸ਼ਟ ਕੁਝ ਕੁ ਆਗੂਆਂ ਦੀ ਸੂਚੀ ਬਣਾ ਕੇ ਉਨ੍ਹਾਂ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ; ਉਸੇ ਤਰ੍ਹਾਂ ਪੰਜਾਬ ਲਈ ਸਭ ਤੋਂ ਵੱਧ ਭ੍ਰਿਸ਼ਟ ਤੇ ਪ੍ਰਵਾਰਵਾਦ ਦੇ ਮੋਢੀ ਬਾਦਲ ਪ੍ਰਵਾਰ ਨੂੰ ਘੋਸ਼ਿਤ ਕੀਤਾ ਜਾਵੇ। ਇਸ ਪ੍ਰਵਾਰ ਦਾ ਮੁਖੀ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਰਪ੍ਰਸਤ; ਪੁੱਤਰ ਸੁਖਬੀਰ ਸਿੰਘ ਬਾਦਲ, ਉਪ ਮੁਖ ਮੰਤਰੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ); ਨੂੰਹ ਹਰਸਿਮਰਤ ਕੌਰ ਬਾਦਲ, ਮੈਂਬਰ ਪਾਰਲੀਮੈਂਟ, ਜੁਆਈ ਆਦੇਸ਼ ਪ੍ਰਤਾਪ, ਸਿੰਘ ਕੈਬਨਿਟ ਮੰਤਰੀ; ਪੁੱਤਰ ਦਾ ਸਾਲਾ ਬਿਕ੍ਰਮ ਸਿੰਘ ਮਜੀਠੀਆ ਕੈਬਨਿਟ ਮੰਤਰੀ; ਇਸ ਤੋਂ ਇਲਾਵਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਵੀ ਵਿੱਤ ਮੰਤਰੀ ਰਿਹਾ ਹੈ; ਇਹ ਵੱਖਰੀ ਗੱਲ ਹੈ ਕਿ ਛੋਟੀ ਵੱਡੀ ਕੁਰਸੀ ਦੀ ਲੜਾਈ ਜਾਂ ਕੁਝ ਹੋਰ ਕਾਰਣਾਂ ਕਰਕੇ ਉਹ ਕੁਰਸੀ ਛੱਡ ਚੁਕਿਆ ਹੈ।

