Share on Facebook

Main News Page

ਅਖੌਤੀ ਜੱਥੇਦਾਰਾ, ਤੇਰੀਆਂ ਗਿਦੱੜ ਭਬਕੀਆਂ ਦੀ ਹੁਣ ਹਵਾ ਨਿਕਲ ਚੁਕੀ ਹੈ, ਹੁਣ ਤਾਂ ਬਾਜ ਆ ਜਾ !
-:
ਇੰਦਰਜੀਤ ਸਿੰਘ, ਕਾਨਪੁਰ

ਅੱਜ ਪੰਜਾਬੀ ਦੇ ਇਕ ਮੁੱਖ ਅਖਬਾਰ ਵਿਚ ਅਖੌਤੀ ਜੱਥੇਦਾਰ ਦਾ ਇਹ ਬਿਆਨ ਪੜ੍ਹ ਕੇ ਬਹੁਤ ਹੈਰਾਨਗੀ ਹੋਈ, ਕਿ ਜੋ ਜੱਥੇਬੰਦੀ ਪ੍ਰੋ. ਦਰਸ਼ਨ ਸਿੰਘ ਦਾ ਪ੍ਰੋਗ੍ਰਾਮ ਕਰਵਾਏਗੀ, ਉਸ ਨੂੰ ਤਨਖਾਈਆ ਸਮਝਿਆ ਜਾਵੇਗਾ। ਇਸ ਅਖੌਤੀ ਜੱਥੇਦਾਰ ਦੀ ਆਏ ਦਿਨ ਇੱਨੀ ਫਜੀਹਤ ਹੁੰਦੀ ਹੈ, ਫਿਰ ਵੀ ਇਹ ਆਪਣੇ ਆਪ ਨੂੰ ਸਿੱਖ ਕੌਮ ਦੀ ਸਭ ਤੋਂ ਵੱਡੀ ਅਥਾਰਟੀ ਸਮਝਣ ਤੋਂ ਬਾਜ ਨਹੀਂ ਆਂਉਦਾ। ਇਸ ਦੇ ਜਾਰੀ ਕੀਤੇ ਕੂੜਨਾਮਿਆਂ ਨੂੰ ਨਾ ਤਾਂ ਕੋਈ ਮੰਨਦਾ ਹੈ, ਅਤੇ ਨਾਂ ਹੀ ਇਸ ਨੂੰ ਕੋਈ ਅਹਮਿਅਤ ਹੀ ਦਿੰਦਾ ਹੈ, ਫਿਰ ਵੀ ਇਹ ਢੀਠਾਂ ਵਾਂਗ ਰੋਜ਼ ਹੀ ਕੋਈ ਨਾ ਕੋਈ ਬਿਆਨ ਜਾਰੀ ਕਰ ਦਿੰਦਾ ਹੈ।

ਪ੍ਰੋ. ਦਰਸ਼ਨ ਸਿੰਘ ਨੂੰ ਇਸ ਅਖੌਤੀ ਜੱਥੇਦਾਰ ਵਲੋ ਕਥਿਤ ਤੌਰ 'ਤੇ ਛੇਕੇ ਜਾਣ ਤੋਂ ਬਾਅਦ, ਅਕਾਲੀ ਜੱਥਾ ਕਾਨਪੁਰ ਜਥੇਬੰਦੀ ਹਰ ਵਰ੍ਹੇ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਾਨਪੁਰ ਵਿਚ ਕਰਵਾਂਉਦੀ ਹੈ। ਪਿਛਲੇ ਵਰ੍ਹੇ ਵੀ ਇਸਨੇ ਕਾਨਪੁਰ ਦੇ ਇਕ ਥਾਨੇਦਾਰ ਨੂੰ ਅਕਾਲ ਤਖਤ ਦੇ ਲੈਟਰ ਹੈਡ 'ਤੇ ਪ੍ਰੋਗ੍ਰਾਮ ਰੁਕਵਾਉਣ ਲਈ ਖਤ ਲਿਖਿਆ ਅਤੇ ਟੈਲੀਫੋਨ 'ਤੇ ਕਹਿਆ ਕਿ "ਜੋ ਸਿੱਖ ਮੇਰਾ ਹੁਕਮ ਨਹੀਂ ਮਾਨਤੇ ਉਨਕੋ ਜੂਤੇ ਮਾਰੋ"।

