Share on Facebook

Main News Page

ਮੁੱਕਰਨਾ ਵੀ ਇੱਕ ਕਲਾ ਹੈ !
-: ਜਸਬੀਰ ਸਿੰਘ ਪੱਟੀ 093560 24684

ਮੁੱਕਰਨਾ ਵੀ ਇੱਕ ਕਲਾ ਹੈ ਅਤੇ ਕਿਸੇ ਕਿਸੇ ਵਿਅਕਤੀ ਵਿੱਚ ਤਾਂ ਇਹ ਕਲਾ ਇਸ ਕਦਰ ਭਰਪੂਰ ਹੁੰਦੀ ਹੈ ਕਿ ਉਹ ਪਤਾ ਹੀ ਨਹੀਂ ਲੱਗਣ ਦਿੰਦੇ ਕਿ ਉਹ ਕਲਾਕਾਰੀ ਕਰਕੇ ਆਪਣੇ ਕੀਤੇ ਕੌਲ ਕਰਾਰਾਂ ਤੋਂ ਕਦੋ ਤੇ ਕਿਵੇਂ ਮੁੱਕਰ ਗਏ। ਭਾਰਤੀ ਸੰਸਕ੍ਰਿਤੀ ਵਿੱਚ ਵਾਅਦਾ ਬੜੀ ਵੱਡੀ ਨਿਆਮਤ ਮੰਨਿਆ ਜਾਂਦਾ ਹੈ, ਅਤੇ ਜਿਹੜਾ ਵਿਅਕਤੀ ਮੁੱਕਰ ਜਾਂਦਾ ਹੈ ਉਸ ਨੂੰ ਸਮਾਜ ਵਿੱਚ ਜਿਥੇ ਘਿਰਣਾ ਦੀ ਨਜਰ ਨਾਲ ਵੇਖਿਆ ਜਾਂਦਾ ਹੈ, ਉਥੇ ਉਹਨਾਂ ਲਈ ਇਹ ਕਹਾਵਤ ਵੀ ਬਣੀ ਬਣੀ ਹੋਈ ਹੈ ਕਿ ‘‘ਮੁੱਕਰ ਗਿਆ ਸੋ ਮਰ ਗਿਆ’’ ਤੇ ‘‘ਮਰੇ ਤੇ ਮੁੱਕਰੇ’’ ਦਾ ਕੋਈ ਇਲਾਜ ਨਹੀਂ ਹੁੰਦਾ। ਕੀਤੇ ਕੌਲ ਕਰਾਰਾਂ ਤੋਂ ਮੁਕਰਨਾ ਇੱਕ ਸਮਾਜਿਕ ਬੁਰਾਈ ਤੋਂ ਘੱਟ ਨਹੀਂ ਹੁੰਦਾ ਫਿਰ ਵੀ ਲੋਕ ਢੀਠਪੁਣੇ ਦੀਆ ਹੱਦਾਂ ਬੰਨੇ ਟੱਪ ਕੇ ਸ਼ਰੇਆਮ ਇਸ ਬੁਰਾਈ ਨੂੰ ਅਪਨਾ ਕੇ ਮੁੱਕਰੀ ਜਾਣਗੇ, ਜਿਹਨਾਂ ਬਾਰੇ ਤਾਂ ਕੁਝ ਸਿਆਣੇ ਵਿਅਕਤੀ ਉਹਨਾਂ ਵੱਲੋ ਕੀਤੀ ਜਾ ਰਹੀ ਕੁਤਾਹੀ ਨੂੰ ਵੇਖ ਕੇ ਸਿਰਫ ਇੰਨਾ ਹੀ ਕਹਿੰਦੇ ਸੁਣੇ ਜਾਂਦੇ ਹਨ, ਕਿ ਘੋਰ ਕਲਯੁਗ ਆ ਗਿਆ ਹੈ, ਲੋਕ ਜ਼ੁਬਾਨ ਨੂੰ ਵੀ ਕੁਝ ਨਹੀਂ ਸਮਝਦੇ। ਕਲਯੁਗ ਵੀ ਕੋਈ ਮਾੜਾ ਸਮਾ ਨਹੀਂ ਹੁੰਦਾ ਸਗੋਂ ਅੱਜ ਦੇ ਮਸ਼ੀਨੀ ਯੁੱਗ ਵਿੱਚ ਤਾਂ ਕਲਯੁਗ ਦੇ ਸ਼ਬਦੀ ਅਰਥ ਇਸ ਤਰ੍ਵਾ ਕੱਢੇ ਜਾ ਸਕਦੇ ਕਿ ‘ਕਲ’ ਤੋਂ ਭਾਵ ਪੁਰਜੇ ਤੇ ਯੁੱਗ ਤੋਂ ਭਾਵ ਸਮਾਂ ਲਿਆ ਜਾ ਸਕਦਾ ਹੈ ਭਾਵ ਮਸ਼ੀਨੀ ਯੁੱਗ ਜਿਥੇ ਲੋਕ ਆਪਣੇ ਸੁਆਰਥ ਖਾਤਰ ਕਈ ਕੁਝ ਵੀ ਕਰ ਜਾਂਦੇ ਹਨ।

