Share on Facebook

Main News Page

ਬੰਦੀ ਸਿੰਘਾਂ ਵੱਲੋਂ ਖਾਲਸਾ ਪੰਥ ਦੇ ਨਾਂ ਸੁਨੇਹਾ

* ਸਤਿਕਾਰ ਯੋਗ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
* ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ
* ਬਾਬਾ ਮਨਮੋਹਨ ਸਿੰਘ ਜੀ ਬਾਰਨ, ਭਾਈ ਪੰਥ ਪ੍ਰੀਤ ਸਿੰਘ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਜੀਓ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

ਅਖਬਾਰਾਂ ਅਤੇ ਬੁੜੈਲ ਜੇਲ ਮੁਲਾਕਾਤ ਤੇ ਆਏ ਪਰਿਵਾਰਕ ਮੈਂਬਰਾਂ ਰਾਹੀਂ ਪਤਾ ਲੱਗਾ ਹੈ ਕਿ ਤੁਸੀਂ ਸਾਡੇ ਬੰਦੀ ਸਿੰਘਾਂ ਦੀ ਬੇਨਤੀ ਮੰਨ ਕੇ ਸਾਡੇ ਪਰਿਵਾਰਕ ਮੈਂਬਰਾਂ ਅਤੇ ਪੰਥਕ ਜੱਥੇਬੰਦੀਆਂ ਨੇ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਸੀਨੀਅਰ ਵਕੀਲਾ ਰਾਹੀਂ ਜੇਲਾਂ 'ਚ ਬੰਦੀ ਸਾਰੇ ਸਿੰਘਾਂ ਦੀ ਰਿਹਾਈ ਲਈ ਇਮਾਨਦਾਰੀ ਨਾਲ ਉਸਾਰੂ ਅਤੇ ਠੋਸ ਯਤਨ ਸ਼ੁਰੂ ਕੀਤਾ ਹੈ।

ਪਿਛਲੇ ਸਮੇਂ ਵਿੱਚ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਏ ਸੰਘਰਸ਼ ਨੂੰ ਕਿਸੇ ਕਾਰਨ ਵਿਚਾਲੇ ਹੀ ਛੱਡ ਦਿੱਤਾ ਗਿਆ ਸੀ। ਪਰ ਹੁਣ ਖਾਲਸਾ ਪੰਥ ਨੇ ਇਕੱਤਰ ਹੋ ਕੇ ਇਸ ਸੰਘਰਸ਼ ਨੂੰ ਮੁੜ ਲੀਹਾਂ ਤੇ ਲਿਆਉਣ ਲਈ 5 ਮਾਰਚ ਦਿਨ ਬੁੱਧਵਾਰ 2014 ਨੂੰ ਬੁੰਗਾ ਦਿਆਲਪੁਰ, ਕਰਤਾਰਪੁਰ (ਜਲੰਧਰ) ਤੋਂ ਸ੍ਰੀ ਅਕਾਲ ਤਖਤ ਨੂੰ ਇੱਕ ”ਜਵਾਬ ਦੇਹੀ ਮਾਰਚ” ਇਨਸਾਫ ਲੈਣ ਲਈ ਸ਼ੁਰੂ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਹੈ। ਅਸੀਂ ਸਮੂਹ ਖਾਲਸਾ ਪੰਥ ਨੂੰ ਬੁੜੈਲ ਜੇਲ ਬੰਦੀ ਸਿੰਘਾਂ ਵੱਲੋਂ ਬੇਨਤੀ ਕਰਦੇ ਹਾਂ ਕਿ ਇਸ ”ਜਵਾਬ ਦੇਹੀ ਮਾਰਚ” ਵਿੱਚ ਵੱਡੀ ਗਿਣਤੀ ਨਾਲ ਸ਼ਾਮਲ ਹੋ ਕੇ ਖਾਲਸਾ ਪੰਥ ਆਪਣੀ ਸ਼ਕਤੀ ਦਾ ਪ੍ਰਗਟਾਵਾ ਕਰੇ।

