Share on Facebook

Main News Page

ਕੀ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਣਗੇ ?

ਅੰਮ੍ਰਿਤਸਰ 5 ਫਰਵਰੀ (ਜਸਬੀਰ ਸਿੰਘ ਪੱਟੀ): ਭਾਜਪਾ ਦੇ ਕੌਮੀ ਸਕੱਤਰ ਤੇ ਭਾਜਪਾ ਦੇ ਸਟਾਫ ਕੰਪੈਂਨਰ ਸ੍ਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਸ੍ਰੀ ਸਿੱਧੂ ਦੇ ਅੰਮ੍ਰਿਤਸਰ ਤੋਂ ਹੀ ਲੋਕ ਸਭਾ ਚੋਣ ਲੜਨ ਤੇ ਆਮ ਆਦਮੀ ਪਾਰਟੀ ਦੀ ਸ਼ਲਾਘਾ ਕਰਨ ਤੋਂ ਸੰਕੇਤ ਮਿਲਦੇ ਹਨ, ਕਿ ਸ੍ਰੀ ਸਿੱਧੂ ਨੂੰ ਅਕਾਲੀ ਭਾਜਪਾ ਵੱਲੋ ਪੂਰੀ ਤਰਾ ਅੱਖੋਂ ਪਰੋਖੇ ਕਰਨ ਦੇ ਕਾਰਨ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਅੰਮ੍ਰਿਤਸਰ ਤੋਂ ਉਮੀਦਵਾਰ ਹੋ ਸਕਦੇ ਹਨ।

ਸ੍ਰੀ ਨਵਜੋਤ ਸਿੰਘ ਸਿੱਧੂ ਭਾਜਪਾ ਦੇ ਕਰੀਬ ਤਿੰਨ ਵਾਰੀ ਸੰਸਦ ਮੈਂਬਰ ਬਣ ਚੁੱਕੇ ਹਨ ਅਤੇ ਪਹਿਲੀ ਵਾਰੀ ਦੇਸ ਦੇ ਸਾਬਕਾ ਪਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਦੇ ਕਹਿਣ ਤੇ ਉਹ 2004 ਵਿੱਚ ਭਾਜਪਾ ਦਾ ਉਮੀਦਵਾਰ ਬਣ ਕੇ ਚੋਣ ਲੜੇ ਅਤੇ ਉਹਨਾਂ ਨੇ ਕਾਂਗਰਸ ਦੇ ਘਾਗ ਸਿਆਸਤਦਾਨ ਤੇ ਕਈ ਵਾਰੀ ਕੇਂਦਰੀ ਮੰਤਰੀ ਮੰਡਲ ਵਿੱਚ ਵੱਖ ਵੱਖ ਵਿਭਾਗਾ ਦੇ ਮੰਤਰੀ ਰਹੇ ਸ੍ਰੀ ਰਘੂਨੰਦਨ ਲਾਲ ਭਾਟੀਆ ਨੂੰ ਇੱਕ ਲੱਖ ਪੰਦਰਾਂ ਹਜਾਰ ਵੋਟਾਂ ਦੇ ਵੱਡੇ ਫਰਕ ਨਾਲ ਹਰਾ ਤੇ ਆਪਣੀ ਧਾਕ ਜਮਾਈ ਸੀ। ਭਾਜਪਾ ਨੇ ਸ੍ਰੀ ਸਿੱਧੂ ਨੂੰ ਉਸ ਤੋਂ ਬਾਅਦ ਆਪਣਾ ਸਟਾਰ ਕੰਪੈਂਨਰ ਬਣਾ ਲਿਆ ਅਤੇ ਉਹਨਾਂ ਨੂੰ ਦੇਸ ਦੇ ਵੱਖ ਵੱਖ ਰਾਜਾ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰਨ ਲਈ ਭੇਜਿਆ।