ਸਿਆਸੀ ਆਗੂ ਸਵੇਰੇ ਉ€ਠ ਕੇ ਜਦੋਂ ਬਿਆਨਬਾਜੀ ਕਰਦੇ ਹਨ ਤਾਂ ਉਹਨਾਂ ਦੀਆਂ ਮੋਮੋਠੱਗਣੀਆਂ ਸੁਣ ਕੇ ਸਧਾਰਨ ਵਿਅਕਤੀ ਤਾਂ ਇਹੀ ਸੋਚਦਾ ਹੈ, ਕਿ ਉਸ ਵਰਗਾ ਲੋਕ ਸੇਵਕ ਤੇ ਧਰਮਾਤਮਾ ਇਸ ਧਰਤੀ ਤੋਂ ਕੋਈ ਹੋਰ ਜੰਮਿਆ ਹੀ ਨਹੀਂ ਹੈ। ਲੋਕ ਉਸ ਤੇ ਵਿਸ਼ਵਾਸ਼ ਕਰਦੇ ਹਨ ਤੇ ਉਸ ਦੀਆ ਗੱਲਾਂ ਤੇ ਵਿਸ਼ਵਾਸ਼ ਕਰਕੇ ਵੋਟਾਂ ਵੀ ਉਸ ਨੂੰ ਹੀ ਪਾ ਦਿੰਦੇ ਹਨ ਪਰ ਜਦੋਂ ਉਸ ਦੇ ਕਾਲੇ ਕਾਰਨਾਮਿਆ ਦਾ ਚਿੱਠਾ ਸੀ.ਬੀ.ਆਈ ਜਾਂ ਕੋਈ ਜਾਂਚ ਏਜੰਸੀ ਫਰੋਲਦੀ ਹੈ ਤਾਂ ਉਸ ਨੂੰ ਧਰਮਾਤਮਾ ਸਮਝਣ ਵਾਲੇ ਲੋਕਾਂ ਦੀਆ ਅੱਖਾਂ ਟੱਡੀਆ ਹੀ ਰਹਿ ਜਾਂਦੀਆ ਹਨ ਕਿਉਕਿ ਉਸ ਦਾ ਸਬੰਧ ਕਿੱਤੇ ਲੈਂਡ ਮਾਫੀਆ, ਕਿਤੇ ਰੇਤ ਮਾਫੀਆ, ਕਿਤੇ ਕੇਬਲ ਮਾਫੀਆ, ਕੋਲਗੇਟ ਘੁਟਾਲਾ, ਸਪੈਕਟਰਮ ਘੁਟਾਲਾ, ਤੇਲਗੂ ਅਸ਼ਟਾਮ ਘੁਟਾਲਾ, ਅਧਿਆਪਕ ਭਰਤੀ ਘੁਟਾਲਾ ਆਦਿ ਪਤਾ ਨਹੀਂ ਹੋਰ ਕਿੰਨੇ ਕੁ ਘੁਟਾਲਿਆ ਨਾਲ ਜੁੜ ਜਾਂਦਾ ਹੈ। ਲੋਕਾਂ ਨੂੰ ਜਦੋਂ ਪਤਾ ਲੱਗ ਜਾਂਦਾ ਹੈ ਕਿ ਇਹ ਸਿਆਸੀ ਆਗੂ ਕੋਈ ਧਰਮਾਤਮਾ ਨਹੀਂ ਸਗੋ ਦੇਸ ਦਾ ਡਾਕੂ ਹੈ ਜਿਸ ਨੇ ਕਰੋੜਾ ਰੁਪਏ ਡਕਾਰ ਕੇ ਵਿਦੇਸ਼ੀ ਬੈਂਕਾਂ ਵਿੱਚ ਜਮਾ ਕਰਵਾ ਲਏ ਹਨ ਤੇ ਦੇਸ ਦੇ ਲੋਕਾਂ ਨੂੰ ਆਪਣੇ ਰਹਿਮ ਤੇ ਹੀ ਛੱਡ ਦਿੱਤਾ ਹੈ।

ਢੀਠਪੁਣੇ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਕੇ ਅਜਿਹੇ ਆਗੂ ਸੱਚ ਸਾਹਮਣੇ ਆਉਣ ਦੇ ਬਾਵਜੂਦ ਵੀ ਕਾਵਾਂਰੋਲੀ ਪਾਉਣੀ ਸ਼ੁਰੂ ਕਰ ਦਿੰਦੇ ਹਨ ਕਿ, ‘‘ਉਸ ਦੇ ਸਿਆਸੀ ਜੀਵਨ ਨੂੰ ਖਤਮ ਕਰਨ ਲਈ ਵਿਰੋਧੀਆ ਵੱਲੋ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ।’’ ਉਹ ਆਪਣੇ ਦੋਸ਼ਾਂ ਤੋਂ ਇੰਜ ਮੁੱਕਰ ਜਾਂਦਾ ਹੈ ਜਿਵੇ ਗਧੇ ਦੇ ਸਿਰ ਤੋਂ ਸਿੰਗ ਗਾਇਬ ਹੋ ਜਾਂਦੇ ਹਨ। ਚਲੋ ਸਿਆਸੀ ਆਗੂਆ ਦਾ ਕਿੱਤਾ ਹੀ ਮੁੱਕਰਨਾ ਤੇ ਝੂਠੇ ਵਾਅਦੇ ਕਰਨਾ ਉਹਨਾਂ ਦਾ ਪੇਸ਼ਾ ਹੁੰਦਾ ਹੈ। ਸਿਆਸੀ ਪਾਰਟੀਆ ਚੋਣਾਂ ਤੋਂ ਪਹਿਲਾਂ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਤੋਂ ਇਲਾਵਾ ਹੋਰ ਵੀ ਕਈ ਵਾਅਦੇ ਕਰਦੀਆ ਹਨ, ਪਰ ਸੱਤਾ ਸੰਭਾਲਣ ਉਪਰੰਤ ਵਾਅਦੇ ਗਾਇਬ ਹੋ ਜਾਂਦੇ ਤੇ ਰੁਜਗਾਰ ਮੰਗਦੇ ਮੁੰਡੇ ਕੁੜੀਆਂ ਨੂੰ ਪੁਲੀਸ ਕੋਲੋ ਇੰਨਾ ਕੁੱਟਵਾਇਆ ਜਾਂਦਾ ਹੈ, ਕਿ ਕਈ ਤਾਂ ਫੱਟੜ ਵੀ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਜੇਲਾਂ ਵਿੱਚ ਵੀ ਬੰਦ ਕਰ ਦਿੱਤਾ ਜਾਂਦਾ ਹੈ। ਜਦੋ ਸਿਆਸੀ ਆਗੂ ਵਾਅਦਾ ਖਿਲਾਫੀ ਕਰਕੇ ਉਸ ਪਵਿੱਤਰ ਦਸਤਾਵੇਜ ਤੋਂ ਵੀ ਮੁੱਕਰ ਜਾਂਦੇ, ਜਿਸ ਨੂੰ ਉਹਨਾਂ ਨੇ ਆਪਣਾ ਚੋਣ ਮਨੋਰਥ ਪੱਤਰ ਬਣਾਇਆ ਹੁੰਦਾ ਹੈ ਤਾਂ ਲੋਕ ਫਿਰ ਧਾਰਮਿਕ ਆਗੂਆ ਦੇ ਕੋਲ ਜਾ ਕੇ ਆਪਣੇ ਰੋਣੇ ਰੋਦੇ ਹਨ, ਪਰ ਉਥੇ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ, ਕਿ ਇਹ ਤਾਂ ਸਿਆਸੀ ਆਗੂਆਂ ਤੋਂ ਵੀ ਵੱਡੇ ਫਰੇਬੀ ਹਨ ਤਾਂ ਉਹਨਾਂ ਪੱਲੇ ਨਿਰਾਸ਼ਾ ਤੋਂ ਸਿਵਾਏ ਹੋਰ ਕੁਝ ਨਹੀਂ ਪੈਦਾ।