ਅਸੀਂ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ ਵਿਖੇ ਸਾਡੇ ਵੱਲੋਂ ਜੋ ਵਿਸ਼ੇਸ ਇਕੱਤਰਤਾ ਲਈ ਸੱਦਾ ਦਿੱਤਾ ਗਿਆ ਸੀ। ਉਸ ਵਿੱਚ ਸ਼ਾਮਲ ਸਮੂਹ ਜੱਥੇਬੰਦੀਆਂ, ਸ਼ਖਸ਼ੀਅਤਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ 

ਅਸੀਂ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ ਖਾਲਸਾ ਪੰਥ ਦੀ ਅੱਡ-ਅੱਡ ਧੜਿਆਂ, ਗਰੁੱਪਾਂ ਅਤੇ ਦਲਾਂ ਵਿੱਚ ਖਿਲਰੀ ਸ਼ਕਤੀ ਨੂੰ ਇੱਕ ਕੇਸਰੀ ਨਿਸ਼ਾਨ ਸਾਹਿਬ ਹੇਠ ਲਿਆਂਦਾ ਜਾਵੇ, ਤਾਂ ਜੋ ਜੇਲਾਂ 'ਚ ਬੈਠੇ ਸਮੂਹ ਬੰਦੀਆਂ ਦੀ ਰਿਹਾਈ ਲਈ 5 ਮਾਰਚ ਨੂੰ ਅਰੰਭ ਹੋ ਰਹੇ ਬੁੰਗਾ ਦਿਆਲਪੁਰ, ਕਰਤਾਰਪੁਰ (ਜਲੰਧਰ) ”ਜਵਾਬ ਦੇਹੀ ਮਾਰਚ” ਦੀ ਸਫਲਤਾ ਲਈ ਇੱਕ ਵੱਡਾ ਹਮਲਾ ਮਾਰਿਆ ਜਾ ਸਕੇ । ਅਸੀਂ ਸਮੂਹ ਬੰਦੀਆ ਨੇ ਆਪਣਾ ਬਣਦਾ ਫਰਜ਼ ਨਿਭਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਸੀ। ਹੁਣ ਖਾਲਸਾ ਪੰਥ ਵੀ ਆਪਣਾ ਬਣਦਾ ਫਰਜ਼ ਪੁਰਾ ਕਰੇ।

ਅਸੀਂ ਇਹ ਵੀ ਚਾਹੁੰਦੇ ਹਾਂ ਕਿ ਹਾਲ ਹੀ ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਖੜੇ ਉਮੀਦਵਾਰ ਜਦੋਂ ਤੁਹਾਡੇ ਕੋਲ ਵੋਟਾਂ ਮੰਗਣ ਲਈ ਆਉਣ ਤਾਂ ਇਹਨਾਂ ਨੂੰ ਜੇਲੀ ਬੈਠੇ ਸਿੱਖਾਂ ਦੀ ਰਿਹਾਈ ਦੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ ਜਾਏ। ਕਿਉਂਕਿ ਬੀਤੇ ਲੰਮੇ ਸਮੇਂ ਤੋਂ ਪੰਥ ਹਿੱਤਾਂ ਦੀ ਰਾਖੀ ਲਈ ਬਣਦਾ ਫਰਜ਼ ਨਿਭਾਉਣ ਵਾਲੇ ਸੈਂਕੜੇ ਸਿੰਘ ਜੇਲਾਂ ਵਿੱਚ ਰੁਲ ਰਹੇ ਹਨ। ਸਾਡੇ ਵਰਗੇ ਹੋਰ ਵੀ ਅਜਿਹੇ ਸਿੱਖ ਹੋਣਗੇ। ਜਿਹਨਾਂ ਨੇ ਅਦਾਲਤਾ ਦੀਆਂ ਮਿਲੀਆਂ ਸੁਝਾਵਾਂ ਵੀ ਪੂਰੀਆਂ ਕਰ ਲਈਆਂ ਹਨ। ਫਿਰ ਵੀ ਸਾਨੂੰ ਰਿਹਾਅ ਨਹੀਂ ਕੀਤਾ ਗਿਆ। ਇਸ ਹਿੰਦੋਸਤਾਨ ਵਿੱਚ ਸਿੱਖ, ਮੁਸਲਮਾਨ ਅਤੇ ਹੋਰ ਘੱਟ ਗਿਣਤੀਆਂ ਲਈ ਕਾਨੂੰਨ ਦੇ ਅਰਥ ਕੁਝ ਹੋਰ ਹੁੰਦੇ ਹਨ। ਜਦੋਂ ਕਿ ਬਹੁਤ ਗਿਣਤੀ ਨਾਲ ਜੁੜੇ ਹੋਏ ਲੋਕਾਂ ਲਈ ਕਾਨੂੰਨ ਕੁਝ ਹੋਰ ਹੁੰਦਾ ਹੈ।

ਅਸੀਂ ਤਿਹਾੜ ਜੇਲ ਦਿੱਲੀ 'ਚ ਬੰਦ ਕੌਮ ਦੇ ਹੀਰੇ ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਜੇਲਾ 'ਚ ਬੈਠੇ ਸਮੂਹ ਬੰਦੀ ਸਿੰਘਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਅੱਜ ਪੰਥਕ ਮਖੋਟਾ ਪਾ ਕੇ ਪੰਥਕ ਹੋਣ ਦਾ ਡਰਾਮਾ ਕਰਨ ਵਾਲੇ ਪੰਥ ਦੋਖੀਆਂ ਦੀ ਗਿਣਤੀ ਬਹੁਤ ਜਿਆਦਾ ਹੋ ਚੁੱਕੀ ਹੈ। ਇਸ ਲਈ ਗੈਰ ਪੰਥਕਾਂ ਦੀਆਂ ਚਾਲਾ ਤੋਂ ਸੁਚੇਤ ਰਿਹਾ ਜਾਵੇ। ਜਿਵੇਂ ਕਿ ਬੀਤੇ ਦਿਨ ਅੰਬ ਸਾਹਿਬ ਮੁਹਾਲੀ ਦੇ ਸੰਘਰਸ਼ ਦੌਰਾਨ ਸਾਨੂੰ ਇਹ ਕਹਿ ਕੇ ਪਰੋਲ 'ਤੇ ਆਉਣ ਲਈ ਮਜ਼ਬੂਰ ਕੀਤਾ ਗਿਆ ਕਿ ਇਹ ਪਰੋਲ ਦੌਰਾਨ ਹੀ ਪੱਕੀ ਰਿਹਾਈ ਹੋ ਜਾਵੇਗੀ। ਇੱਥੇ ਹੀ ਬਸ ਨਹੀਂ ਪੰਥਕ ਸਫਾ ਵਿੱਚ ਘੂਸਪੇਠ ਕਰ ਚੁੱਕੇ ਗੈਰ ਪੰਥਕਾ ਨੇ ਸਾਡੇ ਪਰਿਵਾਰਾਂ ਨੂੰ ਸੰਘਰਸ਼ ਦੌਰਾਨ ਨੇੜੇ -ਤੇੜੇ ਵੀ ਨਹੀਂ ਆਉਣ ਦਿੱਤਾ, ਹੋਰ ਤਾਂ ਹੋਰ ਸਾਡੇ ਅਦਾਲਤਾ ਵਿੱਚ ਚੱਲ ਰਹੇ ਮੁਕੱਦਮਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਂਦੀ ਰਹੀ।

