Share on Facebook

Main News Page

ਪੰਜਾਂ ਵਿੱਚੋਂ ਤਿੰਨ ਤਖ਼ਤਾਂ ਦੇ ਜਥੇਦਾਰ ਖ਼ੁਦ ਹੀ ਹੁਕਮਨਾਮਿਆਂ ਦੀ ਉਲੰਘਣਾਂ ਕਰਨ ਦੇ ਦੋਸ਼ੀ

ਇਨ੍ਹਾਂ ਦੋਸ਼ੀ ਵਿਅਕਤੀਆਂ ਨੂੰ ਅਕਾਲ ਤਖ਼ਤ ’ਤੇ ਬੈਠ ਕੇ ਹੁਕਮਨਾਮੇ ਜਾਰੀ ਕਰਨ ਦਾ ਕੀ ਇਖਲਾਖੀ ਅਧਿਕਾਰ ਹੈ?: ਵਰਲਡ ਸਿੱਖ ਫੈਡਰੇਸ਼ਨ

ਬਠਿੰਡਾ, 22 ਫਰਵਰੀ (ਕਿਰਪਾਲ ਸਿੰਘ): ਜੇ ਸਿੱਖ ਰਹਿਤ ਮਰਯਾਦਾ ਮੁਤਾਬਿਕ “ਤਖ਼ਤਾਂ ਦੇ ਖਾਸ ਅਸਥਾਨ ਉੱਤੇ ਕੇਵਲ ਰਹਿਤਵਾਨ ਅੰਮ੍ਰਿਤਧਾਰੀ ਸਿੰਘ (ਸਿੰਘ ਜਾਂ ਸਿੰਘਣੀ) ਹੀ ਚੜ੍ਹ ਸਕਦੇ ਹਨ ਤਾਂ ਹੁਣ ਸਵਾਲ ਪੈਦਾ ਹੁੰਦਾ ਹੈ, ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੋਸ਼ੀ, ਸ਼੍ਰੀ ਅਕਾਲ ਤਖਤ ਸਾਹਿਬ ਜਾਂ ਦੂਸਰੇ ਤਖ਼ਤਾਂ ਦੇ ਜਥੇਦਾਰ ਕਿਵੇਂ ਹੋ ਸਕਦਾ ਹਨ? ਜਿਹੜੇ ਖ਼ੁਦ ਅਕਾਲ ਤਖਤ ਸਾਹਿਬ ਦੇ ਦੋਸ਼ੀ ਹਨ ਉਹ ਦੂਜਿਆਂ ਨੂੰ ਫ਼ਤਵੇ ਕਿਵੇਂ ਜਾਰੀ ਕਰ ਸਕਦੇ ਹਨ? ਇਹ ਸਿਧਾਂਤਕ ਸਵਾਲ ਸਰਬਜੀਤ ਸਿੰਘ ਸੈਕਰੋਮੈਂਟੋ ਰਾਹੀਂ ਭੇਜੀ ਈਮੇਲ ਵਿੱਚ ਵਰਲਡ ਸਿੱਖ ਫੈਡਰੇਸ਼ਨ ਨੇ ਕਹੇ

ਉਨ੍ਹਾਂ ਦੱਸਿਆ ਕਿ ਸ. ਗੁਰਬਖਸ਼ ਸਿੰਘ ਕਾਲਾ ਅਫ਼ਗਾਨਾ ਜੀ ਦੀ ਲਿਖਤ “ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਲੜੀ ਦਾ ਭਾਗ ਦਸਵਾਂ, ਬਚਿੱਤਰ ਨਾਟਕ ਗੁਰਬਾਣੀ ਦੀ ਕਸਵੱਟੀ ’ਤੇ” ਮਈ 1999 ਵਿੱਚ ਛਪ ਕੇ ਆਈ ਸੀ। ਉਸ ਵੇਲੇ ਅਖੌਤੀ ਦਸਮ ਗ੍ਰੰਥ ਬਾਰੇ ਹਰ ਪਾਸੇ ਚਰਚਾ ਅਰੰਭ ਹੋ ਗਈ ਸੀ। ਅਖ਼ਬਾਰਾਂ ਖਾਸ ਕਰਕੇ ਸਪੋਕਸਮੈਨ, ਜੋ ਉਸ ਵੇਲੇ ਮਹੀਨਾਵਾਰ ਛਪਦਾ ਸੀ; ਵਿੱਚ ਚਰਚਾ ਪੂਰੇ ਜੋਰਾਂ ’ਤੇ ਸੀ।

