Share on Facebook

Main News Page

ਸ਼ਹੀਦ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਬਾਰੇ ਇੱਕ ਵਖਰਾ ਦ੍ਰਿਸ਼ਟੀਕੋਣ {੨੭ ਜੁਲਾਈ ੧੭੩੯}
-: ਜਗਪਾਲ ਸਿੰਘ ਸਰੀ

ਦੁਨੀਆ ਦੇ ਕਿਸੇ ਵੀ ਇਤਿਹਾਸ ਅੰਦਰ ਜਦ ਕੋਈ ਘਟਨਾ ਘਟਦੀ ਹੈ, ਤਾ ਕਦੇ ਵੀ ਲਿਖਤੀ ਰੂਪ ਵਿੱਚ ਉਸ ਤਰੀਕੇ ਨਾਲ ਨਹੀਂ ਆਉਂਦੀ, ਜਿਸ ਤਰੀਕੇ ਨਾਲ ਉਹ ਘਟੀ ਹੋਵੇ। ਉਸ ਘਟਨਾ ਦਾ ਰੂਪ ਲਿਖਤੀ ਤੌਰ 'ਤੇ ਨਾ ਚਾਹੁੰਦੇ ਹੋਏ ਵੀ ਬਦਲ ਜਾਂਦਾ ਹੈ। ਰੂਪ ਬਦਲਣ ਮਗਰ ਦੋ ਪ੍ਰਮੁੱਖ ਕਾਰਣ ਹੁੰਦੇ ਹਨ।

ਪਹਿਲਾ ਕਾਰਣ: ਜਦ ਵੀ ਕੋਈ ਇਤਿਹਾਸ ਲਿਖਣ ਵਾਲਾ ਲਿਖਾਰੀ ਹੁੰਦਾ ਹੈ, ਜੇ ਕਰ ਉਹ ਦੂਜੇ ਧਰਮ ਦਾ ਜਾਂ ਈਰਖਾਲੂ ਬਿਰਤੀ ਦਾ, ਜੇ ਇਨਸਾਨ ਹੈ ਤਾਂ ਉਹ ਘਟਨਾ ਨੂੰ ਆਪਣੇ ਤਰੀਕੇ ਦਾ ਰੂਪ ਦੇਵੇਗਾ। ਇਸ ਤਰ੍ਹਾਂ ਕਰਨ ਨਾਲ ਘਟਨਾ ਦਾ ਰੂਪ ਬਦਲ ਜਾਂਦਾ ਹੈ।

ਦੂਜਾ ਕਾਰਣ: ਜੇਕਰ ਘਟਨਾ ਲਿਖਣ ਵਾਲਾ ਲਿਖਾਰੀ ਉਸ ਧਰਮ ਦਾ ਹੋਵੇ, ਜਿਸ ਧਰਮ ਦੇ ਲੋਕਾਂ ਨਾਲ ਘਟਨਾ ਸੰਬਧਿਤ ਹੋਵੇ ਤਾਂ ਉਹ ਸਰਧਾ ਵੱਸ ਹੋਕੇ, ਉਸ ਨੂੰ ਵਧਾ ਚੜ੍ਹਾ ਕੇ ਲਿਖੇਗਾ, ਤਾਂ ਕਿ ਉਸ ਦੇ ਧਰਮ ਦੇ ਲੋਕ ਕਿਸੇ ਪ੍ਰਕਾਰ, ਕਿਸੇ ਨਾਲੋ ਘੱਟ ਨਾ ਰਹਿ ਜਾਣ। ਇਸ ਤਰੀਕੇ ਨਾਲ ਇਤਿਹਾਸ ਦੀ ਘਟਨਾ ਦਾ ਅਸਲੀ ਰੂਪ ਬਲ ਕੇ ਹੋਰ ਦਾ ਕੁਝ ਹੋਰ ਜਾਂਦਾ ਹੈ।

