ਵਖਤੁ ਵੀਚਾਰੇ ਸੁ ਬੰਦਾ ਹੋਇ॥
ਕਾਲਿਆਂ
ਦੇ ਖੂਹ ਅਜਨਾਲਾ ‘ਚੋਂ ਨਿੱਕਲੀਆਂ ਅਸਥੀਆਂ ਬਾਰੇ ਸਰਦਾਰ ਕਿਰਪਾਲ ਸਿੰਘ ਵਰਗੇ ਇਤਿਹਾਸਕਾਰਾਂ
ਨੇ ਸੱਚਾਈ ਤੋਂ ਪਰਦਾ ਚੁੱਕ ਦਿਤਾ ਹੈ ਕਿ ਇਹ ਅਸਥੀਆਂ ਕਿਹਨਾਂ ਫੌਜੀਆਂ ਦੀਆਂ ਹਨ। ਸਾਡੀ
ਸਿੱਖ ਕੌਮ ਬਹੁਤ ਜਜ਼ਬਾਤੀ ਹੈ। ਕਿਸੇ ਗੱਲ ਦੀ ਤਹਿ ਤੱਕ ਗਏ ਬਿਨਾਂ ਹੀ ਅਸੀਂ ਫ਼ੈਸਲੇ ਕਰ
ਲੈਂਦੇ ਹਾਂ ਜੋ ਅਕਸਰ ਹੀ ਗ਼ਲਤ ਹੁੰਦੇ ਹਨ। ਇਸ ਘਟਨਾ ਵਿਚ ਵੀ ਖੂਹ ‘ਚੋਂ ਅਸਥੀਆਂ ਕੱਢਣ
ਵੇਲੇ ਤਿਆਰ-ਬਰ-ਤਿਆਰ ਪੰਜ ਪਿਆਰਿਆਂ ਨੂੰ ਖੜ੍ਹੇ ਕਰਨਾ, ਵਿਧਾਨ ਸਭਾ ‘ਚ ਸ਼ਰਧਾਂਜਲੀਆਂ
ਭੇਂਟ ਕਰਨਾ, ਯਾਦਗ਼ਾਰ ਵਜੋਂ ਗੁਰਦੁਆਰਾ ਸਥਾਪਤ ਕਰਨ ਦਾ ਐਲਾਨ ਕਰਨਾ ਆਦਿ ਗੱਲਾਂ ਸਾਡੀ
ਨਾਲਾਇਕੀ ਦਾ ਸਬੂਤ ਨਹੀਂ ਹੈ ਤਾਂ ਹੋਰ ਕੀ ਹੈ? ਪੰਜ ਪਿਆਰਿਆਂ ਦੀ ਸੰਸਥਾ ਨੂੰ ਅਸੀਂ
ਤਮਾਸ਼ਾ ਬਣਾ ਕੇ ਰੱਖ ਦਿਤਾ ਹੈ। ਸਾਡੀਆਂ ਬੇਵਕੂਫ਼ੀਆਂ ਕਰ ਕੇ
ਹੀ ਹੁਣ ਗੁਰਮਤਿ ਤੋਂ ਹੀਣੇ ਲੋਕ ਨਸ਼ੱਈਆਂ, ਸਿਰ-ਗੁੰਮਿਆਂ ਦੇ ਸਿਰੀਂ ਵੀ ਪੱਗਾਂ ਬੰਨ੍ਹਾ
ਕੇ ਪੰਜ ਪਿਆਰੇ ਬਣਾਉਣ ਲੱਗ ਪਏ ਹਨ। ਹੈ ਕਿਸੇ ਪੁਜਾਰੀ ‘ਚ ਜ਼ੁਰਅਤ ਕਿ ਪੁੱਛੇ ਉਨ੍ਹਾਂ
ਨੂੰ?