ਇਸ ਪ੍ਰਵਾਰ ਦੇ ਭ੍ਰਿਸ਼ਟਾਚਾਰ ਦੀ ਮੂੰਹ ਬੋਲਦੀ ਤਸ਼ਵੀਰ ਹੈ ਕਿ ਕਿਸੇ ਵੇਲੇ ਪੰਜ ਬੱਸਾਂ ਦੇ ਮਾਲਕ ਅੱਜ ੪੦੦ ਤੋਂ ਵੱਧ ਬੱਸਾਂ ਦੀ ਫਲੀਟ ਨਾਲ ਸਾਰੇ ਪੰਜਾਬ ਦੀ ਸਾਰੀ ਟਰਾਂਸਪੋਰਟ 'ਤੇ ਕਾਬਜ਼, ਕੇਬਲ ਨੈੱਟ ਵਰਕ 'ਤੇ ਕਬਜ਼ਾ ਕਰਕੇ ਸਮੁੱਚੇ ਮੀਡੀਏ 'ਤੇ ਕਾਬਜ਼, ਵੱਡੇ ਢਾਬਿਆਂ ਅਤੇ ਸਕੂਲਾਂ ਯੂਨੀਵਰਸਿਟੀਆਂ ਜਿਥੋਂ ਮੋਟੀ ਕਮਾਈ ਹੁੰਦੀ ਹੈ 'ਚੋਂ ਜਿਆਦਾਤਰ ਵਿੱਚ ਜ਼ਬਰੀ ਹਿੱਸੇਦਾਰੀ ਪਾ ਕੇ ਅਸਿੱਧੇ ਤੌਰ 'ਤੇ ਕਾਬਜ਼ ਹੈ ਅਤੇ ਬਾਕੀ 'ਤੇ ਕਾਬਜ਼ ਹੋਣ ਦੀ ਕੋਸ਼ਿਸ਼ ਜਾਰੀ ਹੈ। ਰੇਤੇ ਦੀ ਖਾਣਾ ਮਾਫੀਏ ਅਤੇ ਨਸ਼ਾ ਤਸ਼ਕਰੀ ਵਿੱਚ ਬਿਕ੍ਰਮ ਮਜੀਠੀਏ ਦਾ ਸਿੱਧਾ ਹੱਥ ਜਿਸ ਦੀ ਤਾਈਦ ਸਾਬਕਾ ਡੀਜੀਪੀ ਜੇਲ੍ਹਾਂ ਸ਼੍ਰੀ ਸ਼ਸ਼ੀ ਕਾਂਤ ਦੇ ਸਰਕਾਰੀ ਨੂੰ ਲਿਖੇ ਪੱਤਰ ਤੋਂ ਇਲਾਵਾ ਨਸ਼ਾ ਤਸ਼ਕਰੀ ਵਿੱਚ ਫੜੇ ਗਏ ਅਕਾਲੀ ਆਗੂ ਜਗਦੀਸ਼ ਭੋਲਾ ਵੱਲੋਂ ਪੜਤਾਲੀਆ ਏਜੰਸੀਆਂ ਅਤੇ ਮੀਡੀਏ ਅੱਗੇ ਦਿੱਤਾ ਬਿਆਨ ਹੈ। ਇਸ ਲਈ ਇਸ ਪ੍ਰਵਾਰ ਵਿੱਚੋਂ ਬਠਿੰਡਾ ਤੋਂ ਲੋਕ ਸਭਾ ਚੋਣ ਲੜ ਰਹੀ ਹਰਸਿਮਰਤ ਕੌਰ ਨੂੰ ਹਰਾਉਣ ਦਾ ਐਲਾਣ ਕਰਕੇ ਮਨਪ੍ਰੀਤ ਸਿੰਘ ਬਾਦਲ ਸਮੇਤ ਉਨ੍ਹਾਂ ਸਮੂਹ ਆਗੂਆਂ ਜਿਹੜੇ ਕਿ ਹੁਣ ਤੱਕ ਇਸ ਪ੍ਰਵਾਰ 'ਤੇ ਉਕਤ ਦੋਸ਼ ਲਾਉਂਦੇ ਆ ਰਹੇ ਹਨ ਨੂੰ ਸੱਦਾ ਦਿੱਤਾ ਜਾਵੇ ਕਿ ਉਹ ਇਸ ਬੀਬੀ ਨੂੰ ਹਰਾਉਣ ਲਈ 'ਆਪ' ਦਾ ਸਾਥ ਦੇਣ। ਜੇ ਕਰ ਮਨਪ੍ਰੀਤ ਬਾਦਲ ਨਾਲ ਕਿਸੇ ਤਰ੍ਹਾਂ ਸਮਝੌਤਾ ਕਰਕੇ ਜਾਂ ਉਸ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ ਤਾਂ ਪੰਜਾਬੀ ਸੂਬਾ ਬਣਨ ਉਪ੍ਰੰਤ ਭ੍ਰਿਸ਼ਟਾਚਾਰ ਰਾਹੀਂ ਬਣੇ ਇਸ ਸ਼ਾਹੀ ਪ੍ਰਵਾਰ ਦੀ ਬੀਬੀ ਨੂੰ ਹਰਾਉਣਾ ਕਾਫੀ ਸੌਖਾ ਹੋ ਜਾਵੇਗਾ। ਜੇ ਕਰ ਇਹ ਸੰਭਵ ਨਹੀਂ ਹੋ ਸਕਦਾ ਤਾਂ ਸ਼੍ਰੀ ਸ਼ਸ਼ੀ ਕਾਂਤ ਜਾਂ ਬੀਬੀ ਨਿਰਪ੍ਰੀਤ ਕੌਰ ਨਵੀਂ ਦਿਲੀ ਜਿਸ ਨੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਮਰਨ ਵਰਤ ਰੱਖਿਆ ਸੀ ਨੂੰ ਪਾਰਟੀ ਵੱਲੋਂ ਟਿੱਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਜਾਵੇ ਤਾਂ ਹਰਮਿਰਤ ਕੌਰ ਬਾਦਲ ਦੀ ਹਾਰ ਯਕੀਨੀ ਹੋ ਸਕਦੀ ਹੈ। ਮੇਰਾ ਇਹ ਪੱਕਾ ਮੰਨਣਾ ਹੈ ਕਿ ਜੇ ਕਰ ਹਰਸਿਮਰਤ ਕੌਰ ਬਾਦਲ ਨੂੰ ਹਰਾਉਣ ਦੇ ਆਸਾਰ ਬਣ ਗਏ ਤਾਂ ਪੰਜਾਬ ਦੀਆਂ ੧੩ ਦੀਆਂ ੧੩ ਸੀਟਾਂ 'ਆਪ ਦੀ ਝੋਲੀ ਪੈ ਸਕਦੀਆਂ ਹਨ।

