Share on Facebook

Main News Page

ਅਕਾਲ ਤੱਖਤ ਤੋਂ ਜਾਰੀ ਹੁਕਮਨਾਮਾ ਉਹ ਹੋਣਾ ਚਾਹੀਦਾ ਹੈ, ਜੋ ਕਿ ਪੂਰੀ ਸਿੱਖ ਕੌਮ ਦੀ ਚੜਦੀ ਕਲਾ ਵਿਚ ਹੋਵੇ, ਨਾ ਕਿ ਐਸਾ ਜੋ ਕੌਮ ਵਿਚ ਖਾਨਾ ਜੰਗੀ ਦੇ ਹਾਲਾਤ ਪੈਦਾ ਕਰ ਦੇਵੇ
-: ਹਰਮੀਤ ਸਿੰਘ ਖਾਲਸਾ, ਡਬਰਾ (ਗਵਾਲੀਅਰ)

ਅਕਾਲ ਤੱਖਤ ਸਿੱਖ ਕੌਮ ਦੀ ਭਾਵਨਾ ਅਤੇ ਰੂਹ ਨਾਲ ਜੁੜੀ ਹੋਈ ਇਕ ਅਜਿਹੀ ਪਵਿਤਰ ਜਗਹ ਹੈ ਜਿਸ ਤੋਂ ਕੌਮੀ ਮਸਲਿਆਂ ਦੀ ਸਮੀਖਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਹੀ ਕੀਤੀ ਜਾਂਦੀ ਰਹੀ ਹੈ ਅਤੇ ਜੋ ਕਿ ਪੂਰੀ ਕੌਮ ਨੂੰ ਇਕ ਕੇਂਦਰੀ ਸਥਾਨ ਨਾਲ ਜੋੜੀ ਰਖਦੀ ਹੈ। ਕੌਮ ਦੀ ਚੜਦੀ ਕਲਾ ਵਾਸਤੇ ਇਸ ਤੋਂ ਹੁਕਮ ਜਾਰੀ ਹੁੰਦੇ ਰਹੇ ਹਨ, ਜੋ ਕਿ ਪੂਰੀ ਕੌਮ ਉਪਰ ਇਕ ਸਾਰ ਲਾਗੂ ਹੁੰਦੇ ਹਨ। ਕਿਉਂਕਿ ਇਹ ਪੂਰੀ ਕੌਮ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਸੰਸਥਾ ਹੈ ਇਸ ਲਈ ਇਸ ਮਹਾਨ ਸੰਸਥਾ ਦੇ ਦੁਰਉਪਯੋਗ ਦੀ ਕੋਸ਼ਿਸ ਵੀ ਸਿਆਸੀ ਲੋਕਾਂ ਦਵਾਰਾ ਆਪਣੇ ਹਿਤ ਵਾਸਤੇ ਅਤੇ ਕੌਮ ਨੂੰ ਨੁਕਸਾਨ ਪਹੁਚਾਣ ਵਾਸਤੇ ਹੁੰਦੀ ਰਹੀ ਹੈ।