ਇਹਨਾਂ ਦੋਵਾਂ ਤੋਂ ਬਿਨਾਂ ਇੱਕ ਲਿਖਾਰੀ ਉਹ ਹੁੰਦੇ ਹਨ, ਜੋ ਘਟਨਾ ਨੂੰ ਹੂਬਹੂ ਲਿਖਣ ਦੀ ਕੋਸ਼ਿਸ ਕਰਦੇ ਹਨ, ਪਰ ਉਹਨਾਂ ਦੀ ਇਕ ਮਜਬੂਰੀ ਇਹ ਹੁੰਦੀ ਹੈ, ਜਾਂ ਤਾਂ ਉਹਨਾਂ ਕੋਲ ਅਸਲੀ ਰੂਪ ਦੇਣ ਵਾਲੀਆਂ ਲਿਖਤਾਂ ਮੌਜੂਦ ਨਹੀਂ ਹੁੰਦੀਆਂ, ਪਰ ਜੇਕਰ ਉਹ ਲਿਖ ਵੀ ਦੇਣ ਕਿਸੇ ਤਰੀਕੇ ਨਾਲ, ਸੱਚ ਦੇ ਨਜਦੀਕ ਵੀ ਹੋ ਜਾਣ, ਤਾਂ ਆਮ ਲੋਕਾਂ ਵਲੋਂ ਉਹਨਾਂ ਨੂੰ ਨਕਾਰ ਦਿੱਤਾ ਜਾਂਦਾ ਹੈ, ਕਿਉਂਕਿ ਲੋਕਾਂ ਉਪਰ ਕਈ ਸੌ ਸਾਲਾਂ ਤੋਂ ਲਗਾਤਾਰ ਜੋ ਪੁਰਾਣੀਆਂ ਗੱਲਾਂ ਸੁਣਦੇ ਆ ਰਹੇ ਹੁੰਦੇ ਹਨ, ਉਹਨਾਂ ਗੱਲਾਂ ਦਾ ਬਹੁਤ ਗਹਿਰਾ ਅਸਰ ਹੁੰਦਾ ਹੈ ਤੇ ਨਵੀਂ ਗਲ ਹਜ਼ਮ ਨਹੀਂ ਹੁੰਦੀ।

ਇਸ ਤਰ੍ਹਾਂ ਹੀ ਕੁਝ ਮੇਰੇ ਆਪਣੇ, ਮੇਰੀ ਆਪਣੀ ਕੌਮ ਦੇ ਇਤਿਹਾਸ ਨਾਲ ਹੋਇਆ ਹੈ। ਸਿੱਖ ਇਤਿਹਾਸ ਵਿੱਚ ਜਿੰਨੀਆਂ ਵੀ ਘਟਨਾਵਾਂ ਘਟੀਆਂ ਹਨ। ਉਹ ਸਭ ਦੁਨੀਆ ਦੇ ਇਤਿਹਾਸ ਨਾਲੋਂ ਵਖਰੀਆਂ ਤੇ ਨਵੇਕਲੇ ਰੂਪ ਵਿੱਚ ਸਨ। ਸਿੱਖ ਕੌਮ ਨੇ ਇਤਿਹਾਸ ਬਣਾਇਆ ਤਾਂ ਬਹੁਤ, ਪਰ ਲਿਖਣ ਵਾਲੇ ਆਪ ਨਹੀਂ ਸਨ। ਸਿੱਖ ਕੌਮ ਦਾ ਜਿਆਦਾਤਰ ਇਤਿਹਾਸ ਹਿੰਦੂ ਬ੍ਰਾਹਮਣ ਨੇ ਲਿਖਿਆ ਤੇ ਉਸ ਨੂੰ ਤਕਰੀਬਨ ਆਪਣਾ ਰੂਪ ਦੇ ਕੇ ਪੇਸ਼ ਕੀਤਾ। ਜਿਸ ਤਰ੍ਹਾਂ ਉਸ ਦੇ ਆਪਣੇ ਧਰਮ ਦੇ ਮਿਥਿਹਾਸ ਵਿੱਚ ਸਾਰੀਆਂ ਚਮਤਕਾਰੀ ਗੱਲਾਂ ਲਿਖੀਆਂ ਹੋਈਆਂ ਹਨ, ਉਸ ਨੇ ਆਪਣੇ ਮਿਥਿਹਾਸ ਦੀਆਂ ਘਟਨਾਵਾ ਨੂੰ ਸਿੱਖ ਇਤਿਹਾਸ ਨਾਲ ਜੋੜ ਕੇ, ਸਿੱਖ ਇਤਿਹਾਸ ਦਾ ਅਸਲੀ ਰੂਪ ਹੀ ਬਦਲ ਕੇ ਰੱਖ ਦਿੱਤਾ। ਅੱਜ ਉਹੀ ਸਿੱਖ ਕੌਮ ਲਈ ਸੱਚ ਬਣਿਆ ਹੋਇਆ ਹੈ।

