Share on Facebook

Main News Page

ਆਸ਼ੂਤੋਸ਼ ਦੇ ਡੇਰੇ 'ਤੇ ਲਟਕ ਰਹੇ ਨੇ ਦਰਜਨਾਂ ਸਵਾਲ

* ਡੇਰਾ ਪ੍ਰਬੰਧਕਾਂ ਦਾ ਜਵਾਬ - ਮਹਾਰਾਜ ਅਜੇ ਡੂੰਘੀ ਸਮਾਧੀ 'ਚ ਹਨ
* ਸਰਕਾਰ ਕਹਿੰਦੀ ਹੈ ਆਸ਼ੂਤੋਸ਼ ਜੀ 'ਕਲਿਨੀਕਲੀ ਡੈੱਡ' ਹਨ
* ਡੇਰੇ ਤੋਂ ਬਾਹਰਲੀ ਚੁੰਝ-ਚਰਚਾ ਅਨੁਸਾਰ ਮਹਾਰਾਜ ਹੁਣ 'ਨਹੀਂ ਰਹੇ'
* ਕਰੋੜਾਂ ਸ਼ਰਧਾਲੂਆਂ ਨੂੰ ਆਸ - ਮਹਾਰਾਜ ਉੱਠ ਖੜ੍ਹੇ ਹੋਣਗੇ

ਜਲੰਧਰ/ਨਕੋਦਰ (ਜੁਗਿੰਦਰ ਸੰਧੂ, ਪਾਲੀ)- ਨੂਰਮਹਿਲ ਸ਼ਹਿਰ 'ਚ ਸਥਿਤ ਸ਼੍ਰੀ ਆਸ਼ੂਤੋਸ਼ ਮਹਾਰਾਜ ਦੇ ਡੇਰੇ 'ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ' ਉੱਤੇ ਦਰਜਨਾਂ ਸਵਾਲ ਮੰਡਰਾ ਰਹੇ ਹਨ, ਜਿਹੜੇ ਪਿਛਲੇ ਕੁਝ ਦਿਨਾਂ ਤੋਂ ਸੰਸਥਾ ਦੇ ਮੁਖੀ ਆਸ਼ੂਤੋਸ਼ ਜੀ ਦੇ ਸੰਬੰਧ 'ਚ ਉੱਠ ਰਹੇ ਹਨ। ਡੇਰੇ ਤੋਂ ਬਾਹਰ ਅਤੇ ਮੀਡੀਆ 'ਚ ਇਸ ਗੱਲ ਨੂੰ ਲੈ ਕੇ ਚਰਚੇ ਛਿੜੇ ਹੋਏ ਹਨ ਕਿ ਮਹਾਰਾਜ ਇਸ ਦੁਨੀਆ 'ਚ ਨਹੀਂ ਰਹੇ। ਸੰਸਥਾ ਦੇ ਪ੍ਰਬੰਧਕ ਪਹਿਲੇ ਦਿਨ ਤੋਂ ਇਹੀ ਦਾਅਵਾ ਕਰਦੇ ਆ ਰਹੇ ਹਨ ਕਿ ਸੁਆਮੀ ਜੀ 'ਡੂੰਘੀ ਸਮਾਧੀ' 'ਚ ਹਨ, ਜਦੋਂ ਕਿ ਇਸ ਦੌਰਾਨ ਉਨ੍ਹਾਂ ਦੀ ਜਾਂਚ ਕਰਨ ਵਾਲੇ ਡਾਕਟਰਾਂ ਦਾ ਕਹਿਣਾ ਹੈ ਕਿ ਮਹਾਰਾਜ 'ਕਲਿਨੀਕਲੀ ਡੈੱਡ' ਹਨ। ਇਸ ਦੇ ਨਾਲ ਹੀ ਕਰੋੜਾਂ ਸ਼ਰਧਾਲੂ ਇਹ ਆਸ ਆਪਣੇ ਦਿਲ 'ਚ ਪਾਲੀ ਬੈਠੇ ਹਨ ਕਿ ਮਹਾਰਾਜ ਉੱਠ ਖੜ੍ਹੇ ਹੋਣਗੇ ਅਤੇ ਫਿਰ ਤੋਂ ਉਨ੍ਹਾਂ ਸਾਹਮਣੇ ਪ੍ਰਵਚਨ ਕਰਨਗੇ।

