ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
ਸਿੱਖ
ਆਪਸ ਵਿਚ ਏਨੇ ਪਾਟੇ ਹੋਏ ਹਨ ਕਿ, ਉਨ੍ਹਾਂ ਨੂੰ ਆਪੋ-ਆਪਣੀ ਫਿਕਰ ਤੋਂ ਬਗੈਰ ਸਿੱਖੀ ਬਾਰੇ
ਕੋਈ ਪਰਵਾਹ ਨਹੀਂ ਹੈ। ਪੰਜਾਬ ਦੀ ਹਾਲਤ ਤੁਹਾਡੇ ਸਾਮ੍ਹਣੇ ਹੈ, ਉਸ ਮਗਰੋਂ ਸਰਕਾਰੀ ਸ਼ਹਿ
’ਤੇ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਹਾਲ ਵੀ ਬਦ ਤੋਂ ਬਦਤਰ ਹੀ ਹੁੰਦਾ ਜਾ ਰਿਹਾ
ਹੈ।
ਉਤ੍ਰਾਖੰਡ ਵਿਚ ਵੀ ਗਿਆਨ ਗੋਦੜੀ (ਹਰਿਦਵਾਰ) ਅਤੇ ਬਾਗੇਸ਼ਵਰ ਦੇ
ਗੁਰਦਵਾਰੇ ਦਾ ਹਾਲ ਵੀ ਸੁਧਰਨ ਦੀ ਥਾਂ, ਨਾਨਕਮਤੇ ਦਾ ਹਾਲ ਵੀ ਵਿਗੜਦਾ ਜਾ ਰਿਹਾ ਹੈ,
15-16 ਸਾਲ ਤੋਂ ਉਸ ’ਤੇ ਕਾਰਸੇਵਾ ਵਾਲਾ ਤਰਸੇਮ ਸਿੰਘ ਕਬਜ਼ਾ ਕਰ ਕੇ ਬੈਠਾ ਹੈ, ਸਰਕਾਰ
ਵਲੋਂ ਡੀ.ਐਮ. ਨੂੰ ਉਸ ਦਾ ਰਿਸੀਵਰ ਬਣਾਇਆ ਹੋਇਆ ਹੈ, ਦੋਵਾਂ ਦੀ ਮਿਲੀ ਭੁਗਤ ਨਾਲ ਨਾਨਕ
ਮਤੇ ਦੀ ਜ਼ਮੀਨ, ਮਜ਼ਦੂਰਾਂ ਨੂੰ ਪਟੇ ਕੱਟ ਕੇ ਦਿੱਤੀ ਜਾ ਰਹੀ ਹੈ । ਉਸ ਦਾ ਵਿਰੋਧ ਕਰਨ
ਵਾਲਿਆਂ ਨੂੰ ਆਪਣੀ ਹੋਂਦ ਲਈ ਖਤਰਾ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ।
ਜੇ ਆਮ ਆਦਮੀ ਪਾਰਟੀ ਤੋਂ ਕੋਈ ਉਮੀਦ ਜਾਗੀ ਸੀ ਤਾਂ, ਕਾਂਗਰਸ,
ਬੀ.ਜੇ.ਪੀ. ਅਤੇ ਮੀਡੀਆ ਮਿਲ ਕੇ, ਉਸ ਨੂੰ ਬਦਨਾਮ ਕਰਨ ’ਤੇ ਪੂਰੀ ਤਰ੍ਹਾਂ ਉਤਾਰੂ ਹੋਏ
ਪਏ ਹਨ। ਇਹ ਸਾਰੀਆਂ ਗੱਲਾਂ, ਚਿੰਤਾ ਹੋਰ ਵਧਾਉਣ ਦਾ ਕਾਰਨ ਬਣ ਰਹੀਆਂ ਹਨ। ਕੋਸ਼ਿਸ਼ ਕਰੋ
ਜੇ ਸੁਹਿਰਦ ਸਿੱਖ ਮਿਲ ਕੇ ਉਨ੍ਹਾਂ ਨੂੰ ਬਚਾਉਣ ਦਾ ਉਪਰਾਲਾ ਕਰਨ। ਜੇ ਇਹ ਸਾਰੇ ਮਿਲ ਕੇ
“ਆਪ” ਨੂੰ ਬਦਨਾਮ ਕਰਨ ਵਿਚ ਕਾਮਯਾਬ ਹੋ ਗਏ, ਤਾਂ ਹਾਲਤ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ
ਆਖਰੀ ਦਿਨਾਂ ਵਰਗੀ ਹੋ ਜਾਵੇਗੀ, ਜਿਸ ਕਾਰਨ ਸਿੱਖ 300 ਸਾਲ ਪੱਛੜੇ ਹਨ। ਜੇ ਇਹ ਲੋਕ ਮਿਲ
ਕੇ ਕੇਜਰੀਵਾਲ ਪਾਰਟੀ ਨੂੰ ਵੀ ਬਦਨਾਮ ਕਰਨ ਵਿਚ ਸਫਲ ਹੋ ਗਏ ਅਤੇ ਮੋਦੀ ਆ ਗਿਆ, ਤਾਂ
ਬਹੁਤ ਹੀ ਬੁਰਾ ਹੋ ਜਾਵੇਗਾ। ਸੂਝਵਾਨ ਸਿੱਖਾਂ ਨਾਲ ਮਿਲ ਕੇ ਕੋਈ ਅਜਿਹਾ ਪ੍ਰੋਗਰਾਮ ਉਲੀਕੋ
ਜਿਸ ਨਾਲ ਇਹ ਚੋਣਾਂ, ਸ਼ਾਂਤੀ ਪੂਰਵਕ ਲੜ ਲਈਆਂ ਜਾਣ, ਬਾਕੀ ਫਿਰ ਵੇਖਿਆ ਜਾਵੇਗਾ। ਇਹ ਤੁਸੀਂ
ਮੇਰੇ ਤੋਂ ਬਹੁਤ ਵੱਧ ਚੰਗੀ ਤਰ੍ਹਾਂ ਜਾਣਦੇ ਹੋ, ਕਿ ਮੋਦੀ ਦੇ ਆਉਣ ਨਾਲ ਘੱਟ ਗਿਣਤੀਆਂ
ਅਤੇ ਦੇਸ਼ ਦਾ ਕੀ ਹਾਲ ਹੋਵੇਗਾ?