2004 ਤੋਂ ਬਾਅਦ ਪਾਰਟੀ ਨੇ 2007 ਵਿੱਚ ਹੋਈਆ ਵਿਧਾਨ ਸਭਾ ਚੋਣਾਂ ਸਮੇਂ ਸ੍ਰੀ ਸਿੱਧੂ ਨੂੰ ਇੱਕ ਵਾਰੀ ਫਿਰ ਲੋਕ ਸਭਾ ਦੀ ਜਿਮਨੀ ਚੋਣ ਲਈ ਉਮੀਦਵਾਰ ਬਣਾਇਆ ਤੇ ਇਸ ਵਾਰੀ ਉਹਨਾਂ ਨੇ ਕਾਂਗਰਸ ਦੇ ਪੈਰਾਸ਼ੂਟ ਰਾਹੀ ਬਠਿੰਡੇ ਤੋਂ ਲਿਆਦੇ ਗਏ ਉਮੀਦਵਾਰ ਸੁਰਿੰਦਰ ਸਿੰਘ ਸਿੰਗਲਾ ਨੂੰ 70 ਹਜਾਰ ਦੇ ਫਰਕ ਨਾਲ ਹਰਾਇਆ ਕਿਉਕਿ ਸ੍ਰੀ ਸਿੱਧੂ ਨੂੰ 2006 ਵਿੱਚ ਇੱਕ ਕਤਲ ਕੇਸ ਵਿੱਚ ਜੇਲ ਜਾਣਾ ਪਿਆ ਤੇ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਜੇਲ ਜਾਣ ਤੋਂ ਪਹਿਲਾਂ ਅਸਤੀਫਾ ਦੇ ਦਿੱਤਾ।

2009 ਵਿੱਚ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਫਿਰ ਚੋਣ ਹੋਈ ਤੇ ਇਸ ਵਾਰੀ ਸ੍ਰੀ ਸਿੱਧੂ ਦਾ ਦਸਤ ਪੰਜਾ ਕਾਂਗਰਸ ਦੇ ਜਰਨੈਲ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਪੈ ਗਿਆ ਜਿਹੜੇ ਕਰੀਬ ਚਾਰ ਵਾਰੀ ਵਿਧਾਇਕ ਦੀ ਚੋਣ ਜਿੱਤ ਚੁੱਕੇ ਸਨ।

ਇਸ ਵਾਰੀ ਮੁਕਾਬਲਾ ਕਾਫੀ ਸਖਤ ਬਣ ਗਿਆ ਤੇ ਫੌਜਾਂ ਦੋਹੀ ਪਾਸੀ ਭਾਰੀਆ ਲੱਗਣ ਲੱਗ ਪਈਆ ਸਨ। ਅਕਾਲੀਆ ਤੋਂ ਦੁੱਖੀ ਲੋਕ ਤਾਂ ਇਹ ਕਹਿ ਰਹਿ ਸਨ ਕਿ ਸੋਨੀ ਦੀ ਜਿੱਤ ਯਕੀਨੀ ਹੈ ਪਰ ਹਲਕੇ ਦੀ ਨਵੀ ਵੰਡ ਦਾ ਸ੍ਰੀ ਸਿੱਧੂ ਨੂੰ ਕਾਫੀ ਫਾਇਦਾ ਪੁੱਜਾ ਤੇ ਉਹ ਵਿਧਾਨ ਸਭ ਹਲਕਾ ਮਜੀਠਾ ਤੋਂ 22 ਹਜਾਰ ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸੇ ਤਰਾ ਰਾਜਾਸ਼ਾਂਸੀ, ਅਟਾਰੀ ਤੇ ਅਜਨਾਲਾ ਤੋਂ ਸ੍ਰੀ ਸਿੱਧੂ ਨੂੰ ਲੀਡ ਮਿਲੀ ਜਦ ਕਿ ਸੋਨੀ ਨੂੰ ਸ਼ਹਿਰੀ ਹਲਕਿਆਂ ਨੇ ਰੱਜ ਕੇ ਵੋਟ ਪਾਈ ਤੇ ਉਹਨਾਂ ਦੀ ਲੀਡ 40 ਹਜਾਰ ਤੱਕ ਪੁੱਜ ਗਈ, ਪਰ ਇਸ ਵਾਰੀ ਅਕਾਲੀਆਂ ਤੇ ਭਾਜਪਾਈਆਂ ਨੇ ਸ੍ਰੀ ਸਿੱਧੂ ਨੂੰ ਖੁੱਡੇ ਲਾਈਨ ਲਾਉਣ ਦੀ ਪੂਰੀ ਤਰਾ ਠਾਣੀ ਹੋਈ ਸੀ, ਪਰ ਫਿਰ ਵੀ ਸ੍ਰੀ ਸਿੱਧੂ ਸੱਤ ਹਜਾਰ ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਗਏ, ਜਦ ਕਿ ਕਾਂਗਰਸੀ ਅੱਜ ਵੀ ਦੋਸ਼ ਲਗਾ ਰਹੇ ਹਨ ਕਿ ਸ੍ਰੀ ਸਿੱਧੂ ਸਰਕਾਰੀ ਸ਼ਹਿ ਅਤੇ ਹੇਰਾਫੇਰੀ ਨਾਲ ਜਿੱਤਾਇਆ ਗਿਆ ਹੈ।