ਅੱਜ ਮੈਂ ਜਿਸ ਘਟਨਾ ਦਾ ਜਿਕਰ ਕਰਨਾ ਜਾ ਰਹਿਆ ਹਾ। ਉਹ ਗੁਰੂ ਦੇ ਦੋ ਮਹਾਨ ਯੋਧੇ, ਗੁਰੂ ਦੇ ਸ਼ੇਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ। ਅਗੇ ਜਾਣਾ ਤੋ ਪਹਿਲਾ ਮੈ ਇਕ ਹੋਰ ਜਿਕਰ ਕਰਾ ਸਿੱਖ ਦਾ ਜਾਤ ਪਾਤ ਨਾਲ ਕੋਈ ਸੰਬਧ ਨਹੀ ਇਸ ਗੱਲ ਦੀ ਵੀ ਇਹ ਦੋਵੇ ਮਿਸਾਲ ਹਨ।ਔਖਤੀ ਬ੍ਰਾਹਮਣ ਅਨੁਸਾਰ ਜੋ ਜਾਤ ਪਾਤ ਮਨੁਖਤਾ ਨੂੰ ਖਤਮ ਕਰਨ ਲਈ ਬਣਾਈ ਗਈ ਹੈ।ਉਸ ਅਨੁਸਾਰ ਬਾਬਾ ਬੋਤਾ ਸਿੰਘ ਸੰਧੂ ਜੱਟ ਹੈ ਤੇ ਬਾਬਾ ਗਰਜਾ ਸਿੰਘ ਰੰਗਰੇਟਾ ਗੁਰੂ ਕਾ ਬੇਟਾ{ਭਾਵ ਮਜਬੀ ਸਿੰਘ}ਹੈ।

ਪਰ ਮਜਾਲ ਵੀ ਹੈ ਦੋਵਾਂ ਵਿੱਚ ਇਕ ਰੱਤੀ ਜਿੰਨਾ ਵੀ ਵਖਰੇਵਾਂ ਹੋਵੇ। ਪਰ ਅੱਜ ਇਹ ਗੱਲ ਨੂੰ ਕਹਿਣਾ ਸੌਖਾ ਨਹੀਂ। ਅੱਜ ਜਾਤ ਪਾਤ ਨੂੰ ਵਧਾਉਣ ਵਾਲੇ ਸਾਧ, ਜਿੰਨਾ ਵਿਚੋਂ ਭੁੱਚੋ ਕਲਾਂ ਵਾਲਾ ਡੇਰਾ ਬਠਿੰਡੇ ਜਿਲ੍ਹੇ ਵਿੱਚ, ਦੂਜੀ ਇਹਨਾਂ ਦੀ ਬਰਾਂਚ ਨੰਦਸਰ ਵਾਲਾ ਡੇਰਾ ਜਗਰਾਉਂ ਦੇ ਕੋਲ, ਕਲੇਰਾਂ ਪਿੰਡ ਵਿੱਚ ਹੈ, ਜਿਥੇ ਅੱਜ ਕੋਈ ਵੀ ਜਾ ਕੇ ਦੇਖ ਸਕਦਾ ਹੈ ਕਿ ਨੀਵੀਂ ਜਾਤ ਵਾਲਾ ਲੰਗਰ ਦੇ ਅੰਦਰ ਵੜ ਕੇ ਲੰਗਰ ਨਹੀਂ ਛੱਕ ਸਕਦਾ। ਇਹ ਸਿਰਫ ਸਾਡੀਆਂ ਕਮਜੋਰੀਆਂ ਕਰਕੇ ਹੀ ਹੋ ਰਹਿਆ ਦੇ ਹੈ।