ਆਪ ਜੀ ਨੂੰ ਇੱਕ ਗੱਲ ਹੋਰ ਦੱਸ ਦੇਣੀ ਜਰੂਰੀ ਸਮਝਦਾਂ ਹਾਂ ਕਿ ਉਕਤ ਮੰਗਾਂ ਮੰਨੇ ਜਾਣ ਦਾ ਐਲਾਣ ਕੀਤੇ ਬਿਨਾਂ ਪੰਜਾਬ ਵਿੱਚ ਬਾਦਲ-ਭਾਜਪਾ ਤੋਂ ਸਿਵਾਏ ਕਿਸੇ ਹੋਰ ਨਵੀਂ ਪਾਰਟੀ ਦੇ ਪੈਰ ਲੱਗਣੇ ਸੰਭਵ ਨਹੀਂ ਹਨ। ਪੰਜਾਬ ਵਿੱਚ ਮਨਪ੍ਰੀਤ ਬਾਦਲ ਦੀ ਹਾਰ ਦਾ ਵੱਡਾ ਕਾਰਣ ਇਹੀ ਸੀ ਕਿ ਅਕਾਲੀ ਦਲ ਵਿੱਚੋਂ ਨਿਕਲੇ ਹੋਣ ਦੇ ਬਾਵਜੂਦ ਉਸ ਨੇ ਉਕਤ ਮੰਗਾਂ ਬਿਲਕੁਲ ਹੀ ਛੱਡ ਕੇ ਕਾਮਰੇਡਾਂ ਨਾਲ ਸਾਂਝ ਪਾ ਲਈ। ਜਿਸ ਕਾਰਣ ਲੋਕਾਂ ਵਿੱਚ ਪ੍ਰਭਾਵ ਇਹ ਗਿਆ ਕਿ ਕੁਝ ਸੀਟਾਂ ਜਿੱਤਣ ਤੋਂ ਬਾਅਦ ਆਪਣਾ ਮੁੱਲ ਪਵਾ ਕੇ ਇਸ ਨੇ ਅੰਤ ਨੂੰ ਤਾਏ ਨਾਲ ਹੀ ਜਾ ਮਿਲਣਾਂ ਹੈ ਤਾਂ ਕਿਉਂ ਨਾ ਸਿੱਧੀਆਂ ਹੀ ਬਾਦਲ ਦਲ ਨੂੰ ਵੋਟਾਂ ਪਾ ਦਿੱਤੀਆਂ ਜਾਣ। ਜਿਹੜੀਆਂ ਵੋਟਾਂ ਬਾਦਲ ਦਲ ਨੂੰ ਨਹੀਂ ਪੈਣੀਆਂ ਸਨ ਤੇ ਉਹ ਕਾਂਗਰਸ ਨੂੰ ਜਾਣ ਦੀ ਸੰਭਾਵਨਾ ਸੀ ਉਹ ਮਨਪ੍ਰੀਤ ਨੂੰ ਪੈ ਗਈਆਂ ਜਿਸ ਕਾਰਣ ਬਾਦਲ ਦਾ ਡੁੱਬਦਾ ਬੇੜਾ ਸਭਨਾ ਦੀ ਆਸ ਤੋਂ ਉਲਟ ਆਸਾਨੀ ਨਾਲ ਤਰ ਗਿਆ।

