Share on Facebook

Main News Page

ਗੁਰੂ ਸਾਹਿਬਾਂ, ਭਗਤਾਂ ਦੀਆਂ ਕਾਲਪਨਿਕ ਤਸਵੀਰਾਂ ਤੇ ਗੈਰ ਸਿਧਾਂਤਿਕ ਸਾਖੀਆਂ ਦੀ ਬਜਾਏ, ਰੱਬੀ ਗਿਆਨ ਰੂਪੀ ਗੁਰਬਾਣੀ ਨੂੰ ਪੜ੍ਹਣ, ਸਮਝਣ ਤੇ ਉਸ ਅਨੁਸਾਰ ਚੱਲਣ ਦੀ ਲੋੜ ਹੈ
-: ਗੁਰਚਰਨ ਸਿੰਘ ਗੁਰਾਇਆ ਜਰਮਨੀ

ਮਨੁੱਖ ਨੇ ਗੁਰੂ ਸਾਹਿਬਾਂ ਤੇ ਭਗਤਾਂ ਦੀਆਂ ਆਪਣੀ ਸਮਝ ਤੇ ਆਪਣੇ ਖਿਆਲਾਂ ਦੁਆਰਾਂ ਕਾਲਪਨਿਕ ਤਸਵੀਰਾਂ ਬਣਾ ਲਈਆਂ ਤੇ ਅੱਜ ਬਹੁਗਿਣਤੀ ਵਿੱਚ ਮਨੁੱਖ ਗੁਰੂ ਸਾਹਿਬਾਂ ਤੇ ਭਗਤ ਸਾਹਿਬਾਨਾਂ ਦੇ ਆਤਮਿਕ ਗਿਆਨ ਰੂਪੀ ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਤੇ ਉਸ ਅਨੁਸਾਰ ਚੱਲਣ ਦੀ ਬਜਾਏ ਕਾਲਪਨਿਕ ਤਸਵੀਰਾਂ ਵਿੱਚ ਹੀ ਉਲਝਦਾ ਨਜ਼ਰ ਆ ਰਿਹਾ ਹੈ। ਗੁਰੂ ਸਾਹਿਬਾਂ ਜਾਂ ਭਗਤਾਂ ਦੀਆਂ ਤਸਵੀਰਾਂ ਦੇਖ ਕੇ ਗੁਰੂ ਤੇ ਗਰੂ ਦਾ ਸਿਧਾਂਤ ਯਾਦ ਆਵੇ ਤਾਂ ਚੰਗੀ ਗੱਲ ਹੈ । ਪਰ ਤਸਵੀਰਾਂ ਜਾਂ ਗੈਰ ਸਿਧਾਂਤਿਕ ਸਾਖੀਆਂ ਤੱਕ ਸੀਮਤ ਹੋਕੇ ਗੁਰੂ ਸਾਹਿਬਾਂ ਤੇ ਭਗਤ ਸਾਹਿਬਾਨਾਂ ਦਾ ਆਤਮਿਕ ਗਿਆਨ ਗੁਰਬਾਣੀ ਜਾਂ ਗੁਰਮਤਿ ਸਿਧਾਂਤ ਵਿਸਰ ਜਾਵੇ ਉਸ ਤੋਂ ਵੱਡੀ ਮਨੁੱਖ ਦੀ ਤਰਾਸਦੀ ਕੀ ਹੋ ਸਕਦੀ ਹੈ । ਅੱਜ ਇਹ ਹੀ ਕੁਝ ਹੋ ਰਿਹਾ ਹੈ ।

ਪਿਛਲੇ ਦਿਨੀ ਅਕਾਲ ਪੁਰਖ ਦੀ ਬੰਦਗੀ ਕਰਕੇ ਉਸ ਅਕਾਲ ਪੁਰਖ ਨਾਲ ਲੀਨ ਤੇ ਗੁਰਬਾਣੀ ਵਿੱਚ ਨੀਚ ਜਾਤਿ ਹਰਿ ਜਪਤਿਆ ਉਤੱਮ ਪੱਦਵੀ ਪਾਉਣ ਵਾਲੇ ਸ਼੍ਰੋਮਣੀ ਭਗਤ ਰਵਿਦਾਸ ਜੀ ਵਿੱਚ ਆਪਣੀ ਸ਼ਰਧਾਂ ਦਰਸਾਉਣ ਵਾਲੇ ਵੀਰਾਂ ਨੇ ਭਗਤ ਰਵਿਦਾਸ ਜੀ ਦੀ ਸਿਰ ਤੇ ਦਸਤਾਰ ਸਜਾਈ ਤਸਵੀਰ ਬਾਰੇ ਇਤਰਾਜ਼ ਹੀ ਨਹੀਂ ਉਠਾਇਆ ਤੇ ਇੱਥੋ ਤੱਕ ਵੀ ਕਿਹਾ ਕਿ ਜੋ ਭਗਤ ਰਵਿਦਾਸ ਜੀ ਦੀ ਅਸੀ ਨੰਗੇ ਸਿਰ ਵਾਲੀ ਤਸਵੀਰ ਰਜਿਸਟਰ ਕਰਾਈ ਹੈ, ਉਹ ਹੀ ਲਗਾ ਸਕਦੇ ਹੋ ਦੂਸਰੀ ਨਹੀਂ। ਉਹਨਾਂ ਵੀਰਾਂ ਦੀਆਂ ਇਹ ਗੱਲਾਂ ਸੁਣ ਕੇ ਮਨ ਵਿੱਚ ਰੋਣਾ ਹੀ ਆ ਰਿਹਾ ਸੀ, ਕਿ ਅੱਜ ਇਹ ਵੀਰ ਜੋ ਭਗਤ ਰਵਿਦਾਸ ਜੀ ਦੇ ਰੱਬੀ ਗਿਆਨ ਗੁਰਬਾਣੀ ਦੀ ਬਜਾਏ ਭਗਤ ਰਵਿਦਾਸ ਜੀ ਦੀ ਕਾਲਪਨਿਕ ਤਸਵੀਰ ਦੇ ਚੱਕਰਾਂ ਵਿੱਚ ਪੈ ਗਏ ਹਨ ਤੇ ਦੂਸਰਿਆਂ ਨੂੰ ਵੀ ਕਹਿ ਰਹੇ ਹਨ ਕਿ ਜੇਕਰਾਂ ਤੁਸੀਂ ਭਗਤ ਰਵਿਦਾਸ ਜੀ ਵਿੱਚ ਸ਼ਰਧਾਂ ਜਾਂ ਉਹਨਾਂ ਦਾ ਸਤਿਕਾਰ ਕਰਨ ਹੈ ਤੇ ਸਾਡੇ ਅਨੁਸਾਰ ਹੀ ਕਰੋ ।

ਪਰ ਇਹਨਾਂ ਸਤਿਕਾਰਯੋਗ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਵੀਰੋ ਬਾਹਰ ਅਸਮਾਨ ਦਾ ਰੰਗ ਇੱਕ ਹੀ ਤੇ ਵੱਖ ਵੱਖ ਰੰਗਾਂ ਦੀਆਂ ਐਨਕਾਂ ਲਗਾ ਕੇ ਅਸਮਾਨ ਦਾ ਰੰਗ ਨਹੀਂ ਬਦਲਦਾ ਸਿਰਫ ਦੇਖਣ ਵਾਲਿਆਂ ਦੀਆਂ ਐਨਕਾਂ ਦੇ ਵੱਖ ਵੱਖ ਰੰਗ ਕਰਕੇ ਹੀ ਉਹਨਾਂ ਨੂੰ ਅਸਮਾਨ ਵੱਖ ਵੱਖ ਰੰਗਾਂ ਵਿੱਚ ਦਿਖਾਈ ਦਿੰਦਾ ਹੈ । ਭਗਤ ਰਵਿਦਾਸ ਜੀ ਦੇ ਰੱਬੀ ਗਿਆਨ ਰੂਪੀ 40 ਸ਼ਬਦ 16 ਰਾਗਾਂ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ । ਤੇ ਹਰ ਗੁਰਸਿੱਖ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸਚਾ ਰੱਖਦਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਛੇ ਗੁਰੂ ਸਾਹਿਬਾਨਾਂ, 15 ਭਗਤਾਂ, 11 ਭੱਟਾਂ ਤੇ ਤਿੰਨ ਗੁਰਸਿੱਖਾਂ ਦੇ ਆਤਮਿਕ ਗਿਆਨ ਰੂਪੀ ਗੁਰਬਾਣੀ ਨੂੰ ਇੱਕ ਜੋਤ ਸਮਝਦਾ ਹੈ ਤੇ ਸਤਿਕਾਰਦਾ ਹੈ ।