ਲੱਖ ਯਤਨ ਕਰਨ ਦੇ ਬਾਵਜੂਦ ਵੀ ਜਦੋਂ ਅਖੌਤੀ ਦਸਮ ਗ੍ਰੰਥ ਦੇ ਹਮਾਇਤੀ, ਸਵਾਲਾਂ ਦੇ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਨੇ ਆਪਣਾ ਆਖਰੀ ਹਥਿਆਰ ਵਰਤਦਿਆਂ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੋਂ, 14 ਮਈ 2000 ਨੂੰ ਇਕ ਹੁਕਮ ਜਾਰੀ ਕਰਵਾ ਲਿਆ। ਜਿਸ ਮੁਤਾਬਕ ਅਖ਼ਬਾਰਾਂ ’ਚ ਅਖੌਤੀ ਦਸਮ ਗ੍ਰੰਥ ਬਾਰੇ ਚਰਚਾ ਕਰਨ ਤੇ ਪਾਬੰਦੀ ਲਾ ਦਿੱਤੀ ਗਈ। ਜਦੋਂ ਇਸ ਪਾਬੰਦੀ ਦਾ ਕੋਈ ਅਸਰ ਨਾ ਹੋਇਆ ਤਾਂ ਉਸੇ ਗਿਆਨੀ ਵੇਦਾਂਤੀ ਨੇ 7-8-2000 ਨੂੰ ਇਕ ਹੋਰ ਪੱਤਰ ਜਾਰੀ ਕਰ ਦਿੱਤਾ; ਜਿਸ ਵਿੱਚ ਉਨ੍ਹਾਂ ਨੇ ਲਿਖਿਆ:

ਸਿੱਖ ਧਾਰਮਿਕ ਪ੍ਰਤੀਨਿਧ ਇਕੱਠ ਵੱਲੋਂ ਮਿਤੀ 14-5-2000 ਦੇ ਗੁਰਮਤਾ ਨੰ: 3 ਰਾਹੀਂ ਸਿੱਖ ਵਿਦਵਾਨਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਦਸਮ ਗ੍ਰੰਥ ਦੇ ਮਸਲੇ ਬਾਰੇ ਅਖ਼ਬਾਰੀ ਚਰਚਾ ਤੁਰੰਤ ਬੰਦ ਕੀਤੀ ਜਾਵੇ। ਅਫ਼ਸੋਸ ਦੀ ਗੱਲ ਹੈ ਕਿ ਕੁਝ ਸਿੱਖ ਵਿਦਵਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਅਣਗੌਲਿਆ ਕਰ ਕੇ ਇਸ ਵਿਸ਼ੇ ਸਬੰਧੀ ਪੰਜਾਬੀ ਟ੍ਰਿਬਿਉਨ ਵਿੱਚ ਲੇਖ ਲਿਖੀ ਜਾ ਰਹੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਅਨੁਸ਼ਾਸਨ ਹੀਣਤਾ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਸਾਰੇ ਸਿੱਖ ਵਿਦਵਾਨਾਂ ਨੂੰ ਕਰੜੀ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਵਿਸ਼ੇ ਸਬੰਧੀ ਕੋਈ ਲੇਖ ਅੱਗੋਂ ਤੋਂ ਅਖ਼ਬਾਰ ਵਿੱਚ ਨਾ ਦੇਣ। ਜੇ ਕੋਈ ਸਿੱਖ ਵਿਦਵਾਨ ਅੱਜ ਮਿਤੀ 7-8-2000 ਤੋਂ ਬਾਅਦ ਇਸ ਹਦਾਇਤ ਦੀ ਉਲੰਘਣਾ ਕਰਦਾ ਹੈ ਤਾਂ ਉਹ ਆਪਣੇ ਆਪ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੋਸ਼ੀ ਬਣਾਏਗਾ

