Share on Facebook

Main News Page

ਕਦੀ ਲਾਲਾ ਲਾਜਪਤ ਰਾਏ ਨੂੰ ਬਿਨ੍ਹਾਂ ਕੁਝ ਹੋਇਆਂ ‘ਸ਼ਹੀਦ’ ਬਣਾ ਦਿੱਤਾ ਗਿਆ ਸੀ ਤੇ ਹੁਣ ਸਿੱਖ ਰਾਜ ਦੇ ਖਿਲਾਫ 1846 ਵਿੱਚ ਲੜਨ ਵਾਲੇ ਤੇ ਜ਼ੁਲਮ ਕਰਨ ਵਾਲੇ ‘ਪੂਰਬੀਆਂ’ ਨੂੰ ਸ਼ਹੀਦ ਐਲਾਨਿਆ ਜਾ ਰਿਹਾ ਹੈ !
-: ਡਾ. ਅਮਰਜੀਤ ਸਿੰਘ 

* ਪੰਜਾਬ ਸਰਕਾਰ ਵਲੋਂ ਇਸ ਸਬੰਧੀ ਐਲਾਨੀ ਗਈ ਇਤਿਹਾਸਕਾਰਾਂ ਦੀ 6 ਮੈਂਬਰੀ ਕਮੇਟੀ ਵਿੱਚ 4 ਗੈਰ ਸਿੱਖ!
* ‘ਇਸ ਘਰ ਕੋ ਆਗ ਲਗੀ, ਘਰ ਕੇ ਚਿਰਾਗ ਸੇ’

ਵਾਸ਼ਿੰਗਟਨ, ਡੀ. ਸੀ. (12 ਮਾਰਚ, 2014)- ਪਾਕਿਸਤਾਨੀ ਬੁੱਧੀਜੀਵੀਆਂ ਦੀ ਇੱਕ ਵਿਚਾਰ-ਚਰਚਾ ਵਿੱਚ ਇਹ ਵਿਸ਼ਾ ਉੱਠਿਆ ਕਿ ਮੁਸਲਮਾਨਾਂ ਵਿੱਚ ‘ਸਿਕੰਦਰ’ (ਅਲੈਗਜੈਂਡਰ) ਨੂੰ ਇੰਨੀ ਅਹਿਮੀਅਤ ਕਿਉਂ ਦਿੱਤੀ ਜਾਂਦੀ ਹੈ ਅਤੇ ਝਨਾਂ ਦੇ ਕੰਢੇ ਉਸ ਦੀ ਯਾਦ ਵਿੱਚ ਕਦੀ ਯਾਦਗਾਰ ਵੀ ਬਣਾਈ ਗਈ ਸੀ।

ਇੱਕ ਸਿਆਣੇ ਬੁੱਧੀਜੀਵੀ ਦੇ ਵਿਚਾਰਾਂ ਨਾਲ ਸਾਰੇ ਸਹਿਮਤ ਦਿਸੇ ਕਿ ਇਹ ਇਸ ਲਈ ਹੈ, ਕਿਉਂਕਿ ਬਹੁਤ ਸਾਰੇ ਮੁਸਲਮਾਨ ਇਹ ਸਮਝਦੇ ਹਨ ਕਿ ਉਹ ‘ਮਹਾਨ ਮੁਸਲਮਾਨ’ ਸੀ। ਇਸ ਲਈ ਉਸ ਨੂੰ ‘ਸਿਕੰਦਰ-ਏ-ਆਜ਼ਮ’ ਵੀ ਕਿਹਾ ਜਾਂਦਾ ਹੈ ਅਤੇ ਉਸ ਦੇ ਨਾਮ ‘ਤੇ ਬੱਚਿਆਂ ਦਾ ਨਾਂ ਵੀ ਰੱਖਿਆ ਜਾਂਦਾ ਹੈ। ਸਾਰੇ ਬੁੱਧੀਜੀਵੀ ਖਿੜਖਿੜਾ ਕੇ ਹੱਸ ਰਹੇ ਸਨ ਕਿ ਇਨ੍ਹਾਂ ‘ਮਾਸੂਮਾਂ’ ਨੂੰ ਇਹ ਵੀ ਨਹੀਂ ਪਤਾ ਕਿ ਸਿਕੰਦਰ ਤਾਂ ਇਸਲਾਮ ਦੇ ਆਰੰਭ ਹੋਣ ਤੋਂ ਲਗਭਗ 1000 ਸਾਲ ਪਹਿਲਾਂ ਪੈਦਾ ਹੋਇਆ ਸੀ।