ਅਕਾਲੀ ਜੱਥਾ ਕਾਨਪੁਰ ਦੇ ਵੀਰਾਂ ਦੇ ਇਕੱਠ ਅਤੇ ਜਜ਼ਬੇ ਅਗੇ ਜਦੋਂ ਇਹ ਬੁਰੀ ਤਰ੍ਹਾਂ ਫੇਲ ਹੋ ਗਇਆ, ਤਾਂ ਇਸਨੇ ਇਸ ਵਰ੍ਹੇ ਕਾਨਪੁਰ ਦੀ ਗੁਰ ਸਿੰਘ ਸਭਾ ਦੇ ਪ੍ਰਧਾਨ, ਹਰਵਿੰਦਰ ਸਿੰਘ ਲਾਰਡ ਨੂੰ ਪ੍ਰੋ. ਦਰਸ਼ਨ ਸਿੰਘ ਦਾ ਗੁਰਬਾਣੀ ਕੀਰਤਨ ਪ੍ਰੋਗ੍ਰਾਮ ਰੋਕਣ ਲਈ ਲਾ ਦਿਤਾ। ਸ਼੍ਰੋਮਣੀ ਕਮੇਟੀ ਤੋਂ 25 ਲੱਖ ਦੀ ਗ੍ਰਾਂਟ ਲੈ ਕੇ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਉਲਟ ਗੁਰੂ ਪੂਰਬ ਮਨਾਉਣ ਵਾਲਾ, ਗੁਰਸਿੰਘ ਸਭਾ ਦਾ ਇਹ ਪ੍ਰਧਾਨ ਮੈਦਾਨ ਵਿਚ ਉਤਰ ਆਇਆ। ਇਸ ਅਖੌਤੀ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅੱਗੇ ਅਪਣੇ ਆਪ ਨੂੰ ਸਭ ਤੋਂ ਵੱਡਾ ਪਹਿਲਵਾਨ ਸਾਬਿਤ ਕਰਨ ਅਤੇ ਅਕਾਲੀ ਜੱਥਾ, ਕਾਨਪੁਰ ਦਾ ਇਹ ਪ੍ਰੋਗ੍ਰਾਮ ਰੁਕਵਾਉਣ ਲਈ ਇਸਨੇ ਅਪਣਾ ਹਰ ਹੀਲਾ ਵਰਤ ਲਿਆ। ਅਖੀਰ ਵਿਚ ਇਹ ਵੀ ਪ੍ਰੋਗ੍ਰਾਮ ਰੁਕਵਾਉਣ ਵਿਚ ਬੁਰੀ ਤਰ੍ਹਾਂ ਅਸਫਲ ਹੋਇਆ ਅਤੇ ਪ੍ਰੋ. ਸਾਹਿਬ ਦਾ ਸਮਾਗਮ ਇਹ ਰੁਕਵਾ ਨਹੀਂ ਸਕਿਆ। ਇਸ ਵਾਰ ਪ੍ਰੋ. ਸਾਹਿਬ ਦਾ ਪ੍ਰੋਗ੍ਰਾਮ ਰੁਕਵਾਉਣ ਲਈ ਇਸ ਅਖੌਤੀ ਜੱਥੇਦਾਰ ਨੇ 14 ਫਰਵਰੀ 2014 ਨੂੰ ਅਕਾਲ ਤਖਤ ਦੇ ਲੈਟਰ ਪੈਡ ਦੀ ਦੋਬਾਰਾ ਦੁਰਵਰਤੋਂ ਕੀਤੀ ਅਤੇ ਕਾਨਪੁਰ ਦੇ ਡੀ. ਐਮ. ਨੂੰ ਅਕਾਲ ਤਖਤ ਦੇ ਕਿਸੇ ਆਫਿਸ ਇਨਚਾਰਜ ਕੋਲੋਂ ਖੱਤ ਲਿਖਵਾ ਕੇ ਭੇਜਿਆ।