ਇਸੇ ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ “ਇਸ ਸਬੰਧੀ ਸ਼੍ਰੋਮਣੀ ਗੁ: ਪ੍ਰ: ਕਮੇਟੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕਰ ਰਹੀ ਹੈ। ਸਾਰੇ ਵਿਦਵਾਨਾਂ ਨੂੰ ਇਸ ਕਮੇਟੀ ਨਾਲ ਸੰਪਰਕ ਸਥਾਪਤ ਕਰਕੇ ਆਪੋ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਹਨ ਅਤੇ ਅੰਦਰ ਬਹਿ ਕੇ ਇਸ ਗੰਭੀਰ ਮਸਲੇ ਨੂੰ ਨਜਿੱਠਣ ਦਾ ਯਤਨ ਕਰਨਾ ਚਾਹੀਦਾ ਹੈ।

 

ਅਕਾਲ ਤਖਤ ਸਾਹਿਬ ਵੱਲੋਂ ਅਗਸਤ 2000 ਵਿੱਚ ਜਾਰੀ ਹੋਏ ਉਕਤ ਹੁਕਮ ਦੇ ਮੁਤਾਬਕ ਅੱਜ ਤਾਈ ਸ਼੍ਰੋਮਣੀ ਕਮੇਟੀ ਨੇ ਅਖੌਤੀ ਦਸਮ ਗ੍ਰੰਥ ਦੇ ਮਸਲੇ ਦੇ ਹੱਲ ਲਈ ਕਿਸੇ ਕਮੇਟੀ ਦਾ ਗਠਨ ਨਹੀ ਕੀਤਾ। ਜਿਥੇ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਪ੍ਰੋਕਤ ਹੁਕਮ ਤੇ ਅੱਜ ਤਾਈ ਅਮਲ ਨਾ ਕਰਕੇ ਇਸ ਹੁਕਮ ਦੀ ਅਵੱਗਿਆ ਕੀਤੀ ਹੈ, ਉਥੇ ਹੀ ਗਿਆਨੀ ਗੁਰਬਚਨ ਸਿੰਘ ਵੀ 10 ਨਵੰਬਰ 2006 ਨੂੰ, ਅਕਾਲ ਤਖਤ ਸਾਹਿਬ ਦੇ ਉਕਤ ਹੁਕਮ ਦੀ ਅਵੱਗਿਆ ਕਰਦੇ ਹੋਏ, ਜਵੱਦੀ ਵਿਖੇ ‘ਸ਼ਬਦ ਮੂਰਤਿ ਸ੍ਰੀ ਦਸਮ ਗ੍ਰੰਥ’ ਨਾਮੀ ਵਿਚਾਰ ਗੋਸ਼ਟੀ ਵਿੱਚ ਸ਼ਾਮਲ ਹੋਏ ਸਨ। ਵਰਲਡ ਸਿੱਖ ਫੈਡਰੇਸ਼ਨ ਨੇ ਸਵਾਲ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਅਵੱਗਿਆ ਕਰਨ ਵਾਲਾ ਗਿਆਨੀ ਗੁਰਬਚਨ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦਾ ਦੋਸ਼ੀ ਕਿਵੇਂ ਨਹੀ? ਅਕਾਲ ਤਖਤ ਸਾਹਿਬ ਦਾ ਦੋਸ਼ੀ ਗਿਆਨੀ ਗੁਰਬਚਨ ਸਿੰਘ ਇਸ ਦਾ ਜਥੇਦਾਰ ਕਿਵੇਂ ਹੋ ਸਕਦਾ ਹੈ?