ਸ੍ਰੀ ਸਿੱਧੂ ਭਾਂਵੇ ਹਲਕੇ ਵਿੱਚ ਬਹੁਤ ਘੱਟ ਸਮਾਂ ਰਹੇ ਅਤੇ ਉਹਨਾਂ ਦਾ ਵਧੇਰੇ ਕਰਕੇ ਸਮਾਂ ਵੱਖ ਵੱਖ ਟੀ.ਵੀ ਚੈਨਲਾਂ ਤੇ ਠਹਾਕੇ ਮਾਰਨ ਵਿੱਚ ਹੀ ਗੁੱਜਰਦਾ ਸੀ, ਪਰ ਉਹਨਾਂ ਦੀ ਇਮਾਨਦਾਰੀ ਦੀ ਚਿੱਟੀ ਚਾਦਰ ਕੋਰੇ ਲੱਠੇ ਵਾਂਗ ਸਾਫ ਰਹੀ। ਉਹਨਾਂ ਨੇ ਫੰਡਾਂ ਦੀ ਵੰਡ ਭਾਵੇ ਬਹੁਤ ਹੀ ਘੱਟ ਕੀਤੀ ਪਰ ਦੁਰਵਰਤੋਂ ਕਰਨ ਤੋਂ ਜਰੂਰ ਉਹ ਬੱਚੇ ਰਹੇ। ਸ੍ਰੀ ਸਿੱਧੂ ਇੱਕ ਅੱਛੇ ਕ੍ਰਿਕਟਰ ਤਾਂ ਜਰੂਰ ਸਿੱਧ ਹੋ ਪਾਏ ਹਨ, ਪਰ ਇੱਕ ਸਿਆਸੀ ਆਗੂ ਨਹੀਂ। ਸ੍ਰੀ ਸਿੱਧੂ ਦੀ ਪ੍ਰਸਿੱਧੀ ਤੇ ਉਹਨਾਂ ਦੀ ਤਾਨਾਸ਼ਾਹੀ ਉਹਨਾਂ ਦੇ ਵਿਕਾਸ ਵਿੱਚ ਸਭ ਤੋਂ ਵੱਡਾ ਰੋੜਾ ਬਣੀ ਜਿਸ ਤੋਂ ਅਕਾਲੀ ਭਾਜਪਾ ਦੇ ਆਗੂ ਕਾਫੀ ਦੁੱਖੀ ਸਨ ਅਤੇ ਉਹਨਾਂ ਨੇ ਆਪਣੇ ਵਰਕਰਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਸਿੱਧੂ ਦਾ ਵਿਰੋਧ ਕਰਨ ਲਈ ਅੰਦਰਖਾਤੇ ਕਹਿ ਦਿੱਤਾ ਸੀ।

