Share on Facebook

Main News Page

ਨਵੰਬਰ 84 ਕਤਲੇਆਮ ਪੀੜਤ ਤੇ ਗਿਆਨੀ ਪੂਰਨ ਸਿੰਘ ਦੇ ਮੁੰਡੇ ਅਜੈ ਸਿੰਘ ਵਲੋਂ ਹਮਲਾ

ਟਿੱਪਣੀ: ਅਜੈ ਸਿੰਘ ਉਹ ਸ਼ਖਸ ਹੈ ਜਿਸਨੂੰ ਕੈਨੇਡਾ ਸਰਕਾਰ ਨੇ ਪਿਛਲੇ ਦਿਨੀਂ ਕੇਨੇਡਾ ਤੋਂ ਡਿਪੋਰਟ ਕੀਤਾ ਸੀ। ਉਸਨੇ ਕੈਨੇਡਾ ਵਿੱਚ ਇਕ ਬੱਚੀ ਨਾਲ ਦੁਰਵਿਵਹਾਰ ਕੀਤਾ ਸੀ, ਜਿਸ ਲਈ ਉਹ 3-6 ਮਹੀਨੇ ਕੈਨੇਡਾ ਦੀ ਜੇਲ 'ਚ ਰਿਹਾ। ਕੈਨੇਡਾ ਵਲੋਂ ਡਿਪੋਰਟ ਹੋਣ ਤੋਂ ਬਾਅਦ ਇਹ ਪੰਜਾਬ 'ਚ ਗੁੰਡਾਗਰਦੀ ਕਰ ਰਿਹਾ ਹੈ। ਇਹ ਫਰਕ ਹੈ ਕੈਨੇਡਾ ਦਾ ਤੇ ਭਾਰਤ ਦਾ... ਸੰਪਾਦਕ ਖ਼ਾਲਸਾ ਨਿਊਜ਼

ਅੰਮ੍ਰਿਤਸਰ: (24 ਫਰਵਰੀ, ਨਰਿੰਦਰ ਪਾਲ ਸਿੰਘ): ਨਵੰਬਰ 84 ਸਿੱਖ ਕਤਲੇਆਮ ਦੀਆਂ ਵਿਧਵਾਵਾਂ ਦੇ ਮੁੜ ਵਸੇਵੇ ਲਈ ਅੰਮ੍ਰਿਤਸਰ-ਤਰਨਤਾਰਨ ਮਾਰਗ ਤੇ ਉਸਾਰੀ ਗਈ ਕਲੋਨੀ ਤੋਂ ਗੈਰ ਕਾਨੂੰਨੀ ਕਬਜੇ ਛੁਡਵਾਣ ਲਈ ਬੀਤੇ ਕੱਲ੍ਹ ਪੀੜਤ ਪ੍ਰੀਵਾਰਾਂ ਵਲੋਂ ਸੁਰੂ ਕੀਤੀ ਭੁਖ ਹੜਤਾਲ ਦੇ 24 ਘੰਟੇ ਦੇ ਅੰਦਰ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦੇ ਲੜਕੇ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਹਰਪਾਲ ਸਿੰਘ ਨਾਮੀ ਇਕ ਪੀੜਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਕਿਸੇ ਪਾਸੇ ਸੁਣਵਾਈ ਨਾ ਹੁੰਦੀ ਵੇਖ ਪੀੜਤ ਪ੍ਰੀਵਾਰਾਂ ਨੇ ਰੋਸ ਵਜੋਂ ਅੰਮ੍ਰਿਤਸਰ-ਤਰਨਤਾਰਨ ਮਾਰਗ ਤੇ ਹੀ ਜਖਮੀ ਨੂੰ ਰੱਖ ਕੇ ਜਾਮ ਲਾ ਦਿੱਤਾ।

ਪੁਲਿਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦੇਕੇ ਜਾਮ ਤਾਂ ਖੁਲਵਾ ਲਿਆ, ਲੇਕਿਨ ਖਬਰ ਲਿਖੇ ਜਾਣ ਤੀਕ ਕਿਸੇ ਵੀ ਦੋਸ਼ੀ ਖਿਲਾਫ ਕੇਸ ਨਹੀਂ ਦਰਜ ਕੀਤਾ ਗਿਆ। ਪੀੜਤ ਪ੍ਰੀਵਾਰ ਕਲੋਨੀ ਦੇ ਜਖਮੀ ਹੋਏ ਭਾਈ ਹਰਪਾਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਆਪਣੇ ਮੋਟਰ ਸਾਈਕਲ ਨੰਬਰ ਪੀ.ਬੀ.02 ਸੀ.ਡੀ.6508 ਤੇ ਸਵਾਰ ਹੋਕੇ ਸਵੇਰੇ 10 ਵਜੇ ਦੇ ਕਰੀਬ ਕਲੋਨੀ ਦੇ ਮੁਖ ਗੇਟ ਦੇ ਲਾਗੇ ਲੱਗੇ ਨਿਸ਼ਾਨ ਸਾਹਿਬ ਨੇੜੇ ਪੁਜਾ ਸੀ, ਕਿ ਕਾਰ ਵਿੱਚ ਸਵਾਰ ਗਿਆਨੀ ਪੂਰਨ ਸਿੰਘ ਦੇ ਲੜਕੇ ਅਜੈ ਸਿੰਘ, ਉਸਦੇ ਇਕ ਕਰੀਬੀ ਭਰਾ ਤੇ ਦੋ ਸਰਕਾਰੀ ਗੰਨਮੈਨ ਅਚਨਚੇਤ ਹੀ ਆ ਨਿਕਲੇ ਤੇ ਗੱਡੀ ਦੀ ਫੇਟ ਮਾਰਕੇ ਮੈਨੂੰ ਹੇਠਾਂ ਸੁੱਟ ਦਿੱਤਾ।

ਇਸ ਦੌਰਾਨ ਹਰਪਾਲ ਸਿੰਘ ਦੇ ਮੋਟਰਸਾਈਕਲ ਦਾ ਅਗਲਾ ਮੱਡ ਗਾਰਡ ਟੁੱਟ ਗਿਆ, ਉਸਦੀ ਦਸਤਾਰ ਹੇਠਾਂ ਡਿੱਗ ਪਈ ਤੇ ਚਿਹਰਾ ਬੁਰੀ ਤਰ੍ਹਾਂ ਲਹੂ ਲੁਹਾਨ ਹੋ ਗਿਆ। ਹਰਪਾਲ ਸਿੰਘ ਨੇ ਦੱਸਿਆ ਕਿ ਅਚਨਚੇਤ ਹੀ ਵਾਪਰੀ ਘਟਨਾ ਕਾਰਣ ਉਹ ਬੜੀ ਮੁਸ਼ਕਿਲ ਨਾਲ ਸੰਭਲਿਆ ਸੀ ਕਿ ਅਜੈ ਸਿੰਘ ਨੇ ਕਾਰ ਵਿੱਚੋਂ ਬਾਹਰ ਆਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਕਿ ‘ਤੁਸੀਂ ਕਲੋਨੀ ਵਾਲਿਆਂ ਕੱਲ੍ਹ ਮੇਰੇ ਪਿਤਾ ਖਿਲਾਫ ਬਿਆਨ ਦਿੱਤਾ ਸੀ ਉਸਦੀ ਪਹਿਲੀ ਕਿਸ਼ਤ ਲੈ ਲਉ’।