ਸਿੱਖ ਪੰਥ ਦੀਆਂ ਦੋ ਵੱਡੀਆਂ ਸੰਸਥਾਵਾਂ ਮੰਨੀਆਂ ਜਾਂਦੀਆਂ ਹਨ, ਜਿਹਨਾਂ ਦਾ ਨਾਮ ਪੂਰੀ ਦੁਨੀਆ ਵਿੱਚ ਲਿਆ ਜਾਂਦਾ ਹੈ, ਤੇ ਲੋਕ ਇਹਨਾਂ ਸੰਸਥਾਵਾਂ ‘ਤੇ ‘‘Blind Faith’’ ਭਾਵ ਅੰਨਾ ਵਿਸ਼ਵਾਸ ਕਰਕੇ ਸਿਰ ਝੁਕਾਈ ਜਾਂਦੇ ਹਨ ਅਤੇ ਮਾਇਆ ਦੇ ਗੱਫੇ ਚੜਾਈ ਜਾਂਦੇ ਹਨ। ਇਹ ਸੰਸਥਾਵਾਂ ਹਨ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖਤ ਸਾਹਿਬ । ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖਾਂ ਦੀ ਧਾਰਮਿਕ ਅਦਾਲਤ ਵੀ ਕਿਹਾ ਜਾਂਦਾ ਹੈ, ਜਿਥੇ ਤਖਤਾਂ ਦੇ ਜਥੇਦਾਰ ਦੁਨਿਆਵੀ ਅਦਾਲਤਾਂ ਦੇ ਜੱਜਾਂ ਵਾਂਗ ਬੈਠ ਕੇ ਫੈਸਲੇ ਕਰਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਕਾਰੀ ਆਹੁਦੇ ਤੇ ਇਸ ਵੇਲੇ ਬੈਠੇ ਹਨ ਸ੍ਰੀ ਅਵਤਾਰ ਸਿੰਘ ਮੱਕੜ ਜਿਹੜੇ ਪ੍ਰਧਾਨ ਘੱਟ ਤੇ ਆਪਣੇ ਆਕਾ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਲਾਮ ਵਧੇਰੇ ਹਨ। ਉਹਨਾਂ ਦਾ ਕਿੱਤਾ ਮੁਕਰਨਾ ਅਤੇ ਪੇਸ਼ਾ ਗੁਲਾਮੀ ਕਰਨਾ ਹੈ। ਗੁਲਾਮ ਦੀ ਆਪਣੀ ਕੋਈ ਹੋਂਦ ਨਹੀਂ ਹੁੰਦੀ ਤੇ ਉਹ ਤਾਂ ਸਿਰਫ ਆਪਣੇ ਮਾਲਕ ਦਾ ਧੁਤਰੂ ਹੀ ਹੁੰਦਾ ਹੈ, ਜਿਹੜਾ ਆਪਣੇ ਮਾਲਕ ਦੀ ਅਵਾਜ ਉ€ਚ ਸੁਰ ਵਿੱਚ ਕੱਢ ਕੇ ਲੋਕਾਂ ਤੱਕ ਪਹੁੰਚਾਉਦਾ ਹੈ। ਮੱਕੜ ਬਨਾਮ ਮੁੱਕਰ ਦੀਆ ਕੁਝ ਵੰਨਗੀਆ ਇਸ ਪ੍ਰਕਾਰ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਪਹਿਲਾਂ ਪਟਿਆਲੇ ਵਿਖੇ ਬਿਆਨ ਦਿੱਤਾ ਸੀ ਕਿ ਗੁਰੂ ਰਾਮਦਾਸ ਵਿਖੇ ਜਿਹੜਾ ਲੰਗਰ ਅਕਾਲੀ ਦਲ ਨੇ ਆਪਣੇ ਵਰਕਰਾਂ ਰਾਹੀ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋਂ ਸ਼ੁਰੂ ਕੀਤਾ ਸੀ, ਉਸ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਨੇ ਹੀ ਬੰਦ ਕਰਵਾ ਦਿੱਤਾ ਹੈ, ਪਰ ਅਗਲੇ ਦਿਨ ਹੀ ਮੱਕੜ ਸਾਬ ਆਪਣੇ ਬਿਆਨ ਤੋਂ ਆਦਤ ਅਨੁਸਾਰ ਮੁੱਕਰ ਗਏ ਕਿ ਉਹਨਾਂ ਦੇ ਬਿਆਨ ਨੂੰ ਤੋਂੜ ਮਰੋੜ ਕੇ ਛਾਪਿਆ ਹੋਣ ਦਾ ਦੋਸ਼ ਲਗਾ ਕੇ, ਨਵਾਂ ਬਿਆਨ ਦਾਗ ਦਿੱਤਾ ਕਿ ਉਹ ਤਾਂ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਹੈ ਅਤੇ ਸਿਪਾਹੀ ਪ੍ਰਧਾਨ ਦੇ ਖਿਲਾਫ ਕਿਵੇ ਬੋਲ ਸਕਦਾ ਹੈ?

ਇਸੇ ਤਰਾ ਸਾਡਾ ਹੱਕ ਫਿਲਮ ਦੇ ਡਾਇਰੈਕਟਰ ਕੁਲਵਿੰਦਰ ਸਿੰਘ ਸਿੱਧੂ ਨੇ ਜਦੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਫਿਲਮ ਸੈਂਸਰ ਕਰ ਦੇਣ ਦੀ ਜਾਣਕਾਰੀ ਦਿੱਤੀ, ਤਾਂ ਮੱਕੜ ਸਾਬ ਨੇ ਮੀਡੀਆ ਵਿੱਚ ਸੈਂਸਰ ਬੋਰਡ ਦੀ ਨਿਖੇਧੀ ਕਰਦਿਆ ਇਸ ਨੂੰ ਸਿੱਖਾਂ ਨਾਲ ਵਿਤਕਰਾ ਗਰਦਾਨਦਿਆ ਇੱਕ ਚਿੱਠੀ ਵੀ ਸੈਸਰ ਬੋਰਡ ਨੂੰ ਪਾਬੰਦੀ ਹਟਾਉਣ ਲਈ ਲਿਖੀ ਸੀ। ਜਦੋ ਇਸ ਬਾਰੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਮੱਕੜ ਦੀ ਇੱਕ ਵਾਰੀ ਫਿਰ ਝਾੜਝੰਬ ਕੀਤੀ। ਫਿਰ ਮੱਕੜ ਸਾਬ ਕੇਵਲ ਆਪਣੇ ਬਿਆਨ ਤੋਂ ਮੁੱਕਰੇ ਹੀ ਨਹੀਂ ਸਨ ਸਗੋ ਆਪਣੇ ਆਕਾ ਦੀ ਖੁਸ਼ਨੰਦੀ ਹਾਸਲ ਕਰਨ ਲਈ ਪੰਜਾਬ ਦੇ ਪਿਛਲੇ ਕਾਲੇ ਦੌਰ ਦੌਰਾਨ ਸਿੱਖ ਨੌਜਵਾਨਾਂ ਦੇ ਹੋਏ ਘਾਣ ਦੀ ਅਸਲੀ ਤਸਵੀਰ ਪੇਸ਼ ਕਰਨ ਵਾਲੀ ਇਸ ਫਿਲਮ ਤੇ ਟਿੱਪਣੀ ਕਰਦਿਆ ਇਥੋਂ ਤੱਕ ਕਹਿ ਗਏ, ਕਿ ਅਜਿਹੀਆ ਫਿਲਮਾਂ ਸਮਾਜ ਵਿੱਚਲੀ ਆਪਸੀ ਸਦਭਾਵਨਾ ਨੂੰ ਠੇਸ ਪਹੁੰਚਾਦੀਆਂ ਹਨ, ਇਹਨਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ ਪਰ ਤੀਰ ਹੱਥੋ ਨਿਕਲ ਚੁੱਕਾ ਸੀ ਤੇ ਸੈਂਸਰ ਬੋਰਡ ਨੇ ਫਿਲਮ ਦੇ ਇੱਕ ਦੋ ਸੀਨ ਕੱਟ ਕੇ ਫਿਲਮ ਤੇ ਲੱਗੀ ਪਾਬੰਦੀ ਹਟਾ ਦਿੱਤੀ। ਫਿਲਮ ਰੀਲੀਜ ਹੋ ਗਈ, ਪਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਫਿਲਮ ਨੂੰ ਪੰਜਾਬ ਦੀ ਉਸ ਪੰਥਕ ਸਰਕਾਰ ਨੇ ਹੀ ਨਾ ਚੱਲਣ ਨਾ ਦਿੱਤਾ ਜਿਹੜੀ ਇਹ ਕਾਵਾਂ ਰੌਲੀ ਪਾਉਦੀ ਸੀ ਕਿ ਅਕਾਲੀ ਸਰਕਾਰ ਬਨਣ ਤੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲੀਸ ਤੇ ਸਿਵਲ ਅਧਿਕਾਰੀਆਂ ਨੂੰ ਸਜਾਵਾ ਦਿੱਤੀਆਂ ਜਾਣਗੀਆਂ।

ਇਥੇ ਹੀ ਬੱਸ ਨਹੀਂ ਮੱਕੜ ਸਾਬ ਨੇ ਇੱਕ ਵਾਰੀ ਫਿਰ ਬਿਆਨ ਦੇ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦੀ ਯਾਦਗਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ‘ਤੇ ਹੀ ਬਣਾਈ ਗਈ ਹੈ, ਪਰ ਅਖਬਾਰ ਵਿੱਚ ਬਿਆਨ ਛੱਪਣ ਤੋਂ ਬਾਅਦ ਜਦੋਂ ਉਪਰੋ ਖਿਚਾਈ ਹੋਈ, ਤਾਂ ਮੱਕੜ ਸਾਬ ਆਪਣੀ ਆਦਤ ਅਨੁਸਾਰ ਫਿਰ ਮੁੱਕਰ ਗਏ ਕਿ ਉਹਨਾਂ ਦੇ ਬਿਆਨ ਨੂੰ ਤੋਂੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਵਿੱਚ ਮਤਾ ਪਾਸ ਕੀਤਾ ਗਿਆ ਸੀ। ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਾਡੇ ਸਰਪ੍ਰਸਤ ਹਨ ਅਤੇ ਉਹਨਾਂ ਕੋਲੋ ਸਿਰਫ ਅਸੀ ਅਗਵਾਈ ਹੀ ਲੈਦੇ ਹਾਂ। ਮੱਕੜ ਸਾਹਿਬ ਨੂੰ ਹੁਣ ਕਈ ਲੋਕਾਂ ਨੇ ਮੱਕੜ ਬਨਾਮ ਮੁੱਕਰ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਵੈਸੇ ਵੀ ਅੰਗਰੇਜੀ ਵਿੱਚ ਜੇਕਰ ਮੱਕੜ ਲਿਖਿਆ ਜਾਵੇ ਤਾਂ ਉਸ ਨੂੰ ਅੰਗਰੇਜ ਮੱਕਾਰ ਹੀ ਪੜਨਗੇ।