ਮੁਸਲਮਾਨ ਤਾਂ ਸ਼ਾਇਦ ਫਿਰ ਵੀ ਸਿਆਣੇ ਹਨ, ਕਿਉਂਕਿ ਉਹ ਆਪਣੇ ਮਜ਼ਹਬ ਦੇ ਜਨਮ ਤੋਂ 1000 ਸਾਲ ਪਹਿਲਾਂ ਪੈਦਾ ਹੋਏ ‘ਅਲੈਗਜ਼ੈਂਡਰ’ ਨੂੰ, ਮੁਸਲਮਾਨ ਬਣਾਉਣ ‘ਤੇ ਤੁਲੇ ਹੋਏ ਹਨ। ਪਰ ਸਿੱਖਾਂ ਨੂੰ ਕੀ ਕਹੋਗੇ, ਜਿਹੜੇ ਲੱਖਾਂ ਰੁਪਏ ਖਰਚ ਕੇ ਆਪਣੀ ਕੌਮ ਦਾ ਘਾਣ ਕਰਨ ਵਾਲਿਆਂ, ਰਾਜ-ਭਾਗ ਖੋਹਣ ਵਾਲਿਆਂ ਅਤੇ ਬੀਬੀਆਂ ਦੀ ਬੇਪਤੀ ਕਰਨ ਵਾਲੇ ਪੂਰਬੀਆਂ ਨੂੰ, ਪੰਜ ਪਿਆਰਿਆਂ ਦੀ ਅਗਵਾਈ ਵਿੱਚ, ‘ਕਾਰ ਸੇਵਾ’ ਕਰਕੇ ‘ਸ਼ਹੀਦ’ ਦਾ ਰੁਤਬਾ ਦੇ ਰਹੇ ਹਨ ਅਤੇ ਉਨ੍ਹਾਂ ਦੀ ਅਖੌਤੀ ‘ਸ਼ਹੀਦੀ ਯਾਦਗਾਰ’ ਬਣਾਉਣ ਲਈ ਦ੍ਰਿੜ ਸੰਕਲਪ ਹਨ। ਵੀਹਵੀਂ ਸਦੀ ਦੇ ਦਰਵੇਸ਼ ਫਿਲਾਸਫਰ ਸਿਰਦਾਰ ਕਪੂਰ ਸਿੰਘ, ਕਈ ਵਾਰ ਅੱਕੇ ਅਤੇ ਉਦਾਸ ਮੁਦਰਾ ਵਿੱਚ ਗਿਆਨੀ ਗਿਆਨ ਸਿੰਘ ਦੀਆਂ ਤੁਕਾਂ ਬਿਆਨਣ ਲੱਗ ਜਾਂਦੇ ਸਨ -