ਹਰਪਾਲ ਸਿੰਘ ਦੇ ਬਿਆਨ ਦੀ ਤਸਦੀਕ ਕਰਦਿਆਂ ਇਕ ਪੀੜਤ ਬੀਬੀ ਸੁਰਜੀਤ ਕੌਰ, ਜੋਗਿੰਦਰ ਕੌਰ ਅਤੇ ਬਾਬਾ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਾਰੇ ਸਾਹਮਣੇ ਆਏ ਤਾਂ ਗਿਆਨੀ ਪੂਰਨ ਸਿੰਘ ਦੇ ਸਰਕਾਰੀ ਗੰਨਮੈਨ ਵੀ ਕਾਰ ਵਿੱਚੋਂ ਨਿਕਲ ਆਏ ਤੇ ਕਾਰ ਨੂੰ ਪਿੱਛੇ ਕਰਕੇ ਧਮਕੀਆਂ ਦਿੰਦੇ ਚਲੇ। ਕਲੋਨੀ ਵਾਸੀਆਂ ਦੱਸਿਆ ਕਿ ਉਨ੍ਹਾਂ ਤੁਰੰਤ ਘਟਨਾ ਦੀ ਖਬਰ ਥਾਣਾ ਚਾਟੀਵਿੰਡ ਦੀ ਪੁਲਿਸ ਨੂੰ ਦਿੱਤੀ ਲੇਕਿਨ ਕੋਈ ਹੁੰਗਾਰਾ ਨਾ ਮਿਲਣ ਤੇ ਉਨ੍ਹਾ ਭਾਈ ਹਰਪਾਲ ਸਿੰਘ ਨੂੰ ਜਖਮੀ ਹਾਲਤ ਵਿਚ ਹੀ ਸੜਕ ਵਿਚਕਾਰ ਰੱਖਕੇ ਜਾਂ ਟਰੈਫਿਕ ਜਾਮ ਕਰ ਦਿੱਤੀ।

ਘਟਨਾ ਦੇ ਕੋਈ ਡੇਢ ਘੰਟਾ ਬਾਅਦ ਮੌਕੇ 'ਤੇ ਪੁਜੇ ਚਾਟੀਵਿੰਡ ਥਾਣੇ ਦੇ ਇੰਚਾਰਜ ਮੁਖਵਿੰਦਰ ਸਿੰਘ ਨੇ ਪਹਿਲਾਂ ਤਾਂ ਪੀੜਤ ਪ੍ਰੀਵਾਰਾਂ ਨੂੰ ਹੀ ਰੋਅਬ ਵਿਖਾਇਆ ਲੇਕਿਨ ਜਦ ਕੋਈ ਵਾਹ ਨਾ ਚੱਲੀ ਤਾਂ ਇਹ ਕਹਿਕੇ ਕਾਗਜੀ ਕਾਰਵਾਈ ਸ਼ੁਰੂ ਕੀਤੀ ਕਿ ਦੋਸ਼ੀਆਂ ਖਿਲਾਫ ਐਫ.ਆਈ.ਆਰ.ਦਰਜ ਕੀਤੀ ਜਾ ਰਹੀ। ਉਸਨੇ ਮੌਕੇ ਤੇ ਹੀ ਐਸ.ਐਸ.ਪੀ. ਸਾਹਿਬ ਨਾਲ ਬਾਬਾ ਦਰਸ਼ਨ ਸਿੰਘ ਦੀ ਮੋਬਾਇਲ ਤੇ ਗਲ ਵੀ ਕਰਵਾ ਦਿੱਤੀ। ਲੇਕਿਨ ਦੇਰ ਸ਼ਾਮ ਜੱਦ ਪੱਤਰਕਾਰਾਂ ਨੇ ਮੁਖਵਿੰਦਰ ਸਿੰਘ ਨਾਲ ਰਾਬਤਾ ਕਾਇਮ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਗਿਆਨੀ ਪੂਰਨ ਸਿੰਘ ਜੀ ਪਾਸ ਹੀ ਬੈਠਾ ਹੈ ਤੇ ਉਨ੍ਹਾਂ ਦੇ ਕਹਿਣ ਮੁਤਾਬਿਕ ਸਬੰਧਤ ਕਲੋਨੀ ਦੀ ਜਮੀਨ ਉਸਦੇ ਨਾਮ ਹੈ ਤੇ ਕਲੋਨੀ ਵਾਸੀ ਨਜਾਇਜ ਕਾਬਜ ਹਨ।