ਇਸੇ ਤਰ੍ਵਾ ਸਿੱਖ ਪੰਥ ਦੀ ਦੂਸਰੀ ਵੱਡੀ ਧਾਰਮਿਕ ਸੰਸਥਾ ਹੈ ਸ੍ਰੀ ਅਕਾਲ ਤਖਤ ਸਾਹਿਬ, ਜਿਸਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਹਨ ਪਰ ਉਹ ਕੌਮ ਦੇ ਜਥੇਦਾਰ ਘੱਟ ਤੇ ਮੱਕੜ ਤੇ ਬਾਦਲ ਦੇ ਜੀ ਹਜੂਰੀਏ ਵਧੇਰੇ ਹਨ। ਉਹਨਾਂ ਨੇ ਵੀ ਮੱਕੜ ਨਾਲੋ ਘੱਟ ਨਹੀਂ ਗੁਜਾਰੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ 'ਤੇ ਰੋਕ ਲਗਵਾਉਣ ਲਈ ਜਦੋ ਗੁਰਦਾਸਪੁਰ ਵਿਖੇ ਸਿੱਖ ਸ਼ਾਤਮਈ ਰੋਸ ਮੁਜਾਹਰਾ ਕਰ ਰਹੇ ਸਨ ਤਾਂ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਪੁਲੀਸ ਨੇ ਗੋਲੀ ਚਲਾ ਕੇ ਮਾਰ ਦਿੱਤਾ ਸੀ। ਇਸ ਘਟਨਾ ਨਾਲ ਸਿੱਖ ਪੰਥ ਰੋਸ ਵਿੱਚ ਪੂਰੀ ਤਰਾ ਗੜੂਚ ਹੋ ਗਿਆ ਤੇ ਸਿੱਖਾਂ ਨੂੰ ਸ਼ਾਂਤ ਕਰਨ ਲਈ ਗਿਆਨੀ ਗੁਰਬਚਨ ਸਿੰਘ ਨੇ ਲਈ ਵਾਅਦਾ ਕੀਤਾ ਸੀ ਕਿ ਦੋਸ਼ੀਆ ਨੂੰ ਸਜਾਵਾ ਦਿਵਾਈਆ ਜਾਣਗੀਆ ਪਰ ਅੱਜ ਤੱਕ ਉਹ ਆਪਣੇ ਵਾਅਦੇ ਤੇ ਖਰੇ ਨਹੀਂ ਉਤਰੇ ਕਿਉਕਿ ਦੂਸਰੇ ਪਾਸੇ ਕੁਰਬਾਨੀਆਂ ਕਰਨ ਵਾਲੇ ਅਕਾਲੀ ਦਲ ਦੀ ਨਹੀਂ, ਸਗੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਕੇਂਦਰ ਸਰਕਾਰ ਦੇ ਏਜੰਟਾਂ ਦੀ ਸਰਕਾਰ ਹੈ। ਇਸੇ ਤਰਾ ਭਾਈ ਗੁਰਬਖਸ਼ ਸਿੰਘ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਵੀ ਇਸੇ ਸ਼ਰਤ ਤੇ ਖਤਮ ਕਰਵਾਈ ਗਈ ਸੀ ਕਿ ਉਹ ਬੰਦੀ ਸਿੱਖਾਂ ਨੂੰ ਹਰ ਹਾਲਤ ਵਿੱਚ ਰਿਹਾਅ ਕਰਵਾਉਣਗੇ ਪਰ ਉਹ ਵੀ ਵਾਅਦਾ ਵਫਾ ਨਹੀਂ ਹੋ ਸਕਿਆ।