ਸਹਿਜੇ ਸਹਿਜੇ ਇਹ ਵਿਰੋਧ ਵਿਰਾਟ ਰੂਪ ਧਾਰਨ ਕਰ ਲੱਗ ਪਿਆ ਤੇ ਸਿੱਧੂ ਦਾ ਆਪਣਾ ਲਗਾਏ ਬੂਟੇ ਭਾਜਪਾ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਸਿੱਧੂ ਵਿਰੋਧੀ ਅਕਾਲੀਆ ਦਾ ਸ਼ਹਿ ਤੇ ਸ੍ਰੀ ਸਿੱਧੂ ਨੂੰ ਫਲ ਦੇਣ ਦੀ ਬਜਾਏ ਕੰਡੇ ਚੁਭਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਪਾਰਟੀ ਦੀਆ ਕਈ ਮੀਟਿੰਗਾਂ ਵਿੱਚ ਦੋਹਾਂ ਦਾ ਤੱਤਕਾਰ ਹੋਇਆ ਤੇ ਇੱਕ ਵਾਰੀ ਤਾਂ ਸਿੱਧੂ ਨੇ ਗੁੱਸੇ ਵਿੱਚ ਆ ਕੇ ਆਪਣੇ ਮੋਬਾਇਲ ਵੀ ਸੁੱਟ ਦਿੱਤੇ ਸਨ। ਅੱਜ ਭਾਂਵੇ ਜੋਸ਼ੀ ਵੀ ਅਕਾਲੀਆ ਦੀ ਨਾਦਰਸ਼ਾਹੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਅਕਾਲੀ ਕੌਲਸਰ ਤੇ ਆਗੂ ਉਸ ਦੇ ਖਿਲਾਫ ਵੀ ਧਰਨੇ ਦੇਣ ਦੇ ਨਾਲ ਨਾਲ ਮੁਜਾਹਰੇ ਕਰ ਰਹੇ ਹਨ। ਸ੍ਰੀ ਸਿੱਧੂ ਨੂੰ ਇਸ ਵੇਲੇ ਅਕਾਲੀ ਆਗੂ ਤੇ ਮਾਝੇ ਦੇ ਜਰਨੈਲ ਮੰਨੇ ਜਾਂਦੇ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਹੀ ਨਹੀਂ, ਸਗੋਂ ਸਿੱਧੂ ਦੇ ਭਾਅ ਜੀ ਵਜੋ ਜਾਣੇ ਜਾਂਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਅੱਖੋ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ ਹੈ । ਕਿਸੇ ਵੀ ਸਰਕਾਰੀ ਸਮਾਗਮ ਵਿੱਚ ਪਹਿਲੀ ਗੱਲ ਤਾਂ ਇਹ ਕਿ ਸ੍ਰੀ ਸਿੱਧੂ ਨੂੰ ਬੁਲਾਇਆ ਹੀ ਨਹੀਂ ਜਾਂਦਾ ਜੇਕਰ ਬੁਲਾਇਆ ਵੀ ਜਾਂਦਾ ਹੈ ਤਾਂ ਫਿਰ ਇੰਨਾ ਦੂਰ ਰੱਖਿਆ ਜਾਂਦਾ ਹੈ ਕਿ ਉਹ ਦੂਸਰੀ ਵਾਰੀ ਆਉਣ ਦੀ ਖੁਦ ਹੀ ਖੇਚਲ ਨਹੀਂ ਕਰਦਾ।
ਪਹਿਲਾਂ ਇਹ ਕਿਆਸ ਅਰਾਈਆ ਲਗਾਈਆ ਜਾ ਰਹੀਆ ਸਨ ਕਿ ਸਿੱਧੂ ਦਿੱਲੀ ਦੇ ਲੋਕ ਸਭਾ ਹਲਕਾ ਪੱਛਮੀ ਤੋਂ ਚੋਣ ਲੜਨਗੇ ਪਰ ਭਾਜਪਾ ਹਾਈ ਕਮਾਂਡ ਨੇ ਉਹਨਾਂ ਨੂੰ ਉਸ ਹਲਕੇ ਤੋਂ ਉਮੀਦਵਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕਾਫੀ ਦੇਰ ਸਿੱਧੂ ਅੰਮ੍ਰਿਤਸਰ ਤੋਂ ਗਾਇਬ ਰਹੇ ਤੇ ਜਦੋਂ ਵੀ ਆਉਦੇ ਉਹ ਕਾਂਗਰਸ ਨੂੰ ਦੱਬ ਕੇ ਸਿਆਸੀ ਗਾਲਾ ਕੱਢਦੇ ਤੇ ਪ੍ਰਧਾਨ ਮੰਤਰੀ ਤੱਕ ਨੂੰ ਵੀ ਕੋਸਣਾ ਨਾ ਭੁੱਲਦੇ। ਸਿੱਧੂ ਦੀ ਪਤਨੀ ਭਾਂਵੇ ਵਿਧਾਨ ਸਭਾ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਭਾਜਪਾ ਦੀ ਵਿਧਾਇਕ ਤੇ ਪੰਜਾਬ ਸਰਕਾਰ ਵਿੱਚ ਚੀਫ ਪਾਰਲੀਮਾਨੀ ਸੈਕਟਰੀ ਹੈ ਪਰ ਉਹਨਾਂ ਵੱਲੋ ਆਮ ਆਦਮੀ ਪਾਰਟੀ ਦੀ ਸਿਫਤ ਕਰਨਾ ਸਾਬਤ ਕਰਦਾ ਹੈ ਕਿ ਉਹਨਾਂ ਦਾ ਵੀ ਹੁਣ ਅਕਾਲੀ ਭਾਜਪਾ ਗਠਜੋੜ ਤੇ ਮੋਹ ਭੰਗ ਹੋ ਗਿਆ ਹੈ ਜਦ ਕਿ ਅਕਾਲੀ ਭਾਜਪਾ ਗਠਜੋੜ ਦਾ ਤਾਂ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆ ਮੂੰਹ ਨਹੀਂ ਥੱਕ ਰਿਹਾ। ਆਮ ਆਦਮੀ ਪਾਰਟੀ ਦੇ ਕੁਝ ਆਗੂਆ ਦਾ ਇਹ ਮੰਨਣਾ ਹੈ ਕਿ ਸਿੱਧੂ ਨੂੰ ਅੰਮ੍ਰਿਤਸਰ ਤੋਂ ਉਮੀਦਵਾਰ ਬਣਾਉਣ ਲਈ ਚਰਚਾ ਚੱਲ ਰਹੀ ਹੈ।

ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਜੰਗੀ ਪੱਧਰ ‘ਤੇ ਸ਼ਾਮਲ ਹੋ ਰਹੇ ਹਨ ਅਤੇ ਅਮੀਰ ਲੋਕ ਤਾਂ ਵਧੇਰੇ ਕਰਕੇ ਇਸ ਪਾਰਟੀ ਦੇ ਗੁਣ ਗਾਉਦੇ ਨਹੀਂ ਥੱਕਦੇ। ਸਰਹੱਦੀ ਖੇਤਰ ਦੇ ਅਨਪੜ ਲੋਕਾਂ ਵਿੱਚ ਵੀ ਆਮ ਆਦਮੀ ਪਾਰਟੀ ਦੀ ਚਰਚਾ ਚੱਲ ਰਹੀ ਹੈ ਅਤੇ ਸਰਹੱਦੀ ਖੇਤਰ ਦਾ ਪੜਿਆ ਲਿਖਿਆ ਨੌਜਵਾਨ ਤਾਂ ਆਮ ਆਦਮੀ ਪਾਰਟੀ ਦੇ ਗੁਣ ਗਾਈ ਜਾ ਰਿਹਾ ਹੈ ਜਿਵੇਂ ਉਸ ਨੂੰ ਇਸ ਵਿੱਚੋ ਆਪਣਾ ਭਵਿੱਖ ਨਜਰ ਆ ਰਿਹਾ ਹੋਵੇ। ਇਹ ਅਟੱਲ ਸੱਚਾਈ ਹੈ ਕਿ ਕਿਸੇ ਵੀ ਦੇਸ ਦੇ ਨੌਜਵਾਨ ਉਥੋ ਦਾ ਹਰਿਆਵਲ ਦਸਤਾ ਹੁੰਦੇ ਹਨ ਅਤੇ ਦੇਸ ਦੀ ਤਕਦੀਰ ਨੌਜਵਾਨ ਵਰਗ ਦੇ ਹੱਥ ਵਿੱਚ ਹੀ ਹੁੰਦੀ ਹੈ। ਸ੍ਰੀ ਸਿੱਧੂ ਇਹ ਭਲੀਭਾਂਤ ਸਮਝਦੇ ਹਨ ਤੇ ਚਰਚਾ ਇਸ ਗੱਲ ਦੀ ਪਾਈ ਜਾ ਰਹੀ ਹੈ ਕਿ ਨੌਜਵਾਨਾਂ ਦੇ ਦਿਲਾਂ ਦੇ ਧੜਕਣ ਸ੍ਰੀ ਸਿੱਧੂ ਇਸ ਵਾਰੀ ਚੋਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਕੇ ਆਪਣੀ ਕਿਸਮਤ ਇੱਕ ਵਾਰੀ ਫਿਰ ਅੰਮ੍ਰਿਤਸਰ ਤੋਂ ਅਜਮਾਉਣਾ ਚਾਹੁੰਦੇ ਹਨ। ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਦੀ ਆਪਸੀ ਲੜਾਈ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਫਾਇਦਾ ਪੁੱਜ ਸਕਦਾ ਹੈ, ਪਰ ਹਾਲੇ ਇਹ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਕਿ ਅਗਲੇ ਪੰਜ ਸਾਲ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਨਾਇਕ ਕੌਣ ਹੋਵੇਗਾ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top