ਨੂਰਮਹਿਲ 'ਚ ਬਣੀ ਇਸ ਸਥਿਤੀ ਅਤੇ ਉੱਠ ਰਹੇ ਸਵਾਲਾਂ ਦੀ ਤਹਿ ਤੱਕ ਜਾਣ ਲਈ 'ਜਗ ਬਾਣੀ' ਦੀ ਵਿਸ਼ੇਸ਼ ਟੀਮ ਨੇ ਸ਼ੁੱਕਰਵਾਰ ਨੂੰ ਇਲਾਕੇ ਅਤੇ ਡੇਰੇ ਦਾ ਦੌਰਾ ਕੀਤਾ। ਨੂਰਮਹਿਲ ਤੋਂ ਨਕੋਦਰ ਨੂੰ ਜਾਣ ਵਾਲੀ ਸੜਕ 'ਤੇ ਸਥਿਤ ਹੈ। ਹਾਲਾਂਕਿ ਪੁਰਾਣਾ ਡੇਰਾ ਬਹੁਤ ਥੋੜ੍ਹੀ ਜਗ੍ਹਾ 'ਚ ਨੂਰਮਹਿਲ ਸ਼ਹਿਰ ਦੇ ਅੰਦਰ ਸਥਿਤ ਸੀ, ਪਰ ਬਾਅਦ 'ਚ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ ਦੇ ਬਾਹਰਵਾਰ ਸੈਂਕੜੇ ਏਕੜ ਜ਼ਮੀਨ ਲੈ ਕੇ 1995 'ਚ ਨਵੇਂ ਡੇਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਅਤੇ 2000 ਸੰਨ ਤੋਂ ਮਹਾਰਾਜ ਦਾ ਸਿੰਘਾਸਨ ਰਸਮੀ ਤੌਰ 'ਤੇ ਇੱਥੇ ਤਬਦੀਲ ਹੋ ਗਿਆ। ਮੁੱਖ ਮਾਰਗ ਤੋਂ ਡੇਰੇ ਵੱਲ ਮੁੜਨ ਵਾਲੀ ਸੜਕ 'ਤੇ ਪੁਲਸ ਦਾ ਪਹਿਲਾ ਨਾਕਾ ਲੱਗਾ ਹੈ, ਜਿਸ ਤੋਂ ਅੰਦਰ ਜਾਣ ਦੀ ਆਮ ਲੋਕਾਂ ਨੂੰ ਅਤੇ ਖਾਸ ਕਰਕੇ ਮੀਡੀਆ ਵਾਲਿਆਂ ਨੂੰ ਮਨਾਹੀ ਹੈ। ਡੇਰੇ ਦੇ ਸ਼ਰਧਾਲੂ ਜਾਂ ਕੁਝ ਵੀ. ਆਈ. ਪੀ. ਲੋਕ ਹੀ ਇੱਥੋਂ ਅੰਦਰ ਜਾ ਸਕਦੇ ਹਨ। ਇਸ ਤੋਂ ਅੱਗੇ ਡੇਰੇ ਵਾਲੀ ਸੜਕ 'ਤੇ ਪੁਲਸ ਦਾ ਇਕ ਹੋਰ ਨਾਕਾ ਹੈ, ਜਿਸ ਤੋਂ ਅੱਗੇ ਕਿਸੇ ਵੀ ਵਾਹਨ ਨੂੰ ਜਾਣ ਦੀ ਇਜਾਜ਼ਤ ਨਹੀਂ ਹੁੰਦੀ, ਸਿਰਫ ਡੇਰੇ ਨਾਲ ਸੰਬੰਧਿਤ ਗੱਡੀਆਂ ਜਾਂ ਪੁਲਸ ਅਧਿਕਾਰੀਆਂ ਦੇ ਵਾਹਨ ਹੀ ਅੰਦਰ ਜਾ ਸਕਦੇ ਹਨ। ਡੇਰੇ 'ਚ ਪ੍ਰਵੇਸ਼ ਕਰਨ ਵਾਲੇ ਰਸਤੇ 'ਤੇ ਇਕ ਤੀਜਾ ਨਾਕਾ ਹੈ, ਜਿਸ ਤੋਂ ਅੱਗੇ ਜਾਣ ਵਾਲਿਆਂ ਦੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ। ਸੰਸਥਾ ਦੀ ਇਮਾਰਤ 'ਚ ਦਾਖਲ ਹੋਣ ਵਾਲਿਆਂ ਨੂੰ ਫਿਰ ਪੁਲਸ ਦੀ ਜਾਂਚ ਅਤੇ ਮੈਟਲ ਡਿਟੈਕਟਰ 'ਚੋਂ ਗੁਜ਼ਰਨਾ ਪੈਂਦਾ ਹੈ।