ਨਵੰਬਰ 1984 ਦੇ ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜਾਵਾ ਦਿਵਾਉਣ ਲਈ ਬੀਬੀ ਨਿਰਪ੍ਰੀਤ ਕੌਰ ਨੇ ਜਦੋਂ ਦਿੱਲੀ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਉਸ ਦੀ ਭੁੱਖ ਹੜਤਾਲ ਵੀ ਇਹ ਕਹਿ ਕੇ ਖਤਮ ਕਰਵਾ ਦਿੱਤੀ ਗਈ ਕਿ ਉਹ ਦੋਸ਼ੀਆਂ ਨੂੰ ਸਜਾਵਾ ਦਿਵਾਉਣਗੇ, ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ। ਜਥੇਦਾਰ ਸਾਹਿਬ ਵੱਲੋਂ ਆਪਣੇ ਵਾਅਦਿਆ ਤੋਂ ਬਾਰ ਬਾਰ ਮੁੱਕਰਨ ਕਰਕੇ ਹੀ ਸਿੱਖ ਕੌਮ ਦੇ ਇੱਕ ਵੱਡੇ ਹਿੱਸੇ ਨੇ ਉਹਨਾਂ ਦਾ ਬਾਈਕਾਟ ਕੀਤਾ ਹੋਇਆ ਹੈ।

ਕੁਲ ਮਿਲਾ ਕੇ ਲੇਖਾ ਜੋਖਾ ਕੀਤਾ ਜਾਵੇ, ਇਹ ਤੱਥ ਹੀ ਸਾਹਮਣੇ ਆਉਦੇ ਹਨ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸੰਸਾਰ ਪੂਰੀ ਤਰਾ ਸੰਸਾਰੀਕਰਨ, ਵਪਾਰੀਕਰਨ, ਉਦਾਰੀਕਰਨ ਤੇ ਸਰਕਾਰੀਕਰਨ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਹਰੇਕ ਮਨੁੱਖ ਆਪਣੇ ਆਪਣੇ ਨਿੱਕੇ ਨਿੱਕੇ ਸੁਆਰਥ ਨਾਲ ਜੁੜਿਆ ਹੋਇਆ ਹੈ, ਜਿਸ ਕਰਕੇ ਸਮਾਜ ਵਿੱਚੋ ਸਮਾਜਿਕ ਕਦਰਾਂ ਕੀਮਤਾ ਗਾਇਬ ਹੋ ਚੁੱਕੀਆਂ, ਹਨ ਜੋ ਭਵਿੱਖ ਵਿੱਚ ਸਮਾਜ ਲਈ ਘਾਟੇਵੰਦਾਂ ਸੌਦਾ ਹੋਵੇਗਾ, ਪਰ ਸਿੱਖ ਪੰਥ ਦੇ ਰਹਿਬਰਾਂ ਕੋਲੋ ਅਜਿਹੀਆਂ ਆਸਾ ਨਹੀਂ ਸਨ, ਪਰ ਅੱਜ ਉਹ ਕੁਝ ਹੀ ਵਾਪਰ ਰਿਹਾ ਹੈ ਜਿਸ ਦੀ ਸਿੱਖ ਪੰਥ ਨੇ ਕਦੇ ਸੁਫਨੇ ਵਿੱਚ ਵੀ ਆਸ ਨਹੀਂ ਕੀਤੀ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top