ਅੰਮ੍ਰਿਤਸਰ 13 ਮਾਰਚ (ਜਸਬੀਰ ਸਿੰਘ) ਤਖਤ ਸ੍ਰੀ ਹਰਿਮੰਦਰ ਪਟਨਾ
ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾਂ ਤੇ ਹੋਰ ਵਿਅਕਤੀਆਂ ਨੂੰ 7 ਜਨਵਰੀ 2014
ਨੂੰ ਤਖਤ ਸਾਹਿਬ ਵਿੱਖੇ ਮਨਾਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼
ਦਿਹਾੜੇ ਦੇ ਗੁਰਪੁਰਬ ਸਮੇਂ ਤਖਤ ਦੇ ਜਥੇਦਾਰ ਤੇ ਪ੍ਰਬੰਧਕੀ ਕਮੇਟੀ ਵਿੱਚਕਾਰ ਹੋਏ ਟਕਰਾ
ਨੂੰ ਲੈ ਕੇ ਦਰਜ ਹੋਏ ਕੇਸ ਵਿੱਚ ਪਟਨਾ ਹਾਈਕੋਰਟ ਨੇ ਪ੍ਰਬੰਧਕਾਂ ਨੂੰ ਰਾਹਤ ਦਿੰਦਿਆਂ
ਜ਼ਮਾਨਤ ਦੇ ਦਿੱਤੀ ਹੈ, ਜਿਸ ਨਾਲ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਜਥੇਦਾਰੀ 'ਤੇ ਸੰਕਟ
ਦੇ ਬੱਦਲ ਮੰਡਰਾਉਣ ਲੱਗ ਪਏ ਹਨ।
ਪ੍ਰਬੰਧਕ
ਕਮੇਟੀ ਦੇ ਸਕੱਤਰ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਹ
ਜ਼ਮਾਨਤ ਲਈ ਭੱਜ ਦੌੜ ਕਰ ਰਹੇ ਸਨ ਅਤੇ ਅਖੀਰ ਗਿਆਨੀ ਇਕਬਾਲ ਸਿੰਘ ਵੱਲੋ ਉਹਨਾਂ ਵਿਰੁੱਧ
ਦਰਜ ਕਰਵਾਏ ਗਏ ਝੂਠੇ ਕੇਸ ਵਿੱਚ ਹਾਈਕੋਰਟ ਨੇ ਉਹਨਾਂ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਕਿਹਾ
ਕਿ ਜ਼ਮਾਨਤ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਉਪਰੰਤ ਉਹ ਪਹਿਲਾਂ ਦੀ ਤਰਾ ਦਫਤਰ ਵਿੱਚ ਜਾਣਾ
ਸ਼ੁਰੂ ਕਰ ਦੇਣਗੇ ਅਤੇ ਤਖਤ ਸਾਹਿਬ ਦੇ ਪ੍ਰਬੰਧਕੀ ਢਾਂਚੇ ਦਾ ਕੰਮ ਕਾਰ ਵੇਖਣਗੇ।
ਉਹਨਾਂ ਕਿਹਾ ਕਿ ਸੱਤ ਜਨਵਰੀ 2014 ਨੂੰ ਜਦੋਂ ਪ੍ਰਬੰਧਕੀ ਕਮੇਟੀ
ਵੱਲੋ ਦਸਮ ਪਿਤਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਅਤੇ ਇਸ ਸਮੇਂ
ਭਾਰੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਸੀ ਤਾਂ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਦੀ ਰਾਇ
ਅਨੁਸਾਰ ਹੀ ਗੁਰੂ ਸਾਹਿਬ ਦੀ 2017 ਵਿੱਚ ਮਨਾਈ ਜਾਣ ਵਾਲੀ ਸ਼ਤਾਬਦੀ ਦੇ ਸਬੰਧ ਵਿੱਚ ਗਿਆਨੀ
ਪ੍ਰਤਾਪ ਸਿੰਘ ਨੂੰ ਤਖਤ ਦਾ ਮੀਤ ਜਥੇਦਾਰ ਨਿਯੁਕਤ ਕੀਤਾ ਸੀ, ਜਿਸ ਦੀ ਗਿਆਨੀ ਇਕਬਾਲ
ਸਿੰਘ ਨੇ ਬੇਲੋੜੀ ਵਿਰੋਧਤਾ ਕਰਦਿਆ ਸਮਾਗਮ ਵਿੱਚ ਆ ਕੇ ਹੱਲਾ ਗੁੱਲਾ ਕੀਤਾ । ਇਸ ਦੌਰਾਨ
ਗਿਆਨੀ ਇਕਬਾਲ ਸਿੰਘ ਧੱਕਾ ਮੁੱਕੀ ਵਿੱਚ ਸਟੇਜ ਤੋਂ ਥੱਲੇ ਡਿੱਗ ਪਏ ਤੇ ਉਹਨਾਂ ਦੀ ਦਸਤਾਰ
ਲੱਥ ਗਈ। ਉਹਨਾਂ ਕਿਹਾ ਕਿ ਭਾਂਵੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਪ੍ਰਬੰਧਕ ਕਮੇਟੀ
ਨਵਾਂ ਜਥੇਦਾਰ ਲਗਾਉਣ ਦਾ ਪੂਰਾ ਪੂਰਾ ਅਧਿਕਾਰ ਰੱਖਦੀ ਹੈ ਪਰ ਗਿਆਨੀ ਇਕਬਾਲ ਸਿੰਘ ਵੱਲੋ
ਕੀਤਾ ਗਿਆ ਵਿਰੋਧ ਬੇਲੋੜਾ ਤੇ ਸਮਾਗਮ ਵਿੱਚ ਖੱਲਲ ਪਾਉਣ ਵਾਲਾ ਸੀ। ਉਹਨਾਂ ਕਿਹਾ ਕਿ ਇਸ
ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋ ਇੱਕ ਜਾਂਚ ਟੀਮ ਭੇਜੀ ਗਈ ਸੀ ਜਿਸ ਨੂੰ ਪ੍ਰਬੰਧਕ
ਕਮੇਟੀ ਨੇ ਪੂਰਾ ਪੂਰਾ ਸਹਿਯੋਗ ਦਿੱਤਾ ਪਰ ਗਿਆਨੀ ਇਕਬਾਲ ਸਿੰਘ ਨੇ ਜਾਂਚ ਕਮੇਟੀ ਨੂੰ ਵੀ
ਟਿੱਚ ਜਾਣਿਆ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਜਾਂਚ ਕਮੇਟੀ ਨੇ ਰੀਪੋਰਟ
ਗਿਆਨੀ ਇਕਬਾਲ ਸਿੰਘ ਦੇ ਖਿਲਾਫ ਭੇਜੀ ਹੈ। ਉਹਨਾਂ ਕਿਹਾ ਕਿ ਪ੍ਰਬੰਧਕੀ ਕਮੇਟੀ ਨੇ ਸਮਾਗਮ
ਵਿੱਚ ਹੁੜਦੱਗ ਮਚਾ ਕੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ
ਗਿਆਨੀ ਇਕਬਾਲ ਸਿੰਘ ਨੂੰ ਆਹੁਦੇ ਤੋਂ ਮੁਅਤਲ ਕਰ ਦਿੱਤਾ ਜੋ ਅੱਜ ਵੀ ਮੁਅੱਤਲ ਹੈ।
ਉਹਨਾਂ ਕਿਹਾ ਕਿ
ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਭੇਜੀ ਗਈ ਪੜਤਾਲੀਆ ਟੀਮ ਨੂੰ ਉਹਨਾਂ
ਨੇ ਪੂਰਾ ਪੂਰਾ ਸਹਿਯੋਗ ਦਿੱਤਾ ਅਤੇ ਸ੍ਰੀ ਅਕਾਲ ਤਖਤ ਤੇ ਰੀਪੋਰਟ ਪੁੱਜਣ ਉਪਰੰਤ ਵੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਪ੍ਰਬੰਧਕ ਕਮੇਟੀ ਹੁਣ
ਆਪਣੇ ਪੱਧਰ ਤੇ ਇੱਕ ਹਾਈਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਇੱਕ ਪੜਤਾਲੀਆ ਕਮੇਟੀ ਦਾ
ਗਠਨ ਕਰ ਰਹੀ ਹੈ ਅਤੇ ਇਸ ਕਮੇਟੀ ਦੀ ਰੀਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਪੜਤਾਲੀਆ ਕਮੇਟੀ ਦੀ ਰੀਪੋਰਟ ਹੀ ਗਿਆਨੀ ਇਕਬਾਲ
ਸਿੰਘ ਦੇ ਭਵਿੱਖ ਦਾ ਫੈਸਲਾ ਕਰੇਗੀ ਕਿ ਉਹਨਾਂ ਨਾਲ ਅੱਗੇ ਕਿਹੋ ਜਿਹਾ ਸਲੂਕ ਕੀਤਾ ਜਾਣਾ
ਹੈ। ਉਹਨਾਂ ਕਿਹਾ ਕਿ 2017 ਵਿੱਚ ਗੁਰੂ ਸਾਹਿਬ ਦੀ ਸ਼ਤਾਬਦੀ ਧੂਮ ਧਾਮ ਨਾਲ ਮਨਾਈ ਜਾਵੇਗੀ
ਅਤੇ ਇਸ ਵਿੱਚ ਕੋਈ ਵੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸ਼ਤਾਬਦੀ
ਸਮਾਗਮ ਵਿੱਚ ਦੇਸਾਂ ਵਿਦੇਸ਼ਾਂ ਦੀਆ ਸੰਗਤਾਂ ਨੂੰ ਭਾਰੀ ਗਿਣਤੀ ਵਿੱਚ ਪੁੱਜਣ ਦੀ ਅਪੀਲ
ਕੀਤੀ ਜਾਂਦੀ ਹੈ।
ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਦਿੱਲੀ ਜਾ ਕੇ ਵੀ ਪਿਛਲੇ
ਦਿਨੀ ਕੁਝ ਊਲ ਜਲੂਲ ਬੋਲ ਕੇ ਪ੍ਰਬੰਧਕ ਕਮੇਟੀ ਦੀ ਤੌਹੀਨ ਕੀਤੀ ਹੈ ਅਤੇ ਅਖਬਾਰਾਂ ਵਿੱਚ
ਉਸਦੇ ਅਜਿਹੇ ਬੇਤੁਕੇ ਬਿਆਨ ਵੀ ਛੱਪੇ ਹਨ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਕਨੂੰਨੀ
ਮਾਹਿਰਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਮਾਨਹਾਨੀ ਦਾ
ਮੁਕੱਦਮਾ ਵੀ ਠੋਕਿਆ ਜਾਵੇਗਾ।
ਉਪਰੋਕਤ ਸਬੰਧੀ
ਜਦੋਂ ਗਿਆਨੀ ਇਕਬਾਲ ਸਿੰਘ ਦਾ ਪੱਖ ਜਾਨਣ ਦੀ ਕੋਸ਼ਿਸ਼
ਕੀਤੀ ਗਈ, ਤਾਂ ਉਹਨਾਂ ਦਾ ਫੋਨ ਬੰਦ ਪਾਇਆ ਗਿਆ।