ਆਪਣੇ ਵਿਸ਼ੇ ਵੱਲ ਆਵਾਂ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਸੰਬਧ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਉਹ ਹਰ ਰਾਤ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਤੇ ਇਸਨਾਨ ਕਰਕੇ ਆਉਂਦੇ ਸਨ। ਦਿਨ ਵੇਲੇ ਝਾੜੀਆਂ 'ਚ ਜਾ, ਸਰਕਾਨੇ ਦੇ ਉਹਲੇ ਲੁੱਕ ਕੇ, ਦਿਨ ਕੱਟ ਲਿਆ ਕਰਦੇ ਸਨ। ਇਕ ਦਿਨ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ, ਉਹਨਾ ਨੂੰ ਰਸਤੇ ਵਿੱਚ ਹੀ ਦਿਨ ਚੜ੍ਹ ਗਿਆ ਤਾਂ, ਉਹ ਸਰ ਕਾਨੇ ਜਾ ਝਾੜੀਆਂ ਦੇ ਉਹਲੇ ਲੁੱਕ ਕੇ ਬੈਠ ਗਏ।

ਦੋਵੇਂ ਸ਼ੇਰ ਗੁਰੂ ਦੇ, ਨੂਰਦੀਨ ਦੀ ਸਰਾਂ ਦੇ ਕੋਲ ਲੁੱਕ ਕੇ ਬੈਠ ਹੋਏ ਸਨ। ਜਿਸ ਜਗ੍ਹਾ 'ਤੇ ਲੁੱਕ ਕੇ ਬੇਠੇ ਸਨ, ਉਸ ਜਗ੍ਹਾ ਦੇ ਨਜਦੀਕ ਦੀ ਦੋ ਰਾਹੀ ਜਾ ਰਹੇ ਸਨ। ਉਹਨਾ ਨੇ ਸਰ ਕਾਨੇ ਹਿਲਦੇ ਦੇਖੇ ਤਾਂ ਦੋਵੇਂ ਡਰ ਗਏ, ਪਹਿਲਾ ਰਾਹੀ ਦੂਜੇ ਰਾਹੀ ਨੂੰ ਕਹਿੰਦਾ, ਦੇਖੀ ਯਾਰ ਕਿਤੇ ਸਿੰਘ ਨਾ ਹੋਣ, ਦੂਜਾ ਰਾਹੀ ਪਹਿਲੇ ਨੂੰ ਰਾਹੀ ਨੂੰ ਕਹਿਣ ਲੱਗਾ, ਨਹੀਂ ਨਹੀਂ ਸਿੱਖਾਂ ਦਾ ਜ਼ਕਰੀਆ ਖਾਨ ਨੇ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ।

ਇਹ ਦੋਵੇਂ ਗੱਲਾਂ ਉਹਨਾ ਦੋਵੇਂ ਗੁਰੂ ਦੇ ਲਾਲਾਂ ਨੇ ਸੁਣ ਲਈਆਂ ਤੇ ਝਾੜੀਆਂ ਤੋਂ ਬਾਹਰ ਆ ਕੇ ਉਹਨਾਂ ਦੋਵੇਂ ਰਾਹੀਆਂ ਨੂੰ ਪੁਛਣ ਲਗੇ ਕਿ ਤੁਸੀਂ ਕੀ ਗੱਲਾਂ ਕਰਦੇ ਹੋ। ਉਹਨਾ ਦੋਵੇ ਰਾਹੀਆਂ ਨੇ ਉਹਨਾਂ ਨੂੰ ਸਾਰੀ ਵਿਥਿਆ ਦੱਸ ਦਿੱਤੀ ਤੇ ਕਹਿਣ ਲੱਗੇ, ਮੁਗਲਾਂ ਨੇ ਸਾਰੇ ਸਿੰਘ ਖਤਮ ਕਰ ਦਿੱਤੇ ਹਨ। ਇਹ ਗੱਲ ਉਹਨਾਂ ਦੇ ਮੁੰਹ ਵਿਚੋਂ ਸੁਣ ਕੇ ਦੋਵੇ ਸਿੰਘ ਰੋਹ ਵਿੱਚ ਆ ਗਏ ਤੇ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ।