ਹੁਣ ਖਾਲਸਾ ਪੰਥ ਨੇ ਗੁਰਦੁਆਰਾ ਸ਼੍ਰੀ ਫਤਹਿਗੜ ਸਾਹਿਬ ਵਿਖੇ ਹੋਈ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਵਿੱਚ ਜੋ 9 ਮੈਂਬਰੀ "ਸਿੱਖ ਮੁਹਿੰਮ ਕਮੇਟੀ" ਹੋਂਦ ਵਿੱਚ ਲਿਆਦੀ ਹੈ, ਜਿਸ ਵਿੱਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ,ਬਾਬਾ ਮਨਮੋਹਨ ਸਿੰਘ ਜੀ ਬਾਰਨ ਅਤੇ ਭਾਈ ਪੰਥ ਪ੍ਰੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ ਅਤੇ ਸਾਡੇ ਪਰਿਵਾਰਕ ਮੈਂਬਰਾਂ ਵੀ ਸ਼ਾਮਲ ਹਨ। ਇਸ ਕਮੇਟੀ ਨੂੰ ਭਰਵਾ ਸਹਿਯੋਗ ਦਿੱਤਾ ਜਾਏ। ਅਸੀਂ ਖਾਲਸਾ ਪੰਥ ਦੇ ਇਸ ਗੱਲੋਂ ਤਹਿ ਦਿਲ ਨਾਲ ਸ਼ੁਕਰਾਨਾ ਕਰਦੇ ਹਾਂ ਕਿ ਕਾਨੂੰਨੀ ਚਾਰਾਜੋਈ ਕਰਨ ਵਾਸਤੇ ਇੱਕ ਉਚ ਪੱਧਰੀ ਵਕੀਲਾ ਦਾ ਪੈਨਲ ਵੀ ਕਾਇਮ ਕੀਤਾ ਗਿਆ ਹੈ। ਜਿਸ ਵਿੱਚ ਆਰ.ਐਸ.ਸੋਢੀ., ਸ. ਹਰਵਿੰਦਰ ਸਿੰਘ ਫੁਲਕਾ, ਰੋਬੀ ਘੁਮਣ ਐਡਵੋਕੇਟ ਸੁਪਰੀਮ ਕੋਰਟ, ਸ੍ਰੀ ਬਾਲ ਗੋਪਾਲ ਐਡਵੋਕੇਟ ਜਨਰਲ ਨਾਗਾਲੈਂਡ ਸ੍ਰੀ ਰੰਜਨ ਲਖਨ ਪਾਲ ਐਡਵੋਕੇਟ, ਸਿਮਰਜੀਤ ਸਿੰਘ ਐਡਵੋਕੇਟ ਪੰਜਾਬ ਅਤੇ ਹਰਿਆਣਾ ਹਾਈਕੋਰਟ, ਗੁਰਜਿੰਦਰ ਸਿੰਘ ਸਾਹਨੀ ਐਡਵੋਕਟ ਲੁਧਿਆਣਾ ਸ਼ਾਮਲ ਕੀਤੇ ਗਏ ਹਨ।

ਅਸੀਂ ਖਾਲਸਾ ਪੰਥ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਬੀਤੇ ਸਮੇਂ ਵਿੱਚ ਸਿੱਖਾਂ ਨਾਲ ਸਿੱਖੀ ਸਰੂਪ ਵਾਲਿਆਂ ਲੋਕਾਂ ਨੇ ਜੋ ਸਿੱਖ ਹੋ ਕੇ ਗਦਾਰੀ ਕਰਨ ਵਾਲੇ ਲੋਕਾਂ ਦੀ ਪਹਿਚਾਣ ਕੀਤੀ ਜਾਏ ਅਤੇ ਇਹਨਾਂ ਤੇ ਮੁੜ ਕੋਈ ਭਰੋਸਾ ਨਾ ਕੀਤਾ ਜਾਏ। ਹੁਣ ਤੱਕ ਹੋਏ ਸਿੱਖ ਸੰਘਰਸ਼ ਵਿੱਚ ਜਿਹੜੇ ਲੋਕ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਸੋਚ ਨੂੰ ਵਿਸਾਰ ਚੁੱਕੇ ਹਨ। ਉਹਨਾਂ ਆਗੂਆਂ ਤੇ ਕੋਈ ਯਕੀਨ ਨਾ ਕੀਤਾ ਜਾਏ।

ਸਾਡੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਦੀ ਕਹਾਉਂਦੀ ਪੰਥਕ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰੇ ਕਿ ਜਿਹੜੇ ਵੀ ਕੈਦੀ ਪੰਜਾਬ ਦੀਆਂ ਜੇਲਾਂ 'ਚ ਅਤੇ ਹੋਰਨਾ ਸੂਬਿਆਂ ਦੀਆਂ ਜੇਲਾਂ ਵਿੱਚ ਬੰਦ ਹਨ। ਜੋ ਆਪਣੀਆਂ ਸਜਾਵਾਂ ਮੁਕਾ ਚੁੱਕੇ ਹਨ। ਇਹਨਾਂ ਸਭਨਾਂ ਨੂੰ ਫੋਰੀ ਤੌਰ ਤੇ ਰਿਹਾ ਕੀਤਾ ਜਾਏ।