ਸੋ ਇਸੇ ਤਰ੍ਹਾਂ ਜੇ ਕਰ 'ਆਪ' ਨੇ ਉਕਤ ਫੈਸਲੇ ਸਮੇਂ ਸਿਰ ਨਾ ਲਏ ਤਾਂ ਬਾਦਲ ਵਿਰੋਧੀ ਵੋਟ ਜਿਹੜੀ ਕਾਂਗਰਸ ਨੂੰ ਜਾਣ ਦੀ ਸੰਭਾਵਨਾ ਹੈ ਉਹ 'ਆਪ' ਨੂੰ ਪੈ ਜਾਵੇਗੀ, ਜਿਸ ਦਾ ਸਿੱਟਾ ਇਹ ਹੋਵੇਗਾ ਕਿ ਕਾਂਗਰਸ ਨੂੰ ਜਿਹੜੀਆਂ ਕੁਝ ਕੁ ਸੀਟਾਂ ਆਉਣ ਦੀ ਸੰਭਾਵਨਾ ਹੈ, ਉਹ ਵੀ ਬੁਰੀ ਤਰ੍ਹਾਂ ਹਾਰ ਜਾਣਗੇ ਜਿਸ ਦਾ ਸਿੱਧਾ ਲਾਭ ਅਕਾਲੀ-ਭਾਜਪਾ ਨੂੰ ਹੋਵੇਗਾ। ਐਸ ਸਮੇਂ ਕਾਂਗਰਸ ਤਾਂ ਸਰਕਾਰ ਬਣਾਉਣ ਦੀ ਸਥਿਤੀ ਤੋਂ ਬਾਹਰ ਹੋ ਹੀ ਗਈ ਹੈ। ਸੋ ਲੋੜ ਹੈ ਕਿ ਅਕਾਲੀ-ਭਾਜਪਾ ਨੂੰ ਘੱਟ ਤੋਂ ਘੱਟ ਸੀਟਾਂ ਮਿਲਣ ਤਾਂ ਹੀ ਦਿੱਲੀ ਵਾਂਗ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਮੌਕਾ 'ਆਪ' ਦੇ ਹੱਥ ਲੱਗ ਸਕਦਾ ਹੈ। ਜੇ ਕਰ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਫਿਰ ਛੇਤੀ ਛੇਤੀ ਹੱਥ ਲੱਗਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਇਸ ਦੇਸ਼ ਦਾ ਸਾਰਾ ਭ੍ਰਿਸ਼ਟ ਤਾਣਾ ਬਾਣਾ 'ਆਪ' ਦੇ ਰਾਹ ਵਿੱਚ ਰੋੜੇ ਅੜਕਾਉਣ ਲਈ ਤਤਪਰ ਹੈ। ਦੇਰੀ ਹੋਣ ਨਾਲ ਦੇਸ਼ ਦੇ ਵੋਟਰਾਂ ਵਿੱਚ ਉਠਿਆ ਇਹ ਜੋਸ਼ ਠੰਡਾ ਪੈ ਸਕਦਾ ਹੈ। ਜਿਹੜਾ ਕਿ ਦੇਸ਼ ਦੇ ਕਿਸੇ ਤਰ੍ਹਾਂ ਵੀ ਹਿੱਤ ਵਿੱਚ ਨਹੀਂ ਹੈ।

ਆਪ ਜੀ ਦਾ ਅਤੇ 'ਆਪ' ਦਾ ਸ਼ੁਭਚਿੰਤਕ

ਕਿਰਪਾਲ ਸਿੰਘ ਬਠਿੰਡਾ
ਮੋਬ: ੯੮੫੫੪੮੦੭੯੭

ਉਪ੍ਰੋਕਤ ਦਾ ਇੱਕ ਇੱਕ ਉਤਾਰਾ ਹੇਠ ਲਿਖਿਆਂ ਨੂੰ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਅਸਲੀ ਸਥਿਤੀ ਸਬੰਧੀ ਕੌਮੀ ਪ੍ਰਧਾਨ ਸ਼੍ਰੀ ਅਰਵਿੰਦ ਕੇਜ਼ਰੀਵਾਲ ਨੂੰ ਸਹੀ ਜਾਣਕਾਰੀ ਦਿੱਤੀ ਜਾਵੇ ਜੀ ਤਾਂ ਕਿ ਆਪ ਦੀ ਜਿੱਤ ਯਕੀਨੀ ਬਣਾਈ ਜਾ ਸਕੇ ਜੀ।

੧. ਸ਼੍ਰੀ ਸੰਜੇ ਸਿੰਘ, ਇਨਚਾਰਜ ਲੋਕ ਸਭਾ ਚੋਣਾਂ, (ਆਮ ਆਦਮੀ ਪਾਰਟੀ)
੨. ਸ਼੍ਰੀ ਸ਼ਸ਼ੀ ਕਾਂਤ ਜੀ, ਸੀਨੀਅਰ ਮੈਂਬਰ ਆਮ ਆਦਮੀ ਪਾਰਟੀ
੩. ਸ: ਐੱਚ.ਐੱਸ. ਫੂਲਕਾ ਸੀਨੀਅਰ ਮੈਂਬਰ ਆਮ ਆਦਮੀ ਪਾਰਟੀ
੪. ਸ: ਹਰਜੋਤ ਸਿੰਘ ਬੈਂਸ ਪ੍ਰਧਾਨ 'ਆਪ' ਪੰਜਾਬ,
੫. ਸ਼੍ਰੀ ਬਿਲਾਸ ਚੰਦ ਗੁਪਤਾ ਜਨਰਲ ਸਕੱਤਰ 'ਆਪ' ਜਿਲ੍ਹਾ ਬਠਿੰਡਾ,
੬. ਸ਼੍ਰੀ ਪੁਨੀਤ ਗਰਗ ਮੈਂਬਰ ਕਾਰਜਕਾਰਨੀ 'ਆਪ' ਜਿਲ੍ਹਾ ਬਠਿੰਡਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top