ਹੁਣ ਰਹੀ ਗੱਲ ਖੂਹ ਦੀ ਯਾਦਗ਼ਾਰ ਦੀ। ਜਿਹੜੇ ਯਾਦਗਾਰ ਬਣਾਉਣ ਲਈ
ਤਰਲੋ-ਮੱਛੀ ਹੋ ਰਹੇ ਹਨ ਉਹ ਜਾਣਦੇ ਹਨ ਕਿ ਯਾਦਗਾਰ ਬਣ ਗਈ ਤਾਂ ਉਨ੍ਹਾਂ ਦੀਆਂ ਆਉਣ
ਵਾਲ਼ੀਆਂ ਪੀੜ੍ਹੀਆਂ ਰੋਟੀ ਦੇ ਫ਼ਿਕਰ ਤੋਂ ਮੁਕਤ ਹੋ ਜਾਣਗੀਆਂ। ਰੋਟੀ ਤਾਂ ਇਕ ਪਾਸੇ ਉਹ
ਮਾਇਆ ‘ਚ ਖੇਡਣਗੇ। ਯਾਦ ਰੱਖੋ ਕਿ ਜੇ ਯਾਦਗਾਰ ਬਣ ਗਈ ਤਾਂ
ਥੋੜ੍ਹੀ ਦੇਰ ਬਾਅਦ ਹੀ ਕਿਸੇ ਨੇ ਸ਼ੋਸ਼ਾ ਛੱਡ ਦੇਣੈ ਕਿ ਉਹਦੀ ਮਨੋਕਾਮਨਾ ਇੱਥੇ ਸੁੱਖਣਾ
ਸੁੱਖਣ ਨਾਲ਼ ਪੂਰੀ ਹੋਈ ਹੈ, ਬਸ ਫਿਰ ਸੈਂਕੜਿਆਂ ਦੇ ਹਿਸਾਬ ਨਾਲ ਅਖੰਡ ਪਾਠ, ਸੰਪਟ ਪਾਠ,
ਤੁਕ ਤੁਕ ਵਾਲ਼ੇ ਪਾਠਾਂ ਦੀਆਂ ਲੜੀਆਂ ਸ਼ੁਰੂ ਹੋ ਜਾਣੀਆਂ ਹਨ।
ਦਾਸ ਨੇ ਐਸਾ ਹੁੰਦਾ ਦੇਖਿਆ ਹੈ। ਪੰਜਾਬ ਵਿਚ ਕਿਸੇ ਜਗ੍ਹਾ ‘ਤੇ
ਹੋਲੇ ਮਹੱਲੇ ਦਾ ਲੰਗਰ ਲਗਦਾ ਸੀ ਬਹੁਤ ਸਾਲਾਂ ਤੋਂ। ਜਗ੍ਹਾ ਵੀ ਧਾਰਮਿਕ ਨਹੀਂ ਸੀ। ਬਸ
ਕਿਸੇ ਨੇ ਪ੍ਰਬੰਧਕਾਂ ਨੂੰ ਕਹਿ ਦਿਤਾ ਕਿ ਇਸ ਜਗ੍ਹਾ ‘ਤੇ ਉਹਦੀ ਸੁੱਖਣਾ ਪੂਰੀ ਹੋਈ ਹੈ
ਤੇ ਉਹ ਉੱਥੇ ਅਖੰਡ ਪਾਠ ਕਰਵਾਉਣਾ ਚਾਹੁੰਦਾ ਹੈ। ਹੁਣ ਉੱਥੇ ਵੀਹ ਵੀਹ ਅਖੰਡ ਪਾਠ ਹੁੰਦੇ
ਹਨ।
ਜਿੱਥੇ ਅੱਜ ਚਾਲਾਕ ਬਿਪਰ ਆਪਣੇ ਅਸ਼ਲੀਲ ਪੋਥਿਆਂ ਦੀ ਸਿੱਖਾਂ ਕੋਲੋਂ
ਪੂਜਾ ਕਰਵਾ ਰਿਹਾ ਹੈ, ਉੱਥੇ ਹੀ ਪੂਰਬੀ ਭਈਆਂ ਦੀ ਸ਼ਹੀਦਾਂ ਦੇ ਨਾਮ ਥੱਲੇ ਪੂਜਾ ਸ਼ੁਰੂ ਹੋ
ਜਾਵੇਗੀ। ਸਿੱਖੋ! ਕਿਉਂ ਤੁਹਾਡੀ ਨੀਂਦ ਨਹੀਂ ਟੁੱਟਦੀ? ਐਨੀ
ਗੂੜ੍ਹੀ ਨੀਂਦ?