Share on Facebook

Main News Page

ਧੁੰਮਾ ਅਤੇ ਨੰਦਗੜ੍ਹ ਵਿਚ ਸ਼ਬਦੀ ਜੰਗ ਤੇਜ਼ - ਸਿੱਖਾਂ ਦੀ ਏਕਤਾ ਲਈ ਧੁੰਮੇ ਨੂੰ ਫਿਕਰ ਕਰਨ ਦੀ ਲੋੜ ਨਹੀਂ
-: ਗਿਆਨੀ ਬਲਵੰਤ ਸਿੰਘ ਨੰਦਗੜ੍ਹ

ਤਲਵੰਡੀ ਸਾਬੋ, 15 ਫਰਵਰੀ – ਫਤਿਹਗੜ੍ਹ ਸਾਹਿਬ ਵਿੱਚ ਸ਼ਹੀਦੀ ਜੋੜ ਮੇਲੇ ਦੇ ਸਮਾਪਤੀ ਸਮਾਗਮਾਂ ਮੌਕੇ ਪੁਰਾਤਨ ਮਰਿਆਦਾ ਦੀ ਉਲੰਘਣਾ ਕਰਨ ਸਬੰਧੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਅਕਾਲ ਤਖ਼ਤ ’ਤੇ ਤਲਬ ਕਰਕੇ ਤਨਖਾਹ ਲਾਏ ਜਾਣ ਦੇ ਉਠਾਏ ਗਏ ਮੁੱਦੇ ਤੋਂ ਬਾਅਦ ਛਿੜਿਆ ਵਿਵਾਦ ਹੁਣ ਸ਼ਬਦੀ ਜੰਗ ਦਾ ਰੂਪ ਧਾਰਦਾ ਜਾ ਰਿਹਾ ਹੈ।

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਅੱਜ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਵਿਸ਼ਵ ਭਰ ਦੇ ਸਿੱਖਾਂ ਦੀ ਏਕਤਾ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਗੋਂ ਉਨ੍ਹਾਂ ਨੂੰ ਦਮਦਮੀ ਟਕਸਾਲ ਦੇ ਆਪਣੇ ਜਥੇ ਮਹਿਤਾ, ਗਿਆਨੀ ਮੋਹਨ ਸਿੰਘ ਜਥਾ ਭਿੰਡਰਾਂ ਅਤੇ ਭਾਈ ਰਾਮ ਸਿੰਘ ਦੇ ਧੜਿਆਂ ਵਿਚਾਲੇ ਏਕਤਾ ਕਰਵਾਉਣ ਬਾਰੇ ਸੋਚਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਇੱਕ ਛੋਟੇ ਜਿਹੇ ਧੜੇ ਦੇ ਮੁਖੀ ਨੂੰ ਸਮੁੱਚੇ ਪੰਥ ਬਾਰੇ ਨਿਰਣੇ ਲੈਣ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਨੇ ਬਾਬਾ ਧੁੰਮਾ ਨੂੰ ਇਹ ਸੱਚਾਈ ਯਾਦ ਰੱਖਣ ਦੀ ਨਸੀਹਤ ਦਿੱਤੀ ਕਿ ਜਦ ਉਹ ਮਹਿਤਾ ਜਥੇ ਦੇ ਮੁਖੀ ਬਣੇ ਸਨ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ। ਸਗੋਂ ਇਨ੍ਹਾਂ ਪੰਥ ਨੁਮਾਇੰਦਾ ਸੰਸਥਾਵਾਂ ਅਤੇ ਜਥੇਬੰਦੀਆਂ ਨੇ ਭਾਈ ਰਾਮ ਸਿੰਘ ਨੂੰ ਦਮਦਮੀ ਟਕਸਾਲ ਦੇ ਮੁਖੀ ਵਜੋਂ ਦਸਤਾਰਾਂ ਭੇਟ ਕੀਤੀਆਂ ਸਨ।

ਗਿਆਨੀ ਨੰਦਗੜ੍ਹ ਨੇ ਕਿਹਾ ਕਿ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ, ਗਿਆਨੀ ਕਰਤਾਰ ਸਿੰਘ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਕਦੇ ਵੀ ਅਕਾਲ ਤਖ਼ਤ ਵੱਲੋਂ ਪ੍ਰਮਾਣਿਤ ਮਰਿਆਦਾ ਦੀ ਉਲੰਘਣਾ ਜਾਂ ਵਿਰੋਧ ਨਹੀਂ ਕੀਤਾ ਸਗੋਂ ਇਸਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਵਰਜਿਆ।

ਉਨ੍ਹਾਂ ਆਪਣੇ ਜਥੇ ਦੀ ਮਰਿਆਦਾ ਜਾਂ ਸੋਚ ਸਮੁੱਚੇ ਸਿੱਖ ਜਗਤ ਉਪਰ ਥੋਪਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹਰਨਾਮ ਸਿੰਘ ਧੰਮਾ ਉਸੇ ਪੰਥਪ੍ਰਸਤ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਬਣ ਕੇ ਪਹਿਲਾਂ ਰਹਿ ਚੁੱਕੇ ਟਕਸਾਲ ਦੇ ਮੁਖੀਆਂ ਵੱਲੋਂ ਪੰਥਕ ਮਸਲਿਆਂ ਬਾਰੇ ਅਪਣਾਈ ਨੀਤੀ ਦੀ ਉਲੰਘਣਾ ਕਰਕੇ ਪੰਥ ਵਿੱਚ ਦੁਵਿਧਾ ਤੇ ਫੁੱਟ ਪਾਉਣ ਲਈ ਤੱਤਪਰ ਹਨ।

ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਬਾਬਾ ਧੁੰਮਾ ਮੀਰੀ-ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਵੱਲੋਂ ਸਿਰਜੇ ਅਕਾਲ ਤਖ਼ਤ ਦੇ ਬਰਾਬਰ ਕਮੇਟੀਆਂ ਬਣਾ ਕੇ ਅਕਾਲ ਤਖ਼ਤ ਨੂੰ ਵੰਗਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਿਆਨੀ ਨੰਦਗੜ੍ਹ ਨੇ ਬਾਬਾ ਧੁੰਮਾ ਨੂੰ ਦਮਦਮੀ ਟਕਸਾਲ ਦੇ ਪਿਛੋਕੜ ਤੋਂ ਸੇਧ ਅਤੇ ਪ੍ਰੇਰਣਾ ਲੈ ਕੇ ਪੰਥਕ ਮਸਲਿਆਂ ਬਾਰੇ ਉਸਾਰੂ ਪਹੁੰਚ ਅਪਨਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਪੰਥ ਵਿੱਚ ਏਕਤਾ ਅਤੇ ਪਿਆਰ ਬਰਕਰਾਰ ਰਹਿ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top