ਵਿਚਾਰਨ ਵਾਲੀ ਗੱਲ


ਹੁਣ ਇਤਿਹਾਸ ਇਹ ਕਹਿੰਦਾ ਹੈ ਉਹ ਦੋਵੇ ਰਾਹੀਆਂ ਦੀਆਂ ਗੱਲਾਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨਾਂ ਵਿੱਚ ਪਈਆਂ ਤਾਂ ਉਹ ਇਕ ਦਮ ਝਾੜੀਆਂ ਦੇ ਉਹਲੇ ਨਿਕਲ ਕੇ, ਉਹਨਾਂ ਦੇ ਆ ਗਏ। ਹੁਣ ਉਹ ਰਾਹੀ ਕਿੰਨਾ ਕੁ ਉਚੀ ਬੋਲਦੇ ਜਾ ਰਹੇ ਸਨ, ਜੋ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨੀ ਉਹਨਾਂ ਦੀਆਂ ਗੱਲਾਂ ਪੁਹੰਚ ਗਈਆਂ? ਫਿਰ ਇਤਹਾਸ ਕਹਿੰਦਾ ਉਹਨਾਂ ਨੇ ਜਦ ਝਾੜੀਆਂ ਹਿੱਲਦੀਆਂ ਦੇਖੀਆਂ ਤਾਂ ਦੋਵੇਂ ਕੁਝ ਕੁ ਡਰ ਗਏ। ਡਰੇ ਬੰਦੇ ਦੀ ਤਾਂ ਵੈਸੇ ਹੀ ਆਵਾਜ ਨਹੀਂ ਨਿਕਲਦੀ, ਤਾ ਫਿਰ ਉਹਨਾਂ ਦੀ ਆਵਾਜ਼ ਕਿਵੇਂ ਸੁਣ ਗਈ?

ਜਿਸ ਸੜਕ ਦਾ ਜਿਕਰ ਇਤਿਹਾਸ ਕਰਦਾ ਹੈ, ਉਹ ਆਮ ਨਹੀਂ ਖਾਸ ਰਸਤਾ ਸੀ, ਜੋ ਦਿੱਲੀ ਤੇ ਲਾਹੌਰ ਨੂੰ ਆਪਸ ਵਿੱਚ ਜੋੜਦਾ ਸੀ। ਇਸ ਸੜਕ ਉਪਰ ਦੀ ਸਿਰਫ ਸ਼ਾਹੀ ਫੌਜਾਂ ਦਾ ਆਉਣਾ ਜਾਣਾ ਸੀ। ਹਰ ਕੋਈ ਇਸ ਰਸਤੇ ਨੂੰ ਨਹੀਂ ਸੀ ਵਰਤਦਾ। ਫਿਰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਉਸ ਇਲਾਕੇ ਵਿੱਚ ਹੀ ਰਹਿੰਦੇ ਸਨ। ਇਸ ਦਾ ਮਤਲਬ ਆਮ ਲੋਕਾਂ ਨੂੰ ਜਾਂ ਇਲਾਕੇ ਦੇ ਲੋਕਾਂ ਨੂੰ ਉਹਨਾ ਬਾਰੇ ਪਤਾ ਹੋਵੇਗਾ। ਦੋਵੇ ਸਿੰਘ ਰੋਟੀ ਪਾਣੀ ਕਿਥੋ ਖਾਂਦੇ ਸਨ? ਅੱਜ ਵਾਗ ਕੋਈ ਗੁਰੂ ਕੇ ਲੰਗਰ ਤਾਂ ਉਹਨਾ ਦਿਨਾਂ ਵਿੱਚ ਚਲਦੇ ਨਹੀਂ ਸਨ!

ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨੁਕਤੇ ਵਿਚਾਰਨ ਵਾਲੇ ਬਣਦੇ ਹਨ।

ਮੇਰਾ ਆਪਣਾ ਵਿਚਾਰ

ਇਹ ਮੇਰਾ ਆਪਣਾ ਵਿਚਾਰ ਹੈ, ਜ਼ਰੂਰੀ ਨਹੀਂ ਕਿ ਇਸ ਸਹੀ ਹੋਵੇ ਜਾਂ ਸਾਰੇ ਇਸ ਗੱਲ ਨਾਲ ਸਹਿਮਤ ਹੋਣ। ਪਰ ਜੋ ਮੇਰੇ ਮਨ ਨੂੰ ਗੱਲ ਕਾਫੀ ਦਿਨਾਂ ਤੋਂ ਠੀਕ ਨਹੀਂ ਲੱਗ ਰਹੀ ਸੀ, ਮੈਂ ਉਸ ਦੀ ਆਪ ਸਭ ਨਾਲ ਸਾਂਝ ਪਾਈ ਹੈ। ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ 'ਤੇ ਵੀ ਵਿਚਾਰ ਕਰਨੀ ਬਣਦੀ ਹੈ।