ਧੰਨ ਗੁਰੂ ਕੇ ਸਿੱਖ, ਅਕਲ ਕੇ ਪੱਕੇ ਵੈਰੀ
ਧੰਨ ਗੁਰੂ ਸਮਰੱਥ, ਜਿਹਨੇ ਵੱਸ ਕੀਤੇ ਜ਼ਹਿਰੀ।

ਸਿਰਦਾਰ ਕਪੂਰ ਸਿੰਘ ਨੇ ਸਾਚੀ-ਸਾਖੀ ਵਿੱਚ ਵੇਰਵੇ ਨਾਲ ਜ਼ਿਕਰ ਕੀਤਾ ਹੈ ਕਿ ਕਿਵੇਂ ਲਾਹੌਰ ਦਾ ਮਹਾਸ਼ਾ ਹਿੰਦੂ ਪ੍ਰੈੱਸ ਨੇ, ਲਾਲਾ ਲਾਜਪਤ ਰਾਏ ਨੂੰ, ਸਾਈਮਨ ਕਮਿਸ਼ਨ ਦੀ ਆਮਦ ਨਾਲ ਜੋੜ ਕੇ, ਲਾਠੀਚਾਰਜ ਵਿੱਚ ਫੱਟੜ ਹੋਇਆ ਬਣਾ ਕੇ, ਰਾਤੋ-ਰਾਤ ਸ਼ਹੀਦ ਬਣਾ ਦਿੱਤਾ ਸੀ, ਜਦੋਂਕਿ ਉਸ ਨੂੰ ਕੋਈ ਲਾਠੀ ਨਹੀਂ ਸੀ ਵੱਜੀ। ਇਸ ਤਰ੍ਹਾਂ, ਇੱਕ ਹਿੰਦੂ ਮਨੋਬਿਰਤੀ ਵਾਲੇ ਜਾਅਲੀ ਇਤਿਹਾਸਕਾਰ ਸੁਰਿੰਦਰ ਕੋਛੜ ਨੇ, ਪਿਛਲੇ ਕੁਝ ਸਮੇਂ ਤੋਂ ਤਹਿਸੀਲ ਅਜਨਾਲਾ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ ਸਥਿਤ ‘ਕਾਲਿਆਂ ਵਾਲੇ ਖੂਹ’ (ਇਹ ਹੀ ਨਾਂ ਮਾਲ ਮਹਿਕਮੇ ਦੇ ਰਿਕਾਰਡ ਵਿੱਚ ਵੀ ਦਰਜ ਹੈ) ਦੀ ਕਾਰ-ਸੇਵਾ ਲਈ, ਇਲਾਕੇ ਦੇ ਭੋਲੇ-ਭਾਲੇ ਸਿੱਖਾਂ ਨੂੰ ਅੱਗੇ ਲਾਇਆ। ਹੁਣ ਇਸ ਨੂੰ ਇੱਕ ਵੱਡੀ ਸ਼ਹੀਦੀ ਦਾਸਤਾਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਖੂਹ ਵਿੱਚੋਂ ਨਿਕਲੀਆਂ ਹੱਡੀਆਂ ਨੂੰ ਮਿਊਜ਼ੀਅਮ ਵਿੱਚ ਸਜਾ ਕੇ ਰੱਖਣ, ਸ਼ਹੀਦੀ ਯਾਦਗਾਰ ਬਣਾਉਣ, ਗੁਰਦੁਆਰਾ ਬਣਾਉਣ, ਸਸਕਾਰ ਕਰਣ ਆਦਿ ਦੀਆਂ ਇੰਨੀਆਂ ਕੁ ਕਹਾਣੀਆਂ ਮੀਡੀਏ ਵਿੱਚ ਉਭਾਰੀਆਂ ਗਈਆਂ ਹਨ ਕਿ ਇਸ ਸਾਰੀ ‘ਮਨਘੜਤ ਦਾਸਤਾਨ’ ‘ਤੇ ਸਵਾਲੀਆ ਨਿਸ਼ਾਨ ਲਗਾਉਣ ਵਾਲਿਆਂ ਨੂੰ ‘ਫਿਰਕੂ’, ‘ਸਿੱਖ ਵੱਖਵਾਦੀ’ ਆਦਿ ਦੀਆਂ ਸੰਗਿਆਵਾਂ ਨਾਲ ਦੁਰਕਾਰਿਆ ਜਾ ਰਿਹਾ ਹੈ।