ਅਪਣੇ ਦੂਜੇ ਸਿਪਾਹ ਸਾਲਾਰ ਦੀ ਜਬਰਦਸਤ ਅਸਫਲਤਾ ਵੇਖ ਕੇ ਇਹ ਅਖੌਤੀ ਜੱਥੇਦਾਰ ਬੌਖਲਾ ਉਠਿਆ। ਕਾਨਪੁਰ ਦਾ ਪ੍ਰੋਗ੍ਰਾਮ ਰੁਕਵਾਉਣ ਅਤੇ ਕਾਨਪੁਰ ਦੀ ਸੰਗਤ ਵਿੱਚ ਦਹਿਸ਼ਤ ਫੈਲਾਉਣ ਲਈ ਇਸਨੇ ਕਾਨਪੁਰ ਦੇ ਪ੍ਰੋਗ੍ਰਾਮ ਤੋਂ ਠੀਕ ਦੋ ਦਿਨ ਪਹਿਲਾਂ ਦਿੱਲੀ ਵਿਚ ਪ੍ਰੋ. ਸਾਹਿਬ ਦੇ ਇਕ ਪ੍ਰੋਗ੍ਰਾਮ ਨੂੰ ਅਪਣੀ ਬੁਰਛਾਗਰਦੀ ਨਾਲ ਸਿਰਫ ਇਸ ਕਰਕੇ ਰੁਕਵਾਇਆ, ਕਿ ਕਾਨਪੁਰ ਦੀ ਸੰਗਤ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਕਾਨਪੁਰ ਦੇ ਪ੍ਰੋਗ੍ਰਾਮ ਨੂੰ ਅਸਫਲ ਕੀਤਾ ਜਾ ਸਕੇ। ਦੂਜੇ ਪਾਸੇ ਭੋਲੀ ਭਾਲੀ ਸਿੱਖ ਸੰਗਤ ਨੂੰ ਤਨਖਾਈਆ ਕਰਾਰ ਦੇ ਕੇ ਉਸ ਨੂੰ ਡਰਾਇਆ ਜਾ ਸਕੇ।

ਕੌਮ ਦਾ ਬਹੁਤ ਵੱਡਾ ਦੁਖਾਂਤ ਤਾਂ ਇਹ ਹੈ ਕਿ ਇਸ ਅਖੌਤੀ ਜੱਥੇਦਾਰ ਦੀ ਬੁਰਛਾਗਰਦੀ ਦਿਨ ਬ ਦਿਨ ਵਧਦੀ ਜਾ ਰਹੀ ਹੈ ਅਤੇ ਹੁਣ ਇਹ ਸਾਰੀਆਂ ਹੱਦਾਂ ਪਾਰ ਕਰ ਚੁਕੀ ਹੈ। ਪਹਿਲਾਂ ਤਾਂ ਇਹ ੳਨ੍ਹਾਂ ਜਥੇਬੰਦੀਆਂ ਨੂੰ ਧਮਕੀਆਂ ਦਿੰਦਾ ਸੀ ਜੋ ਪ੍ਰੋ. ਸਾਹਿਬ ਦੇ ਗੁਰਬਾਣੀ ਕੀਰਤਨ ਪ੍ਰੋਗ੍ਰਾਮ ਕਰਵਾਂਦੀਆਂ ਹਨ। ਹੁਣ ਤਾਂ ਇਹ ਗੁਰੂ ਦੀਆਂ ਸੰਗਤਾਂ ਨੂੰ ਧਮਕੀਆਂ ਦੇ ਰਿਹਾ ਹੈ, ਕਿ ਜੋ ਪ੍ਰੋ. ਸਾਹਿਬ ਕੋਲੋਂ ਕੀਰਤਨ ਸੁਣੇਗਾ, ਉਹ ਵੀ ਤਨਖਾਹੀਆ ਕਰਾਰ ਦਿਤਾ ਜਾਵੇਗਾ।

ਖਾਲਸਾ ਜੀ ! ਜੇ ਹਲੀ ਵੀ ਇਸਦੀ ਬੁਰਛਾਗਰਦੀ ਅਤੇ ਗਿਦੜ ਭਬਕੀਆਂ ਕੋਲੋਂ ਤੁਸੀਂ ਡਰਦੇ ਰਹੇ ਅਤੇ ਕਾਨਪੁਰ ਦੀਆਂ ਸੰਗਤਾਂ ਵਾਂਗ ਇਸਦੇ ਖਿਲਾਫ ਡੱਟ ਕੇ ਖੜੇ ਨਾ ਹੋਏ, ਤਾਂ ਉਹ ਦਿਨ ਦੂਰ ਨਹੀਂ ਕਿ ਇਹ ਕੌਮ ਦੇ ਅਹਿਮ ਫੈਸਲੇ ਕਰਨ ਵਾਲਾ ਆਪ ਹੁਦਰਾ ਜੱਜ ਬਣ ਬੈਠੇਗਾ।