ਜੋ ਮੇਰਾ ਵਿਚਾਰ ਇਸ ਪ੍ਰਤੀ ਹੈ, ਜਿਸ ਸੜਕ ਦੇ ਕਿਨਾਰੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਲੁਕੇ ਹੋਏ ਸਨ, ਉਹ ਆਮ ਸੜਕ ਨਹੀਂ ਸੀ। ਮੇਰਾ ਮਨ ਨਹੀ ਮੰਨਦਾ, ਦੋਵੇ ਸਿੰਘ ਝਾੜੀਆ ਦੇ ਉਹਲੇ ਲੁਕੇ ਹੋ ਸਕਦੇ ਹਨ।

ਘਟਨਾ ਕੁਝ ਇਸ ਪ੍ਰਕਾਰ ਹੋ ਸਕਦੀ ਹੈ”

ਸ਼ਾਹੀ ਰਸਤਾ ਹੋਣ ਕਰਕੇ, ਉਹ ਦੋਵੇਂ ਰਾਹੀ ਸਰਕਾਰ ਦੇ ਸਿਪਾਹੀ ਹੋ ਸਕਦੇ ਹਨ। ਦੋਵੇਂ ਸਿੰਘ ਵੀ ਉਸੇ ਰਸਤੇ 'ਤੇ ਆਉਂਦੇ ਹੋਣਗੇ, ਉਹਨਾ ਦੋਵੇਨ ਸਿਪਾਹੀੳਾਂ ਤੋਂ ਇਹ ਗੱਲ ਨਹੀਂ ਬਰਦਾਸ਼ਤ ਹੋਈ ਹੋਣੀ, ਇਕ ਸਿੱਖ ਤੇ ਉਪਰੋਂ ਰਸਤਾ ਵੀ ਉਹਨਾਂ ਨੇ ਉਹ ਚੁਣਿਆ, ਜੋ ਸਰਕਾਰੀ ਜਾਂ ਸ਼ਾਹੀ ਫੌਜਾਂ ਲਈ ਵਰਤਿਆ ਜਾਂਦਾ ਸੀ। ਇਹ ਦੇਖ ਕੇ ਦੋਵੇਂ ਸਿਪਾਹੀਆਂ ਨੂੰ ਗੁੱਸਾ ਆਇਆ ਹੋਵੇਗਾ, ਸਿਪਾਹੀਆਂ ਦੇ ਬੋਲ ਹੋ ਸਕਦੇ ਨੇ, "ਸਿੱਖੋ ਤੁਸੀਂ ਹਾਲੇ ਜਿਉਂਦੇ ਹੀ ਫਿਰਦੇ ਹੋ, ਤੁਹਾਡੇ ਕਿਸੇ ਨੇ ਸਿਰ ਨਹੀਂ ਵੱਢੇ”, ਜਿੰਨਾ ਨੂੰ ਸੁਣ ਕੇ ਰੋਹ ਆਉਣਾ ਸੁਭਾਵਕ ਹੈ।

ਇਸ ਸੁਣ ਕੇ ਸਿੰਘਾਂ ਨੇ ਜੋਸ਼ ਵਿੱਚ ਆ ਕੇ ਕਹਿਆ ਹੋਣਾ, ਆਜੋ ਪਹਿਲਾਂ ਤੁਸੀਂ ਹੀ ਸਾਡੇ ਸਿਰ ਵੱਢ ਲਵੋ। ਇਹਨਾ ਕਹਿਣ ਤੋਂ ਮਗਰੋਂ ਸਿੰਘਾਂ ਨੇ ਪਹਿਲਾ ਤਾ ਉਹਨਾ ਦੋਵਾਂ ਦੀ ਚੰਗੀ ਭੁਗਤ ਸਵਾਰੀ ਹੋਣੀ ਹੈ, ਫਿਰ ਉਹਨਾਂ ਦੇ ਹੱਥ ਹੀ ਬਾਬੇ ਬੋਤਾ ਸਿੰਘ ਨੇ ਚਿੱਠੀ ਲਿੱਖ ਕੇ ਫੜ੍ਹਾਈ ਹੋਵੇਗੀ, ਤਾਂ ਕਿ ਜਕਰੀਆ ਖਾਨ ਨੂੰ ਹੋਰ ਤਕਲੀਫ਼ ਹੋਵੇ। ਇਕ ਤਾਂ ਉਸ ਦੇ ਬੰਦੇ ਕੁੱਟੇ, ਉਪਰੋਂ ਖਾਲਸਾ ਰਾਜ ਦਾ ਐਲਾਨ ਕਰ ਦਿੱਤਾ, ਨਾਲੇ ਲੋਕਾਂ ਤੋਂ ਖਾਲਸਾ ਰਾਜ ਦੇ ਅਧੀਨ ਟੈਕਸ ਲੈਣਾ ਸੁਰੂ ਕਰ ਦਿੱਤਾ ਹੈ।