ਦਿਲਚਸਪ ਗੱਲ ਇਹ ਹੈ ਕਿ ਇਸ ਮੁੱਦੇ ‘ਤੇ ਲਕਸ਼ਮੀ ਕਾਂਤ ਚਾਵਲਾ (ਬੀ. ਜੇ. ਪੀ.), ਆਰੀਆ ਸਮਾਜੀ, ਦੇਸ਼ ਭਗਤ ਯਾਦਗਾਰੀ ਹਾਲ (ਜਲੰਧਰ) ਦੇ ਕਮਿਊਨਿਸਟ ਅਤੇ ਹੋਰ ਹਿੰਦੂਤਵੀ ਘਿਓ-ਖਿਚੜੀ ਹਨ।

ਅਸੀਂ ਸਿੱਖ ਇਤਿਹਾਸਕਾਰਾਂ ਡਾ. ਕ੍ਰਿਪਾਲ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਸ. ਗੁਰਤੇਜ ਸਿੰਘ ਚੰਡੀਗੜ੍ਹ ਅਤੇ ਹੋਰ ਸਿੱਖ ਵਿਚਾਰਵਾਨਾਂ ਦੀ ਸ਼ਲਾਘਾ ਕਰਦੇ ਹਾਂ ਕਿ ਉਨ੍ਹਾਂ ਨੇ ਬੜੇ ਹੌਂਸਲੇ ਨਾਲ ਇਸ ‘ਕਾਲਿਆਂ ਵਾਲੇ ਖੂਹ’ ਦੀ ਹਕੀਕਤ ਨੂੰ ਸਿੱਖ ਕੌਮ ਦੇ ਸਾਹਮਣੇ ਰੱਖਿਆ। ਨਤੀਜੇ ਵਜੋਂ ਜਥੇਦਾਰ ਅਕਾਲ ਤਖਤ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਨ੍ਹਾਂ ਅਖੌਤੀ ‘ਸ਼ਹੀਦਾਂ’ ਦੀ ‘ਸ਼ਹੀਦੀ ਯਾਦਗਾਰ’ ‘ਤੇ ਸਵਾਲੀਆ ਚਿੰਨ੍ਹ ਲਾਇਆ ਪਰ ਇਉਂ ਜਾਪਦਾ ਹੈ ਕਿ ਹਿੰਦੂਤਵੀਆਂ ਦੇ ਏਜੰਡੇ ‘ਤੇ ਤਨਦੇਹੀ ਨਾਲ ਪਹਿਰਾ ਦੇ ਰਹੀ ਬਾਦਲ ਸਰਕਾਰ, ਇਸ ਥਾਂ ‘ਤੇ ‘ਸ਼ਹੀਦੀ ਯਾਦਗਾਰ’ ਬਣਾਉਣ ਲਈ ਦ੍ਰਿੜ ਸੰਕਲਪ ਹੈ।