ਇਸ ਸੰਬੰਧ 'ਚ ਡੇਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਮੀਡੀਆ ਵਾਲੇ ਝੂਠੀਆਂ ਅਤੇ ਗਲਤ ਖਬਰਾਂ ਛਾਪ ਕੇ ਲੋਕਾਂ ਨੂੰ ਭੜਕਾ ਰਹੇ ਹਨ, ਇਸ ਕਰਕੇ ਮੀਡੀਆ ਨੂੰ ਅੰਦਰ ਆਉਣ ਤੋਂ ਰੋਕਿਆ ਗਿਆ ਹੈ। ਸੁਆਮੀ ਨਰਿੰਦਰਾ ਜੀ ਐੱਲ. ਐੱਲ. ਬੀ., ਸੁਆਮੀ ਪਰਮਾਨੰਦ ਜੀ ਅਤੇ ਡੇਰੇ ਦੇ ਹੋਰ ਬੁਲਾਰਿਆਂ ਨੇ 'ਜਗ ਬਾਣੀ' ਨੂੰ ਦੱਸਿਆ ਕਿ ਆਦਿ ਕਾਲ ਤੋਂ ਹੀ ਰਿਸ਼ੀ-ਮੁਨੀ, ਯੋਗੀ, ਤਪੱਸਵੀ ਸਮਾਧੀ ਲਾਉਂਦੇ ਰਹੇ ਹਨ, ਜਿਸ ਦੌਰਾਨ ਉਹ ਬਹੁਤ ਸਾਰਾ ਸਮਾਂ ਅਜਿਹੀ ਅਵਸਥਾ 'ਚ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਮੈਡੀਕਲ ਵਿਗਿਆਨ ਅਤੇ ਆਮ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਦੇ, ਸਿਰਫ ਪਰਮਾਰਥੀ ਹੀ ਇਸ ਗੱਲ ਦਾ ਮਹੱਤਵ ਅਤੇ ਭੇਤ ਜਾਣਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਆਸ਼ੂਤੋਸ਼ ਮਹਾਰਾਜ ਡੂੰਘੀ ਸਮਾਧੀ 'ਚ ਗਏ ਹਨ, ਸਗੋਂ ਇਸ ਤੋਂ ਪਹਿਲਾਂ ਵੀ ਇਕ ਵਾਰ ਨੂਰਮਹਿਲ ਦੇ ਪੁਰਾਤਨ ਡੇਰੇ 'ਚ ਤਿੰਨ ਦਿਨ ਲਈ ਅਤੇ ਫਿਰ ਪਟਿਆਲਾ ਦੇ ਡੇਰੇ 'ਚ 10 ਦਿਨ ਲਈ ਸਮਾਧੀ 'ਚ ਚਲੇ ਗਏ ਸਨ। ਉਨ੍ਹਾਂ ਕਿਹਾ ਕਿ ਡੇਰਾ ਵਿਰੋਧੀ ਜੱਥੇਬੰਦੀਆਂ ਅਤੇ ਲੋਕ ਇਕ ਸਾਜ਼ਿਸ਼ ਅਧੀਨ ਗਲਤ ਅਫਵਾਹਾਂ ਫੈਲਾ ਰਹੇ ਹਨ। ਇਨ੍ਹਾਂ ਸਾਜ਼ਿਸ਼ੀਆਂ ਦੇ ਕਾਰਨ ਹੀ ਪਿਛਲੇ ਦਿਨੀਂ ਪੂਰਨ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਆਪ ਨੂੰ ਮਹਾਰਾਜ ਦਾ ਡਰਾਈਵਰ ਦੱਸ ਕੇ ਹਾਈਕੋਰਟ 'ਚ ਰਿੱਟ ਪਾ ਦਿੱਤੀ ਸੀ। ਇਸੇ ਤਰ੍ਹਾਂ ਦੇ ਇਕ ਹੋਰ ਯਤਨ 'ਚ ਬਿਹਾਰ ਦੀ ਇਕ ਔਰਤ ਆਪਣੇ ਆਪ ਨੂੰ ਮਹਾਰਾਜ ਦੀ ਪਤਨੀ ਦੱਸ ਰਹੀ ਹੈ ਅਤੇ ਇਕ ਲੜਕਾ ਖੁਦ ਨੂੰ ਮਹਾਰਾਜ ਦਾ ਬੇਟਾ ਦੱਸ ਰਿਹਾ ਹੈ। ਡੇਰਾ ਪ੍ਰਬੰਧਕਾਂ ਨੇ ਕਿਹਾ ਕਿ ਇਹ ਸਭ ਲੋਕ ਪੈਸੇ ਨਾਲ ਖਰੀਦੇ ਗਏ ਹਨ ਅਤੇ ਜਿਹੜੀਆਂ ਜੱਥੇਬੰਦੀਆਂ ਅਤੇ ਲੋਕ ਸਾਜ਼ਿਸ਼ਾਂ ਰਚ ਰਹੇ ਹਨ, ਉਨ੍ਹਾਂ ਦਾ ਭਾਂਡਾ ਉਹ ਆਉਣ ਵਾਲੇ ਦਿਨਾਂ 'ਚ ਭੰਨਣਗੇ।

ਪ੍ਰਬੰਧਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀਆਂ ਸਾਰੇ ਰਾਜਾਂ 'ਚ ਅਣਗਿਣਤ ਸ਼ਾਖਾਵਾਂ ਹਨ। ਇਕੱਲੇ ਪੰਜਾਬ 'ਚ ਹੀ ਸੰਸਥਾ ਦੇ 45 ਆਸ਼ਰਮ ਅਤੇ ਇਕ ਕਰੋੜ ਦੇ ਲਗਭਗ ਸ਼ਰਧਾਲੂ ਹਨ। ਇਸ ਤੋਂ ਇਲਾਵਾ 10 ਹਜ਼ਾਰ ਪ੍ਰਚਾਰਕ ਹਨ, ਜਿਹੜੇ ਬਿਨਾਂ ਤਨਖਾਹ ਤੋਂ ਸਮਾਜ 'ਚ ਜਾਗ੍ਰਿਤੀ ਫੈਲਾਉਣ ਦਾ ਕੰਮ ਕਰ ਰਹੇ ਹਨ। ਸੰਸਥਾ 'ਚ ਹਰ ਧਰਮ ਅਤੇ ਜਾਤੀ ਨਾਲ ਸੰਬੰਧਿਤ ਦਿਹਾੜੇ ਮਨਾਏ ਜਾਂਦੇ ਹਨ। ਦੇਸ਼ ਭਰ 'ਚ 15 ਗਊਸ਼ਾਲਾਵਾਂ ਵਿਚ ਹਜ਼ਾਰਾਂ ਗਾਵਾਂ ਦੀ ਸਾਂਭ-ਸੰਭਾਲ ਆਸ਼ਰਮ ਵਲੋਂ ਕੀਤੀ ਜਾ ਰਹੀ ਹੈ ਅਤੇ ਆਰਥਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਮੁਫਤ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ। ਨੇਤਰਹੀਣਾਂ, ਬੇਰੋਜ਼ਗਾਰਾਂ, ਵਿਧਵਾਵਾਂ ਦੀ ਵੀ ਸਹਾਇਤਾ ਕੀਤੀ ਜੀ ਰਹੀ ਹੈ। ਅਜਿਹਾ ਸਭ ਵੇਰਵਾ ਦੱਸਣ ਦੇ ਬਾਵਜੂਦ ਜਦੋਂ ਸਵਾਲ ਆਸ਼ੂਤੋਸ਼ ਮਹਾਰਾਜ ਵਲ ਤੁਰਦਾ ਹੈ ਤਾਂ ਫਿਰ ਉਹੀ ਜਵਾਬ ਕਿ ਮਹਾਰਾਜ ਡੂੰਘੀ ਸਮਾਧੀ 'ਚ ਹਨ।