ਸਾਡੀ ਦੂਜੀ ਮੰਗ ਇਹ ਵੀ ਹੈ ਕਿ ਮੌਜੂਦਾ ਸਮੇਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਖੜੇ ਜਿਹੜੇ ਉਮੀਦਵਾਰ ਜੇਲਾਂ 'ਚ ਬੈਠੇ ਸਜ਼ਾ ਭੁਗਤ ਚੁੱਕੇ ਬੰਦੀਆਂ ਦੀ ਰਿਹਾਈ ਲਈ ਮੂੰਹ ਨਹੀਂ ਖੋਲਦੇ ਉਹਨਾਂ ਨਾਲ ਮੁਕੰਮਲ ਬਾਈਕਾਟ ਕੀਤਾ ਜਾਏ। ਅਸੀਂ ਸਮੂਹ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕਿ 5 ਮਾਰਚ ਦਿਨ ਬੁੱਧਵਾਰ ਬੁੰਗਾ ਦਿਆਲਪੁਰਾ ਕਰਤਾਰਪੁਰ (ਜਲੰਧਰ) ਤੋਂ ਦੁਪਹਿਰ 12:00 ਵਜ਼ੇ ਸ਼੍ਰੀ ਅਕਾਲ ਤਖਤ ਵੱਲ ਚੱਲਣ ਵਾਲੇ ਜਵਾਬ ਦੇਹੀ ਮਾਰਚ ਵਿੱਚ ਵੱਡੀ ਗਿਣਤੀ ਨਾਲ ਸ਼ਮੂਲੀਅਤ ਕੀਤੀ ਜਾਏ । ਇਸ ”ਜਵਾਬ ਦੇਹੀ ਮਾਰਚ” ਵਿੱਚ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਪੁਰਅਮਨ ਸ਼ਾਤਮਈ ਤਰੀਕੇ ਨਾਲ ਖਾਲਸਾ ਪੰਥ ਦੀ ਅਜ਼ਾਦੀ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜ਼ਿੰਦਾਬਾਦ ਦੇ ਅਕਾਸ਼ ਗੂੰਜ਼ਾਉ ਨਾਅਰੇ ਬੁਲੰਦ ਕੀਤੇ ਜਾਣ।

ਅਸੀਂ ਸਮੂਹ ਬੰਦੀ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਬਾਦਲ ਪਰਿਵਾਰ ਵੱਲੋਂ ਥਾਪੇ ਗਏ ਜੱਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸ੍ਰੀ ਅਕਾਲ ਤਖਤ 'ਤੇ ਭਾਈ ਗੁਰਬਖਸ਼ ਸਿੰਘ ਨੂੰ ਬੁਲਾ ਕੇ, ਉਸਦੀ ਭੁੱਖ ਹੜਤਾਲ ਕਿਉਂ ਤੜਵਾਈ ਅਤੇ ਹੁਣ ਪੈਰੋਲ ਤੇ ਆਏ ਬੰਦੀ ਸਿੰਘ ਮੁੜ ਜੇਲਾਂ ਵਿੱਚ ਡੱਕ ਦਿੱਤੇ ਗਏ ਹਨ। ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਸੰਗਤਾਂ ਸਾਹਮਣੇ ਬਚਨ ਕੀਤਾ ਸੀ, ਕਿ ਉਸਨੂੰ ਨਿਭਾਉਣ ਤੋਂ ਅਵੇਸਲੇ ਕਿਉਂ ਹੋ ਆਪਣੇ ਕੀਤੇ ਬਚਨ ਨੂੰ ਪੂਰਿਆਂ ਕਰੋ, ਤਾਂ ਜੋ ਸਿੱਖਾਂ ਦਾ ਮਾਣ-ਮਤਾ ਇਤਿਹਾਸ ਹੋਰ ਕਲੰਕਿਤ ਨਾ ਹੋਵੇ।

ਗੁਰੂ ਪੰਥ ਦੇ ਦਾਸਰੇ

ਭਾਈ ਲਖਵਿੰਦਰ ਸਿੰਘ ਨਾਰੰਗਵਾਲ
ਭਾਈ ਗੁਰਮੀਤ ਸਿੰਘ
ਭਾਈ ਸ਼ਮਸੇਰ ਸਿੰਘ
ਬੁੜੈਲ ਜੇਲ ਚੰਡੀਗੜ

ਮਿਤੀ 22-02-2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top