ਇਸ ਸਬੰਧੀ ਪੰਜਾਬ ਸਰਕਾਰ ਵਲੋਂ, ਇਤਿਹਾਸਕਾਰਾਂ ਦੀ ਐਲਾਨੀ ਗਈ 6 ਮੈਂਬਰੀ ਕਮੇਟੀ ਵਿੱਚੋਂ, ਸਿਰਫ ਦੋ ਹੀ ਸਿੱਖ ਹਨ। ਇਸ ਕਮੇਟੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਜਸਪਾਲ ਸਿੰਘ, ਪ੍ਰਿਥੀਪਾਲ ਸਿੰਘ ਕਪੂਰ, ਪ੍ਰੋ. ਹਰੀਸ਼ ਸ਼ਰਮਾ, ਪ੍ਰੋ. ਮੁਜ਼ੱਫਰ ਆਲਮ, ਡਾਕਟਰ ਜੀ. ਐਨ. ਸ੍ਰੀ ਵਾਸਤਵਾ ਅਤੇ ‘ਸ਼ਰਾਰਤ ਦੀ ਜੜ੍ਹ’ ਸੁਰਿੰਦਰ ਕੋਛੜ ਨੂੰ ਸ਼ਾਮਲ ਕੀਤਾ ਗਿਆ ਹੈ। ਕੀ ਇਹ ਸੁਧੀ ਬੇਈਮਾਨੀ ਨਹੀਂ ਕਿ ਜਿਸ ਡਾ. ਕ੍ਰਿਪਾਲ ਸਿੰਘ ਨੂੰ, ਅਕਾਲ ਤਖਤ ਵਲੋਂ ‘ਪ੍ਰੋਫੈਸਰ ਆਫ ਸਿੱਖਇਜ਼ਮ’ ਐਲਾਨਿਆ ਗਿਆ ਹੈ ਅਤੇ ਜਿਨ੍ਹਾਂ ਨੇ ਇਸ ‘ਕਾਲਿਆਂ ਵਾਲੇ ਖੂਹ’ ਦੀ ਹਕੀਕਤ ਨੂੰ ਪ੍ਰੈੱਸ ਕਾਨਫਰੰਸ ਕਰਕੇ ਜੱਗ-ਜ਼ਾਹਰ ਕੀਤਾ, ਉਨ੍ਹਾਂ ਨੂੰ ਇਸ ਕਮੇਟੀ ਵਿੱਚ ਨਹੀਂ ਪਾਇਆ ਗਿਆ। ਇਸ ਦੇ ਉਲਟ ਅਜਨਾਲੇ ਵਿੱਚ ਹਿੰਦੂਤਵੀਆਂ ਨੇ ਡਾ. ਕ੍ਰਿਪਾਲ ਸਿੰਘ ਦਾ ਪੁਤਲਾ ਫੂਕਿਆ ਕਿਉਂਕਿ ਉਨ੍ਹਾਂ ਨੇ, ਅਖੌਤੀ ਸ਼ਹੀਦਾਂ ਦਾ ਪੋਲ ਇਤਿਹਾਸਕ ਹਵਾਲਿਆਂ ਨਾਲ ਖੋਲ੍ਹਣ ਦੀ ਹਿੰਮਤ ਵਿਖਾਈ।

