Share on Facebook

Main News Page

ਮੋਦੀ ਰੈਲੀ ਬਨਾਮ ਸਿੱਖ…
-: ਜਸਪਾਲ ਸਿੰਘ ਹੇਰਾਂ

23 ਫਰਵਰੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਅਤੇ ਭਗਵਾਂ ਬ੍ਰਿਗੇਡ ਦਾ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਨਰਿੰਦਰ ਮੋਦੀ ਪੰਜਾਬ ਦੀ ਫੇਰੀ ‘ਤੇ ਆ ਰਿਹਾ ਹੈ। ਮੋਦੀ ਦੀ ਰੈਲੀ ਨੂੰ ਲਾਮਿਸਾਲ ਬਣਾਉਣ ਲਈ ਬਾਦਲਕੇ ਪੱਬਾਂ ਭਾਰ ਹਨ । ਬਾਦਲ ਪਿਉ-ਪੁੱਤਰ ਨੂੰ ਦਿਨ- ਰਾਤ ਮੋਦੀ-ਮੋਦੀ ਤੋਂ ਇਲਾਵਾ ਹੋਰ ਕੁਝ ਵਿਖਾਈ ਹੀ ਨਹੀਂ ਦਿੰਦਾ। ਸਿਆਸੀ ਪਾਰਟੀ ਰੈਲੀਆਂ ਕਰਦੀਆਂ ਹਨ । ਉਨ੍ਹਾਂ ਦੇ ਵੱਡੇ ਆਗੂ ਆਉਂਦੇ ਹਨ। ਇਸ ਬਾਰੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ।

ਪ੍ਰੰਤੂ ਮੋਦੀ ਦੀ ਰੈਲੀ ਸਮੇਂ ਆਖ਼ਰ ਸਿੱਖ ਕੀ ਕਰਨ ? ਇਹ ਚਰਚਾ ਕਿਉਂ ਛਿੜੀ ? ਕੀ ਇਹ ਸਿਰਫ਼ ਸਿਆਸੀ ਵਿਰੋਧ ਹੈ ਜਾਂ ਇਸ ਪਿੱਛੇ ਸਿੱਖ ਪੰਥ ਦੇ ਸਵੈਮਾਣ ਨਾਲ ਜੁੜਿਆ ਕੋਈ ਠੋਸ ਮੁੱਦਾ ਹੈ? ਅਸੀਂ ਚਾਹੁੰਦੇ ਹਾਂ ਕਿ ਆਮ ਸਿੱਖਾਂ ਨੂੰ ਇਸ ਬਾਰੇ ਸਪੱਸ਼ਟ ਜਾਣਕਾਰੀ ਹੋਣੀ ਚਾਹੀਦੀ ਹੈ , ਉਨ੍ਹਾਂ ਦੇ ਮਨ ‘ਚ ਕੋਈ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ। ਮੋਦੀ ਨੂੰ ਕੱਟੜ ਫਿਰਕੂ ਜਾਨੂੰਨੀ ਹਿੰਦੂਤਵ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਘੱਟਗਿਣਤੀਆਂ ਦੇ ਕਾਤਲ ਵਜੋਂ ਜਾਣਿਆ ਜਾਣ ਲੱਗਾ ਹੈ। ਸੰਘ ਪਰਿਵਾਰ ਨੇ ਉਸਨੂੰ ਹਿੰਦੂਤਵ ਦੇ ਪ੍ਰਤੀਕ ਵਜੋਂ ਹੀ ਅਡਵਾਨੀ ਵਰਗੇ ਆਗੂਆਂ ਨੂੰ ਦਰਕਿਨਾਰ ਕਰਕੇ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਠੋਸਿਆ ਹੈ। ਮੋਦੀ ਦੀ ਸਿੱਖਾਂ ਪ੍ਰਤੀ ਮਾਨਸਿਕਤਾ ਕਿਸੇ ਤੋਂ ਲੁਕੀ-ਛਿਪੀ ਨਹੀਂ।

ਗੁਜਰਾਤ ‘ਚ ਸਿੱਖ ਕਿਸਾਨਾਂ ਦਾ ਉਜਾੜਾ ਮੋਦੀ ਦੀ ਸਿੱਖ ਵਿਰੋਧੀ ਸੋਚ ਨੂੰ ਨੰਗਾ-ਚਿੱਟਾ ਕਰਦਾ ਹੈ। ਮੋਦੀ ਦੇ ਰਾਜ-ਭਾਗ ਅੰਦਰ ਦੇਸ਼ ਦੀਆਂ ਘੱਟਗਿਣਤੀਆਂ ਨਾਲ ਜੋ ਕੁਝ ਵਾਪਰ ਸਕਦਾ ਹੈ। ਉਸ ਦਾ ਅਹਿਸਾਸ ਕਰਕੇ, ਦੇਸ਼ ਦੀਆਂ ਘੱਟਗਿਣਤੀ ਹੁਣੇ ਤੋਂ ਦਹਿਸ਼ਤ ‘ਚ ਹਨ। ਸਿੱਖਾਂ ਨੇ ਹਮੇਸ਼ਾਂ ”ਭੈ ਕਾਹੂੰ ਕਉ ਦੇਤਿ ਨਹਿ, ਨਹਿ ਭੈਅ ਮਾਨਿਤ ਆਨਿ” ਦੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ,ਜ਼ਾਲਮ ਸ਼ਕਤੀਆਂ ਤੋਂ ਦੇਸ਼ ਦੇ ਦੱਬੇ, ਕੁਚਲੇ, ਲਿਤਾੜ,ੇ ਨਿਮਾਣੇ, ਗਰੀਬ ਲੋਕਾਂ ਦਾ ਸਹਾਰਾ ਬਣ ਕੇ ਖ਼ੁਦ ਦੀਆਂ ਕੁਰਬਾਨੀਆਂ ਦਿੱਤੀਆਂ ਹਨ । ਇਸ ਲਈ ਜੇ ਅੱਜ ਦੇਸ਼ ਦੀਆਂ ਘੱਟਗਿਣਤੀਆਂ ਦਹਿਸ਼ਤ ‘ਚ ਹਨ, ਤਾਂ ਸਿੱਖਾਂ ਨੂੰ ਉਨ੍ਹਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ ਅਤੇ ਮੋਦੀ ਦੇ ਖੌਫ਼ ਨੂੰ ਘੱਟ ਕਰਨ ਲਈ ਦ੍ਰਿੜ੍ਹਤਾ ਨਾਲ ਅੱਗੇ ਆਉਣਾ ਬਣਦਾ ਹੈ। ਦੂਜਾ ਮੋਦੀ ਦੀ ਫੇਰੀ ਸਮੇਂ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਦੇ ਬੁੱਤ ਲਈ ਪੰਜਾਬ ਦੀ ਮਿੱਟੀ ਤੇ ਖੇਤੀਬਾੜੀ ਸੰਦਾਂ ਦੀ ਧਾਤ ਇਕੱਠੀ ਕਰਕੇ ਮੋਦੀ ਨੂੰ ਸੌਂਪਣੀ ਹੈ। ਜਿਵੇਂ ਮੋਦੀ ਦੀ ਸਿੱਖਾਂ ਤੇ ਦੇਸ਼ ਦੀਆਂ ਘੱਟਗਿਣਤੀਆਂ ਪ੍ਰਤੀ ਸੋਚ ਜ਼ਹਿਰੀਲੀ ਹੈ, ਉਸੇ ਤਰ੍ਹਾਂ ਪਟੇਲ ਨੇ ਸਿੱਖਾਂ ਨੂੰ ਅਜ਼ਾਦੀ ਤੋਂ ਬਾਅਦ ਜ਼ਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਸੀ। ਜਿਸ ਵਿਅਕਤੀ ਨੇ ਸਿੱਖਾਂ ਦੀਆਂ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਕੁਰਬਾਨੀਆਂ ਨੂੰ ਅਣਡਿੱਠ ਕਰਦਿਆਂ, ਉਨ੍ਹਾਂ ਨੂੰ ਜ਼ਰਾਇਮ ਪੇਸ਼ਾ ਕਰਾਰ ਦੇ ਦਿੱਤਾ ਸੀ, ਉਸ ਤੋਂ ਵੱਡਾ ਦੁਸ਼ਮਣ ਸਿੱਖਾਂ ਦਾ ਭਲਾ ਹੋਰ ਕੌਣ ਹੋ ਸਕਦਾ ਹੈ? ਪਟੇਲ ਨੂੰ ਸਿੱਖ ਦੁਸ਼ਮਣ ਦਾ ਖ਼ਿਤਾਬ ਤਾਂ ਦਿੱਤਾ ਜਾ ਸਕਦਾ ਹੈ, ਪ੍ਰੰਤੂ ਉਸਦੇ ਬੁੱਤ ਲਈ ਗੁਰੂਆਂ ਦੀ ਵਰੋਸਾਈ ਪਵਿੱਤਰ ਪਾਵਨ ਧਰਤੀ ਦੀ ਮਿੱਟੀ ਦੇਣਾ ਵੱਡਾ ਪਾਪ ਹੋਵੇਗਾ, ਕਿਉਂਕਿ ਇਹ ਇਸ ਪਵਿੱਤਰ ਮਿੱਟੀ ਦਾ ਅਪਮਾਨ ਹੈ।