ਜਦ ਸ੍ਰ ਮੁਖਵਿੰਦਰ ਸਿੰਘ ਨੂੰ ਇਹ ਪੁਛਿਆ ਗਿਆ ਕਿ ਹਰਪਾਲ ਸਿੰਘ ਉਪਰ ਹੋਏ ਹਮਲੇ ਤੇ ਲਾਈ ਗਈ ਸੱਟ ਦੀ ਜਾਂਚ ਦਾ ਕੀ ਬਣਿਆ ਹੈ, ਤਾਂ ਉਨ੍ਹਾਂ ਕਿਹਾ ਕਿ ਤੁਸੀਂ ਇੱਕ ਘੰਟੇ ਬਾਅਦ ਗਲ ਕਰਿਉ। ਦੂਸਰੇ ਪਾਸੇ ਬਾਬਾ ਦਰਸ਼ਨ ਸਿੰਘ ਅਤੇ ਕਲੋਨੀ ਵਾਸੀਆਂ ਨੇ ਥਾਣੇਦਾਰ ਮੁਖਵਿੰਦਰ ਸਿੰਘ ਦੇ ਮੂੰਹ 'ਤੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਗਿਆਨੀ ਪੂਰਨ ਸਿੰਘ ਤੇਰੀ ਹੀ ਸ਼ਹਿ ਤੇ ਗੁੰਡਾਗਰਦੀ ਕਰ ਰਿਹਾ ਹੈ ਤੇ ਹੁਣ ਵੀ ਤੂੰ ਲਿੱਪਾ ਪੋਚੀ ਹੀ ਕਰਨ ਆਇਆ ਹਂ। ਭੁੱਖ ਹੜਤਾਲ 'ਤੇ ਬੈਠੇ ਬਾਬਾ ਦਰਸ਼ਨ ਸਿੰਘ ਨੇ ਉਸੇ ਸਮੇਂ ਮੁਖਵਿੰਦਰ ਸਿੰਘ ਨੂੰ ਸਾਫ ਕਹਿ ਦਿੱਤਾ ਸੀ ਕਿ ਜੇਕਰ ਸ਼ਾਮ ਤੀਕ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰੀਆਂ ਨਾ ਕੀਤੀਆਂ ਗਈਆਂ ਤਾਂ ਪੀੜਤ ਪ੍ਰੀਵਾਰ ਸਾਰੇ ਪੰਜਾਬ ਵਿਚ ਭੁੱਖ ਹੜਤਾਲ 'ਤੇ ਬੈਠ ਜਾਣਗੇ।

ਬਾਬਾ ਦਰਸ਼ਨ ਸਿੰਘ ਨਾਲ ਜਦ ਦੇਰ ਸ਼ਾਮ ਮੁੜ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੁਲਿਸ ਜਾਣ ਬੁਝ ਕੇ ਇਨਸਾਫ ਦੇਣ ਤੋਂ ਆਨਾਕਾਨੀ ਕਰ ਰਹੀ ਹੈ ਲੇਕਿਨ ਇਨਸਾਫ ਮਿਲਣ ਤੀਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਗਮੋਹਨ ਸਿੰਘ ਸ਼ਾਂਤ, ਬਾਪੂ ਅਜੀਤ ਸਿੰਘ, ਮਨਜੀਤ ਸਿੰਘ ,ਮਾਤਾ ਦਲਜੀਤ ਕੌਰ, ਸੁਰਜੀਤ ਕੌਰ, ਜੋਗਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਨਵੰਬਰ 84 ਪੀੜਤ ਪ੍ਰੀਵਾਰ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top