‘ਕਾਲਿਆਂ ਵਾਲੇ ਖੂਹ’ ਦਾ ਇਤਿਹਾਸ ਸਪੱਸ਼ਟ ਹੈ। 1846 ਵਿੱਚ, ਪਹਿਲੀ ਸਿੱਖਾਂ-ਅੰਗਰੇਜ਼ਾਂ ਦੀ ਲੜ²ਾਈ (ਜਿਸ ਨੂੰ ਸ਼ਾਹ ਮੁਹੰਮਦ ਨੇ ਜੰਗ ਹਿੰਦ-ਪੰਜਾਬ ਦਾ ਨਾਂ ਦਿੱਤਾ ਹੈ) ਦੌਰਾਨ, ਅੰਗਰੇਜ਼ਾਂ ਦੀਆਂ ਮੂਹਰਲੀਆਂ ਪਲਟਣਾਂ ਵਿੱਚ, ਪੂਰਬੀਆਂ ਦੀਆਂ ਦਸ ਪਲਟਣਾਂ ਸਨ, ਜਿਨ੍ਹਾਂ ਵਿੱਚੋਂ ਇੱਕ ’26 ਨੇਟਿਵ ਇਨਫੈਨਟਰੀ ਰੈਜੀਮੈਂਟ’ ਵੀ ਸੀ। ਇਨ੍ਹਾਂ ਪਲਟਣਾਂ ਨੇ ਮੁੱਦਕੀ, ਸਭਰਾਵਾਂ ਤੇ ਫਿਰੋਜ਼ਸ਼ਾਹ ਦੀਆਂ ਲੜਾਈਆਂ ਵਿੱਚ ਮੋਹਰਲਾ ਰੋਲ ਅਦਾ ਕੀਤਾ ਸੀ। ਸ਼ਾਹ ਮੁਹੰਮਦ ਦੇ ਸ਼ਬਦਾਂ ਵਿੱਚ ‘ਕਈ ਕੱਟਕ ਚੜ੍ਹੇ ਪੂਰਬੀ ਦੱਖਣੀ ਸੀ’ ਸਿੱਖ ਜਰਨੈਲ (ਲਾਲ ਸਿੰਹੁ, ਤੇਜ ਸਿੰਹੁ) ਦੀਆਂ ਗੱਦਾਰੀਆਂ ਦੀ ਬਦੌਲਤ ਫੌਜਾਂ ਜਿੱਤ ਕੇ, ਅੰਤ ਨੂੰ ਹਾਰੀਆਂ। ਸਿਰਦਾਰ ਕਪੂਰ ਸਿੰਘ ਦੀ ਲਿਖਤ ਅਨੁਸਾਰ, ਇਨ੍ਹਾਂ ਪੂਰਬੀਆਂ ਨੇ ਲਾਹੌਰ ਵੱਲ ਵਧਦੇ ਹੋਏ, ਸੜਕਾਂ ਦੇ ਕੰਢੇ ਪੂਰੀ ਬੁਰਛਾਗਰਦੀ ਅਤੇ ਵਹਿਸ਼ੀਪੁਣੇ ਦਾ ਨੰਗਾ ਨਾਚ ਕੀਤਾ। ਹਜ਼ਾਰਾਂ ਬੱਚੀਆਂ ਅਤੇ ਔਰਤਾਂ (ਹਿੰਦੂ, ਸਿੱਖ ਮੁਸਲਮਾਨ) ਨੂੰ ਬੇਪੱਤ ਕੀਤਾ। ਪੰਜਾਬੀਆਂ ਨਾਲ ਕੀਤੇ ਸਲੂਕ ਦੀ ਬਦੌਲਤ ਪੰਜਾਬੀ ਇਨ੍ਹਾਂ ਨੂੰ ‘ਪੂਰਬੀਏ ਵਹਿਸ਼ੀ’ ਕਹਿ ਕੇ ਦੁਰਕਾਰਦੇ ਸਨ।