ਬਾਦਲਾਂ ਦੀ ਭਗਵਿਆਂ ਨਾਲ ਯਾਰੀ, ਉਸਦੀ ਸੱਤ੍ਹਾ ਲਾਲਸਾ ਕਾਰਣ ਹੈ ਅਤੇ ਸੱਤ੍ਹਾ ਲਾਲਸਾ ‘ਚ ਉਸ ਲਈ ਸਿੱਖੀ ਜਾਂ ਸਿੱਖ ਭਾਵਨਾਵਾਂ ਕੋਈ ਅਰਥ ਨਹੀਂ ਰੱਖਦੀਆਂ। ਸਾਨੂੰ ਮੋਦੀ ਦੀ ਪੰਜਾਬ ਰੈਲੀ ਦਾ ਰੋਸ ਨਹੀਂ, ਪ੍ਰੰਤੂ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਦੁਨੀਆਂ ਨੂੰ ਇਹ ਸੰਦੇਸ਼ ਜ਼ਰੂਰ ਜਾਵੇ ਕਿ ਸਿੱਖਾਂ ‘ਚ ਅੱਜ ਵੀ ਸਿੱਖੀ ਜਜ਼ਬਾ ਅਤੇ ਭਾਵਨਾ ਬਰਕਰਾਰ ਹੈ। ਉਹ ਦੇਸ਼ ਦੀਆਂ ਘੱਟਗਿਣਤੀਆਂ ਦੇ ਡਰ ਤੇ ਦਹਿਸ਼ਤ ਨੂੰ ਖ਼ਤਮ ਕਰਨ ਲਈ ਉਨ੍ਹਾਂ ਦੀ ਢਾਲ ਬਣ ਕੇ ਖੜ੍ਹੇ ਹਨ, ਜਿਸ ਕਾਰਣ ਮੋਦੀ ਨੂੰ ਪੰਜਾਬ ਰੈਲੀ ਸਮੇਂ ਸਿੱਖਾਂ ਨੇ ਮੂੰਹ ਨਹੀਂ ਲਾਇਆ। ਦੂਜਾ ਪਟੇਲ ਨੂੰ ਕੌਮ ਮਾਫ਼ ਨਹੀਂ ਕਰ ਸਕਦੀ, ਇਸ ਲਈ ਉਸਦੇ ਬੁੱਤ ਲਈ ਸਿੱਖਾਂ ਦੇ ਮਨ ‘ਚ ਸਿਰਫ਼ ਤੇ ਸਿਰਫ਼ ਨਫ਼ਰਤ ਹੈ। ਬਾਦਲਕਿਆਂ ਨੂੰ ਕੇਂਦਰ ‘ਚ ਸੱਤਾ ਮਾਣਨ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ, ਇਸ ਲਈ ਉਹ ਮੋਦੀ-ਮੋਦੀ ਕੂਕ ਸਕਦੇ ਹਨ। ਪ੍ਰੰਤੂ ਸਿੱਖੀ ਜਜ਼ਬੇ ‘ਚ ਰੰਗਿਆ ਕੋਈ ਸਿੱਖ ਮੋਦੀ ਜ਼ਿੰਦਾਬਾਦ ਦਾ ਨਾਅਰਾ ਹਰਗਿਜ਼-ਹਰਗਿਜ਼ ਨਹੀਂ ਲਾ ਸਕਦਾ।

ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਧਿਰਾਂ ਮੋਦੀ ਰੈਲੀ ਦਾ ਵਿਰੋਧ ਕਰ ਰਹੀਆਂ ਹਨ, ਉਨ੍ਹਾਂ ਨੂੰ ਆਮ ਸਿੱਖਾਂ ਨੂੰ ਇਸ ਸਬੰਧੀ ਪੂਰੀ ਤਰ੍ਹਾਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਮੋਦੀ ਰੈਲੀ ‘ਚ ਜਾਣ ਵਾਲੀਆਂ ਬੱਸਾਂ ‘ਚ ਬੈਠਣ ਵਾਲੇ ਸਿੱਖਾਂ ਤੋਂ ਉਹ ਇਸ ਸਬੰਧੀ ਜੁਆਬ ਮੰਗ ਸਕਣ ਅਤੇ ਹੋ ਸਕਦਾ ਮੋਦੀ ਦੀ ਰੈਲੀ ਵਾਲੀ ਬੱਸ ‘ਚ ਬੈਠਣ ਤੋ ਪਹਿਲਾ ਉਸ ਸਿੱਖ ਤੋਂ ਉਸਦੀ ਅੰਤਰ ਆਤਮਾ ਹੀ ਜਵਾਬ ਮੰਗ ਲਵੇ। ਮੋਦੀ ਦੇ ਵਿਰੋਧ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ, ਸਗੋਂ ਇਹ ਸਿੱਖੀ ਸਵੈਮਾਣ ਦੀ ਪ੍ਰੀਖਿਆ ਮੰਨੀ ਜਾਵੇ। ਉਹ ਧਿਰਾਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਤੇ ਸਿੱਖੀ ਦਰਦ ਵਾਲੀਆਂ ਅਖਵਾਉਂਦੀਆਂ ਹਨ, ਪ੍ਰੰਤੂ ਬਾਦਲ ਦੇ ਨਾਲ ਖੜ੍ਹੀਆਂ ਹਨ, ਉਨ੍ਹਾਂ ਨੂੰ ਵੀ ਮੋਦੀ ਦੇ ਮੁੱਦੇ ‘ਤੇ ਆਪਣਾ ਪੱਖ ਸਪੱਸ਼ਟ ਕਰਨ ਲਈ ਮਜ਼ਬੂਰ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਸਿੱਖੀ ਜਜ਼ਬੇ ਦੀ ਪਰਖ਼ ਹੋ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top