ਅਕਾਲੀ ਜੱਥੇ ਦੇ ਵੀਰ ਇਸ ਨੂੰ ਪਹਿਲਾਂ ਹੀ ਅਪਣੇ ਨਾਮ ਲਿਖ ਕੇ ਦੇ ਬੈਠੇ ਹਨ, ਕਿ ਜੇ ਤੇਰੇ ਵਿਚ ਜ਼ਰਾ ਜਹੀ ਵੀ ਹਿੰਮਤ ਹੈ, ਤਾਂ ਸਾਨੂੰ ਪੰਥ ਤੋਂ ਛੇਕ ਕੇ ਵੇਖ ! ਤਾਂ ਫਿਰ ਵੇਖ, ਅਸੀਂ ਤੇਰੇ ਇਸ ਛੇਕਣ ਛਕਾਣ ਦੀ ਖੇਡ ਦਾ ਕੀ ਹਸ਼ਰ ਕਰਦੇ ਹਾਂ।

ਹਰ ਸਿੱਖ ਨੂੰ ਇਹ ਭਲੀ ਭਾਂਤਿ ਸਮਝ ਲੈਣਾਂ ਚਾਹੀਦਾ ਹੈ ਕਿ ਇਸ ਅਖੌਤੀ ਜੱਥੇਦਾਰ ਨੂੰ ਪੰਥ ਵਿਚ ਕਿਸੇ ਵੀ ਸਿੱਖ ਨੂੰ ਛੇਕਣ ਦਾ ਨਾਂ ਤਾਂ ਕੋਈ ਕਾਨੂਨੀ ਅਧਿਕਾਰ ਹੈ ਅਤੇ ਨਾਂ ਹੀ ਕੋਈ ਪੰਥਿਕ ਅਧਿਕਾਰ ਹੈ। ਅਕਾਲ ਤਖਤ ਦਾ ਇਹ ਜੱਥੇਦਾਰ ਸ਼੍ਰੋਮਣੀ ਕਮੇਟੀ ਦਾ ਇਕ ਮੁਲਾਜਿਮ ਹੈ ਅਤੇ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਅਤੇ ਖਰਚੇ ਲੈਂਦਾ ਹੈ। ਇਸ ਤੋਂ ਵੱਧ ਇਸ ਦੀ ਕੋਈ ਹੈਸਿਅਤ ਨਹੀਂ ਹੈ। ਜੇ ਇਹ ਅਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤਾਂ ਮਨੁੱਖੀ ਅਧਿਕਾਰਾਂ ਅਤੇ ਫੰਡਾਮੈਂਟਲ ਰਾਈਟਸ ਦੀਆਂ ਕੁੱਝ ਮਦਾਂ, ਇਸਦੀਆਂ ਹਰਕਤਾਂ ਅਤੇ ਇਸਦੇ ਕੂੜਨਾਮਿਆਂ ਕਰਕੇ ਇਸ ਲਈ ਬਹੁਤ ਵਡੀ ਮੁਸੀਬਤ ਖੜੀ ਕਰ ਸਕਦੀਆਂ ਨੇ। ਇਹ ਚਿੱਠੀਆਂ ਮਨੁੱਖੀ ਅਧੀਕਾਰਾਂ ਅਤੇ ਮਨੁੱਖ ਦੇ ਨਿਜੀ ਜੀਵਨ ਦੇ ਮੂਲ ਭੂਤ ਅਧਿਕਾਰਾਂ ਦਾ ਘਾਣ ਕਰ ਰਹੀਆਂ ਨੇ।

ਇਸ ਦੀ ਤਾਂ ਗਲ ਛਡੋ, ਹੁਣ ਤਾਂ ਇਸ ਦਾ ਪੁੱਤਰ ਅਤੇ ਉਥੇ ਦੇ ਕਲਰਕ ਵੀ ਅਕਾਲ ਤਖਤ ਦਾ ਲੈਟਰ ਪੈਡ ਵਰਤ ਕੇ ਅਕਾਲ ਤਖਤ ਦੇ ਮਹਾਨ ਰੁਤਬੇ ਦਾ ਘਾਣ ਕਰ ਰਹੇ ਨੇ। 14 ਫਰਵਰੀ 2014 ਨੂੰ ਕਾਨਪੁਰ ਦੇ ਪ੍ਰਸ਼ਾਸ਼ਨ ਨੂੰ ਲਿਖੀ ਗਈ ਚਿੱਠੀ ਇਸ ਗਲ ਦਾ ਜੀਉਂਦਾ ਜਾਗਦਾ ਸਬੂਤ ਹੈ, ਜੋ ਅਕਾਲ ਤਖਤ ਦੇ ਕਿਸੇ ਆਫਿਸ ਇੰਚਾਰਜ ਨੇ ਲਿਖੀ ਹੈ ।