ਇਸ ਸੰਸਥਾ ਦੇ ਦੁਰਉਪਯੋਗ ਦੀ ਕੋਸ਼ਿਸ਼ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਪੁਜਾਰੀਆਂ ਨੇ ਅਤੇ ਅੰਗ੍ਰੇਜਾਂ ਦੇ ਸਮੇਂ ਅੰਗ੍ਰੇਜਾਂ ਨੇ ਆਪਣੇ ਹਿਤ ਵਿਚ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅੱਜ ਦੇ ਸੱਮੇ ਬਾਦਲ ਪਾਰਟੀ ਆਪਣੇ ਹਿਤ ਵਾਸਤੇ ਇਸ ਦੇ ਦੁਰਉਪਯੋਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੀ ਸਿਆਸੀ ਲੋਕਾਂ ਦੀ ਸੌੜੀ ਮਾਨਸਿਕਤਾ ਇਹ ਸੋਚਦੀ ਹੈ ਕਿ ਇਸ ਸੰਸਥਾ ਦਵਾਰਾ ਹੀ ਪੂਰੀ ਕੌਮ ਨੂੰ ਆਪਣੇ ਮਗਰ ਲਾਇਆ ਜਾ ਸਕਦਾ ਹੈ, ਪਰ ਅਜਿਹੇ ਲੋਕ ਇਹ ਸਮਝਣ ਵਿਚ ਅਸਮਰਥ ਹਨ ਕਿ ਇਸ ਰੁਹਾਨੀ ਸੰਸਥਾ ਦਾ ਦੁਰਉਪਯੋਗ ਕਰਨਾ ਮੁਮਕਿਨ ਹੀ ਨਹੀਂ ਹੈ, ਕਿਉਂਕਿ ਅਜਿਹੇ ਲੋਕੀ ਸਿਰਫ ਭੌਤਿਕ ਤੱਲ 'ਤੇ ਸੋਚਦੇ ਅਤੇ ਵਿਚਰਦੇ ਹਨ, ਜੱਦਕਿ “ਅਕਾਲ ਤੱਖਤ” ਸਿਰਫ ਭੌਤਿਕ ਨਾ ਹੁੰਦਾ ਹੋਇਆ, ਰੁਹਾਨੀ ਮਹਤੱਵ ਵੀ ਰੱਖਦਾ ਹੈ। ਪਰ ਰੁਹਾਨੀ ਮਹੱਤਵ ਵਾਲੀ ਗੱਲ ਇਨ੍ਹਾ ਪਦਾਰਥਵਾਦੀ ਅਤੇ ਤਰਕਵਾਦੀ ਸਿਆਸੀ ਲੋਕਾਂ ਦੇ ਸਮੱਝ ਤੋਂ ਪਰੇ ਦੀ ਗੱਲ ਹੈ।

ਅਕਾਲ ਤੱਖਤ ਨੂੰ ਦੁਰਉਪਯੋਗ ਕਰਣ ਦੀ ਕੋਸ਼ਿਸ਼ ਵਿਚ ਹੋਏ ਗਲਤ ਫੈਸਲਿਆਂ ਦਾ ਵਿਰੋਧ ਅਤੇ ਖੰਡਨ, ਅਕਾਲ ਤੱਖਤ ਦੀ ਮਹਾਨਤਾ, ਪਵਿਤਰਤਾ ਅਤੇ ਸਰਵਉਵਤਾ ਨੂੰ ਬਰਕਰਾਰ ਰਖਦੇ ਹੋਇਆਂ, ਸਿੱਖ ਕੌਮ ਦਵਾਰਾ ਅੰਗ੍ਰੇਜਾਂ ਦੇ ਸਮੇਂ ਵੀ ਹੁੰਦਾ ਰਿਹਾ ਹੈ ਅੱਜ ਵੀ ਹੋ ਰਿਹਾ ਹੈ ਅਤੇ ਅਗਾਹ ਵੀ ਹੁੰਦਾ ਰਹੇਗਾ। ਅੰਗ੍ਰੇਜਾਂ ਨੇ 1914 ਵਿਚ ਅਕਾਲ ਤੱਖਤ ਦੇ ਦੁਰਉਪਯੋਗ ਦੀ ਕੋਸ਼ਿਸ਼ ਕਰਦੇ ਹੋਏ ਇਸ ਉਪਰ ਆਪਣੇ ਥਾਪੇ ਵਫਾਦਾਰ ਪੁਜਾਰੀਆਂ ਕੋਲੋਂ ਇਹ ਹੁਕਨਾਮਾ ਜਾਰੀ ਕਰਵਾ ਲਿਆ ਸੀ “ਕਿ ਕਾਮਾਗਾਟਾ ਮਾਰੂ ਜਹਾਜ਼ ਵਿਚਲੇ ਅੰਗ੍ਰੇਜਾਂ ਦਵਾਰਾ ਮਾਰੇ ਗਏ ਸਾਰੇ ਸਿੱਖ ‘ਅਸਿੱਖ’ ਸਨ ਅਤੇ ਇਨ੍ਹਾ ਨੂੰ ਪੰਥ ਵਿਚੋਂ ਖਾਰਜ ਕੀਤਾ ਜਾਂਦਾ ਹੈ” ਪਰ ਇਸ ਹੁਕਨਾਮੇ ਨੂੰ ਸਿੱਖ ਕੌਮ ਨੇ ਨਾ ਸਿਰਫ ਅਪ੍ਰਵਾਨ ਹੀ ਕੀਤਾ, ਬਲਕਿ ਸਿੱਖ ਕੌਮ ਨੇ, ਇਸ ਨੂੰ ਜਾਰੀ ਕਰਨ ਵਾਲੇ ਪੁਜਾਰੀ ( ਅਰੂੜ ਸਿੰਘ ) ਨੂੰ ਇਸ ਵਾਸਤੇ ‘ਭਾਈ’ ਜਾਂ ‘ਸਰਦਾਰ’ ਪਦ ਦੀ ਵਰਤੋਂ ਨਾ ਕਰਨ ਲਈ ਮੱਤਾ ਪਾਸ ਕੀਤਾ। (ਇਹ ਗੱਲ ਸਪਸ਼ਟ ਕਰਦੀ ਹੈ ਕਿ ਉਸ ਸਮੇਂ ‘ਜਥੇਦਾਰ’ ਪਦ ਦੀ ਵਰਤੋ ਨਹੀਂ ਸੀ ਕੀਤੀ ਜਾਂਦੀ) - ਹਵਾਲਾ ਪੁਸਤਕ-ਗਦਰੀ ਬਾਬੇ ਕੌਣ ਸਨ, ਸ. ਅਜਮੇਰ ਸਿੰਘ