ਚਿੱਠੀ ਦੇ ਅਲਫਾਜ ਮਗਰੋਂ ਕਿਸੇ ਸ਼ਇਰ ਦੇ ਲਿਖੇ ਹੋਏ ਹਨ:

ਚਿੱਠੀ ਲਿਖੇ ਸਿੰਘ ਬੋਤਾ।
ਹੱਥ ਹੈ ਸੋਟਾ, ਵਿੱਚ ਰਾਹ ਖੜੋਤਾ।
ਆਨਾ ਲਾਯਾ ਗੱਡੇ ਨੂੰ, ਪੈਸਾ ਲਾਯਾ ਖੋਤਾ।
ਆਖੋ ਭਾਬੀ ਖ਼ਾਨੋ ਨੂੰ.ਯੋ ਆਖੇ ਸਿੰਘ ਬੋਤਾ।

ਇਸ ਚਿੱਠੀ ਨੂੰ ਪੜਣ ਮਗਰੋਂ ਜਕਰੀਆ ਖਾਨ ਗੁੱਸੇ ਨਾਲ ਸੜ ਬਲ ਗਿਆ। ਉਸ ਨੇ ਜਲਾਲ ਦੀਨ ਦੀ ਕਮਾਨ ਥੱਲੇ ੧੦੦ ਬੰਦਿਆਂ ਦੀ ਟੁਕੜੀ ਭੇਜੀ, ਜਿਸ ਜਗ੍ਹਾ 'ਤੇ ਸਿੰਘਾਂ ਨੇ ਨਾਕਾ ਲਾਇਆ ਹੋਇਆ ਸੀ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਇਸ ਲੜਾਈ ਵਿੱਚ ੩੦ ਦੇ ਕਰੀਬ ਮੁਗਲ ਫੌਜੀ ਮਾਰ ਮੁਕਾਏ ਸਨ। ਇਸ ਤਰ੍ਹਾ ਦੀ ਬਹਾਦਰੀ ਨਾਲ ਲੜਨ ਵਾਲੇ ਸਿੰਘ ਕਦੇ, ਝਾੜੀਆਂ ਉਹਲੇ ਲੁਕ ਕੇ ਨਹੀਂ ਬਹਿੰਦੇ।

ਲੇਖ ਵਿੱਚ ਲਿਖੇ ਗਏ ਮੇਰੇ ਆਪਣੇ ਵਿਚਾਰ ਹਨ, ਇਹਨਾਂ ਨਾਲ ਸਾਰਿਆਂ ਦਾ ਸਹਿਮਤ ਹੋਣਾ ਕੋਈ ਜ਼ਰੂਰੀ ਨਹੀਂ,ਤੇ ਨਾ ਹੀ ਮੇਰੀ ਇਤਹਾਸ ਨੂੰ ਬਦਲਣ ਦੀ ਕੋਈ ਕੋਸ਼ਿਸ ਹੈ। ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨਾ ਮਨੁੱਖੀ ਹੱਕ ਹੈ।

ਘਟਨਾ ਦੀ ਤਰੀਕ ਡਾ: ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ਸਿੱਖ ਤਵਾਰੀਖ ਦੂਜਾ ਹਿਸਾ ਦੇ ਪੰਨਾ ੪੮੮ ਵਿਚੋਂ ਲਈ ਗਈ ਹੈ।

ਮਿਤੀ : ੨੧-੦੨-੨੦੧੪
ਨਾਨਕਸ਼ਾਹੀ ਸਮੰਤ ੫੪੫-੧੦ ਫੱਗਣ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top