ਪੰਜਾਬ ਤੋਂ ਬਾਹਰ ਦੇ ਪ੍ਰਸਾਸ਼ਨ ਨੂੰ ਲਿਖੀਆਂ ਇਸਦੀਆਂ ਚਿਠੀਆਂ ਪੜ੍ਹ ਕੇ ਇਥੋਂ ਦੇ ਅਫਸਰ ਇਸਦੀ ਬੇਵਕੂਫੀ 'ਤੇ ਹਸਦੇ ਹਨ, ਕਿ ਇਹ ਇਨ੍ਹਾਂ ਵੀ ਨਹੀਂ ਜਾਂਣਦਾ ਕਿ ਇਸਦੀਆਂ ਲਿਖੀਆਂ ਹੋਈਆਂ ਚਿੱਠੀਆਂ ਦਾ ੳਨ੍ਹਾਂ 'ਤੇ ਕੋਈ ਪ੍ਰਭਾਵ ਨਹੀਂ। ਉਹ ਇਸ ਦੀ ਲਿਖੀ ਚਿੱਠੀ ਨੂੰ ਰੱਦੀ ਦੀ ਟੋਕਰੀ ਵਿੱਚ ਸੁਟ ਦਿੰਦੇ ਹਨ। ਇਹ ਸੋਚਦਾ ਹੈ ਕਿ ਹਰ ਥਾਂਵੇ ਇਸ ਦੀ ਹੀ ਸਰਕਾਰ ਚਲ ਰਹੀ ਹੈ। ਜਿਸਨੂੰ ਇਹ ਚਿੱਠੀ ਲਿਖ ਦੇਵੇਗਾ, ਉਹ ਇਸ ਦਾ ਹੁਕਮ ਮੰਨ ਲਵੇਗਾ।

ਸੱਚ ਤਾਂ ਇਹ ਹੈ ਕਿ ਇਸ ਨੂੰ ਹਲੀ ਤਕ ਕੋਈ ਟਾਕਰਾ ਕਰਨ ਵਾਲਾ ਮਿਲਿਆ ਹੀ ਨਹੀਂ, ਜੋ ਇਸ ਨੂੰ ਦਸ ਸਕੇ ਕਿ ਤੇਰੇ ਸਕਤਰੇਤ ਅਤੇ ਉਸ ਦੇ ਲੈਟਰ ਪੈਡ ਦੀ ਕਾਨੂਨੀ ਅਹਮਿਅਤ ਸੜਕ 'ਤੇ ਪਏ ਅਖਬਾਰ ਦੇ ਕਿਸੇ ਪਾਟੇ ਹੋਏ ਟੁਕੜੇ ਨਾਲੋਂ ਵੱਧ ਕੁਝ ਵੀ ਨਹੀਂ ਹੈ। ਇਹ ਅਪਣੇ ਆਪ ਨੂੰ ਸੁਪਰੀਮ ਕੋਰਟ ਦਾ ਜੱਜ ਸਮਝਦਾ ਹੈ, ਕਿ ਜਿਸ ਨੂੰ ਇਹ ਚਿੱਠੀ ਲਿਖ ਦੇਵੇਗਾ, ਉਹ ਇਸ ਦਾ ਗੁਲਾਮ ਬਣ ਕੇ ਇਸ ਦੇ ਇਸ਼ਾਰੇ 'ਤੇ ਚਲ ਪਵੇਗਾ। ਅਖੌਤੀ ਜੱਥੇਦਾਰਾ, ਤੇਰੀਆਂ ਗਿਦੱੜ ਭੱਬਕੀਆਂ ਦੀ ਹੁਣ ਹਵਾ ਨਿਕਲ ਚੁਕੀ ਹੈ। ਹੁਣ ਤਾਂ ਬਾਜ ਆ ਜਾ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top