ਇਸੇ ਤਰ੍ਹਾਂ ਮਿਤੀ 6.6.2008 ਨੂੰ ਗਿਆਨੀ ਵੇਦਾਂਤੀ ਜੀ ਨੇ ਹੁਕਮਨਾਮਾ ਨੰਬਰ ਅ:ਤ/08/3143 ਜਾਰੀ ਕੀਤਾ (ਜੋ ਕਿ ਥੱਲੇ ਦਿੱਤਾ ਗਿਆ ਹੈ) ਜਿਸ ਉਨ੍ਹਾਂ ਸਾਫ ਸ਼ਬਦਾਂ ਵਿੱਚ ਲਿਖਿਆ ਹੈ ਕਿ “ਗੁਰੂ ਗੋਬਿੰਦ ਸਿੰਘ ਜੀ ਵੱਲੋਂ ਗੁਰਤਾ ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ।ਇਸ ਦੇ ਬਾਵਯੂਦ ਸਿੱਖਾਂ ਦੇ ਦੋ ਪਾਵਨ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਇਸ ਹੁਕਨਾਮੇ ਦੀ ਉਲੰਘਣਾਂ ਕਰਦੇ ਹੋਏ ਦੋਵੇਂ ਤਖ਼ਤਾਂ ਉਪਰ ਹੀ ਅਖੌਤੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰ ਰਹੇ ਹਨ, ਤਾਂ ਉਹ ਵੀ ਅਕਾਲ ਤਖ਼ਤ ਦੇ ਦੋਸ਼ੀ ਹਨ। ਇਸ ਤਰ੍ਹਾਂ ਪੰਜਾਂ ਵਿੱਚੋਂ ਤਿੰਨ ਤਖ਼ਤਾਂ ਦੇ ਜਥੇਦਾਰ ਖ਼ੁਦ ਹੀ ਹੁਕਮਨਾਮਿਆਂ ਦੀ ਉਲੰਘਣਾਂ ਕਰਨ ਦੇ ਦੋਸ਼ੀ ਹਨ, ਤਾਂ ਇਨ੍ਹਾਂ ਦੋਸ਼ੀ ਵਿਅਕਤੀਆਂ ਨੂੰ ਅਕਾਲ ਤਖ਼ਤ ’ਤੇ ਬੈਠ ਕੇ ਹੁਕਮਨਾਮੇ ਜਾਰੀ ਕਰਨ ਦਾ ਕੀ ਇਖਲਾਖੀ ਅਧਿਕਾਰ ਹੈ?

ਵਰਲਡ ਸਿੱਖ ਫੈਡਰੇਸ਼ਨ ਦੇ ਇਨ੍ਹਾਂ ਗੰਭੀਰ ਸਵਾਲਾਂ ਦੇ ਗਿਆਨੀ ਗੁਰਬਚਨ ਸਿੰਘ ਤੋਂ ਜਵਾਬ ਲੈਣ ਲਈ ਉਨ੍ਹਾਂ ਨੂੰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ। ਜੇ ਕਰ ਹੋਰ ਕਿਸੇ ਸਿੱਖ ਵਿਦਵਾਨ ਜਾਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਕੋਲ ਇਸ ਦਾ ਜਵਾਬ ਹੈ ਤਾਂ ਉਨ੍ਹਾਂ ਨੂੰ ਜਰੂਰ ਇਸ ਦਾ ਜਵਾਬ ਦੇ ਕੇ ਸਵਾਲ ਕਰਤਾਵਾਂ ਦੀ ਸੰਤੁਸ਼ਟੀ ਕਰਵਾਉਣਾ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top