ਅੱਜ ਦੇ ਸਮੇ ਵੀ ਕੁੱਝ ਸਿਆਸੀ ਲੋਕਾਂ ਦਵਾਰਾ ਅਕਾਲ ਤੱਖਤ ਦੇ ਦੁਰਉਪਯੋਗ ਦੀ ਕੋਸ਼ਿਸ਼ ਵਿਚ ਆਪਣੇ ਥਾਪੇ ਗਏ ਵਫਾਦਾਰ ਪੁਜਾਰੀਆਂ ਕੋਲੋ ਅਜਿਹੇ ਹੁਕਮਨਾਮੇ ਜਾਰੀ ਕਰਵਾਏ ਜਾਂਦੇ ਹਨ ਜੋ ਕਿ ਪੂਰੀ ਕੌਮ ਨੂੰ ਮਾਨਯ ਨਹੀਂ ਹੁੰਦੇ। ਪਰ ਅੱਜ ਦੇ ਹਾਲਾਤ ਪੁਰਾਤਨ ਹਾਲਾਤਾਂ ਨਾਲੋਂ ਜਾਇਦਾ ਗੰਭੀਰ ਹਨ ਕਿਉਕਿਂ ਅੱਜ ਅਕਾਲ ਤੱਖਤ ਉਪਰ ਸਥਾਪਿਤ ਪੁਜਾਰੀ ਇਸ ਨੂੰ ਆਪਣੀ ਨਿਜ ਦੀ ਹਉਮੈ ਅਤੇ ਲੜਾਈ ਬਣਾ ਕੇ ਆਪਣੇ ਅਧੀਕਾਰ ਖੇਤਰ ਤੋਂ ਬਾਹਰ ਜਾ ਕੇ ਕੌਮ ਵਿਚ ਖਾਨਾ ਜੰਗੀ ਵਾਲੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪੁਰੀ ਦੁਨੀ ਆਂ ਵਿਚ ਸਿੱਖ ਕੌਮ ਨੂੰ ਨਮੋਸ਼ੀ ਝਲਨੀ ਪੈ ਰਹੀ ਹੈ।