1857 ਦੇ ਗਦਰ ਵੇਲੇ (ਜਿਹੜਾ ਕਿ ਕੁਝ ਪੂਰਬੀਏ ਰਿਆਸਤਾਂ ਦੇ ਰਾਜਿਆਂ ਨੇ, ਆਪਣੇ ਲਾਭਾਂ ਲਈ ਕੀਤਾ ਸੀ, ਇਹ ਕੋਈ ਸੁਤੰਤਰਤਾ ਯੁੱਧ ਨਹੀਂ ਸੀ, ਜਿਵੇਂ ਕਿ ਅੱਜ ਹਿੰਦੂਤਵੀਆਂ ਨੇ ਬਣਾ ਦਿੱਤਾ ਹੈ) ਮਈ 1857 ਵਿੱਚ ਇਸ 26ਵੀਂ ਨੇਟਿਵ ਇਨਫੈਨਟਰੀ ਦਾ ‘ਛਾਉਣੀ ਮੀਆਂ ਮੀਰ ਲਾਹੌਰ’ ਵਿੱਚ ਮੁਕਾਮ ਸੀ। 30 ਮਈ, 1857 ਨੂੰ ਦੋ ਅੰਗਰੇਜ਼ ਅਫਸਰਾਂ ਨੂੰ ਮਾਰ ਕੇ, 400 ਦੇ ਕਰੀਬ ਪੂਰਬੀਆਂ ਨੇ ਬਗਾਵਤ ਕਰ ਦਿੱਤੀ। ਇਹ ਰਾਵੀ ਦੇ ਕੰਢੇ ਅਜਨਾਲੇ ਤੱਕ ਪਹੁੰਚ ਗਏ, ਜਿੱਥੇ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫ੍ਰੈਡਰਿਕ ਕਰੀ ਨੇ ਇਨ੍ਹਾਂ ਨੰਢ ਘੇਰ ਲਿਆ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਪੂਰਬੀਆਂ ਨੂੰ ਘੇਰ ਕੇ ਮਾਰਨ ਵਿੱਚ ਸਿੱਖ ਤੇ ਮੁਸਲਮਾਨ ਪੰਜਾਬੀ ਸਭ ਤੋਂ ਮੂਹਰੇ ਸਨ, ਕਿਉਂਕਿ ਪੰਜਾਬੀਆਂ ਨੂੰ ਇਨ੍ਹਾਂ ਪੂਰਬੀਆਂ ਵਲੋਂ 11 ਸਾਲ ਪਹਿਲਾਂ ਕੀਤੀਆਂ ਗਈਆਂ ਕਰਤੂਤਾਂ ਭੁੱਲੀਆਂ ਨਹੀਂ ਸਨ। ਇਨ੍ਹਾਂ ਨਾਲ ਕੀਤੇ ਗਏ ਹਸ਼ਰ ਦਾ ਵੇਰਵਾ ਕਿਸੇ ਸੁਰਿੰਦਰ ਕੋਛੜ ਦੀ ‘ਖੋਜ’ ਦਾ ਮੁਥਾਜ ਨਹੀਂ ਹੈ, ਇਹ ਸਾਰਾ ਰਿਕਾਰਡ ਵੀ ਮੌਜੂਦ ਹੈ, ਜਿਹੜਾ ਕਿ ਡਿਪਟੀ ਕਮਿਸ਼ਨਰ ਫ੍ਰੈਡਰਿਕ ਕਰੀ ਵਲੋਂ ਲਿਖਿਆ ਹੋਇਆ ਹੈ। ਹੁਣ ਇਸ ਕਿੱਸੇ ਨੂੰ ‘ਸਿੱਖ ਸ਼ਹੀਦਾਂ’ ਜਾਂ ‘ਸਿੱਖ ਇਤਿਹਾਸ’ ਨਾਲ ਜੋੜਨਾ ਜਾਂ ‘ਯਾਦਗਾਰ’ ਬਣਾਉਣੀ ‘ਅਕਲ ਨਾਲ ਵੈਰ’ ਨਹੀਂ ਤਾਂ ਹੋਰ ਕੀ ਕਿਹਾ ਜਾ ਸਕਦਾ ਹੈ।

ਅਸੀਂ ਸਮਝਦੇ ਹਾਂ ਕਿ ਇਹ ‘ਪੂਰਬੀਆਂ ਦੇ ਸ਼ਹੀਦ’ ਹੋ ਸਕਦੇ ਹਨ, ਪੰਜਾਬੀਆਂ ਦੇ ਨਹੀਂ। ਇਨ੍ਹਾਂ ਦੀਆਂ ਹੱਡੀਆਂ ਪੂਰਬੀ ਸੂਬਿਆਂ (ਯੂ. ਪੀ., ਬਿਹਾਰ) ਨੂੰ ਭੇਜ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜਿੱਥੇ ਭਾਵੇਂ ਉਹ ਇਨ੍ਹਾਂ ਦਾ ਸੰਸਕਾਰ ਕਰਨ ਜਾਂ ਯਾਦਗਾਰ ਬਣਾਉਣਾ ਸਾਡੀ ਸੋਚ ਅਤੇ ਵਰਤਾਰੇ ‘ਤੇ ਇਹ ਸ਼ਿਅਰ ਬਿਲਕੁਲ ਠੀਕ ਢੁੱਕਦਾ ਹੈ -

ਦਿਲ ਕੇ ਫਫੋਲੇ ਜਲ ਉਠੇ, ਸੀਨੇ ਕੀ ਆਗ ਸੇ।
ਇਸ ਘਰ ਕੋ ਆਗ ਲਗੀ, ਘਰ ਕੇ ਚਿਰਾਗ ਸੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top