ਇਹ ਵੀ ਕਿਹਾ ਜਾਂਦਾ ਹੈ ਕਿ ਮਹਾਰਾਜ ਧਿਆਨਯੋਗ ਦੀ ਵਿਧੀ ਆਪਣੇ ਸ਼ਰਧਾਲੂਆਂ ਨੂੰ ਦੱਸ ਕੇ ਉਨ੍ਹਾਂ ਨੂੰ ਦੈਵੀ ਜੋਤ ਦੇ ਦਰਸ਼ਨ ਕਰਵਾਉਂਦੇ ਹਨ। ਇਸ ਦੌਰਾਨ ਆਪਣੇ ਆਪ ਨੂੰ ਆਸ਼ੂਤੋਸ਼ ਦਾ ਮਹਾਰਾਜ ਦਾ ਬੇਟਾ ਦੇਸਣ ਵਾਲੇ ਵਿਅਕਤੀ ਨੇ ਤਾਂ ਇੱਥੋਂ ਤੱਕ ਮੰਗ ਕਰ ਦਿੱਤੀ ਹੈ ਕਿ ਉਹ ਮਹਾਰਾਜ ਦੇ ਸਰੀਰ ਨੂੰ ਆਪਣੇ ਪਿੰਡ ਲਿਜਾ ਕੇ ਅੰਤਿਮ ਰਸਮਾਂ ਪੂਰੀਆਂ ਕਰਨਾ ਚਾਹੁੰਦੇ ਹਨ। ਨਾਲ ਹੀ ਇਹ ਵੀ ਸ਼ੱਕ ਜ਼ਾਹਰ ਕੀਤਾ ਕਿ ਡੇਰੇ 'ਚ ਉਨ੍ਹਾਂ ਨਾਲ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ। ਇਸ ਦੇ ਜਵਾਬ 'ਚ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਮਹਾਰਾਜ ਨੇ ਕਦੇ ਸ਼ਾਦੀ ਹੀ ਨਹੀਂ ਕਰਵਾਈ, ਤਾਂ ਉਨ੍ਹਾਂ ਦੀ ਪਤਨੀ ਅਤੇ ਪੁੱਤਰ ਕਿੱਥੋਂ ਆ ਗਏ। ਉਨ੍ਹਾਂ ਕਿਹਾ ਕਿ ਅਜਿਹਾ ਸਭ ਸਾਜਿਸ਼ ਦੇ ਅਧੀਨ ਕੀਤਾ ਜਾ ਰਿਹਾ ਹੈ। ਜਦੋਂ ਪ੍ਰਬੰਧਕਾਂ ਤੋਂ ਇਹ ਪੁੱਛਿਆ ਗਿਆ ਕਿ ਮਹਾਰਾਜ ਕਦੋਂ ਸਮਾਧੀ ਖੋਲ੍ਹਣਗੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਤਾਂ ਉਹ ਆਪ ਹੀ ਜਾਣਦੇ ਹਨ।

ਇਸ ਸਭ ਦੇ ਬਾਵਜੂਦ ਡੇਰੇ ਦੇ ਆਲੇ-ਦੁਆਲੇ ਪੁਲਸ ਦੀ ਕਿਲਾਬੰਦੀ, ਮੰਤਰੀਆਂ ਅਤੇ ਸੰਤਰੀਆਂ ਦੇ ਆਸ਼ਰਮ 'ਚ ਗੇੜੇ ਅਤੇ ਕਈ ਹੋਰ ਗੱਲਾਂ ਹਨ, ਜਿਹੜੀਆਂ ਇਸ ਸਾਰੀ ਸਥਿਤੀ ਨੂੰ ਸੁਲਝਾਉਣ ਦੀ ਬਜਾਏ ਉਲਝਾਉਂਦੀਆਂ ਲੱਗਦੀਆਂ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਆਉਣ ਵਾਲੇ ਦਿਨਾਂ 'ਚ ਮਿਲਣੇ ਸੰਭਵ ਹੋ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top