ਪੁਜਾਰੀਆਂ ਦਾ ਅਧੀਕਾਰ ਖੇਤਰ ਹੈ, ਸਿੱਖ ਕੌਮ ਦੀ ਚੜਦੀ ਕਲਾ ਵਾਸਤੇ ਕੰਮ ਕਰ ਰਹੀਆਂ ਪ੍ਰਮੁੱਖ ਜਥੇਬੰਦੀਆਂ ਨਾਲ ਸਲਾਹ-ਮਸ਼ਵਰਾ ਕਰ ਕੇ ਸਿੱਖ ਕੌਮ ਦੀ ਚੜਦੀ ਕਲਾ ਵਿਚ ਕੋਈ ਹੁਕਮਨਾਮਾ ਜਾਰੀ ਕਰਨਾ, ਜਿਸ ਨਾਲ ਪੂਰੀ ਸਿੱਖ ਕੌਮ ਇਕਜੁਠ ਰਹੇ, ਨਾ ਕਿ ਅਜਿਹਾ ਹੁਕਮ ਜਾਰੀ ਕਰਨਾ ਜਿਸ ਨਾਲ ਕੌਮ ਵਿਚ ਖਾਨਾ ਜੰਗੀ ਵਾਲੇ ਹਾਲਾਤ ਪੈਦਾ ਹੋ ਜਾਣ, ਇਕ ਬਹੁਤ ਮਹਤੱਵਪੂਰਨ ਗੱਲ ਇਹ ਹੈ ਕਿ ਪੂਜਾਰੀਆਂ ਦਾ ਅਧੀਕਾਰ ਖੇਤਰ ਹੈ ਹੁਕਮਨਾਮਾ ਜਾਰੀ ਕਰਨਾ ਨਾ ਕਿ ਉਸ ਨੂੰ ਜਬਰਦਸਤੀ ਲਾਗੂ ਕਰਵਾਉਣਾ, ਸਹੀ ਹੁਕਮਨਾਮੇ ਨੂੰ ਲਾਗੂ ਕਰਨਾ ਪੂਰੀ ਸਿੱਖ ਕੌਮ ਦਾ ਫਰਜ਼ ਹੈ।

ਪਰ ਜੇ ਕੋਈ ਅਜਿਹਾ ਹੁਕਮਨਾਮਾ ਜਾਰੀ ਹੋ ਜਾਂਦਾ ਹੈ ਜੋ ਕਿ ਕੌਮ ਦੀਆਂ ਕੁੱਝ ਜਥੇਬੰਦੀਆਂ ਨੂੰ ਪ੍ਰਵਾਨ ਨਹੀਂ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਪੂਜਾਰੀ ਉਸ ਹੁਕਮਨਾਮੇ ਨੂੰ ਲਾਗੂ ਕਰਵਾੳਣ ਵਾਸਤੇ ਸਰਕਾਰੀ ਤੰਤ੍ਰ ਜਾਂ ਆਪਣੇ ਚੇਲਿਆਂ ਦਾ ਸਹਾਰਾ ਲੈ ਕੇ ਉਸ ਹੁਕਮਨਾਮੇ ਨੂੰ ਜਬਰਦਸਤੀ ਲਾਗੂ ਕਰਵਾਏ, ਇਹ ਉਸ ਦੇ ਅਧਿਕਾਰ ਖੇਤਰ ਵਿਚ ਨਹੀਂ ਅਤੇ ਨਾ ਹੀ ਸਿੱਖ ਇਤਿਹਾਸ ਵਿਚ ਇਸ ਤਰ੍ਹਾਂ ਦੀ ਕੋਈ ਮਿਸਾਲ ਹੀ ਮਿਲਦੀ ਹੈ। ਅਗਰ ਇਹ ਨਿਜ ਦੀ ਅਤੇ ਹਉਮੈ ਦੀ ਲੜਾਈ ਨਾ ਹੋਵੇ, ਤਾਂ ਕੋਈ ਕਾਰਨ ਨਹੀਂ ਕਿ ਕਿਸੇ ਵੀ ਗੰਭੀਰ ਤੋਂ ਗੰਭੀਰ ਸਮਸਿਆ ਦਾ ਹੱਲ ਲਭਿਆ ਨਾ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top