ਪਰ ਅੱਜ ਇਹ ਵੀਰ ਭਗਤ ਰਵਿਦਾਸ ਜੀ ਦੀ ਨੰਗੇ ਸਿਰ ਵਾਲੀ ਤਸਵੀਰ ਹਿੰਦੋਸਤਾਨ ਦੀ ਬ੍ਰਹਮਵਾਦੀ ਸੋਚ ਦੀ ਧਾਰਨੀ ਹਕੂਮਤ ਵੱਲੋ ਰਜਿਸਟਰ ਕਰਾਉਣ ਦੀ ਜੋ ਗੱਲ ਕਰ ਰਹੇ ਹਨ, ਵੀਰੋ ਉਹਨਾਂ ਨੇ ਤੇ ਇਹ ਕਰਨੀ ਸੀ ਕਿਉਂਕਿ ਇਹਨਾਂ ਦੇ ਵਡੇਰਿਆਂ ਨੇ ਹੀ ਤਾਂ ਇਸ ਮਹਾਨ ਆਤਮਾਂ ਤੇ ਕਿਹੜਾ ਜ਼ੁਲਮ ਨਹੀਂ ਢਾਹਿਆਂ ਤੇ ਇੱਥੋ ਤੱਕ ਕਿ ਅਖੌਤੀ ਨੀਵੀ ਜਾਤਾਂ ਵਾਲਿਆਂ ਨੂੰ ਰੱਬ ਦੀ ਬੰਦਗੀ ਕਰਨ ਦੀ ਮਨਾਹੀ ਤੇ ਮੰਦਰਾਂ ਤਾਂ ਕੀ ਮੱਥੇ ਲੱਗਣ ਨੂੰ ਮਾੜਾ ਗਿਣਦੇ ਸੀ ਸ਼ੰਭੂਕ ਦਾ ਕਤਲ ਸਿਰਫ ਇਸ ਕਰਕੇ ਉਹ ਨੀਵੀ ਜਾਤੀ ਦਾ ਹੋ ਕੇ ਰੱਬ ਦੀ ਭਗਤੀ ਕਰਦਾ ਸੀ ।ਕੰਨਾਂ ਵਿੱਚ ਸਿੱਕਾਂ ਢਾਲਕੇ ਪਾਉਣ ਤੇ ਜੀਭ ਕੱਟਣ ਤੱਕ ਦੇ ਫੁਰਮਾਣ ਤੇ ਸਿਰ ਤੇ ਦਸਤਾਰ ਬੰਨਣ ਦੀ ਵੀ ਮਨਾਹੀ ਸੀ । ਉਹਨਾਂ ਤੇ ਨੰਗੇ ਸਿਰ ਵਾਲੀ ਤਸਵੀਰ ਆਪ ਹੀ ਰਜਿਸਰਟਰ ਕਰਨੀ ਸੀ ਕਿਉਂਕਿ ਜੋ ਉਹ ਕੰਮ ਕਰਨਾ ਚਾਉਦੇ ਹਨ, ਉਹ ਅਸੀ ਆਪ ਹੀ ਕਰੀ ਜਾ ਰਹੇ ਹਾਂ ।

ਸਤਿਕਾਰਯੋਗ ਵੀਰੋ ਆਉ ਉਸ ਬ੍ਰਹਮਵਾਦੀ ਸੋਚ ਦੀਆ ਚਾਲਾਂ ਨੂੰ ਸਮਝੀਏ । ਜੇਕਰ ਅੱਜ ਸਮਾਜ ਦੀ ਛੋਟੀ ਜਿਹੀ ਗੱਲ ਨੂੰ ਸਮਝ ਲਈਏ ਕਿ ਕਿਸੇ ਦਾ ਸਿਰ ਕੰਜਣਾਂ ਚੰਗੀ ਗੱਲ ਹੈ ਕਿ ਕਿਸੇ ਦਾ ਸਿਰ ਨੰਗਾ ਕਰਨਾ ਚੰਗੀ ਗੱਲ ਹੈ। ਸਿਰ ਤੇ ਦਸਤਾਰ ਸਜਾਉਣੀ, ਸਿਰ ਤੇ ਚੁੰਨੀ ਦੇਣੀ ਚੰਗੀ ਗੱਲ ਹੈ, ਨਾ ਕਿ ਕਿਸੇ ਦੀ ਲਾਉਣੀ । ਜਿਸ ਨੇ ਵੀ ਭਗਤ ਰਵਿਦਾਸ ਜੀ ਦੀ ਦਸਤਾਰ ਵਾਲੀ ਤਸਵੀਰ ਬਣਾਈ ਹੈ ਉਸ ਨੇ ਸਤਿਕਾਰ ਲਈ ਹੀ ਬਣਾਈ ਹੈ ਤੇ ਇਹ ਵੀ ਗੱਲ ਨਹੀਂ ਕਿ ਰਵਿਦਾਸ ਜੀ ਦੀ ਜਾਤਿ ਚਮਾਰ ਸੀ ਤੇ ਉਹ ਸਿਰਫ ਚਮਾਰਾਂ ਦੇ ਹੀ ਹਨ । ਅੱਜ ਰਵਿਦਾਸ ਭਾਈ ਚਾਰੇ ਨਾਲ ਸਬੰਧਤ ਇੱਕ ਧੜਾ ਜੋ ਅਕਾਲ ਪੁਰਖ ਦੀ ਬੰਦਗੀ ਕਰਕੇ ਉਸੇ ਵਿੱਚ ਲੀਨ ਹੋਈ ਮਹਾਨ ਆਤਮਾਂ ਭਗਤ ਰਵਿਦਾਸ ਜੀ ਦੇ ਰੱਬੀ ਗਿਆਨ ਰੂਪੀ ਬਾਣੀ ਨੂੰ ਮਨੁੱਖਤਾਂ ਦੇ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੱਖ ਕਰਕੇ, ਆਪਣਾ ਵੱਖਰਾ ਗ੍ਰੰਥ ਬਣਾਉਣ ਤੇ ਇਸ ਨੂੰ ਮੰਨਣ ਵਾਲਿਆ ਦਾ ਵੱਖਰਾ ਪੰਥ ਭਗਤ ਰਵਿਦਾਸ ਜੀ ਦੇ ਗੁਰਬਾਣੀ ਸਿਧਾਤ ਦੀ ਉਲੰਘਣਾ ਕਰਕੇ ਮੰਨੂਵਾਦ ਦੇ ਜਾਤੀਵਾਦ ਦੇ ਚੱਕਰਵਿਊ ਵਿੱਚ ਦੁਆਰਾ ਫੱਸਣ ਬਰਾਬਰ ਹੈ।

ਅੱਜ ਲੋੜ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨੂੰ ਸਮਝਣ ਅਪਣਾਉਣ ਤੇ ਉਸ ਅਨੁਸਾਰ ਆਪਣਾ ਜੀਵਨ ਬਣਾਉਣ ਦੀ ਗੁਰੂ ਨਾਨਕ ਦੇਵ ਜੀ ਦੇ ਚਲਾਏ ਨਿਰਾਲੇ ਸਿੱਖ ਪੰਥ ਜਿਸ ਵਿੱਚ ਜਾਤ ਪਾਤ, ਊਚ ਨੀਚ, ਕਰਮਕਾਂਡ ਨੂੰ ਕੋਈ ਥਾਂ ਨਹੀਂ ਤੇ ਪੰਜਵੇ ਨਾਨਕ ਨੇ ਮਨੁੱਖਤਾ ਦੀ ਅਗਵਾਈ ਲਈ ਸਰਬਸਾਂਝੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਇਸ ਵਿੱਚ ਗੁਰੂ ਸਿਧਾਤ ਨਾਲ ਮੇਲ ਖਾਣ ਵਾਲੀਆਂ ਮਹਾਨ ਆਤਮਾਵਾਂ ਦੀ ਬਾਣੀ ਕਿਸੇ ਵੀ ਭਿੰਨ ਭਾਵ ਤੋਂ ਦਰਜ ਕਰਕੇ ਮਨੁੱਖਤਾ ਨੂੰ ਅਨਮੋਲ ਖਜਾਨਾ ਦਿੱਤਾ ਹੈ। ਇਸੇ ਤਰ੍ਹਾਂ ਦਸਵੇ ਨਾਨਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਖਾਲਸੇ ਦੀ ਸਾਜਣਾ ਕਰਕੇ, ਖੰਡੇ ਬਾਟੇ ਦੀ ਪਹੁਲ ਸਮੇ ਕਿਸੇ ਵੀ ਭਿੰਨ ਭਾਵ ਤੋ ਬਿਨ੍ਹਾਂ ਸਾਨੂੰ ਬਰਾਬਰਤਾ ਦਿੱਤੀ ਤੇ ਕਿਹਾ ਕਿ ਖੰਡੇ ਬਾਟੇ ਦੀ ਪਹੁਲ ਲੈਣ ਵਾਲੇ ਤੁਸੀਂ ਅੱਜ ਤੋ ਗੁਰਭਾਈ ਹੋ, ਤੁਹਾਡੀ ਕੋਈ ਜਾਤ ਪਾਤ ਨਹੀਂ । ਤੁਸੀਂ ਸਭ ਬਰਾਬਰ ਹੋ, ਤੇ ਜੇਕਰ ਅੱਜ ਫਿਰ ਵੀ ਕੋਈ ਖੰਡੇ ਦੀ ਪਹੁਲ ਲੈ ਕੇ ਵੀ ਜਾਤਪਾਤ ਦਾ ਅਭਿਮਾਨ ਕਰਦਾ ਹੈ । ਉਹ ਗੁਰੂ ਦੇ ਉਪਦੇਸ਼ਾਂ ਦੇ ਉਲਟ ਤੇ ਉਸ ਨੂੰ ਸਿੱਖ ਅਖਵਾਉਣ ਦਾ ਹੀ ਹੱਕ ਨਹੀਂ ਹੈ । ਧਰਮ ਦੇ ਨਾ ਤੇ ਮਨੁੱਖਤਾ ਦੀ ਲੁੱਟ ਕਰਨ ਵਾਲੇ ਬ੍ਰਹਮਣਵਾਦ ਨੇ, ਮਨੁੱਖੀ ਬਰਾਤਬਰਤਾ ਵਾਲੇ ਸਿੱਖ ਧਰਮ ਵਿੱਚ, ਜਿੱਥੇ ਆਪਣੀ ਸੋਚ ਤੇ ਆਪਣੇ ਹੱਥ ਠੋਕੇ ਫਿੱਟ ਕਰ ਦਿੱਤੇ ਹਨ।

ਉਥੇ ਦੂਜੇ ਪਾਸੇ ਰਵਿਦਾਸ ਭਾਈਚਾਰੇ ਵਿੱਚ ਵੀ ਭਗਤ ਰਵਿਦਾਸ ਜੀ ਦੇ ਨਾ ਤੇ ਸਿਰਫ ਇਸ ਜਾਤ ਨਾਲ ਸਬੰਧਤ ਲੋਕਾਂ ਨੂੰ ਭਗਤ ਰਵਿਦਾਸ ਜੀ ਦੀ ਗੁਰਬਾਣੀ ਸਿਧਾਂਤ ਨੂੰ ਸਮਝਣ ਦੀ ਬਜਾਏ, ਬ੍ਰਾਹਮਣਵਾਦੀ ਸੋਚ ਵੱਲੋ ਲਿਖੀਆਂ ਸਾਖੀਆਂ ਸੁਣਾਕੇ ਅਸਲ ਗੁਰਬਾਣੀ ਸਿਧਾਤ ਤੋਂ ਕੋਹਾ ਦੂਰ ਕੀਤਾ ਜਾ ਰਿਹਾ ਤੇ ਸਿੱਖ ਪੰਥ ਨਾਲੋਂ ਤੋੜਨ ਵਾਲਾ ਜ਼ਹਿਰ ਘੋਲਿਆਂ ਜਾ ਰਿਹਾ ਹੈ । ਅੱਜ ਰਵਿਦਾਸ ਭਾਈਚਾਰੇ ਨਾਲ ਸਬੰਧਤ ਵੀਰ ਜੋ ਜਾਣੇ ਜਾਂ ਅਣਜਾਣੇ ਸਿਆਸੀ ਲੋਕਾਂ ਜਿਹਨਾਂ ਦਾ ਮਕਸਦ ਸਿਰਫ ਕੁਰਸੀ, ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲਣ ਵਾਲੇ ਸਿੱਖ ਪੰਥ ਦੇ ਦੁਸ਼ਮਣਾਂ ਦੀਆਂ ਚਾਲਾਂ ਵਿੱਚ ਘਿਰਕੇ ਸਿੱਖੀ ਵਿੱਚ ਨਾ ਬਰਾਬਰੀ ਦਾ ਬਹਾਨਾ ਬਣਾ ਕੇ ਇਸ ਵੱਖਰੇ ਗ੍ਰੰਥ ਤੇ ਪੰਥ ਬਣਾਉਣ ਦੀ ਬੱਜਰ ਗਲਤੀ ਕਰ ਰਹੇ ਹਨ । ਜਦ ਕਿ ਇਹਨਾਂ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਵਾਗ ਗੁਰਮਤਿ ਸਿਧਾਤਾਂ ਨੂੰ ਆਪਣਾਉਣ ਦੀ ਲੋੜ ਹੈ। ਉਸ ਵਕਤ ਵੀ ਪੁਜਾਰੀਆਂ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਦਲਿਤਾਂ ਦੀ ਦੇਗ ਤੇ ਅਰਦਾਸ ਦੀ ਮਨਾਹੀ ਕਰ ਦਿੱਤੀ ਸੀ ਤਾਂ ਗਿਆਨੀ ਦਿੱਤ ਸਿੰਘ ਜੀ, ਪ੍ਰੋ. ਗੁਰਮੁੱਖ ਸਿੰਘ ਜੀ ਨੇ ਸਿੰਘ ਸਭਾ ਲਹਿਰ ਇਹਨਾਂ ਆਈਆਂ ਗਿਰਾਵਾਟਾਂ ਦੇ ਖਿਲਾਫ ਚਲਾਈ ਸੀ। ਜਿਸ ਨੇ ਬਹੁਤ ਹੀ ਸੁਧਾਰਵਾਦੀ ਕੰਮ ਕੀਤੇ ਤੇ ਇਸੇ ਹੀ ਲਹਿਰ ਵਿੱਚੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਦ ਵਿੱਚ ਆਈ ਸੀ । ਜੇਕਰ ਅੱਜ ਧਰਮ ਦੇ ਬੁਰਕੇ ਵਿੱਚ ਸਿਆਸੀ ਆਧਰਮਿਕ ਲੋਕ ਕਾਬਜ਼ ਹੋਕੇ ਸਿੱਖੀ ਸਿਧਾਤਾਂ ਤੋਂ ਉਲਟ ਕੰਮ ਕਰਦੇ ਹਨ ਤਾਂ ਰਵਿਦਾਸ ਭਾਈਚਾਰੇ ਨੂੰ ਗੁਰਮਤਿ ਸਿਧਾਤਾਂ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਖੰਡੇ ਬਾਟੇ ਦੀ ਪਹੁਲ ਲੈ ਕੇ ਇਸ ਦੇ ਖਿਲਾਫ ਸੁਧਾਰ ਲਹਿਰ ਚਲਾਉਣ ਦੀ ਲੋੜ ਹੈ ਨਾ ਕਿ ਵੱਖਰਾ ਗ੍ਰੰਥ ਤੇ ਪੰਥ ਬਣਾਉਣ ਦੀ ।

ਅੱਜ ਰਵਿਦਾਸ ਭਾਈਚਾਰਾ ਜੋ ਸਿੱਖੀ ਸਿਧਾਤਾਂ ਤੋ ਭਟਕੇ ਸਿੱਖਾਂ ਦਾ ਬਹਾਨਾ ਬਣਾ ਰਿਹਾ ਹੈ। ਪਰ ਕੀ ਕਦੀ ਆਪ ਵੀ ਗੁਰੂ ਸਿਧਾਤ ਦੀ ਕਸਵੱਟੀ ਤੇ ਪਰਖ ਕਰਣ ਦੀ ਕੋਸ਼ਿਸ਼ ਕੀਤੀ ਹੈ । ਕੀ ਦੂਜਿਆਂ ਨੂੰ ਦੋਸ਼ ਦੇਣ ਦੇ ਨਾਲ ਨਾਲ ਗਲਤੀ ਸਾਡੇ ਵਿੱਚ ਵੀ ਤਾਂ ਨਹੀਂ ਜਦ ਕਿ ਗੁਰੂ ਸਿਧਾਤ ਤੇ ਚੱਲਣ ਵਾਲੇ ਗੁਰ ਸਿੱਖਾਂ ਦਾ ਸਨਮਾਣ ਜਾਤ ਬਰਾਦਰੀ ਕਰਕੇ ਨਹੀਂ ਸਗੋ ਉਹਨਾਂ ਵੱਲੋ ਕੀਤੇ ਕੰਮਾਂ ਤੇ ਕੁਰਬਾਨੀ ਕਰਕੇ ਹੁੰਦਾ ਹੈ । ਇਸ ਜਾਤ ਨਾਲ ਸਬੰਧਤ ਸਿੱਖ ਕੌਮ ਸ਼ਹੀਦ ਭਾਈ ਸੰਗਤ ਸਿੰਘ ਜੀ, ਸ਼ਹੀਦ ਭਾਈ ਜੀਵਨ ਸਿੰਘ ਜੀ ਤੇ ਮੌਜੂਦਾ ਸਿੱਖ ਸੰਘਰਸ਼ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ ਨੂੰ ਸਿੱਖ ਕੌਮ ਕਿਵੇ ਭੁੱਲ ਸਕਦੀ ਹੈ । ਬ੍ਰਾਹਮਣਵਦੀ ਸੋਚ ਸਿੱਖ ਪੰਥ ਨੂੰ ਖੇਰੂੰ ਖੇਰੂੰ ਕਰਨ ਲਈ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਅਜੋਕੇ ਸਮੇ ਅੰਦਰ ਹਰ ਪੱਖ ਤੋਂ ਮਨੁੱਖਤਾ ਦਾ ਨਵੀਨ ਧਰਮਿਕ ਗ੍ਰੰਥ ਹੈ ਤੇ ਇਸ ਦੀ ਬਰਾਬਰਤਾ ਤੇ ਭਲੇਖਾ ਪਾਉਣ ਲਈ ਹੋਰ ਕਈ ਅਖੌਤੀ ਗ੍ਰੰਥ ਪੈਦਾ ਕੀਤੇ ਜਾ ਰਹੇ ਹਨ । ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਕਰਨ ਲਈ ਨਾਸ਼ਵੰਤ ਦੇਹਧਾਰੀ ਗੁਰੂਡੰਮ, ਡੇਰੇ, ਅਖੌਤੀ ਸਾਧ ਪੈਦਾ ਕੀਤੇ ਜਾ ਰਹੇ ਹਨ। ਜੋ ਗੁਰਮੁੱਖ ਪਿਆਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਅਦਬ ਤੇ ਸਤਿਕਾਰ ਕਰਦੇ ਤੇ ਇਸ ਨਾਲ ਜੋੜਨ ਦਾ ਪ੍ਰਚਾਰ ਕਰਦੇ ਹਨ, ਉਹ ਸਤਿਕਾਰਯੋਗ ਹਨ, ਤੇ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਨਾ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪੱਰ ਤੇ ਨਾ ਹੀ ਬਰਾਬਰ ਸਮਝਣਾ ਚਹੀਦਾ ਹੈ । ਰਵਿਦਾਸ ਭਾਈਚਾਰੇ ਨਾਲ ਸਬੰਧਤ ਜਿਸ ਸੰਤ ਸਮਾਜ ਤੇ ਸੰਪਰਦਾਵਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਆਪਣਾ ਵਿਸ਼ਵਾਸ਼ ਰੱਖਿਆ ਹੈ। ਉਹਨਾਂ ਨੇ ਸ਼ਲਾਘਾਯੋਗ ਫੈਸਲਾ ਲਿਆ ਹੈ ਤੇ ਇਸ ਦੇ ਨਾਲ ਵੱਖਰੇ ਗ੍ਰੰਥ ਤੇ ਪੰਥ ਬਣਾਉਣ ਵਾਲੇ ਵੀਰਾਂ ਨੂੰ ਵੀ ਨਿਮਰਤਾ ਸਾਹਿਤ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਨਾਲੋ ਟੁੱਟ ਕੇ ਬ੍ਰਾਹਮਣਵਦੀ ਸੋਚ ਦੀ ਗੁਲਾਮੀ ਵੱਲ ਆਪਣੇ ਆਪ ਨੂੰ ਨਾ ਧਕੇਲਣ । ਆਪਣੇ ਮਨ ਦੇ ਵਲਵੱਲੇ ਲਿਖਦਿਆਂ ਕਿਸੇ ਵੀਰ ਦੇ ਮਨ ਕੋਈ ਠੇਸ ਪੰਹੁਚੇ ਉਸ ਕੋਲੋ ਖਿਮਾਂ ਦਾ ਜਾਂਚਕ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top